ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਦੇ ਕਾਂਗਰਸੀਆਂ ਲਈ ਬੋਝ ਬਣੀ 

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਦੇ ਕਾਂਗਰਸੀਆਂ ਲਈ ਬੋਝ ਬਣੀ 

 *ਆਰਥਿਕ ਸਾਧਨ ਜੁਟਾਉਣ ਤੋਂ ਪੰਜਾਬ ਦੇ ਕਾਂਗਰਸੀ  ਕਰਨ ਲਗੇ ਪਰਹੇਜ਼

*ਰਾਹੁਲ ਗਾਂਧੀ 11 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜਣਗੇ

* ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਵਿਜੀਲੈਂਸ ਕਸ ਸਕਦੀ ਹੈ ਚੰਨੀ ਉਪਰ ਸ਼ਿਕੰਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਸੂਬੇ ਦੇ ਕਾਂਗਰਸੀਆਂ ਨੂੰ ਬੋਝ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਪਾਰਟੀ ਵਲੋਂ ਸਾਬਕਾ ਮੰਤਰੀਆਂ, ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਰਹੇ 117 ਉਮੀਦਵਾਰਾਂ, ਸੰਸਦ ਮੈਂਬਰਾਂ ਤੇ ਹੋਰ ਦੂਜੇ ਸੀਨੀਅਰ ਆਗੂਆਂ ਨੂੰ ਇਸ ਮੌਕੇ ਹੋਣ ਵਾਲੇ ਸਮਾਗਮਾਂ ਲਈ ਫੰਡ ਇਕੱਠੇ ਕਰਨ ਲਈ ਕੋਟੇ ਲਗਾ ਦਿੱਤੇ ਗਏ ਹਨ ।ਪ੍ਰਦੇਸ਼ ਕਾਂਗਰਸ ਵਲੋਂ ਲਏ ਫ਼ੈਸਲੇ ਅਨੁਸਾਰ ਸਾਰੇ ਸਾਬਕਾ ਮੰਤਰੀਆਂ ਨੂੰ 20-20 ਲੱਖ ਰੁਪਏ, ਪਾਰਟੀ ਦੇ ਸੰਸਦ ਮੈਂਬਰਾਂ ਨੂੰ 10-10 ਲੱਖ ਰੁਪਏ ਅਤੇ ਪਾਰਟੀ ਦੇ ਵਿਧਾਨ ਸਭਾ ਚੋਣਾਂ ਵਿਚ ਰਹੇ ਉਮੀਦਵਾਰਾਂ ਨੂੰ 2-2 ਲੱਖ ਰੁਪਏ ਅਤੇ ਦੂਜੇ ਸੀਨੀਅਰ ਆਗੂਆਂ ਤੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਇਸੇ ਤਰ੍ਹਾਂ ਕੋਟੇ ਲਗਾਏ ਗਏ ਹਨ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਸਾਬਕਾ ਮੰਤਰੀਆਂ, ਸੰਸਦ ਮੈਂਬਰਾਂ ਤੇ ਉਮੀਦਵਾਰਾਂ ਵਲੋਂ ਅਜੇ ਤੱਕ ਉਨ੍ਹਾਂ ਨੂੰ ਲਗਾਏ ਗਏ ਕੋਟੇ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ, ਜਦੋਂਕਿ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ ਕੋਲ ਵੀ ਬੀਤੇ ਦਿਨੀਂ ਇਹ ਮਾਮਲਾ ਉਠਾਇਆ ਗਿਆ ਸੀ, ਜਦੋਂ ਉਹ ਚੰਡੀਗੜ੍ਹ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਆਏ ਸਨ ।