ਸਿੱਖ ਪੰਥ ਦਾ ਸੰਕਟ ਤੇ ਭਵਿੱਖ 

ਸਿੱਖ ਪੰਥ ਦਾ ਸੰਕਟ ਤੇ ਭਵਿੱਖ 

ਵਿਚਾਰ ਚਰਚਾ 

ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਧੂੁੰਏਂ ਦਾ ਮਕਾਨ ਕਿਹਾ ਸੀ , ਜੋ ਮਕਾਨ ਹੋਣ ਦਾ ਭੁਲੇਖਾ ਦਿੰਦਾ ਹੈ ਪਰ ਨਾ ਇਸ ਦੀਆਂ ਦੀਵਾਰਾਂ ਹਨ ਤੇ ਨਾ ਛੱਤ ਹੈ। ਜਿਸ ਨੇ ਸੰਸਾਰ ਨੂੰ ਰਹਿਣ ਦੀ ਥਾਂ ਸਮਝ ਲਿਆ, ਉਸ ਨੂੰ ਅੰਤ ਪਛਤਾਵਾ ਹੀ ਹੱਥ ਲੱਗਦਾ ਹੈ। ਸੱਚ ਪ੍ਰਗਟ ਹੋਣਾ ਤੇ ਜਾਣਨਾ ਬਹੁਤ ਜ਼ਰੂਰੀ ਹੈ। ਮਨੁੱਖ ਦਾ ਸਭ ਤੋਂ ਵੱਡਾ ਦੁੱਖ ਹਕੀਕਤ ਨਾ ਜਾਣਨਾ ਹੈ। ਸੱਚ ਗਿਆਤ ਹੋਵੇ ਤਾਂ ਕੁਝ ਯਤਨ ਕੀਤੇ ਜਾ ਸਕਦੇ ਹਨ। ਨਵੇਂ ਢੰਗ ਵਰਤੇ ਜਾ ਸਕਦੇ ਹਨ। ਕੋਈ ਰਾਹ ਲੱਭੀ ਜਾਂ ਬਦਲੀ ਜਾ ਸਕਦੀ ਹੈ ਪਰ ਸਾਹਮਣੇ ਕੁਝ ਸਾਫ਼ ਨਾ ਹੋਵੇ ਤੇ ਦਿ੍ਰਸ਼ ਲੁਭਾਵਣਾ ਹੋਵੇ ਤਾਂ ਮਨੁੱਖ ਨਿਸ਼ਚਿੰਤ ਹੋ ਜਾਂਦਾ ਹੈ। ਇਹ ਸਥਿਤੀ ਅਤਿ ਮੰਦਭਾਗੀ ਹੁੰਦੀ ਹੈ।

ਸਿੱਖ ਕੌਮ ਵੀ ਕੁਝ ਅਜਿਹੇ ਹੀ ਹਾਲਾਤ ’ਵਿਚੋਂ ਗੁਜ਼ਰਦੀ ਵਿਖਾਈ ਦੇ ਰਹੀ ਹੈ। ਉੱਪਰੋਂ ਵੇਖੋ ਤਾਂ ਧਰਮ ਪ੍ਰਚਾਰ ਹੋ ਰਿਹਾ ਹੈ ਤੇ ਗੁਰਮਤਿ ਸਮਾਗਮ ਹੋ ਰਹੇ ਹਨ। ਨਵੇਂ ਗੁਰੂ ਘਰ ਉਸਾਰੇ ਜਾ ਰਹੇ ਹਨ , ਗੁਰੂ ਘਰਾਂ ਅੰਦਰ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਹੈ, ਗੁਰਮਤਿ ਸਾਹਿਤ ਲਿਖਿਆ ਜਾ ਰਿਹਾ ਹੈ ਤੇ ਵੱਡੇ ਪੱਧਰ ’ਤੇ ਸਫਲਤਾ ਨਾਲ ਸ਼ਤਾਬਦੀਆਂ ਮਨਾਈਆਂ ਗਈਆਂ ਹਨ। ਸੰਸਾਰ ਭਰ ’ਵਿਚ ਸਿੱਖ ਜਿੱਥੇ ਵੀ ਹਨ, ਸਮਾਜ ਅੰਦਰ ਆਦਰ-ਸਨਮਾਣ ਤੇ ਮਹੱਤਵਪੂਰਨ ਸਥਾਨ ਪ੍ਰਾਪਤ ਕਰ ਰਹੇ ਹਨ ਪਰ ਪਰਦੇ ਪਿੱਛੇ ਜੋ ਚੱਲ ਰਿਹਾ ਹੈ ਤੇ ਵਿਖਾਈ ਨਹੀਂ ਦੇ ਰਿਹਾ , ਉਹ ਚਿੰਤਾਜਨਕ ਹੈ। ਸਿੱਖੀ ਦੇ ਘਰ ਦੀਆਂ ਕੰਧਾਂ ਵਿਖਾਈ ਹੀ ਨਹੀਂ ਦੇ ਰਹੀਆਂ ਕਿ ਕਿਸ ਹਾਲ ਵਿਚ ਹਨ।

ਹਰ ਕੌਮ ਦੇ ਚੋਣਵੇਂ ਪ੍ਰਤੀਕ ਹਨ, ਜੋ ਉਸ ਦੀ ਹੋਂਦ ਨੂੰ ਬਿਆਨ ਕਰਦੇ ਹਨ। ਸਿੱਖ ਕੌਮ ਦੇ ਮੁੱਢਲੇ ਪ੍ਰਤੀਕ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਪੰਜ ਕਕਾਰ ਹਨ। ਪੰਜੋਂ ਕਕਾਰ ਧਾਰਨ ਕਰਨ ਵਾਲੇ ਗੁਰਸਿੱਖ ਲੱਭਣੇ ਪੈਂਦੇ ਹਨ। ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ , ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਪੰਜ ਤਖ਼ਤ ਸਿੱਖ ਕੌਮ ਦੀ ਮੁੱਢਲੀ ਪਛਾਣ ਹਨ। ਗੁਰੂ ਸਾਹਿਬਾਨ ਨੇ ਕੌਮ ਦਾ ਸਰੂਪ ਤੈਅ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਕੌਮ ਦੀ ਪ੍ਰਾਣ ਵਾਯੂ ਹੈ , ਜੋ ਉਸ ਸਰੂਪ ਨੂੰ ਆਕਾਰ ਪ੍ਰਦਾਨ ਕਰਦੀ ਹੈ। ਗੁਰਬਾਣੀ ਹੈ ਤਾਂ ਸਿੱਖੀ ਹੈ , ਸਿੱਖ ਹੈ। ਸ੍ਰੀ ਦਰਬਾਰ ਸਾਹਿਬ ਦੀ ਸ਼ੋਭਾ ਗੁਰੂ ਨੇ ਬਖ਼ਸ਼ੀ ਹੈ, ਜੋ ਕਦੇ ਘੱਟ ਨਹੀਂ ਹੋ ਸਕਦੀ। ਤਖ਼ਤ ਸਾਹਿਬਾਨ ’ਤੇ ਸਿੱਖ ਦੀ ਸ਼ਰਧਾ ਅਟੁੱਟ ਹੈ ਪਰ ਇਨ੍ਹਾਂ ਸੰਸਥਾਵਾਂ ਦੀ ਕਾਰਜ ਸ਼ੈਲੀ ਤੇ ਫ਼ੈਸਲੇ ਲੈਣ ਦੀ ਪ੍ਰਣਾਲੀ ਪਾਰਦਰਸ਼ੀ ਨਾ ਹੋਣ ਕਾਰਨ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦੋ ਜਥੇਦਾਰ ਵਿਵਾਦਾਂ ਦੇ ਘੇਰੇ ’ਵਿਚ ਰਹੇ ਹਨ। ਉਨ੍ਹਾਂ ਦੀ ਨਿਯੁਕਤੀ , ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਟੁਕੜਿਆਂ ’ਚ ਚਰਚਾ ਹੁੰਦੀ ਰਹੀ ਪਰ ਕੋਈ ਅਧਿਕਾਰਤ ਬਿਆਨ ਨਹੀ ਦਿੱਤਾ ਗਿਆ ਤੇ ਨਾ ਹੀ ਪੂਰੇ ਤੱਥ ਕੌਮ ਦੇ ਸਾਹਮਣੇ ਰੱਖੇ ਗਏ। ਵੱਖ-ਵੱਖ ਪੱਖਾਂ ਵੱਲੋਂ ਮੀਡੀਆ ਵਿਚ ਹੋਈ ਬਿਆਨਬਾਜ਼ੀ ਕਿਸੇ ਵੀ ਸਿੱਖ ਦਾ ਸਿਰ ਸ਼ਰਮ ਨਾਲ ਝੁਕਾਉਣ ਤੇ ਭਰਮਾਉਣ ਵਾਲੀ ਸੀ। ਜਿਨ੍ਹਾਂ ਕੋਲੋਂ ਕੌਮ ਸੇਧ ਦੀ ਆਸ ਕਰਦੀ ਹੈ, ਉਹ ਆਪ ਹੀ ਭੰਬਲਭੂਸਿਆਂ ’ਚ ਨਜ਼ਰ ਆਏ। ਕੋਸ਼ਿਸ਼ ਇਹ ਰਹੀ ਕਿ ਮੁੱਦੇ ਛੇਤੀ ਰਫ਼ਾ-ਦਫ਼ਾ ਕਰ ਦਿੱਤੇ ਜਾਣ। ਕੀ ਸੰਗਤ ਨੂੰ , ਜਿਸ ਨੂੰ ਗੁਰੂ ਰੂਪ ਕਿਹਾ ਜਾਂਦਾ ਹੈ, ਪੂਰਾ ਸੱਚ ਜਾਣਨ ਦਾ ਹੱਕ ਨਹੀ ਹੈ? ਜੋ ਹੋਇਆ, ਉਹ ਦੁਹਰਾਇਆ ਨਾ ਜਾਵੇ, ਇਸ ਲਈ ਕੀ ਕੀਤਾ ਗਿਆ ਹੈੈ? ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਨੂੰ ਢਾਹ ਲੱਗੀ ਹੈ। ਇਸ ਪਿੱਛੇ ਕੋਈ ਨਾ ਕੋਈ ਵੱਡਾ ਕਾਰਨ ਤਾਂ ਰਿਹਾ ਹੀ ਹੋਵੇਗਾ। ਅਜਿਹੀਆਂ ਘਟਨਾਵਾਂ ਸਿੱਖੀ ਦਾ ਘਰ ਤੋੜਨ ਵਾਲੀਆਂ ਹਨ।

ਹਰ ਕੌਮ ਦਾ ਸਰੂਪ ਉਸ ਦੇ ਸਿਧਾਂਤ ਤੈਅ ਕਰਦੇ ਹਨ। ਉਸ ਸਰੂਪ ਨੂੰ ਅਸਲੀਅਤ ਦਾ ਜਾਮਾ ਪਹਿਨਾਉਣ ਦਾ ਕੰਮ ਮੁੱਖ ਤੌਰ ’ਤੇ ਉਹ ਸੰਸਥਾਵਾਂ ਤੇ ਚੋਣਵੇਂ ਵਿਅਕਤੀ ਕਰਦੇ ਹਨ, ਜੋ ਕੌਮ ਦੇ ਪ੍ਰਤੀਕ ਬਣ ਕੇ ਸਥਾਪਤ ਹੁੰਦੇ ਹਨ। ਆਮ ਲੋਕਾਂ ਨਾਲੋਂ ਉਨ੍ਹਾਂ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਕਿਉਂਕਿ ਲੋਕ ਉਨ੍ਹਾਂ ਦੀ ਵਿਆਖਿਆ ਅਤੇ ਕੰਮਾਂ ’ਤੇ ਭਰੋਸਾ ਕਰਦੇ ਹਨ। ਸਿੱਖ ਕੌਮ ਦੇ ਘਰ ਦੀਆਂ ਕੰਧਾਂ ਤਾਂ ਉੱਸਰਦੀਆਂ ਹਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹਿੰਮਤ ਦਰਸਾਉਂਦੇ ਹਨ , ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਲਾਹੌਰ ਜਿੱਤਦੇ ਹਨ , ਜਦੋਂ ਬਾਬਾ ਬਘੇਲ ਸਿੰਘ ਦਿੱਲੀ ਦੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਉਂਦੇ ਹਨ , ਜਦੋਂ ਬਾਬਾ ਦੀਪ ਸਿੰਘ ਸਿਰ ਤਲੀ ’ਤੇ ਰੱਖ ਕੇ ਯੁੱਧ ਕਰਦੇ ਹਨ ਜਾਂ ਭਾਈ ਤਾਰੂ ਸਿੰਘ ਖੋਪਰੀ ਲੁਹਾਉਂਦੇ ਹਨ ਤੇ ਭਾਈ ਮਨੀ ਸਿੰਘ ਅੰਗ-ਅੰਗ ਕਟਾਉਂਦੇ ਹਨ। ਕੌਮ ਦੀਆਂ ਕੰਧਾਂ ਰਹਿਤ , ਵਿਵੇਕ , ਵਿਸਾਹ , ਭਰੋਸੇ ਤੇ ਭਗਤੀ ਦੀਆਂ ਬਣੀਆਂ ਸਨ, ਜਿਨ੍ਹਾਂ ਦੀ ਅੱਜ ਵੱਡੀ ਘਾਟ ਨਜ਼ਰ ਆ ਰਹੀ ਹੈ। ਜਦੋਂ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਗੁਰੂ ਘਰ ਦੀ ਸੇਵਾ ਦੀ ਥਾਂ ਕਿਸੇ ਸਿਆਸੀ ਦਲ ਦੀ ਮੈਂਬਰੀ ਨੂੰ ਤਰਜੀਹ ਦਿੰਦਾ ਹੈ ਤਾਂ ਇਨ੍ਹਾਂ ਕੰਧਾਂ ਨੂੰ ਖੋਰਾ ਲੱਗਦਾ ਹੈ। ਜਦੋਂ ਉਸ ਦੇ ਸਿਆਸੀ ਲੋਭ ਨੂੰ ਮਜਬੂਰੀ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਕੰਧ ਦੀਆਂ ਇੱਟਾਂ ਥੱਲੇ ਆਉਣ ਲੱਗਦੀਆਂ ਹਨ। ਜਦੋਂ ਗੁਰੂ ਘਰ ਦੇ ਵਜ਼ੀਰ ਕਹੇ ਜਾਣ ਵਾਲੇ ਸੇਵਾਦਾਰਾਂ ਦੀਆਂ ਸੱਤਾ ਦੇ ਇਰਦ- ਗਿਰਦ ਵਿਚਰਦਿਆਂ ਤਸਵੀਰਾਂ ਸੋਸ਼ਲ ਮੀਡੀਆਂ ’ਤੇ ਮਿਲਦੀਆਂ ਹਨ ਤਾਂ ਕੰਧਾਂ ਥੱਲੇ ਆਉਣ ਲੱਗਦੀਆਂ ਹਨ। ਕਿਸੇ ਨੂੰ ਮਿਲਣਾ , ਸਨਮਾਨ ਕਰਨਾ ਸਧਾਰਨ ਮਨੁੱਖੀ ਸਭਿਆਚਾਰ ਦਾ ਹਿੱਸਾ ਹੈ ਪਰ ਜਦੋਂ ਅਜਿਹਾ ਆਚਾਰ ਕੌਮ ਦੀ ਧਾਰਮਿਕ ਮਰਿਆਦਾ ਤੇ ਮਹੱਤਤਾ ਨਾਲ ਨਾਂਹ- ਪੱਖੀ ਰੂਪ ’ਵਿਚ ਜੁੜਨ ਦਾ ਖ਼ਦਸ਼ਾ ਹੋਵੇ ਤਾਂ ਸੁਚੇਤ ਤੇ ਸਾਵਧਾਨ ਹੋਣਾ ਕੌਮੀ ਫ਼ਰਜ਼ ਬਣ ਜਾਂਦਾ ਹੈ। ਇੰਨੀ ਸਮਝ ਤਾਂ ਕਿਸੇ ਨੂੰ ਵੀ ਹੁੰਦੀ ਹੈ ਕਿ ਉਸ ਦਾ ਪੂਰਾ ਫ਼ਰਜ਼ ਧਰਮ ਪ੍ਰਤੀ ਹੈ ਤੇ ਉਸ ਨੂੰ ਸਤਿਕਾਰ ਪ੍ਰਾਪਤ ਹੋਣ ਦਾ ਵੀ ਇਹੋ ਕਾਰਨ ਹੈ ਪਰ ਜਦੋਂ ਉਹ ਆਪਣਾ ਇਸਤੇਮਾਲ ਸਿਆਸੀ ਹਿੱਤਾਂ ਲਈ ਹੋਣ ਦੇਵੇ ਤਾਂ ਕੀ ਸਮਝਿਆ ਜਾਵੇ?

