ਗੁਰੂ ਗੋਬਿੰਦ ਸਿੰਘ ਜੀ ਦਾ ਵਿਲੱਖਣ ਸੰਗੀਤਕ ਯੋਗਦਾਨ 

ਗੁਰੂ ਗੋਬਿੰਦ ਸਿੰਘ ਜੀ ਦਾ ਵਿਲੱਖਣ ਸੰਗੀਤਕ ਯੋਗਦਾਨ 

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਨਰ ਸੰਕਲਨ, ਦਸਮ ਗ੍ਰੰਥ ਵਿਚ ਸੰਗੀਤ ਦਾ ਬਹੁਪੱਖੀ ਪ੍ਰਯੋਗ

ਸਰਬੰਸਦਾਨੀ ਦਸਵੇਂ ਪਾਤਸ਼ਾਹ ਦਾ ਮਾਨਵੀ ਸੰਸਕ੍ਰਿਤੀ ਨੂੰ ਯੋਗਦਾਨ ਬਹੁਪੱਖੀ ਤੇ ਬਹੁਦਿਸ਼ਾਵੀ ਹੈ। ਸੰਗੀਤ ਦੇ ਪ੍ਰਸੰਗ ਵਿਚ ਉਨ੍ਹਾਂ ਦੇ ਯੋਗਦਾਨ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਦੀਆਂ ਅਨੇਕ ਸੰਭਾਵਨਾਵਾਂ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਨਰ ਸੰਕਲਨ, ਦਸਮ ਗ੍ਰੰਥ ਵਿਚ ਸੰਗੀਤ ਦਾ ਬਹੁਪੱਖੀ ਪ੍ਰਯੋਗ, ਇਸੇ ਤਰ੍ਹਾਂ ਸਰਬ ਲੋਹ ਗ੍ਰੰਥ ਦਾ ਵਿਲੱਖਣ ਸੰਗੀਤ ਵਿਧਾਨ ਇਸ ਖੇਤਰ ਵਿਚ ਸਾਡੀ ਜਿਗਿਆਸਾ ਨੂੰ ਦੂਣ ਸਵਾਇਆ ਕਰਦਾ ਹੈ।

ਗੁਰਮਤਿ ਸੰਗੀਤ ਦੇ ਪ੍ਰਸੰਗ ਵਿਚ ਵਾਚੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਤੋਂ ਪੂਰਵਲੇ ਗੁਰੂ ਸਿੱਖ ਸਾਹਿਬਾਨ ਵਲੋਂ ਸਥਾਪਤ ਗੁਰਮਤਿ ਸੰਗੀਤ ਪਰੰਪਰਾ ਨੂੰ ਵਿਹਾਰਕ ਰੂਪ ਵਿਚ ਦ੍ਰਿੜਾਉਣ ਦੇ ਅਨੇਕ ਇਤਿਹਾਸਕ ਹਵਾਲੇ ਮਿਲਦੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਰਿਆਦਤ ਰੂਪ ਵਿਚ ਦ੍ਰਿੜਾਇਆ। ਭਾਈ ਸੱਦੂ ਤੇ ਭਾਈ ਮੱਦੂ ਆਪ ਦੇ ਦਰਬਾਰ ਦੇ ਮੁੱਖ ਕੀਰਤਨੀਏ ਸਨ। ਇਕ ਇਤਿਹਾਸਕ ਹਵਾਲੇ ਅਨੁਸਾਰ, ਆਨੰਦਪੁਰੀ ਛੱਡਣ ਸਮੇਂ ਸਿਰਸਾ ਦੇ ਕੰਢੇ ਮੁਗਲ ਫੌਜਾਂ ਵਿਚ ਘਿਰੇ ਹੋਣ ਦੇ ਬਾਵਜੂਦ ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਆਸਾ ਦੀ ਵਾਰ ਦੀ ਕੀਰਤਨ ਚੌਕੀ ਲਗਾਉਣ ਦਾ ਆਦੇਸ਼ ਦਿੱਤਾ ਜੋ ਗੁਰਮਤਿ ਸੰਗੀਤ ਦੀ ਮਰਿਆਦਤ ਰੀਤ ਸਥਾਪਤ ਕਰਨ ਪ੍ਰਤੀ ਆਪ ਦੀ ਪ੍ਰਤੀਬੱਧਤਾ ਦਾ ਲਖਾਇਕ ਹੈ। ਆਪ ਦੁਆਰਾ ਕੀਰਤਨ ਹਿਤ ਤਾਨਪੁਰੇ (ਤੰਬੂਰੇ) ਦਾ ਪ੍ਰਯੋਗ ਅਤੇ ਤੰਤੀ ਸਾਜ਼ਾਂ ਦੁਆਰਾ ਕੀਰਤਨ ਨੂੰ ਉਤਸ਼ਾਹਿਤ ਕਰਨਾ, ਵਿਸ਼ੇਸ਼ ਕਰਕੇ ਦਿਲਰੁਬਾ ਸਾਜ਼ ਆਪ ਦੇ ਕਾਲ ਤੋਂ ਹੀ ਪ੍ਰਚਲਿਤ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਲਈ ਰਾਗਾਂ ਦਾ ਪ੍ਰਯੋਗ ਕੀਤਾ ਜਿਨ੍ਹਾਂ ਵਿਚ ਰਾਗ ਸਾਰੰਗ, ਗਉੜੀ, ਭੈਰਉ, ਰਾਮਕਲੀ, ਗੂਜਰੀ, ਦੇਵਗੰਧਾਰੀ, ਪ੍ਰਭਾਤੀ, ਧਨਾਸਰੀ, ਸੂਹੀ, ਤਿਲੰਗ, ਮਾਝ ਆਦਿ ਰਾਗ ਵਿਸ਼ੇਸ਼ ਹਨ। ਪ੍ਰਕਿਰਤੀ ਕਰਕੇ ਸਾਂਝੇ ਰਾਗ ਅਤੇ ਬਾਣੀ ਦੀ ਨਿਵੇਕਲੀ ਮਿਸਾਲ ਹੈ। ਜੋਗੀਆਂ ਦੇ ਪ੍ਰਿਯ ਰਾਗ ਰਾਮਕਲੀ ਵਿਚ ਰਚਿਤ ਜੋਗ ਤੇ ਸੰਨਿਆਸ ਸਬੰਧੀ ਬਾਣੀ ਵਿਸ਼ੇਸ਼ ਰੂਪ ਵਿਚ ਵਿਚਰਦੀ ਹੈ, ਜਿਵੇਂ:

ਰੇ ਮਨ ਐਸੋ ਕਰਿ ਸੰਨਿਆਸਾ॥

ਬਨ ਸੇ ਸਦਨ ਸਭੈ ਕਰਿ ਸਮਝਹੁ

ਮਨ ਹੀ ਮਾਹਿ ਉਦਾਸਾ॥੧॥ ਰਹਾਉ॥

ਜਤ ਕੀ ਜਟਾ ਜੋਗ ਕੇ ਮੰਜਨੁ

ਨੇਮ ਕੇ ਨਖਨ ਬਢਾਓ॥

ਗਿਆਨ ਗੁਰੂ ਆਤਮ ਉਪਦੇਸਹੁ

ਨਾਮ ਬਿਭੂਤ ਲਗਾਓ॥੧॥ (ਰਾਮਕਲੀ ਪਾਤਿਸ਼ਾਹੀ ੧੦)

ਰੇ ਮਨ ਇਹ ਬਿਧਿ ਜੋਗ ਕਮਾਓ॥

ਸਿੰਙੀ ਸਾਜ ਅਕਪਟ ਕੰਠਲਾ

ਧਿਆਨ ਬਿਭੂਤ ਚੜਾਓ॥੧॥ ਰਹਾਉ॥

ਤਾਤੀ ਗਹੁ ਆਤਮ ਬਸਿ ਕਰ ਕੀ

ਭਿੱਛਾ ਨਾਮ ਅਧਾਰੰ॥

ਬਾਜੇ ਧਰਮ ਤਾਰ ਤਤੁ ਹਰਿ ਕੋ

ਉਤਜੈ ਰਾਗ ਰਸਾਰੰ॥੧॥ (ਰਾਮਕਲੀ ਪਾਤਿਸ਼ਾਹੀ ੧੦)

ਰਾਗ ਸੋਰਠਿ ਅਧੀਨ ਪ੍ਰਭੂ ਦੇ ਦਇਆਮਈ ਗੁਣਾਂ ਦਾ ਵਰਣਨ ਕਾਵਿਕ ਅਤੇ ਸੰਗੀਤ ਪੱਖੋਂ ਸਰਵੋਤਮ ਹੈ। ਦਸਮ ਗ੍ਰੰਥ ਦੀ ਬਾਣੀ ਵਿਚ ਪ੍ਰਯੁਕਤ ਸੰਗੀਤ ਛੰਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਦਾਤਮਕ ਸੰਸਾਰ ਦਾ ਸਰਵੋਤਮ ਨਮੂਨਾ ਹੈ। ਜਿਵੇਂ ਸੰਗੀਤ ਛਪੈ ਛੰਦ, ਸੰਗੀਤ ਪਧਿਸਟਕਾ ਛੰਦ, ਸੰਗੀਤ ਬਹੜਾ ਛੰਦ, ਸੰਗੀਤ ਭੁਜੰਗ ਪ੍ਰਯਾਤ, ਸੰਗੀਤ ਨਰਾਜ ਛੰਦ, ਸੰਗੀਤ ਮਧੁਭਾਰ ਛੰਦ ਆਦਿ। ਇਨ੍ਹਾਂ ਪਦਾਂ ਦੀ ਛੰਦਾਤਮਕ ਲੈਅ ਵਿਚ ਮਿਰਦੰਗ ਦੇ ਬੋਲਾਂ ਦੀ ਗੂੰਜ ਅਤੇ ਰਵਾਨੀ ਹੈ। ਮਿਰਦੰਗ ਦੀ ਪੜੰਤ ਵਾਂਗੂ ਇਨ੍ਹਾਂ ਬੋਲਾਂ ਦੀ ਸ਼ਬਦ ਧੁਨੀ ਤਾਲਾਤਮਕ ਨਾਦ ਉਤਪੰਨ ਕਰਦੀ ਹੈ। ਇਨ੍ਹਾਂ ਛੰਦਾਂ ਦੀਆਂ ਕੁਝ ਉਦਾਹਰਣਾਂ ਇਸ ਪ੍ਰਕਾਰ ਹਨ:

ਕਾਗੜਦੀ ਕੁੱਪਯੋ ਕਪਿ ਕਟਕ,

ਬਾਗੜਦੀ ਬਾਜਨ ਰਣ ਬੰਜੀਯ॥

ਤਾਗੜਦੀ ਤੇਗ ਝਲਹਲੀ,

ਗਾਗੜਦੀ ਜੋਧਾ ਗਲ ਗੱਜੀਯ॥ (ਰਾਮਾਵਤਾਰ)

ਕਾਗੜਦੰ ਕੋਪ ਕੈ ਦਈਤ ਰਾਜਾ

ਜਾਗੜਦੰ ਜੁਧ ਕੋ ਸਜਯੋ ਸਾਜ॥

ਬਾਗੜਦੰ, ਬੀਰ ਬੁਲੇ ਅਨੰਤ।

ਰਾਗੜਦੰ ਰੋਸ ਰੋਹੇ ਦੁਰੰਤ॥੪੮੩॥ (ਰਾਮਾਵਤਾਰ)

ਕਾਗੜਦੰ ਕਾਤੀ, ਕਟਾਰੀ ਕੜਾਕੰ।

ਤਾਗੜਦੰ ਤੀਰੰ, ਤੁਪੱਕੋ ਤੜਾਕੰ।

ਝਾਗੜਦੰ ਨਾਗੜਦੰ, ਬਾਗੜਦੰ ਬਾਜੇ,

ਗਾਗੜਦੰ ਗਾਜੀ ਮਹਾਰਾਜ ਗਾਜੇ॥੮੧੨॥ (ਚੰਡੀ ਚਰਿੱਤਰ)

ਕਾਗੜਦੰ ਕੜਾਕ। ਤਾਗੜਦੰ ਤੜਾਕ।

ਸਾਗੜਦੰ ਸੁ ਬੀਰ। ਗਾਗੜਦੰ ਗਹੀਰ।

ਨਾਗੜਦੰ ਨਿਸਾਣ। ਜਾਗੜਦੰ ਜੁਆਣ।

ਨਾਗੜਦੰ ਨਿਹੰਗ। ਪਾਗੜਦੀ ਪਲੰਗ॥੧੬੭॥ (ਚੰਡੀ ਚਰਿੱਤਰ)

ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿਧ ਰਚਨਾ ਖਿਆਲ ਪਾਤਿਸ਼ਾਹੀ ੧੦ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’ ਪੰਜਾਬੀ ਸਾਹਿਤ ਲਈ ਉਚਤਮ ਕਾਵਿ ਨਮੂਨਾ ਹੈ। ਖਿਆਲ ਭਾਰਤੀ ਸੰਗੀਤ ਦੀ ਪ੍ਰਸਿਧ ਗਾਇਨ ਸ਼ੈਲੀ ਹੈ ਜਿਸ ਦਾ ਆਰੰਭਿਕ ਸਰੂਪ 15ਵੀਂ ਸਦੀ ਦੇ ਕਰੀਬ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ ਪਰ ਇਸ ਦੇ ਸਪਸ਼ਟ ਪ੍ਰਮਾਣ ਨਹੀਂ ਮਿਲਦੇ। ਖਿਆਲ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਦਾਰੰਗ (ਸੰਗੀਤਕਾਰ ਨਿਯਾਮਤ ਖਾਂ) ਨੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਕਾਲ ਵਿਚ ਅਪਣਾਇਆ। ਗੁਰੂ ਗੋਬਿੰਦ ਜੀ ਦੁਆਰਾ ਰਚਿਤ ਖਿਆਲ ਪਾਤਸ਼ਾਹੀ ੧੦ ਸਿਰਲੇਖ ਅਧੀਨ ਰਚਿਤ ਇਹ ਰਚਨਾ ਪ੍ਰੋਢ ਸ਼ੈਲੀ ਤੋਂ ਇਹ ਪ੍ਰਤੱਖ ਹੈ ਕਿ ਇਸ ਗਾਇਨ ਰੂਪ ਦਾ ਸ਼ਾਹ ਸਦਾਰੰਗ ਤੋਂ ਪੂਰਵ ਰਚੇ ਜਾਣਾ ਅਤੇ ਲੋਕਪ੍ਰਿਯ ਹੋ ਜਾਣਾ ਖਿਆਲ ਸ਼ੈਲੀ ਦੇ ਵਰਤਮਾਨ ਸਰੂਪ ਦਾ ਆਗ਼ਾਜ਼ ਸੀ, ਕਿਉਂਕਿ ਗੁਰੂ ਗੋਬਿੰਦ ਜੀ ਅਤੇ ਪੂਰਵ ਕਾਲੀਨ ਖਿਆਲ ਸ਼ੈਲੀ ਵਿਚ ਕੋਈ ਪ੍ਰਮਾਣਿਕ ਰਚਨਾ ਅਜੇ ਸਾਨੂੰ ਪ੍ਰਾਪਤ ਨਹੀਂ ਹੋ ਸਕੀ।

ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਭਾਰਤੀ ਸੰਗੀਤ ਦੀ ਸ਼ਬਦਾਵਲੀ ਦੇ ਅਨੇਕ ਰੂਪਾਂ ਦਾ ਵਿਵਿਧਅਕਾਰੀ ਪ੍ਰਯੋਗ ਵੀ ਮਿਲਦਾ ਹੈ। ਜਿਵੇਂ ਢੋਲ, ਮਿਰਦੰਗ, ਨਗਾਰੇ, ਸੰਖ, ਧੁਨੀ, ਕੋਲਾਹਲ ਰਾਗ, ਗੰਧਰਵ, ਸਿੰਙੀ, ਡੰਡੀ, ਰਾਗ ਰਸਾਲੂ, ਤਾਨ ਤਰੰਗ, ਤਾਲ, ਗੀਤ ਆਦਿ ਸ਼ਬਦ ਗੂੜ੍ਹ ਸੰਗੀਤ ਕਸਮ ਦੀ ਉਪਜ ਹਨ। ਫੱਗਣ ਦੀ ਰੁੱਤ ਵਿਚ ਹੋਲੀ ਖੇਡਣ ਨੂੰ ‘ਖੇਲਤ ਧਮਾਰ’ ਕਹਿਣਾ ਉਸ ਸਮੇਂ ਦੀ ਪ੍ਰਸਿਧ ਗਾਇਨ ਸ਼ੈਲੀ ਧਮਾਰ ਸਬੰਧੀ ਜਾਣਕਾਰੀ ਹੀ ਨਹੀਂ ਦਰਸਾਉਂਦੀ ਸਗੋਂ ਇਸ ਸ਼ੈਲੀ ਦੀ ਵਿਹਾਰਕਤਾ ਨੂੰ ਸੰਗੀਤਕ ਦ੍ਰਿਸ਼ਟੀ ਤੋਂ ਪ੍ਰਗਟਾਇਆ ਹੈ।

