ਸਾਂਝੇ ਪੰਜਾਬ ਦਾ ਗਵੱਈਆ- ਸ਼ੌਕਤ ਅਲੀ

ਸਾਂਝੇ ਪੰਜਾਬ ਦਾ ਗਵੱਈਆ- ਸ਼ੌਕਤ ਅਲੀ

 ਪੰਜਾਬੀ ਸੰਗੀਤ       

 ਸ਼ੌਕਤ ਅਲੀ ਧਰਤੀ ਦਾ ਉਹ ਸੁਲੱਗ ਪੁੱਤਰ ਸੀ ਜਿਸ ਨੇ ਆਪਣੀ ਆਵਾਜ਼ ਨੂੰ ਕਦੇ ਵੀ ਵਪਾਰਕ ਬਿਰਤੀ ਅਧੀਨ ਮੈਲਾ ਨਹੀਂ ਹੋਣ ਦਿੱਤਾ। ਉਸ ਦੇ ਗਾਏ ਗੀਤਾਂ ਨੇ ਪੁਸ਼ਤਾਂ ਨੂੰ ਸਿੰਜਿਆ ਹੈ। ਮੇਰੇ ਵਰਗੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਦੀਆਂ ਰਗਾਂ ਵਿਚ ਸ਼ੌਕਤ ਅਲੀ ਦੇ ਮੁੱਢਲੇ ਗੀਤਾਂ ਦੀ ਗੁੜ੍ਹਤੀ ਹੈ। ਰੇਡੀਓ ਲਾਹੌਰ ਤੇ ਆਕਾਸ਼ਵਾਣੀ ਜਲੰਧਰ 'ਤੇ ਤਾਂ ਦਿਨ 'ਚ ਕਈ ਕਈ ਵਾਰ ਉਨ੍ਹਾਂ ਦਾ ਇਹ ਗੀਤ 1965-66 ਤੋਂ ਲਗਾਤਾਰ ਵਜਾਉਂਦੇ ਰਹੇ।

ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ

ਮੈਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ।

ਕਿੱਥੋਂ ਸਿੱਖੀਆਂ ਨੇ ਤੁਸਾਂ ਨਜ਼ਰਾਂ ਚੁਰਾਉਣੀਆਂ।

ਕਦੀ ਹੱਸ ਕੇ ਤੇ ਬੋਲੋ ਮੇਰੇ ਦਿਲ ਜਾਨੀਆਂ।

ਓਇ ਮੇਰੀ ਜ਼ਿੰਦਗੀ ਦਾ ਖੋਹਿਉਂ ਨਾ ਸਰੂਰ ਮੇਰੇ ਕੋਲੋਂ।

ਲਿਖ ਲਿਖ ਚਿੱਠੀਆਂ ਮੈਂ ਥੱਕੀਆਂ ਵੇ ਅੱਲਾ ਕੋਈ ਜਵਾਬ ਨਹੀਂ ਆਇਆ।

ਮੇਰਾ ਕਿਸੇ ਨਾ ਦਰਦ ਵੰਡਾਇਆ।

ਗਿਆ ਮਾਹੀ ਤਾਂ ਇੰਗਲਿਸਤਾਨ ਏਂ

ਪਾ ਗਿਆ ਦੁੱਖਾਂ ਦੇ ਵਿਚ ਜਿੰਦ ਜਾਨ ਏਂ।

ਸੜ ਜਾਏ ਗੋਰਾ ਜੱਗ ਵੇ ਜਿਸ ਪਾਕਿਸਤਾਨ ਛੁਡਾਇਆ

ਸ਼ੌਕਤ ਅਲੀ ਦਾ ਬਾਪ ਭਾਟੀ ਗੇਟ ਲਾਹੌਰ 'ਚ ਦਰਜੀ ਸੀ ਭਾਵੇਂ ਪਰ ਪੱਕੇ ਰਾਗ ਦਾ ਟਕਸਾਲੀ ਗਵੱਈਆ ਸੀ।

ਬਾਪ ਜਦ ਮੋਇਆ ਤਾਂ ਸ਼ੌਕਤ ਸਿਰਫ਼ ਤਿੰਨ ਸਾਲ ਦਾ ਸੀ। ਵੱਡਾ ਵੀਰ ਇਨਾਇਤ ਅਲੀ ਨੌਂ ਸਾਲ ਦਾ ਸੀ। ਸੱਤ ਭੈਣ ਭਰਾ ਵਿਧਵਾ ਮਾਂ ਲਈ ਲਾਹੌਰ ਰੱਖ ਕੇ ਪਾਲਣੇ ਮੁਹਾਲ ਸਨ। ਉਹ ਸਾਰੇ ਨਿਆਣੇ ਨਿੱਕੇ ਲੈ ਕੇ ਜੱਦੀ ਪਿੰਡ ਮਲਕਵਾਲ (ਨੇੜੇ ਮੰਡੀ ਬਹਾਉਦੀਨ) ਜ਼ਿਲ੍ਹਾ ਗੁਜਰਾਤ ਜਾ ਬੈਠੀ। ਸ਼ੌਕਤ ਅਲੀ ਦਾ ਦਾਦਾ ਉਥੇ ਰਹਿੰਦਾ ਸੀ ਉਦੋਂ। ਉਸ ਟੱਬਰ ਦੀ ਪਰਵਰਿਸ਼ ਕੀਤੀ। ਪਿੰਡ ਦੇ ਸਕੂਲ 'ਚ ਪੜ੍ਹਦਿਆਂ ਉਹ ਸਵੇਰ ਦੀ ਪ੍ਰਾਰਥਨਾ 'ਚ ਗਾਉਂਦਾ.

ਸ਼ੌਕਤ ਅਲੀ ਨੇ ਸੰਗੀਤ ਦੀ ਮੁੱਢਲੀ ਤਾਲੀਮ ਆਪਣੇ ਵੱਡੇ ਵੀਰ ਇਨਾਇਤ ਅਲੀ ਸਾਹਿਬ ਤੋਂ ਲਈ। ਇਹ ਓਹੀ ਇਨਾਇਤ ਅਲੀ ਹੈ ਜਿਸ ਨੇ ਸਭ ਤੋਂ ਪਹਿਲਾਂ ਛੱਲਾ ਗਾਇਆ ਸੀ।

ਛੱਲਾ ਬੇਰੀ ਬੂਰ ਏ।

ਵਤਨ ਮਾਹੀ ਦਾ ਦੂਰ ਏ

ਜਾਣਾ ਪਹਿਲੇ ਪੂਰ ਏ

ਓ ਗੱਲ ਸੁਣ ਛੱਲਿਆ!

ਢੋਰਾ ਵੇ ਕਾਹਨੂੰ ਲਾਇਆ ਈ ਝੋਰਾ।

ਇਹੀ ਛੱਲਾ ਜਦ ਸ਼ੌਕਤ ਅਲੀ ਨੇ ਗਾਇਆ ਤਾਂ ਪੂਰੇ ਪੰਜਾਬੀ ਜਗਤ ਨੇ ਹੁੰਗਾਰਾ ਭਰਿਆ। ਦੁਨੀਆ ਭਰ ਦੇ ਰੇਡੀਓ ਇਹ ਗੀਤ ਫੁਰਮਾਇਸ਼ ਵਿਚ ਸੁਣਾ ਸੁਣਾ ਕਮਲ਼ੇ ਹੋ ਗਏ।

ਸ਼ੌਕਤ ਅਲੀ ਆਵਾਜ਼ ਨੂੰ ਬਹੁਤ ਖੂਬਸੂਰਤ ਅੰਦਾਜ਼ 'ਚ ਮਰੋੜਦਾ ਸੀ। ਕਲਾਸੀਕਲ ਅੰਗ ਲਾ ਕੇ ਵੀ ਲੋਕ ਸੰਗੀਤ ਦੀ ਆਭਾ ਨਹੀਂ ਸੀ ਮਰਨ ਦੇਂਦਾ। ਉਹ ਸ਼ਬਦਾਂ ਨੂੰ ਖ਼ੂਬ ਨਚਾਉਂਦਾ ਸੀ। ਵਜਦ ਵਿਚ ਲਿਆਉਂਦਾ ਸੀ। ਗਾਉਂਦਾ ਗਾਉਂਦਾ ਖ਼ੁਦ ਸਰੂਰ 'ਚ ਆ ਜਾਂਦਾ। ਉਸ ਨੂੰ ਸੁਣਨਾ ਵੀ ਵਿਸਮਾਦੀ ਪਲਾਂ ਦੇ ਅਹਿਸਾਸ ਵਰਗਾ ਸੀ।

