ਜੰਗ ਖਿਦਰਾਣੇ ਦੀ ਢਾਬ ਦੀ,ਗੁਰੂ ਦੇ ਸਿੰਘਾਂ ਨੇ ਇਤਿਹਾਸ ਸਿਰਜਿਆ

ਜੰਗ ਖਿਦਰਾਣੇ ਦੀ ਢਾਬ ਦੀ,ਗੁਰੂ ਦੇ ਸਿੰਘਾਂ ਨੇ ਇਤਿਹਾਸ ਸਿਰਜਿਆ

ਦਸਮ ਪਿਤਾ ਨੇ ਟਿੱਬੀ ’ਤੇ ਬੈਠਿਆਂ ਜਦੋਂ ਬੰਦੂਕਾਂ ਦੀ ਆਵਾਜ਼ ਸੁਣੀ

ਮੱਧਕਾਲ ਵਿੱਚ ਜੰਗਾਂ ਯੁੱਧਾਂ ਦਾ ਸਰੂਪ ਅਤੇ ਨੀਤੀ ਅੱਜ ਨਾਲੋਂ ਬਿਲਕੁਲ ਭਿੰਨ ਸੀ। ਅੱਜ ਦੇ ਯੁੱਗ ਵਿੱਚ ਜੰਗਾਂ ਨੇ ਤਕਨਾਲੋਜੀ ਅਤੇ ਪ੍ਰਬੰਧ ਦੀ ਪੱਧਰ ’ਤੇ ਏਨੀ ਅਮੀਰੀ ਹਾਸਲ ਕਰ ਲਈ ਹੈ ਕਿ ਇਸ ਨਾਲ ਪਲਾਂ-ਛਿੰਨਾਂ ਵਿੱਚ ਸੰਸਾਰ ਨੂੰ ਤਬਾਹ ਕੀਤਾ ਜਾ ਸਕਦਾ ਹੈ। ਵਿਨਾਸ਼ਕਾਰੀ ਹਥਿਆਰ ਏਨੇ ਭਿਅੰਕਰ ਹਨ ਕਿ ਮਨੁੱਖ ਦੀ ਹੋਂਦ ਗਲੋਬ ਤੋਂ ਮਿਟਾਉਣ ਲਈ ਇਹ ਸਦਾ ਤਤਪਰ ਰਹਿੰਦੇ ਹਨ। ਇਸ ਦੇ ਉਲਟ ਮੱਧਯੁਗੀ ਜੰਗਾਂ ਪਰੰਪਰਾਗਤ ਹਥਿਆਰਾਂ ਨਾਲ ਲੜੀਆਂ ਜਾਂਦੀਆਂ ਸਨ। ਇਨ੍ਹਾਂ ਦਾ ਮੁੱਖ ਉਦੇਸ਼ ਦੁਸ਼ਮਣ ਦੀ ਫ਼ੌਜ ਨੂੰ ਵੱਧ ਤੋਂ ਵੱਧ ਮਾਰਨਾ, ਉਸ ਦੀ ਸੰਪਤੀ ਤੇ ਹਥਿਆਰਾਂ ਨੂੰ ਲੁੱਟਣਾ, ਰਸਦ ਪਾਣੀ ਆਪਣੇ ਕਬਜ਼ੇ ਵਿੱਚ ਕਰਨਾ ਜਾਂ ਫਿਰ ਉਸ ਦੇ ਰਾਜ ਨੂੰ ਆਪਣੀ ਸਲਤਨਤ ਵਿੱਚ ਸ਼ਾਮਲ ਕਰਨਾ ਹੁੰਦਾ ਸੀ। ਇਸ ਦੇ ਨਾਲ ਹੀ ਹਾਕਮਾਂ ਦੇ ਜਬਰ-ਜ਼ੁਲਮ ਖ਼ਿਲਾਫ਼ ਧਾਰਮਿਕ ਜੰਗਾਂ ਵੀ ਲੜੀਆਂ ਗਈਆਂ ਜਿਨ੍ਹਾਂ ਦਾ ਉਦੇਸ਼ ਆਪਣੇ ਧਰਮ ਦੀ ਰਾਖੀ ਕਰਨਾ ਅਤੇ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਸਬਕ ਸਿਖਾਉਣਾ ਸੀ। ਗੁਰੂ ਨਾਨਕ ਸਾਹਿਬ ਨੇ ਅਜਿਹੇ ਰਾਜਿਆਂ ਨੂੰ ‘ਪਾਪ ਦੀ ਜੰਝ’ ਵਰਗੇ ਸੰਬੋਧਨਾਂ ਨਾਲ ਵੰਗਾਰਿਆ ਸੀ। ਇਸ ਪ੍ਰਸੰਗ ਵਿੱਚ ਮੁਕਤਸਰ ਦੀ ਜੰਗ ਤੇ ਯੁੱਧ ਨੀਤੀ ਨੂੰ ਵਿਚਾਰਿਆ ਜਾ ਸਕਦਾ ਹੈ। ਇਹ ਜੰਗ ਵੈੈਸਾਖ ਦੇ ਮਹੀਨੇ 1705 ਈਸਵੀ ਵਿੱਚ ਹੋਈ। ਗੁਰੂ ਗੋਬਿੰਦ ਸਾਹਿਬ ਜੀ ਨੇ ਪੰਜਵੇਂ ਗੁਰੂ ਸਾਹਿਬਾਨ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਸ਼ਸਤਰ ਵਿੱਦਿਆ ਨਾਲ ਜੋੜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਨਾ ਦੇ ਨਾਲ-ਨਾਲ ਸਿੱਖਾਂ ਨੂੰ ਅਜਿਹੀ ਸੈਨਿਕ ਸਿਖਲਾਈ ਦਿੱਤੀ ਜਿਸ ਨਾਲ ਉਹ ਧਾਰਮਿਕ ਯੁੱਧਾਂ ਵਿੱਚ ਪ੍ਰਵਾਨ ਚੜ੍ਹੇ। ਗੁਰੂ ਜੀ ਨੇ ਸਿੱਖ ਪੰਥ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਇਨ੍ਹਾਂ ਵਿੱਚੋਂ ਦੀਦਾਰੀ ਅਥਵਾ ਹਜ਼ੂਰੀ ਸਿੱਖਾਂ ਨੂੰ ਨਵੇਂ-ਨਵੇਂ ਹਥਿਆਰਾਂ ਨਾਲ ਨਿਪੁੰਨ ਕਰਕੇ ਪੂਰੀ ਤਰ੍ਹਾਂ ਸੈਨਿਕ ਸ਼ਕਤੀ ਦੇ ਰੂਪ ਵਿੱਚ ਸਥਾਪਤ ਕੀਤਾ। ਇਹ ਫ਼ੌਜੀ ਸਮੇਂ ਦੀ ਲੋੜ ਮੁਤਾਬਕ ਗਤਕੇ ਖੇਡਣੇ, ਤਲਵਾਰ ਚਲਾਉਣੀ, ਨੇਜ਼ਾਬਾਜ਼ੀ ਕਰਨੀ, ਤੀਰਾਂ ਤੇ ਬੰਦੂਕਾਂ ਦੇ ਨਿਸ਼ਾਨੇ ਲਾਉਣ ਤੇ ਘੋੜ ਸਵਾਰੀ ਵਿੱਚ ਨਿਪੁੰਨਤਾ ਪ੍ਰਾਪਤ ਕਰਦੇ। ਉਸ ਸਮੇਂ ਮੁਗਲਈ ਜਾਂ ਹੋਰ ਰਿਆਸਤਾਂ ਵਿੱਚ ਵੀ ਇਸੇ ਤਰ੍ਹਾਂ ਦੀ ਫ਼ੌਜੀ ਸਿਖਲਾਈ ਤੇ ਅਸਤਰਾਂ ਸ਼ਸਤਰਾਂ ਦੀ ਪਰੰਪਰਾ ਪ੍ਰਚਲਤ ਸੀ। ਉਦੋਂ ਸਿੱਖ ਫ਼ੌਜਾਂ ਦੀ ਵਰਦੀ ਨੀਲਾ ਬਾਣਾ ਸੀ ਤੇ ਮੁਗਲਈ ਫ਼ੌਜਾਂ ਦੀ ਵਰਦੀ ਸ਼ਹਿਦ ਦੀਆਂ ਮੱਖੀਆਂ ਦੇ ਰੰਗ ਵਰਗੀ ਸਿਆਹ-ਭੂਰੀ ਸੀ। ਇਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿੱਚ ਕਰਦਿਆਂ ਲਿਖਿਆ ਹੈ:- ਬਰੰਗ ਮਗਸ ਸਿਆਹ ਪੋਸ਼ ਆਮਦੰਦ। ਬ-ਯਕ ਬਾਰਗੀ ਦਰ ਖਰੋਸ਼ ਆਮਦੰਦ। ਭਾਵ ਸ਼ਹਿਦ ਦੀਆਂ ਮੱਖੀਆਂ ਦੇ ਰੰਗ ਵਰਗੇ ਸਿਆਹ ਪੋਸ਼ ਫ਼ੌਜੀ ਆਏ ਜੋ ਗੁੱਸੇ ਨਾਲ ਇੱਕੋ ਵੇਰ ਸਾਡੇ ’ਤੇ ਟੁੱਟ ਪਏ। ਵੱਖਰੇ-ਵੱਖਰੇ ਇਤਿਹਾਸਕਾਰਾਂ ਤੇ ਵਿਆਖਿਆਕਾਰਾਂ ਨੇ ਮੁਕਤਸਰ ਦੇ ਜੰਗ ਦੇ ਪਿਛੋਕੜ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਸ੍ਰੀ ਗੁਰੂ  ਗੋਬਿੰਦ ਸਿੰਘ ਜੀ ਪਹਿਲਾਂ ਰਾਮੇਆਣੇ ਪਿੰਡ ਪਹੁੰਚੇ। ਉਸ ਪਿੰਡ ਦੇ ਟਾਂਗੂ ਨੇ ਦੱਸਿਆ ਕਿ ਭਾਈ ਸਿੱਖੋ ਧੂੜ ਉਡਦੀ ਨਜ਼ਰ ਆਉਂਦੀ ਹੈ, ਸੁਖ ਹੋਵੇ ਸਹੀ। ਏਨੀ ਦੇਰ ਨੂੰ ਬਿਰਖ ’ਤੇ ਚੜ੍ਹੇ ਸਿੱਖ ਨੇ ਅਗਾਹ ਕੀਤੀ ਕਿ ਸੱਚੇ ਪਾਤਸ਼ਾਹ ਤੁਰਕ ਨੇੜੇ ਆਣ ਪਹੁੰਚੇ ਹਨ ਤੇ ਇੱਥੋਂ ਅਜੇ ਖਿਦਰਾਣਾ ਦੋ ਕੋਹ ’ਤੇ ਹੈ। ਗੁਰੂ ਜੀ ਕਹਿਣ ਲੱਗੇ ਸਿੰਘੋ ਡਰੋ ਨਾ, ਉਨ੍ਹਾਂ ਨੂੰ ਰੋਕਣ ਵਾਲੇ ਆਪੇ ਰੋਕ ਲੈਣਗੇ। ਸਿੱਖਾਂ ਨੂੰ ਪਤਾ ਨਹੀਂ ਸੀ ਕਿ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘਾਂ ਦਾ ਜਥਾ ਆ ਰਿਹਾ ਹੈ। ਏਨੇ ਨੂੰ ਬੈਰਾੜ ਗੁਰੂ ਜੀ ਨੂੰ ਖਿਦਰਾਣੇ ਦੇ ਕੰਢੇ ਲੈ ਗਏ। ਭਰਿਆ ਜਲ ਤੇ ਜੰਗਲ ਦੇਖ ਕੇ ਗੁਰੂ ਜੀ ਬੜੇ ਖ਼ੁਸ਼ ਹੋਏ। ਸਿੰਘ ਕਹਿਣ ਲੱਗੇ ਗੁਰੂ ਜੀ ਇੱਥੇ ਸਭ ਸੁਖ ਹੈ। ਅਸੀਂ ਜਲ ਨੂੰ ਰੋਕ ਕੇ ਰੱਖਾਂਗੇ ਤੇ ਤੁਰਕ ਤਿਹਾਏ ਆਪੇ ਮੁੜ ਜਾਣਗੇ, ਜੇ ਉਨ੍ਹਾਂ ਦਾ ਜ਼ੋਰ ਪੈ ਗਿਆ ਤਾਂ ਹੋਰ ਅੱਗੇ ਚਲੇ ਜਾਵਾਂਗੇ। ਕੇਰ (ਟੋਬੇ ਵਿੱਚੋਂ ਪੁੱਟ ਕੇ ਸੁੱਟੀ ਮਿੱਟੀ ਦੇ ਲਾਏ ਢੇਰ) ਦੀ ਆੜ ਵਿੱਚ ਚੰਗੀ ਲੜਾਈ ਹੋ ਸਕਦੀ ਹੈ। ਇਹ ਗੱਲ ਸੁਣ ਕੇ ਗੁਰੂ ਜੀ ਨੇ ਆਲੇ-ਦੁਆਲੇ ਦੀ ਭੂਗੋਲਿਕ ਸਥਿਤੀ ਦਾ ਜਾਇਜ਼ਾ ਲਿਆ ਤੇ ਤੁਰਦੇ-ਤੁਰਦੇ ਤਲਾਅ ਦੇ ਪੱਛਮ ਵੱਲ ਟਿੱਬੀ ’ਤੇ  ਜਾ ਖਲੋਤੇ ਤੇ ਜੰਗ ਦੀ ਵਿਉਂਤਬੰਦੀ ਕਰਨ ਲੱਗੇ। ਸ਼ਾਹੀ ਲਸ਼ਕਰ ਹੋਰ ਨੇੜੇ ਪਹੁੰਚਦਾ ਜਾ ਰਿਹਾ ਸੀ। ਜਿਹੜੇ ਮਝੈਲ ਸਿੰਘ ਗੁਰੂ ਜੀ ਦੇ ਮਗਰ-ਮਗਰ ਤੇ ਮੁਗਲਾਂ ਦੇ ਅੱਗੇ-ਅੱਗੇ ਆ ਰਹੇ ਸਨ, ਉਨ੍ਹਾਂ ਨੇ ਵੈਰੀਆਂ ਦੇ ਦੰਦ ਖੱਟੇ ਕਰਨ ਲਈ, ਰਣ ਤੱਤੇ ਵਿੱਚ ਜੂਝਣ ਲਈ ਖਿਦਰਾਣੇ ਦੀ ਢਾਬ ਦੇ ਪੂਰਬ ਵੱਲ ਨੀਵੀਂ ਥਾਂ ’ਤੇ ਮੋਰਚੇ ਗੱਡ ਲਏ। ਆਪਣੇ ਆਪ ਨੂੰ ਥੋੜ੍ਹਿਆਂ ਤੋਂ ਬਹੁਤੇ ਦਿਖਾਉਣ ਲਈ ਤੇ ਇਸ ਖਿਆਲ ਨਾਲ ਕਿ ਤੁਰਕ ਅੱਗੇ ਗੁਰੂ ਜੀ ਦੇ ਵੱਲ ਨਾ ਚਲੇ ਜਾਣ, ਉਨ੍ਹਾਂ ਨੇ ਬਿਰਖਾਂ ’ਤੇ ਚਾਦਰੇ ਤੇ ਹੋਰ ਕੱਪੜੇ ਖਿਲਾਰ ਦਿੱਤੇ। ਰੁੱਖਾਂ ’ਤੇ ਵਿਛੇ ਕੱਪੜੇ ਦੂਰੋਂ ਤੰਬੂਆਂ ਦਾ ਪ੍ਰਭਾਵ ਦੇ ਰਹੇ ਸਨ। ਇਹ ਭੁਲੇਖੇ ਦੀ ਕੂਟਨੀਤੀ ਬੜੀ ਕਾਰਗਰ ਸਿੱਧ ਹੋਈ। ਤੁਰਕਾਂ ਦੀ ਸਾਰੀ ਫ਼ੌਜ ਉਸ ਪਾਸੇ ਵੱਲ ਹੋ ਗਈ। ਜਦੋਂ ਇਕਦਮ ਲਸ਼ਕਰ ਸਿੰਘਾਂ ਦੀ ਮਾਰ ਹੇਠ ਆ ਗਿਆ ਤਾਂ ਉਨ੍ਹਾਂ ਗੁਰੀਲਾ ਯੁੱਧ ਨੀਤੀ ਦਾ ਦਾਅ ਵਰਤ ਕੇ ਹਮਲਾ ਕਰ ਦਿੱਤਾ ਤੇ ਵੀਹ-ਪੰਝੀ ਤੁਰਕ ਢੇਰ ਕਰ ਦਿੱਤੇ। ਜਦੋਂ ਲਗਾਤਾਰ ਬੰਦੂਕਾਂ ਚੱਲਣ ਲੱਗੀਆਂ ਤਾਂ ਵਜੀਦ ਖਾਂ ਨੇ ਸਮਝਿਆ ਕਿ ਇੱਥੇ ਹੀ ਸਿੱਖਾਂ ਨਾਲ ਗੁਰੂ ਗੋਬਿੰਦ ਸਿੰਘ ਵੀ ਹਨ। ਉਸ ਨੇ ਫ਼ੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ ਤਾਂ ਜੋ ਵਧੇਰੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਓਧਰ ਮੁਗਲ ਫ਼ੌਜ ਪਿੱਛੇ ਹਟਦੀ ਦੇਖ ਕੇ ਸਿੰਘਾਂ ਨੇ ਫੇਰ ਇੱਕ ਹੋਰ ਗੁਰੀਲਾ ਹਮਲਾ ਕਰ ਦਿੱਤਾ ਅਤੇ ਤੀਹ ਕੁ ਹੋਰ ਤੁਰਕ ਢੇਰੀ ਕਰ ਦਿੱਤੇ। ਸੰਘਣੇ ਬਿਰਖਾਂ ਵਿੱਚ ਨੀਵੇਂ ਥਾਂ ਬੈਠੇ ਸਿੱਖ ਤੁਰਕਾਂ ਨੂੰ ਨਜ਼ਰ ਨਾ ਆਏ ਪਰ ਉਹ ਤੀਰਾਂ ਤੇ ਗੋਲੀਆਂ ਦੀ ਵਰਖਾ ਕਰਨ ਲੱਗੇ। ਦੋਹਾਂ ਪਾਸਿਆਂ ਤੋਂ ਬੰਦੂਕਾਂ ਵਿੱਚੋਂ ਕੜਕੜ ਗੋਲੀਆਂ ਚੱਲਣ ਲੱਗੀਆਂ। ਦਸਮ ਪਿਤਾ ਨੇ ਟਿੱਬੀ ’ਤੇ ਬੈਠਿਆਂ ਜਦੋਂ ਬੰਦੂਕਾਂ ਦੀ ਆਵਾਜ਼ ਸੁਣੀ ਤਾਂ ਇੱਕ ਸ਼ਾਹ ਸਵਾਰ ਨੂੰ ਉਸ ਪਾਸੇ ਪਤਾ ਕਰਨ ਲਈ ਭੇਜਿਆ। ਉਸ ਨੇ ਵਾਪਸ ਆ ਕੇ ਦੱਸਿਆ ਕਿ ਮਝੈਲਾਂ ਦਾ ਜਥਾ ਤੁਰਕਾਂ ਨੂੰ ਲੋਹੇ ਦੇ ਚਨੇ ਚਬਾ ਰਿਹਾ ਹੈ। ਫਿਰ ਗੁਰੂ ਜੀ ਨੇ ਟਿੱਬੀ ਤੋਂ ਹੀ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਇੱਕ-ਇੱਕ ਤੀਰ ਪੰਜ-ਪੰਜ ਤੁਰਕਾਂ ਦੇ ਆਹੂ ਲਾਹੁਣ ਲੱਗਾ। ਗੁਰੂ ਜੀ ਨੇ ਵਜੀਦ ਖਾਂ ਦੇ ਕਈ ਸੈਨਿਕ ਢੇਰ ਕਰ ਦਿੱਤੇ। ਸ਼ਾਹੀ ਫ਼ੌਜਾਂ ਨੂੰ ਝਾੜਾਂ ਪਿੱਛੇ ਲੁਕੇ ਹੋਏ ਸਿੱਖ ਜਿੰਨੀ ਦੇਰ ਤਕ ਨਾ ਦਿਸੇ, ਉਨ੍ਹਾਂ ਦਾ ਅੱਗੇ ਵਧਣ ਦਾ ਹੀਆ ਨਾ ਪਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਥੇ ਤਾਂ ਥੋੜ੍ਹੇ ਜਿਹੇ ਸਿੱਖ ਹਨ ਤੇ ਗੁਰੂ ਜੀ ਵੀ ਉਨ੍ਹਾਂ ਦੇ ਨਾਲ ਨਹੀਂ ਹਨ ਤਾਂ ਉਨ੍ਹਾਂ ਨੇ ਤਕੜਾ ਜੁਆਬੀ ਹਮਲਾ ਬੋਲ ਦਿੱਤਾ ਜਿਸ ਨਾਲ ਬੜੀ ਮਾਰ-ਕਾਟ ਹੋਣ ਲੱਗੀ ਤੇ ਹਥਿਆਰਾਂ ਦੀ ਗੂੰਜ ਨਾਲ ਆਕਾਸ਼ ਕੰਬ ਉਠਿਆ। ਸਿੰਘ ਸ਼ਮਸ਼ੀਰਾਂ ਖਿੱਚ-ਖਿੱਚ ਕੇ ਸ਼ੀਹਾਂ ਵਾਂਗ ਤੁਰਕਾਂ ’ਤੇ ਟੁੱਟ ਪਏ। ਖਟਾਖਟ ਤਲਵਾਰਾਂ ਖੜਕਨ ਲੱਗੀਆਂ। ਧਰਤੀ ਰੱਤ-ਵਿਰੱਤੀ ਹੋ ਗਈ। ਅਨੇਕਾਂ ਸਿਪਾਹੀਆਂ ਅਤੇ ਘੋੜਿਆਂ ਦੇ ਮੁੰਡ ਏਧਰ-ਓਧਰ ਨਜ਼ਰ ਆਉਣ ਲੱਗੇ। ਫੱਟੜਾਂ ਦੀਆਂ ਕਰਾਹਾਂ ਮਿੱਟੀ ’ਚ ਗੂੰਜਣ ਲੱਗੀਆਂ। ਇੱਕ-ਇੱਕ ਸਿੰਘ ਨੇ ਗਿਆਰਾਂ-ਗਿਆਰਾਂ ਤੁਰਕਾਂ ਨੂੰ ਭਾਜੀ ਮੋੜੀ। ਭਾਵੇਂ ਸਿੰਘ ਸੂਰਮੇ ਵੀ ਤੀਰਾਂ ਤੇ ਗੋਲੀਆਂ ਨਾਲ ਵਿੰਨ੍ਹੇ ਪਏ ਸਨ ਪਰ ਉਨ੍ਹਾਂ ਮੈਦਾਨੇ ਜੰਗ ’ਚ ਪਿੱਛੇ ਭੌਂ ਕੇ ਨਹੀਂ ਵੇਖਿਆ, ਸਗੋਂ ਅੱਗੇ ਵਧ ਕੇ ਵੈਰੀ ਨਾਲ ਲੋਹਾ ਲੈਣ ਲੱਗੇ। ਇਸ ਨਾਲ ਦੁਸ਼ਮਣ ਦੇ ਖੇਮੇ ਵਿੱਚ ਅਜਿਹੀ ਹਾਹਾਕਾਰ ਮੱਚੀ ਕਿ ਤੋਬਾ ਤੋਬਾ ਹੋਣ ਲੱਗੀ। ਤੁਰਕਾਂ ਦੇ ਅਜਿਹੇ ਦੰਦ ਖੱਟੇ ਹੋਏ ਕਿ ਉਹ ਡਰਦੇ ਮਾਰੇ ਅੱਗੇ ਵਧਣ ਦਾ ਹੌਸਲਾ ਨਾ ਕਰ ਸਕੇ।

ਗੁਰੂ ਜੀ ਦੇ ਤੀਰਾਂ ਨੇ ਤੁਰਕਾਂ ਨੂੰ ਭੁਲੇਖਾ ਪਾ ਦਿੱਤਾ ਕਿ ਪਤਾ ਨਹੀਂ ਏਥੇ ਕਿੰਨੀ ਕੁ ਫ਼ੌਜ ਹੈ, ਜੋ ਕਈ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਇੱਕ ਤਾਂ ਇਸ ਫ਼ਿਕਰ ਨੇ ਦੂਜਾ ਵੈਸਾਖ ਰੁੱਤ ਦੀ ਗਰਮੀ ਨੇ ਤੁਰਕਾਂ ਨੂੰ ਬੇਹਾਲ ਕਰਨਾ ਸ਼ੁਰੂ ਕਰ ਦਿੱਤਾ, ਤੀਜੇ ਪਾਣੀ ਦੇ ਤਿਹਾਏ ਸਿਪਾਹੀਆਂ ਦੀਆਂ ਜੀਭਾਂ ਬਾਹਰ ਆਉਣ ਲੱਗੀਆਂ। ਭਾਵੇਂ ਚੌਧਰੀ ਕਪੂਰੇ ਦੇ ਦੱਸੇ ਹੋਏ ਤੁਰਕਾਂ ਨੇ ਖਿਦਰਾਣੇ ਦੀ ਢਾਬ ਵਿੱਚੋਂ ਪਾਣੀ ਲੈਣ ਲਈ ਬੜੇ ਯਤਨ ਕੀਤੇ ਪਰ ਸਿੰਘਾਂ ਦੀ ਮਜ਼ਬੂਤ ਕੰਧ ਨੇ ਉਨ੍ਹਾਂ ਨੂੰ ਪਾਣੀ ਦੇ ਨੇੜੇ ਫੜਕਣ ਨਹੀਂ ਦਿੱਤਾ। ਜਦੋਂ ਉਹ ਤਿਹਾਏ ਹਾਲੋਂ ਬੇਹਾਲ ਹੋ ਗਏ ਤਾਂ ਵਜੀਦ ਖਾਂ ਨੇ ਕਪੂਰੇ ਅੱਗੇ ਪਾਣੀ ਦੀ ਗੱਲ ਕੀਤੀ ਤਾਂ ਉਹ ਕਹਿਣ ਲੱਗਾ- ਇਸ ਜੰਗਲ ਵਿੱਚ ਤਾਂ ਤੀਹ-ਤੀਹ ਕੋਹ ’ਤੇ ਕਿਤੇ ਵੀ ਪਾਣੀ ਨਹੀਂ। ਜੇ ਪਿੱਛੇ ਵੀ ਹਟੀਏ ਤਾਂ ਘੱਟੋ-ਘੱਟ ਦਸ ਕੋਹ ਤੋਂ ਉਰਾਂ ਕਿਤੇ ਵੀ ਪਾਣੀ ਮਿਲਣ ਦੀ ਕੋਈ ਸੰਭਾਵਨਾ ਨਹੀਂ। ਵਜੀਦ ਖਾਂ ਨੇ ਪਿੱਛੇ ਮੁੜਨ ਦਾ ਮਨ ਬਣਾ ਲਿਆ ਪਰ ਮੁੜਨ ਤੋਂ ਪਹਿਲਾਂ ਕਹਿਣ ਲੱਗਾ ਕਿ ਇਨ੍ਹਾਂ ਸ਼ਹੀਦ ਹੋਏ ਮੋਮਨਾਂ ਨੂੰ ਕਿਤੇ ਦਫ਼ਨਾ ਚੱਲੀਏ ਤੇ ਨਾਲ ਹੀ ਮਰੇ ਹੋਏ ਸਿੱਖਾਂ ਵਿੱਚੋਂ ਸ਼ਾਇਦ ਗੁਰੂ ਜੀ ਦੀ ਲੋਥ ਲੱਭ ਜਾਏ ਤੇ ਉਨ੍ਹਾਂ ਦਾ ਸਿਰ ਲਾਹ ਕੇ ਲੈ ਚੱਲੀਏ ਤਾਂ ਜੋ ਬਾਦਸ਼ਾਹ ਸਲਾਮਤ ਤੋਂ ਇਨਾਮ, ਨੇਕਨਾਮੀ, ਬਹਾਦਰੀ ਦਾ ਮਰਤਬਾ ਲੈ ਲਈਏ। ਸਾਰੀ ਦੁਨੀਆਂ ’ਵਿਚ ਮੇਰਾ ਨਾਂ ਹੋ ਜਾਏਗਾ ਕਿ ਜਿਸ ਗੁਰੂ ਗੋਬਿੰਦ ਸਿੰਘ ਹਿੰਦ ਦੇ ਪੀਰ ਨੇ ਜੰਗਾਂ ਕਰਕੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਮਾਰ-ਮਾਰ ਬਿਲੇ ਲਾ ਛੱਡਿਆ ਤੇ ਕਈ ਵਾਰ ਲੱਖਾਂ ਸ਼ਾਹੀ ਫ਼ੌਜਾਂ ਨੂੰ ਅੰਗੂਠਾ ਦਿਖਾ ਕੇ ਸਹੀ ਸਲਾਮਤ ਨਿਕਲ ਗਿਆ ਸੀ, ਉਸ ਨੂੰ ਵਜੀਦ ਖਾਂ ਨੇ ਮਾਰ ਲਿਆ। ਉਸ ਦੀ ਇਹ ਗੱਲ ਸੁਣ ਕੇ ਕਪੂਰੇ ਨੇ ਕਿਹਾ ਤੁਸੀਂ ਕਿਹੜੇ ਭਰਮ-ਭੁਲੇਖੇ ’ਵਿਚ ਫਿਰਦੇ ਹੋ। ਗੁਰੂ ਤੁਹਾਡੇ ਮਾਰਨ ਲਈ ਨਹੀਂ, ਓਥੇ ਬੈਠੇ। ਉਹ ਤਾਂ ਖ਼ਬਰੇ ਕਿੱਧਰ ਨੂੰ ਨਿਕਲ ਗਏ ਹੋਣਗੇ। ਬਾਕੀ ਜਿਹੜੇ ਮੋਮਨ ਮਾਰੇ ਗਏ ਸੋ ਮਾਰੇ ਗਏ, ਇਨ੍ਹਾਂ ਨੂੰ ਦੱਬਣ ਵਿੱਚ ਕੀ ਪਿਐ, ਕਿਤੇ ਦੱਬਣ-ਦਬਾਉਣ ਦੇ ਚੱਕਰ ਵਿੱਚ ਤੁਸੀਂ ਆਪ ਨਾ ਦੱਬੇ ਜਾਓ। ਚੱਲੇ ਹੁੰਦੇ ਤਾਂ ਹੁਣ ਤਕ ਚਾਰ ਕੋਹ ਪੈਂਡਾ ਮਾਰ ਲੈਣਾ ਸੀ। ਜੇ ਸਿਪਾਹੀ ਤਿਹਾਏ, ਮਰਦੇ ਬੇਹੋਸ਼ ਹੋ ਕੇ ਇੱਥੇ ਡਿੱਗਣ ਲੱਗ ਪਏ ਤਾਂ ਚਾਰ-ਚੁਫੇਰੇ ਬੈਠੇ ਸਿੱਖਾਂ ਨੇ ਉਨ੍ਹਾਂ ਦਾ ਦਲੀਆ ਬਣਾ ਦੇਣੈ। ਖ਼ਾਨ ਸਾਹਿਬ! ਮੋਇਆਂ ਨੂੰ ਸੰਭਾਲਣ ਦੀ ਬਜਾਏ, ਜਿਉਂਦਿਆਂ ਨੂੰ ਬਚਾਉਣ ਦਾ ਰਾਹ ਲੱਭੋ ਨਹੀਂ ਤਾਂ ਇਹ ਧਰਤੀ ਕਰਬਲਾ ਬਣ ਜਾਏਗੀ ਤੇ ਦੱਬਣ-ਫੂਕਣ ਵਾਲਾ ਵੀ ਕੋਈ ਨਹੀਂ ਬਚੇਗਾ। ਹੁਣ ਤਾਂ ਤੁਹਾਡੀ ਫ਼ਤਿਹ ਹੋ ਗਈ ਹੈ। ਜਿਹੜੇ ਸਿੱਖ ਤੁਹਾਡੇ ਸਾਹਮਣੇ ਲੜਦੇ ਸਨ, ਉਹ ਤਾਂ ਚਾਰ-ਚਾਰ ਨੂੰ ਮਾਰ ਕੇ ਸ਼ਹੀਦ ਹੋ ਗਏ ਹਨ ਤੇ ਜਿਹੜੇ ਝਾੜਾਂ ਵਿੱਚ ਲੁਕੇ ਬੈਠੇ ਨੇ ਉਨ੍ਹਾਂ ਨੂੰ ਕਿੱਥੋਂ-ਕਿੱਥੋਂ ਲੱਭਦੇ ਫਿਰੋਗੇ। ਫਿਰ ਇਹ ਬੈਰਾੜ ਤਾਂ ਇਨ੍ਹਾਂ ਜੰਗਲਾਂ, ਝਾੜਾਂ ਦੇ ਸੂਹੀਏ ਹਨ ਤੇ ਤੇਰੀ ਫ਼ੌਜ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਿਧਰੋਂ ਆਏ ਹਨ ਤੇ ਕਿੱਧਰ ਜਾਣਾ ਹੈ। ਕੁਝ ਤਿਹਾਏ ਮਰ ਜਾਣਗੇ, ਕੁਝ ਨੂੰ ਬੈਰਾੜ ਲੈ ਜਾਣਗੇ। ਵਜੀਦ ਖ਼ਾਨ ਨੂੰ ਕਪੂਰੇ ਦੀ ਗੱਲ ਜਚ ਗਈ ਕਿ ਜੇ ਪਿੱਛੇ ਨਾ ਮੁੜੇ ਤਾਂ ਤਿਹਾਈ ਫ਼ੌਜ ਪਾਣੀ ਖੁਣੋਂ ਤਿੱਤਰ-ਬਿਤਰ ਹੋ ਜਾਏਗੀ। ਉਸ ਨੇ ਫ਼ੌਜਾਂ ਨੂੰ ਪਿੱਛੇ ਵੱਲ ਮੋੜ ਲਿਆ। ਫੇਰ ਮੁਰਦੇ ਤਾਂ ਕੀ ਸਾਂਭਣੇ ਸਨ, ਜ਼ਖ਼ਮੀਆਂ ਨੂੰ ਵੀ ਤੜਫਦਿਆਂ ਛੱਡ ਕੇ ਤੁਰਕਾਂ ਦੀ ਫ਼ੌਜ ਹਰਨ ਹੋ ਗਈ। ਤੁਰਕਾਂ ਦੇ ਨੱਸ ਜਾਣ ਦੀ ਖ਼ਬਰ ਸੁਣ ਕੇ ਜਦੋਂ ਗੁਰੂ ਜੀ ਰਣਭੂਮੀ ’ਚ ਆਏ ਤਾਂ ਕੀ ਦੇਖਦੇ ਹਨ ਕਿ ਇੱਕ-ਇੱਕ ਸਿੱਖ ਕੋਲ ਦੋ-ਦੋ ਤੁਰਕ ਮੋਏ ਪਏ ਹਨ। ਮਾਈ ਭਾਗੋ, ਜੋ ਮਝੈਲ ਸਿੰਘਾਂ ਨਾਲ ਆਈ ਸੀ, ਤੁਰਕਾਂ ਨਾਲ ਦੋ-ਦੋ ਹੱਥ ਕਰਕੇ ਟੋਬੇ ਦੇ ਕੰਢੇ ਬੈਠੀ ਆਪਣੇ ਜ਼ਖ਼ਮ ਧੋ ਰਹੀ ਸੀ। ਉਸ ਨੇ ਜਦੋਂ ਮਝੈਲ ਸਿੱਖਾਂ ਦੇ ਸ਼ਹੀਦ ਹੋਣ ਦੀ ਗਾਥਾ ਗੁਰੂ ਜੀ ਨੂੰ ਸੁਣਾਈ ਤਾਂ ਗੁਰੂ ਜੀ ਦੇ ਨੇਤਰ ਭਰ ਆਏ। ਜਿਹੜੇ ਸਿੰਘ ਅੱਗੇ ਹੋ-ਹੋ ਕੇ ਰਣ ਤੱਤੇ ’ਚ ਜੂਝੇ ਸਨ, ਉਨ੍ਹਾਂ ਦੇ ਮੂੰਹ ਰੁਮਾਲ ਨਾਲ ਪੂੰਝੇ ਤੇ ਕਿਸੇ ਨੂੰ ਪੰਜ ਹਜ਼ਾਰੀ, ਕਿਸੇ ਨੂੰ ਦਸ ਹਜ਼ਾਰੀ ਦਾ ਵਰ ਦਿੰਦੇ ਚਿਖਾ ’ਤੇ ਧਰਦੇ ਗਏ। ਜਿਵੇਂ ਪਿਤਾ-ਪੁੱਤਰ ਨਾਲ ਤੇ ਮਿੱਤਰ-ਮਿੱਤਰ ਨਾਲ ਸਨੇਹ ਕਰਦਾ ਹੈ, ਤਿਓਂ ਹੀ ਪਿਆਰ ਨਾਲ ਗੁਰੂ ਜੀ ਉਨ੍ਹਾਂ ਦੀ ਸਲਾਹੁਤਾ ਕਰਦੇ ਰਹੇ। ਤਦੋਂ ਹੀ ਇੱਕ ਸਹਿਕਦਾ ਸਿੱਖ ਮਹਾਂ ਸਿੰਘ ਹੱਥ ਲੱਗਾ। ਗੁਰੂ ਜੀ ਨੇ ਜਲ ਪਿਲਾ ਕੇ ਉਸ ਦੇ ਜ਼ਖ਼ਮ ਧੁਆ ਕੇ, ਮੂੰਹ ਪੂੰਝਿਆ ਤਾਂ ਉਸ ਅੱਖਾਂ ਖੋਲ੍ਹੀਆਂ। ਗੁਰੂ ਜੀ ਦਾ ਦੀਦਾਰ ਕਰਕੇ ਧੰਨ ਹੋ ਗਿਆ। ਗੁਰੂ ਜੀ ਨੇ ਮਿਹਰ ਦਾ ਨੂਰ ਵਰਸਾਉਂਦਿਆਂ ਕਿਹਾ ਮਹਾਂ ਸਿੰਘ ਜੋ ਮੰਗਣਾ ਹੈ, ਮੰਗ ਲੈ। ਮਹਾਂ ਸਿੰਘ ਦਾ ਉਤਰ ਸੀ ਕਿ ਮੇਰੀਆਂ ਤਾਂ ਸਭ ਇੱਛਾਵਾਂ ਪੂਰੀਆਂ ਹੋ ਚੁੱਕੀਆਂ ਨੇ, ਜੇ ਤੁਠੇ ਹੋ ਤਾਂ ਇੱਕ ਕਿਰਪਾ ਕਰੋ,‘‘ ਗ਼ਲਤੀ ’ਚ ਜਿਹੜਾ ਬੇਦਾਵਾ ਮਾਝੇ ਦੇ ਸਿੰਘਾਂ ਨੇ ਲਿਖਿਆ ਸੀ, ਉਹ ਫਾੜ ਦਿਓ।’’ ਗੁਰੂ ਜੀ ਨੇ ਬੇਦਾਵਾ ਪਾੜ੍ਹਦੇ ਹੋਏ ਮਹਾਂ ਸਿੰਘ ਨੂੰ ਗਲ਼ ਨਾਲ ਲਾ ਲਿਆ ਤੇ ਉਸ ਦੇ ਪ੍ਰਾਣ ਪੰਖੇਰੂ ਉਡ ਗਏ। ਗੁਰੂ ਜੀ ਨੇ ਆਪਣੇ ਹੱਥੀਂ ਚਿਖਾ ਤਿਆਰ ਕਰਵਾ ਕੇ ਭਾਈ ਮਹਾਂ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਤੇ ਫੁਰਮਾਇਆ- ਜਿੱਥੇ ਇੱਕ ਦੋ ਰਿਖੀ ਮੁਨੀ ਤਪ ਕਰਦੇ ਹਨ, ਉਹ ਥਾਂ ਪੂਜਣਯੋਗ ਹੋ ਜਾਂਦੀ ਹੈ। ਇੱਥੇ ਤਾਂ ਬਹੁਤ ਸਾਰੇ ਸੂਰਮੇ ਧਰਮ ਯੁੱਧ ਕਰਦੇ ਹੋਏ ਮੈਦਾਨੇ ਜੰਗ ਵਿੱਚ ਜੂਝੇ ਹਨ। ਇਸ ਲਈ ਜੇ ਕੋਈ ਇਸਤਰੀ ਪੁਰਖ ਸ਼ਰਧਾ ਨਾਲ ਏਸ ਥਾਂ ਆ ਕੇ ਇਸ਼ਨਾਨ ਕਰੇਗਾ, ਉਹ ਜਮਰਾਜਪੁਰੀ ਨਹੀਂ ਦੇਖੇਗਾ ਤੇ ਸਿੱਧਾ ਸੱਚਖੰਡ ਜਾਏਗਾ। ਸਹਿਜੇ ਹੀ ਉਚਾਰੀ ਇਹ ਉਕਤੀ ਮੁਕਤੀ ਦੇਣ ਵਾਲੀ ਹੋਣ ਕਰਕੇ ਇਸ ਸਥਾਨ ਦਾ ਨਾਂ ਮੁਕਤਸਰ ਪੈ ਗਿਆ। ਇਸ ਦਾ ਹਵਾਲਾ ਗੁਰਬਿਲਾਸ ਪਾਤਸ਼ਾਹੀ 10 ਵਿੱਚ ਵੀ ਮਿਲਦਾ ਹੈ:- ਸਿਰ ਦੈ ਸਬ ਮੁਕਤੇਸਰ ਲੜੈ। ਨਾਮ ਮੁਕਤਸਰ ਤਾਤੇ ਧਰੈ।! ਮਾਘ ਮਾਸ ਪਹਿਲੀ ਹੈ ਜਾਨੋ। ਬਡੋ ਨੀਰ ਤੇ ਜੁਧ ਪਛਾਨੋ। ਇਸ ਇਤਿਹਾਸਕ ਜੰਗ ਨੂੰ ਤਿੰਨ ਸਦੀਆਂ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ ਪਰ ਅੱਜ ਵੀ ਇਸ ਜੰਗ ਦੀ ਧਰਮ ਯੁੱਧ ਵਜੋਂ ਬੜੀ ਅਹਿਮੀਅਤ ਹੈ।  ਅੱਜ ਦੇ ਕਵੀ ਵੀ ਇਸ ਦੀ ਮਹਾਨਤਾ ਪ੍ਰਗਟ ਕਰਦੇ ਹੋਏ ਲਿਖਦੇ ਹਨ:- ਆਖਿਆ ਸਤਿਗੁਰ: ਸਦਕੇ, ਸਦਕੇ ਮੈਂ ਵਾਰੀ, ਕਰਣੀ ਕਰਕੇ ਜੋਧਿਓ, ਤੁਸੀਂ ਹਿਕੜੀ ਠਾਰੀ। ਸਿਦਕ ਤੁਹਾਡੇ ਬੱਚਿਓ, ਸਿੱਖੀ ਚਮਕਾਈ। ਸਦਾ ਰਹੇਗੀ ਜੱਗ ਵਿੱਚ, ਇਸ ਦੀ ਰੁਸ਼ਨਾਈ, ਢਾਬ ਖਿਦਰਾਣਾ ਹੋ ਗਈ, ਇਸ ਤਰ੍ਹਾਂ ਸੁਹਾਣੀ ਜਾਨਾਂ ਹੂਲ ਕੇ ਚਾਲੀਆਂ ਦਿੱਤੀ ਜ਼ਿੰਦਗਾਨੀ ਦੁਨੀਆਂ ਮੱਥੇ ਟੇਕਦੀ ਨਿੱਤ ਏਸ ਥਾਂ ’ਤੇ ‘ਨੀਰ’ ਮੁਕਤਸਰ ਸੋਭਦਾ ਮੁਕਤਿਆਂ ਦੇ ਨਾਂ ’ਤੇ। (ਅਤਰ ਸਿੰਘ ਨੀਰ)

 

ਪਰਮਜੀਤ ਸਿੰਘ ਢੀਂਗਰਾ