ਸ੍ਰੀ ਸਰਬ ਲੋਹ ਗ੍ਰੰਥ ਨੂੰ ਗੁਰੂ ਗੋਬਿੰਦ ਜੀ ਦੀ ਰਚਨਾ ਮੰਨਣ ਬਾਰੇ ਤਾਂ ਵਿਦਵਾਨ ਕਿੰਤੂ-ਪਰੰਤੂ ਕਰਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਨਾਲ ਜੁੜੀ ਇਸ ਰਚਨਾ ਵਿਚ ਸੰਗੀਤ ਦਾ ਵਿਸ਼ਾਲ ਸਰਮਾਇਆ ਮੌਜੂਦ ਹੈ ਜਿਸ ਵਿਚ ਅਨੇਕ ਰਾਗਾਂ, ਰਾਗ ਪ੍ਰਕਾਰਾਂ ਦਾ ਜ਼ਿਕਰ ਹੈ, ਜਿਵੇਂ: ਰਾਗ ਸਾਰੰਗ, ਗਉੜੀ, ਭੈਰਉ, ਰਾਮਕਲੀ, ਗੂਜਰੀ, ਦੇਵਗੰਧਾਰੀ, ਪ੍ਰਭਾਤੀ, ਜੈਤਸਰੀ, ਬੇਰਾੜੀ, ਬਿਲਾਵੀ, ਬੰਗਾਲਮ, ਖਉਖਟ ਤਯਲੰਗੀ ਮੰਗਲਨ, ਕੁਸਮ, ਸਯਾਮ ਆਦਿ।

ਇਸੇ ਤਰ੍ਹਾਂ ਕੁਝ ਰਾਗ ਪ੍ਰਕਾਰ ਧਨਾਸਰੀ ਅੰਬਿਕਾ, ਬਿਲਾਵਲ ਮੰਗਲ, ਤੇਲੰਗ ਕਾਫੀ, ਗਾਉੜੀ ਪੂਰਬੀ, ਗਉੜੀ ਬੈਰਾਗਣਿ, ਗਉੜੀ ਚੇਤੀ, ਆਸਾ ਕਾਫੀ, ਨਟ ਨਾਰਾਇਣ, ਕਾਫੀ ਨਟ, ਬਿਹਾਗੜਾ ਅਡਾਨਾ, ਮਾਲਵਾ, ਗੋਡ ਬਿਲਾਵਲ, ਸਾਰੰਗ ਕਾਫੀ ਆਦਿ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸੰਗੀਤਕ ਯੋਗਦਾਨ ਨੂੰ ਗੁਰਮਤਿ ਸੰਗੀਤ ਦੇ ਵਿਕਾਸ ਲਈ ਵਿਸ਼ੇਸ਼ ਰੂਪ ਵਿਚ ਅਧਿਐਨ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਅਸੀਂ ਗੁਰਮਤਿ ਸੰਗੀਤ ਨੂੰ ਕ੍ਰਾਂਤੀਕਾਰੀ ਵਿਸਥਾਰ ਕਰ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪ੍ਰਯੋਗ ਕੀਤੇ ਗਏ ਰਾਗ, ਗਾਇਨ ਰੂਪ, ਸੰਗੀਤ ਛੰਦ ਅਤੇ ਹੋਰ ਸੰਗੀਤ ਜੁਗਤਾਂ ਦੇ ਗਹਿਰੇ ਅਧਿਐਨ ਦੁਆਰਾ ਹੀ ਸੰਭਵ ਹੈ।

 

ਗੁਰਨਾਮ ਸਿੰਘ (ਡਾ.)