ਪਾਰਟੀ ਦਾ ਇਸ ਪ੍ਰੋਗਰਾਮ ਲਈ 4-5 ਕਰੋੜ ਰੁਪਏ ਇਕੱਠੇ ਕਰਨ ਦਾ ਪ੍ਰੋਗਰਾਮ ਹੈ ਤਾਂ ਜੋ ਰੈਲੀਆਂ ਤੇ ਯਾਤਰਾ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ । ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇਨ੍ਹਾਂ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ । ਲੇਕਿਨ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪਾਰਟੀ ਦੀ ਤਰਾਸਦੀ ਇਹ ਹੈ ਕਿ ਸਾਡੇ ਜੋ ਸਾਬਕਾ ਮੰਤਰੀ ਤੇ ਵਿਧਾਇਕ ਚੋਖੇ ਫੰਡ ਦੇਣ ਦੀ ਸਮਰੱਥਾ ਰੱਖਦੇ ਸਨ, ਉਹ ਜਾਂ ਪਾਰਟੀ ਛੱਡ ਗਏ ਹਨ ਜਾਂ ਵਿਦੇਸ਼ਾਂ ਵਿਚ ਬੈਠੇ ਹੋਏ ਹਨ ਅਤੇ ਕਈਆਂ ਨੂੰ ਮੌਜੂਦਾ ਸਰਕਾਰ ਨੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ । ਜਦੋਂਕਿ ਰਾਹੁਲ ਗਾਂਧੀ ਦੀ ਯਾਤਰਾ ਨਾਲ ਲਗਾਤਾਰ ਚੱਲ ਰਹੇ ਵੱਡੇ ਕਾਫ਼ਲੇ 'ਤੇ ਕਾਫ਼ੀ ਖ਼ਰਚਾ ਹੋ ਰਿਹਾ ਹੈ ਅਤੇ ਜਿਸ ਸੂਬੇ ਵਿਚ ਵੀ ਉਹ ਜਾ ਰਹੇ ਹਨ, ਰੋਜ਼ਾਨਾ ਰਾਤ ਉਨ੍ਹਾਂ ਵਲੋਂ ਵੱਡੀਆਂ ਜਨਤਕ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ ।ਫ਼ਿਲਹਾਲ ਰਾਹੁਲ ਗਾਂਧੀ 11 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜਣਗੇ ਅਤੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅੱਗੇ ਚੱਲਣਗੇ । ਕੁਝ ਆਗੂਆਂ ਵਲੋਂ ਰਾਹੁਲ ਗਾਂਧੀ ਦੀ ਜ਼ੀਰਾ ਵਿਖੇ ਚੱਲ ਰਹੇ ਅੰਦੋਲਨਕਾਰੀਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਉਲੀਕਣ ਦੀ ਕੋਸ਼ਿਸ਼ ਹੋ ਰਹੀ ਹੈ । ਹਾਲਾਂਕਿ ਜ਼ੀਰਾ ਭਾਰਤ ਜੋੜੋ ਯਾਤਰਾ ਦੇ ਰੂਟ ਦਾ ਹਿੱਸਾ ਨਹੀਂ ਹੈ । ਰਾਹੁਲ ਗਾਂਧੀ 11 ਜਨਵਰੀ ਤੋਂ 19 ਜਨਵਰੀ ਤੱਕ ਸੂਬੇ ਵਿਚ 9 ਤੋਂ ਵੱਧ ਵੱਡੀਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ ਅਤੇ 20 ਜਨਵਰੀ ਨੂੰ ਸਵੇਰੇ ਪੰਜਾਬ ਤੋਂ ਨਿਕਲ ਜਾਣਗੇ । ਲੇਕਿਨ ਪਾਰਟੀ ਦੀ ਸੂਬਾ ਯੂਨਿਟ ਨੂੰ ਸੱਤਾ ਤੋਂ ਬਾਹਰ ਹੋਣ ਕਾਰਨ ਅਤੇ ਪਾਰਟੀ ਵਿਚ ਹਾਰ ਤੋਂ ਬਾਅਦ ਨਿਰਾਸ਼ਾ ਹੋਣ ਕਾਰਨ ਇਸ ਯਾਤਰਾ ਲਈ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕਰਨ ਅਤੇ ਸਾਧਨ ਜੁਟਾਉਣ ਵਿਚ ਕਾਫ਼ੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  