ਸੰਸਥਾਵਾਂ ਹੀ ਨਹੀਂ ਚੋਣਵੇਂ ਵਿਅਕਤੀ ਵੀ ਕਿਸੇ ਕੌਮ ਦੀ ਪਛਾਣ ਬਣ ਜਾਂਦੇ ਹਨ। ਅਜਿਹੇ ਮਹੱਤਵਪੂਰਨ ਵਿਅਕਤੀ ਕੀ ਬੋਲ ਰਹੇ ਹਨ , ਕੀ ਕਰ ਰਹੇ ਹਨ , ਕਿਸ ਨਾਲ ਮਿਲ ਰਹੇ ਹਨ , ਕੀ ਆਦਾਨ-ਪ੍ਰਦਾਨ ਹੋ ਰਿਹਾ ਹੈ , ਉਸ ਦਾ ਅਸਰ ਕੌਮ , ਸਮਾਜ ’ਤੇ ਪੈਂਦਾ ਹੈ। ਸਿੱਖ ਕੌਮ ਦੀਆਂ ਸਤਿਕਾਰਤ ਹਸਤੀਆਂ ਦੀ ਜ਼ਿੰਮੇਵਾਰੀ ਆਪਣੇ ਅਹੁਦੇ ਦੇ ਨਾਲ ਹੀ ਸੰਗਤ ਪ੍ਰਤੀ ਵੀ ਹੈ। ਕੌਮ ਦੇ ਕਈ ਮਸਲੇ ਹਨ ਜਿਨ੍ਹਾਂ ਬਾਰੇ ਸੰਗਤ ਨੂੰ ਕੋਈ ਸਿੱਧੀ ਤੇ ਸਪੱਸ਼ਟ ਜਾਣਕਾਰੀ ਨਹੀ ਹੈ। ਹਾਲ ਹੀ ’ਚ ਖ਼ਬਰਾਂ ਆਈਆਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਘੁਟਣ ਮਹਿਸੂਸ ਕਰ ਰਹੇ ਹਨ ਤੇ ਅਸਤੀਫ਼ਾ ਦੇ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਪ੍ਰਕਿਰਿਆ ਦਾ ਸਵਾਲ ਮੰਚ ਤੋਂ ਚੁੱਕਿਆ ਸੀ। ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ। ਇਸ ਪਿੱਛੇ ਜੋ ਚੱਲ ਰਿਹਾ ਹੈ, ਉਹ ਸੁਖਾਵਾਂ ਤਾਂ ਨਹੀ ਹੋ ਸਕਦਾ ਪਰ ਕੀ ਚੱਲ ਰਿਹਾ ਹੈ, ਕੀ ਇਹ ਜਾਣਨ ਦਾ ਹੱਕ ਸੰਗਤ ਨੂੰ ਨਹੀਂ ਹੈ?

