ਭਾਈ ਨੰਦ ਲਾਲ ਦੀ ਨਜ਼ਰ ’ਚ ਸ ਗੋਬਿੰਦ ਸਿੰਘ ਜੀ 

ਭਾਈ ਨੰਦ ਲਾਲ ਦੀ ਨਜ਼ਰ ’ਚ  ਸ ਗੋਬਿੰਦ ਸਿੰਘ ਜੀ 

ਗੁਰੂ ਗੋਬਿੰਦ ਸਿੰਘ ਨੀਤੀਵਾਨ ਆਗੂ, ਜਰਨੈਲ, ਤੇਗ ਦੇ ਧਨੀ, ਰਮਜ਼ੀ ਅਤੇ ਹੋਰ ਬੇਅੰਤ ਗੁਣਾਂ ਦੇ ਧਾਰਨੀ

ਭਾਈ ਨੰਦ ਲਾਲ ਅਧਿਆਤਮਕ ਅਵਸਥਾ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ ਅਤੇ ਉੱਚ ਕੋਟੀ ਦੇ ਵਿਦਵਾਨ ਸਨ। ਉਹ ਸੰਸਕ੍ਰਿਤ, ਅਰਬੀ, ਫਾਰਸੀ, ਪੰਜਾਬੀ ਅਤੇ ਬ੍ਰਿਜ ਭਾਸ਼ਾ ਦੇ ਮਹਾਨ ਗਿਆਨੀ ਸਨ। ਉਨ੍ਹਾਂ ਦੇ ਪਿਤਾ ਦੇ ਮੁਗ਼ਲ ਖਾਨਦਾਨ ਨਾਲ ਚੰਗੇ ਸਬੰਧ ਸਨ। ਇਸ ਕਰਕੇ ਉਨ੍ਹਾਂ ਦੇ ਵਿਦਵਤਾ ਭਰਪੂਰ ਹੋਣ ਕਰਕੇ ਉਨ੍ਹਾਂ ਨੂੰ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ ਗਿਆ। ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਗੁਰੂ ਸਾਹਿਬ ਦੇ ਦਰਬਾਰ ਦੇ 52 ਕਵੀਆਂ ’ਚੋਂ ਸਿਰਫ ਭਾਈ ਨੰਦ ਲਾਲ ਹੀ ਐਸੇ ਕਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਕੀਰਤਨ ਰੂਪ ਵਿੱਚ ਗਾਇਆ ਜਾਂਦਾ ਹੈ। ਭਾਈ ਨੰਦ ਲਾਲ ਦੀਆਂ ਰਚਨਾਵਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਉੱਘੜ ਕੇ ਸਾਹਮਣੇ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਨੀਤੀਵਾਨ ਆਗੂ, ਜਰਨੈਲ, ਤੇਗ ਦੇ ਧਨੀ, ਰਮਜ਼ੀ ਅਤੇ ਹੋਰ ਬੇਅੰਤ ਗੁਣਾਂ ਦੇ ਧਾਰਨੀ ਸਨ। ਭਾਈ ਨੰਦ ਲਾਲ ਦੀ ਫਾਰਸੀ ਰਚਨਾ ‘ਗੰਜਨਾਮਾ’ ਵਿੱਚ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਦਸ ਗੁਰੂ ਸਾਹਿਬਾਨ ਦੀ ਉਸਤਤਿ ਵਾਰਤਕ ਅਤੇ ਕਾਵਿ ਵਿੱਚ ਅਥਾਹ ਸ਼ਰਧਾ ਅਤੇ ਪ੍ਰੇਮ ਨਾਲ ਕੀਤੀ ਗਈ ਹੈ। ਸਿੱਖ ਧਰਮ ਵਿੱਚ ਜੋਤਿ ਅਤੇ ਜੁਗਤ ਦਾ ਬੁਨਿਆਦੀ ਸਿਧਾਂਤ ਅਤਿ ਮਹੱਤਵਪੂਰਨ ਹੈ। ਭਾਈ ਨੰਦ ਲਾਲ ਇਸ ਸਿਧਾਂਤ ਨੂੰ ਪੇਸ਼ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਦੀ ਜੋਤਿ ਹੀ ਦਸ ਪਾਤਸ਼ਾਹੀਆਂ ’ਚ ਪ੍ਰਕਾਸ਼ਮਾਨ ਹੋਈ ਅਤੇ ਸਮੁੱਚੀ ਮਨੁੱਖਤਾ ਅੰਦਰ ਸੱਚ ਦਾ ਪ੍ਰਕਾਸ਼ ਕੀਤਾ।

ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ

ਹਮਾ ਸਬਦਿ ਊ ਜੌਹਰੋ ਮਾਨਕ ਅਸਤ॥

ਭਾਈ ਨੰਦ ਲਾਲ, ਗੁਰੂ ਸਾਹਿਬ ਨੂੰ ਦੋਹਾਂ ਜਹਾਨਾਂ ਦਾ ਬਾਦਸ਼ਾਹ ਕਹਿ ਕੇ ਸੰਬੋਧਨ ਕਰਦੇ ਹਨ ਅਤੇ ਦੱਸਦੇ ਹਨ ਕਿ ਸਮੁੱਚਾ ਸੰਸਾਰ, ਤਿੰਨੇ ਲੋਕ ਅਤੇ ਚਾਰੇ ਖਾਣੀਆਂ ਗੁਰੂ ਜੀ ਦੇ ਹੁਕਮ ਅੰਦਰ ਕਾਰਜਸ਼ੀਲ ਹਨ।

ਬਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ

ਖ਼ਸਮ ਰਾ ਜਾਂ-ਕਾਹ ਗੁਰ ਗੋਬਿੰਦ ਸਿੰਘ॥108॥

ਸੁਲਸ ਹਮ ਮਹਿਕੂਮਿ ਗੁਰ ਗਬਿੰਦ ਸਿੰਘ

ਰੁੱਬਅ ਹਮ ਮਖ਼ਤੂਮਿ ਗੁਰੂ ਗੋਬਿੰਦ ਸਿੰਘ॥122॥

ਗੁਰੂ ਗੋਬਿੰਦ ਸਿੰਘ ਨੂੰ ਭਾਈ ਨੰਦ ਲਾਲ ਨੇ ਇੱਕ ਵੈਦ ਦੇ ਰੂਪ ਵਿੱਚ ਵੀ ਪੇਸ਼ ਕੀਤਾ ਹੈ। ਗੁਰੂ ਸਾਹਿਬ ਸਮੁੱਚੀ ਕਾਇਨਾਤ ਦੇ ਦੁੱਖ ਦੂਰ ਕਰਨ ਵਾਲੇ ਹਨ। ਗੁਰੂ ਗੋਬਿੰਦ ਸਿੰਘ ਦੀਨਾਂ ਅਤੇ ਨਿਆਸਰਿਆਂ ਦਾ ਆਸਰਾ ਹਨ, ਜੋ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਸ ਦੀ ਕਿਰਨ ਲੈ ਕੇ ਆਉਂਦਾ ਹੈ, ਉਹ ਕਦੇ ਵੀ ਇਸ ਦਰ ਤੋਂ ਨਿਰਾਸ਼ ਨਹੀਂ ਜਾਂਦਾ।

ਕਾਦਿਰਿ ਹਰ ਕਾਰ ਗੁਰ ਗੋਬਿੰਦ ਸਿੰਘ

ਬੇਕਸਾਂ-ਰਾ ਯਾਰ ਗੁਰ ਗੋਬਿੰਦ ਸਿੰਘ॥136॥

ਭਾਈ ਨੰਦ ਲਾਲ ਆਪਣੀਆਂ ਰਚਨਾਵਾਂ ਵਿੱਚ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਨਿਰਵੈਰਤਾ ਵਾਲੇ ਗੁਣ ਨਾਲ ਭਰਪੂਰ ਹਨ ਕਿਉਂਕਿ ਉਨ੍ਹਾਂ ਦਾ ਦਿਲ ਸਾਫ ਅਤੇ ਵੈਰ ਭਾਵ ਤੋਂ ਬਿਲਕੁਲ ਖਾਲੀ ਹੈ। ਗੁਰੂ ਸਾਹਿਬ ਨੇ ਆਪਣੇ ਜੀਵਨ-ਕਾਲ ਵਿੱਚ 14 ਜੰਗਾਂ ਲੜੀਆਂ। ਗੁਰੂ ਜੀ ਦਾ ਕਿਸੇ ਨਾਲ ਵੀ ਕਿਸੇ ਕਿਸਮ ਦਾ ਨਿੱਜੀ ਵੈਰ ਨਹੀਂ ਸੀ, ਉਹ ਕੇਵਲ ਜ਼ੁਲਮ ਦੇ ਖ਼ਿਲਾਫ਼ ਸਨ। ਭਾਈ ਨੰਦ ਲਾਲ ਨੇ ਗੁਰੂ ਸਾਹਿਬ ਨੂੰ ਨਿਰਵੈਰਤਾ ਦੀ ਮੂਰਤ ਅਤੇ ਸੱਚ ਦੇ ਸ਼ੀਸ਼ੇ ਦੱਸਿਆ ਹੈ।

ਖਾਲਿਸੋ ਬੇ-ਕੀਨਾ ਗੁਰ ਗੋਬਿੰਦ ਸਿੰਘ

ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ॥124॥

ਗੁਰੂ ਗੋਬਿੰਦ ਸਿੰਘ ਉੱਚ ਕੋਟੀ ਦੇ ਜੰਗੀ ਜਰਨੈਲ, ਸੂਰਬੀਰ ਯੋਧੇ ਅਤੇ ਨਿਡਰਤਾ ਭਰਪੂਰ ਸਨ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਤੇਗ ਦੇ ਮਹਾਨ ਧਨੀ ਦੱਸਦੇ ਹਨ। ਜੰਗੀ ਕਾਲ ਦੌਰਾਨ ਗੁਰੂ ਗੋਬਿੰਦ ਜੀ ਨੇ ਤੇਗ ਦੇ ਅਸਚਰਜ ਕੌਤਕ ਦਿਖਾਏ।

ਤੇਗ ਰਾ ਫੱਤਾਹ ਗੁਰ ਗੋਬਿੰਦ ਸਿੰਘ

ਜਾਨੋ ਦਿਲ ਰਾ ਰਾਹ ਗੁਰ ਗਬਿੰਦ ਸਿੰਘ॥114॥

 

ਇਸ ਤਰ੍ਹਾਂ ਭਾਈ ਨੰਦ ਲਾਲ ਨੇ ਆਪਣੀਆਂ ਰਚਨਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਨੂੰ ਉਭਾਰਿਆ ਹੈ।

 

ਦੀਦਾਰ ਸਿੰਘ