ਵਿਜੀਲੈਂਸ ਕਰ ਸਕਦੀ ਹੈ ਚੰਨੀ ਤੋਂ ਪੁੱਛਗਿੱਛ

ਪੰਜਾਬ ਕਾਂਗਰਸ ਦੀਆਂ ਪਰੇਸ਼ਾਨੀਆਂ ਨਵੇਂ ਸਾਲ ਵਿਚ ਵੀ ਘੱਟ ਹੋਣ ਵਾਲੀਆਂ ਨਹੀਂ ਹਨ। ਵਿਜੀਲੈਂਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਆਪਣਾ ਸ਼ਿਕੰਜਾ ਕੱਸ ਰਿਹਾ ਹੈ।ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਜੇ ਵਿਜੀਲੈਂਸ ਚੰਨੀ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਸ ਦਾ ਅਸਰ ਯਾਤਰਾ ’ਤੇ ਵੀ ਪੈ ਸਕਦਾ ਹੈ ।ਇਸੇ ਕਰਕੇ ਚੰਨੀ ਵੀ ਇਸ ਗੱਲ ਦੇ ਸੰਕੇਤ ਦੇ ਰਹੇ ਹਨ ਕਿ ਜੇ ਵਿਜੀਲੈਂਸ ਕੋਈ ਸ਼ਿਕੰਜਾ ਕੱਸਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਲੜਾਈ ਖੁਦ ਹੀ ਲੜਨੀ ਪਵੇਗੀ। ਵਿਦੇਸ਼ ਤੋਂ ਪਰਤਦਿਆਂ ਹੀ ਵਿਜੀਲੈਂਸ ਨੇ ਚੰਨੀ ਖ਼ਿਲਾਫ਼ ਸਰਕਾਰੀ ਫੰਡਾਂ ਦੀ ਦੁਰਵਰਤੋਂ ਮਾਮਲੇ ਦੀ ਇਕ ਸ਼ਿਕਾਇਤ ’ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਵਿਜੀਲੈਂਸ ਮਾਮਲੇ ਵਿਚ ਚੰਨੀ ਅਲੱਗ-ਥਲੱਗ ਪੈਂਦੇ ਦਿਖਾਈ ਦੇ ਰਹੇ ਹਨ ਕਿਉਂਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹਾਲੇ ਤਕ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੋਈ ਖ਼ਾਸ ਤਵੱਜੋ ਨਹੀਂ ਦਿੱਤੀ ਗਈ ਹੈ। ਕਾਂਗਰਸ ਦੇ ਨੇਤਾ ਚੰਨੀ ਤੋਂ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਹਨ ਕਿਉਂਕਿ ਉਹ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਵਿਦੇਸ਼ ਚਲੇ ਗਏ ਅਤੇ ਉਨ੍ਹਾਂ ਇੰਨੇ ਸਮੇਂ ਤਕ ਪਾਰਟੀ ਦੇ ਨੇਤਾਵਾਂ ਤੋਂ ਦੂਰੀ ਬਣਾਈ ਰੱਖੀ ਜਦਕਿ ਪੰਜਾਬ ਵਿਚ ਕਾਂਗਰਸ ਦੇ ਨੇਤਾਵਾਂ ਨੂੰ ਵਿਜੀਲੈਂਸ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਕੈਬਨਿਟ ਵਿਚ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਅਤੇ ਸੰਗਤ ਸਿੰਘ ਗਿਲਜੀਆਂ ’ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ। ਆਸ਼ੂ ਹਾਲੇ ਵੀ ਜੇਲ੍ਹ ਵਿਚ ਹੈ। ਚੰਨੀ ਕਦੇ ਵੀ ਆਪਣੇ ਕੈਬਨਿਟ ਵਿਚ ਮੰਤਰੀ ਰਹੇ ।ਨੇਤਾਵਾਂ ਦੇ ਸਮਰਥਨ ਵਿਚ ਨਹੀਂ ਆਏ।ਉਥੇ ਚੰਨੀ ਵਿਦੇਸ਼ ਤੋਂ ਪਰਤਦੇ ਹੀ 19 ਦਸੰਬਰ ਨੂੰ ਕਾਂਗਰਸੀ ਨੇਤਾ ਪਿ੍ਅੰਕਾ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਰਸਮੀ ਮੁਲਾਕਾਤ ਲਈ ਗਏ ਅਤੇ ਬਾਅਦ ਵਿਚ ਉਹ ਰਾਹੁਲ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ। ਅਹਿਮ ਗੱਲ ਇਹ ਹੈ ਕਿ ਚੰਨੀ ਦੇ ਵਾਪਸ ਆਉਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਨੂੰ ਪੱਤਰ ਭੇਜ ਕੇ ਰਾਜ ਵਿਚ ਰੇਤ ਦੇ ਨਾਜਾਇਜ਼ ਖਣਨ ਦੀ ਜਾਂਚ ਸੀਬੀਆਈ ਜਾਂ ਈਡੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਬਾਜਵਾ ਦੇ ਪੱਤਰ ਨੂੰ ਵੀ ਚੰਨੀ ਦੀ ਵਾਪਸੀ ਅਤੇ ਉਨ੍ਹਾਂ ’ਤੇ ਲੱਗੇ ਨਾਜਾਇਜ਼ ਰੇਤ ਖਣਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।