ਸੁਰੀਲਾ ਗਾਇਕ ਸੁਖਨੈਨ ਦੱਸਦਾ ਹੈ ਕਿ ਇਕ ਵਾਰ ਟੋਰੰਟੋ(ਕੈਨੇਡਾ) 'ਚ ਇਕਬਾਲ ਮਾਹਲ ਹੋਰਾਂ ਨੇ ਸ਼ੌਕਤ ਅਲੀ ਸਾਹਿਬ ਨਾਲ ਮੇਰਾ ਪ੍ਰੋਗਰਾਮ ਵੀ ਰੱਖ ਲਿਆ। ਮੇਰੇ ਲਈ ਗਾਉਣਾ ਤਾਂ ਸੁਭਾਗ ਹੈ ਹੀ ਸੀ, ਸ਼ੌਕਤ ਅਲੀ ਨੂੰ ਸੁਣਨਾ ਉਸ ਤੋਂ ਵੱਡੀ ਪ੍ਰਾਪਤੀ ਸੀ। ਪੂਰਾ ਵਜੂਦ ਵਜਦ ਵਿਚ ਲਿਆ ਕੇ ਪੂਰੇ ਵਸਤਰ ਵੀ ਨਾਲ ਨਾਲ ਗਾਉਣ ਲਾ ਲੈਂਦਾ। ਉਸ ਕੋਲੋਂ ਸਿੱਖਣ ਲਈ ਬਹੁਤ ਕੁਝ ਸੀ। ਵੱਡੀ ਲਿਆਕਤ ਵਾਲਾ ਵੱਡਾ ਕਲਾਕਾਰ ਸੀ ਉਹ।