ਇਨ੍ਹਾਂ ਗੁੰਝਲਾਂ ’ਵਿਚ ਫਸ ਕੇ ਸਿੱਖ ਕੌਮ ਆਪਣੇ ਭਵਿੱਖ ਦਾ ਚਿੰਤਨ ਕਰਨਾ ਭੁੱਲ ਗਈ ਹੈ। ਸਮਾਂ ਬਦਲ ਚੁੱਕਿਆ ਹੈ। ਬਹੁਤ ਸਾਰੇ ਲੋਕ ਸਮਝ ਚੁੱਕੇ ਹਨ ਪਰ ਕੌਮੀ ਪੱਧਰ ’ਤੇ ਅਸੀਂ ਵਿੱਦਿਅਕ ਬਲ ਦੀ ਮਹੱਤਤਾ ਨੂੰ ਅਜੇ ਤਕ ਸਵੀਕਾਰ ਨਹੀਂ ਕੀਤਾ ਹੈ। ਕੌਮ ਦੀਆਂ ਪ੍ਰਤੀਕ ਸੰਸਥਾਵਾਂ ਤੇ ਸਤਿਕਾਰਤ ਹਸਤੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਹਿਲਾਂ ਆਪ ਕੌਮ ਦੀ ਚੜ੍ਹਦੀ ਕਲਾ ਲਈ ਵਿੱਦਿਆ ਦੀ ਮਹੱਤਤਾ ਸਮਝਣ ਤੇ ਇਸ ਨੂੰ ਧਰਮ ਪ੍ਰਚਾਰ ਦੇ ਤੁੱਲ ਹੀ ਤਰਜੀਹ ਦੇਣ। ਕੌਮ ਨੂੰ ਅੱਜ ਨਵੇਂ ਗੁਰਦੁਆਰਿਆਂ , ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸਜਾਵਟ ਨਾਲੋਂ ਵਧੇਰੇ ਲੋੜ ਹੈ ਸਕੂਲ , ਕਾਲਜਾਂ , ਯੂਨੀਵਰਸਿਟੀਆਂ ਦੀ। ਤਖ਼ਤ ਸਾਹਿਬਾਨ ਨੂੰ ਮਿਲ ਕੇ ਇਕ ਸਿੱਖ ਵਿੱਦਿਅਕ ਬੋਰਡ ਬਣਾਉਣਾ ਚਾਹੀਦਾ ਹੈ, ਜੋ ਪੂਰੇ ਭਾਰਤ ’ਚ ਖ਼ਾਲਸਾ ਸਕੂਲ , ਕਾਲਜਾਂ ਦਾ ਜਾਲ ਵਿਛਾਉਣ ਲਈ ਯਤਨਸ਼ੀਲ ਹੋਵੇ ਤੇ ਕੌਮ ਅੰਦਰ ਇਸ ਲਈ ਚੇਤਨਾ ਪੈਦਾ ਕਰੇ। ਘੱਟੋ-ਘੱਟ ਹਰ ਪ੍ਰਾਂਤ ਦੀ ਰਾਜਧਾਨੀ ’ਵਿਚ ਇਕ ਸਿੱਖ ਯੂਨੀਵਰਸਿਟੀ ਖੋਲ੍ਹੇ ਜਾਣ ਦੀ ਯੋਜਨਾ ਤਿਆਰ ਕੀਤੀ ਜਾਵੇ।

ਇਹ ਕੌਮ ਦੇ ਹਿੱਤ ’ਵਿਚ ਹੈ ਕਿ ਧੁੂੰਆਂ, ਗੁਬਾਰ ਦੂਰ ਹੋਵੇ ਤੇ ਸਾਰੀਆਂ ਸਿੱਖ ਸੰਸਥਾਵਾਂ ਦੀ ਹਕੀਕਤ ਸਾਹਮਣੇ ਆਵੇ। ਪਿਛਲੇ ਘੱਟੋ-ਘੱਟ ਦਸ ਸਾਲਾਂ ’ਵਿਚ ਜੋ ਕੁਝ ਵੀ ਵਾਪਰਿਆ, ਉਸ ’ਤੇ ਇਕ ਅਧਿਕਾਰਤ ਦਸਤਾਵੇਜ਼ ਕੌਮ ਲਈ ਜਾਰੀ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕੌਮ ਅੱਜ ਕਿੱਥੇ ਤੇ ਕਿਹੜੇ ਹਾਲਾਤ ’ਚ ਖੜ੍ਹੀ ਹੈ। ਮੰਚਾਂ ’ਤੇ ਸਮਾਗਮਾਂ ਅੰਦਰ ਜਜ਼ਬਾਤੀ ਤਕਰੀਰਾਂ ਦੇਣਾ ਸੌਖਾ ਹੈ ਪਰ ਤਕਰੀਰਾਂ ਨਾਲ ਤਕਦੀਰ ਸੰਵਾਰੀ ਜਾਂ ਬਦਲੀ ਨਹੀਂ ਜਾ ਸਕਦੀ। ਇਸ ’ਵਿਚ ਕੋਈ ਸ਼ੱਕ ਨਹੀਂ ਹੈ ਕਿ ਕੌਮ ਦੀ ਸ਼ਾਨ ਦਾ ਭਾਰੀ ਘਾਣ ਹੋਇਆ ਹੈ। ਇਸ ਦੀ ਜ਼ਿੰਮੇਵਾਰ ਕਾਰਜ ਸ਼ੈਲੀ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਕਿਸ ਸੰਸਥਾ ਅੰਦਰ ਕਿਸ ਤਰ੍ਹਾਂ ਦਾ ਤੇ ਕਿੰਨਾ ਨਿਘਾਰ ਆਇਆ ਹੈ, ਇਸ ਦੀ ਪੂਰੀ ਪਰਖ ਹੋਣੀ ਚਾਹੀਦੀ ਹੈ। ਬਿਨਾਂ ਰੋਗ ਦੀ ਪਛਾਣ ਤੋਂ ਇਲਾਜ ਨਹੀਂ ਕੀਤਾ ਜਾ ਸਕਦਾ। ਸਭ ਤੋਂ ਜ਼ਿਆਦਾ ਧਿਆਨ ਸਿੱਖੀ ਦੇ ਪੁੰਜ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ’ਤੇ ਦੇਣ ਦੀ ਲੋੜ ਹੈੇ। ਇੱਥੇ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ, ਜੋ ਚਿੰਤਾ ਦਾ ਕਾਰਨ ਹਨ। ਇਸ ਅਸਥਾਨ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਿਰੇ ਤੋਂ ਨਵੀਂ ਮਰਿਆਦਾ ਬਣਾਏ ਜਾਣ ਦੀ ਲੋੜ ਹੈ ਤਾਂ ਜੋ ਕੋਈ ਅਣਸੁਖਾਵੀਂ ਜਾਂ ਮੰਦਭਾਗੀ ਘਟਨਾ ਵਾਪਰਨ ਦੀ ਸੰਭਾਵਨਾ ਹੀ ਖ਼ਤਮ ਹੋ ਜਾਵੇ।

ਸਾਡੀ ਚਿੰਤਾ ਅੱਜ ਦੇ ਨਾਲ ਹੀ ਭਵਿੱਖ ਦੀ ਵੀ ਹੋਣੀ ਚਾਹੀਦੀ ਹੈ। ਅਗਲੇ 50 ਸਾਲ ਦੀ ਯੋਜਨਾ ’ਤੇ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਸੰਨ 2075 ’ਚ ਗੁਰਬਾਣੀ ਦੀ ਰੋਸ਼ਨੀ ਵਿਚ ਕਿਹੋ ਜਿਹੀ ਕੌਮ ਆਉਣ ਵਾਲੀ ਪੀੜ੍ਹੀਆਂ ਨੂੰ ਸੌਂਪਣਾ ਚਾਹੁੰਦੇ ਹਾਂ। ਮਾਤਰ ਇੰਨਾ ਹੀ ਕਰ ਲਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਨੋਂ ਗੁਰੂ ਮੰਨ ਕੇ ਗੁਰਬਾਣੀ ਦੇ ਹੁਕਮਾਂ ਦੇ ਲਾਲੇ ਗੋਲੇ ਬਣ ਜਾਈਏ ਤਾਂ ਧੂੰਏਂ ਦੇ ਧਵਲਹਰ ਦੀ ਥਾਂ ਸੱਚਾ ਘਰ ਪ੍ਰਾਪਤ ਕਰ ਸਕਦੇ ਹਾਂ।

 

-ਡਾ. ਸਤਿੰਦਰ ਪਾਲ ਸਿੰਘ