ਬੰਦੀ ਸਿੱਖਾਂ ਦੀ ਰਿਹਾਈ ਵਾਲੀ 'ਜਾਗਰੂਕਤਾ ਰੈਲੀ' 'ਤੇ ਪ੍ਰਸ਼ਾਸਨ ਨੇ ਰੋਕੀ

ਬੰਦੀ ਸਿੱਖਾਂ ਦੀ ਰਿਹਾਈ ਵਾਲੀ 'ਜਾਗਰੂਕਤਾ ਰੈਲੀ' 'ਤੇ ਪ੍ਰਸ਼ਾਸਨ ਨੇ ਰੋਕੀ

 ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ- ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਪੰਜਾਬ ਤਬਦੀਲ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਤਵਾਰ 15 ਮਈ ਨੂੰ ਕੱਢੀ ਜਾਣ ਵਾਲੀ 'ਜਾਗਰੂਕਤਾ ਰੈਲੀ' ਨੂੰ ਰੱਦ ਕਰ ਦਿੱਤਾ ਗਿਆ ਹੈ | 'ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ' ਦੇ ਅਹੁਦੇਦਾਰ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਭਾਈ ਦਲਜੀਤ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗੁਰਦੁਆਰਾ ਛੋਟੇ ਸਾਹਿਬਜ਼ਾਦੇ ਫਤਹਿ ਨਗਰ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਕੱਢੀ ਜਾਣ ਵਾਲੀ ਰੈਲੀ 'ਤੇ ਪ੍ਰਸ਼ਾਸਨ ਵਲੋਂ ਰੋਕ ਲਗਾਏ ਜਾਣ ਕਾਰਨ ਫਿਲਹਾਲ ਇਸ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ |

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਨੇੜਲੇ ਭਵਿੱਖ ਵਿਚ ਇਸ ਰੈਲੀ ਨੂੰ ਕੱਢਣ ਵਾਸਤੇ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਰੈਲੀ 'ਤੇ ਰੋਕ ਲਾਉਣ ਦੇ ਪ੍ਰਸ਼ਾਸਨ ਦੇ ਫੈਸਲੇ ਨੂੰ ਸਿੱਖਾਂ ਨਾਲ ਵਧੀਕੀ ਤੇ ਧੱਕੇਸ਼ਾਹੀ ਕਰਾਰ ਦਿੰਦਿਆਂ ਸ. ਕਾਲਕਾ ਤੇ ਦਲਜੀਤ ਸਿੰਘ ਨੇ ਗਰਦੁਆਰਾ. ਛੋਟੇ ਸਾਹਿਬਜ਼ਾਦੇ ਦੀ ਪ੍ਰਬੰਧਕ ਕਮੇਟੀ ਸਮੇਤ ਹੋਰਨਾਂ ਕਈ ਸਿੱਖ ਆਗੂਆਂ ਦੇ ਕਿਰਦਾਰ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਿੱਖਾਂ ਨੂੰ ਆਪਣੀ ਬੇਇਨਸਾਫੀ ਬਾਰੇ ਆਵਾਜ਼ ਚੁੱਕਣ ਤੋਂ ਵੀ ਰੋਕਣਾ ਚਾਹੁੰਦੈ। ਉਕਤ ਦੋਵੇਂ ਅਹੁਦੇਦਾਰਾਂ ਨੇ ਪੁੱਛਿਆ ਕਿ ਆਖਰ ਦੇਸ਼ ਅੰਦਰ ਸਿੱਖਾਂ ਨਾਲ ਬੇਇਨਸਾਫੀ ਭਰਿਆ ਨਫਰਤੀ ਵਤੀਰਾ ਕਦੋਂ ਤੱਕ ਅਪਣਾਇਆ ਜਾਂਦਾ ਰਹੇਗਾ? ਕਾਨਫ਼ਰੰਸ ਦੇ ਆਖਰ ਵਿਚ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਛੇਤੀ ਹੀ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰ ਕੇ ਇਸ ਜਾਗਰੂਕਤਾ ਰੈਲੀ ਦੀ ਇਜਾਜ਼ਤ ਦਿਵਾਉਣ ਦੀ ਮੰਗ ਕਰਨਗੇ।