ਚੌਥੀ ਪੰਜਵੀਂ ਪੁਸ਼ਤ ਸੀ ਉਸ ਦੇ ਖ਼ਾਨਦਾਨ 'ਚ ਗਾਉਣ ਵਾਲਿਆਂ ਦੀ।

ਸ਼ੌਕਤ ਅਲੀ ਦੇ ਵਿਛੋੜੇ ਤੇ ਉਸ ਨਾਲ ਬਿਤਾਏ ਪਲ ਸਭ ਨੂੰ ਚੇਤੇ ਆਏ ਪਰ ਮੈਂ ਗੱਲ ਆਪਣੇ ਆਪ ਤੋਂ ਸ਼ੁਰੂ ਕਰਾਂਗਾ।ਬਚਪਨ ਤੋਂ ਹੀ ਮਨ 'ਚ ਤਾਂਘ ਸੀ ਕਿ ਸ਼ੌਕਤ ਅਲੀ ਨੂੰ ਸੁਣਿਆ ਜਾਵੇ। ਫਿਰ ਜੀ ਕੀਤਾ ਕਿ ਵੇਖਿਆ ਜਾਵੇ, ਫਿਰ ਮਨ 'ਚ ਆਇਆ ਕਿ ਮਿਲਿਆ ਜਾਵੇ। ਰੇਡੀਓ ਤੇ ਸੁਣ ਲਿਆ , ਟੀ ਵੀ ਤੇ ਵੇਖ ਲਿਆ ਪਰ ਮਿਲਣ ਵਾਲੀ ਰੀਝ 1996 'ਚ ਪੂਰੀ ਹੋਈ ਜਦ ਉਹ ਮੋਹਾਲੀ ਲੋਕ ਸੰਗੀਤ ਉਤਸਵ ਲਈ ਹਰਨੇਕ ਸਿੰਘ ਘੜੂੰਆਂ ਤੇ ਪੰਮੀ ਬਾਈ ਨੇ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਵਲੋਂ ਉਸ ਨੂੰ ਬੁਲਾਇਆ। ਇਨਾਇਤ ਹੁਸੈਨ ਭੱਟੀ, ਰੇਸ਼ਮਾਂ ਦੇ ਨਾਲ ਸ਼ੌਕਤ ਅਲੀ ਤੇ ਅਕਰਮ ਰਾਹੀ ਵੀ ਸਨ। ਅਟਾਰੀ ਰੇਲਵੇ ਸਟੇਸ਼ਨ ਤੋਂ ਸ: ਜਗਦੇਵ ਸਿੰਘ ਜੱਸੋਵਾਲ ਤੇ ਮੈਂ ਅੱਗਲਵਾਂਢੀ ਲੈਣ ਗਏ। ਤੇਲ ਚੋਅ ਕੇ ਗੁੜ ਮੂੰਹ ਨੂੰ ਲਾ ਜਦ ਇਨ੍ਹਾਂ ਕਲਾਕਾਰਾਂ ਨੂੰ ਭਾਰਤੀ ਜੂਹ 'ਚ ਲਿਆਂਦਾ ਤਾਂ ਸ਼ੌਕਤ ਅਲੀ ਨੂੰ ਮਿਲਣਾ ਸੁਪਨੇ ਦੀ ਪੂਰਤੀ ਵਾਂਗ ਲੱਗ ਰਿਹਾ ਸੀ। ਜਾਪਿਆ ਜਿਵੇਂ ਮੀਨਾਰ ਏ ਪਾਕਿਸਤਾਨ ਸਾਡੇ ਨਾਲ ਨਾਲ ਤੁਰ ਰਿਹਾ ਹੋਵੇ। ਅਟਾਰੀਉਂ ਅੰਮ੍ਰਿਤਸਰ ਤੱਕ ਉਹ ਸਾਡੇ ਵਾਲੀ ਕਾਰ 'ਚ ਰਹੇ। ਜੱਸੋਵਾਲ ਸਾਹਿਬ ਰਾਹ 'ਚ ਹੀ ਸੇਵਾ ਕਰਨ ਦੇ ਮੂਡ 'ਚ ਸਨ ਪਰ ਸ਼ੌਕਤ ਬੋਲਿਆ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਾਂਗੇ, ਮਗਰੋਂ ਟਹਿਲ ਸੇਵਾ ਜਿੰਨੀ ਮਰਜ਼ੀ ਕਰਿਉ ਸਰਦਾਰੋ। ਅਸੀਂ ਕਿਤੇ ਭੱਜ ਚੱਲੇ ਆਂ। ਬਾਕੀ ਕਲਾਕਾਰ ਵੀ ਮਗਰੇ ਮਗਰ ਦਰਬਾਰ ਸਾਹਿਬ ਆ ਗਏ। ਸੂਚਨਾ ਕੇਂਦਰ 'ਚ ਮੂੰਹ-ਹੱਥ ਧੋ  ਦਰਬਾਰ ਸਾਹਿਬ ਮੱਥਾ ਟੇਕਿਆ। ਪਰਤੇ ਤਾਂ ਸੂਚਨਾ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਕਹਿਣ ਲੱਗਾ, ਇਕ ਅੱਧ ਬੋਲ ਸੁਣਾ ਦਿਉ ਗਾ ਕੇ।

ਉਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਸੀ। ਮੈਂ ਝਿਜਕ ਰਿਹਾ ਸਾਂ ਕਿ ਇਹ ਕੀ ਸੁਣਾਉਣਗੇ?

ਏਨੇ ਨੂੰ ਸ਼ੌਕਤ ਅਲੀ ਨੇ ਅਲਾਪ ਲੈ ਕੇ ਕਬੀਰ ਜੀ ਦਾ ਸ਼ਬਦ ਛੋਹਿਆ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥।

ਬਾਕੀ ਕਲਾਕਾਰ ਰੇਸ਼ਮਾ, ਇਨਾਇਤ ਹੁਸੈਨ ਭੱਟੀ ਅਤੇ ਅਕਰਮ ਰਾਹੀ ਨਾਲ ਸਾਥ ਦੇ ਰਹੇ ਸਨ।

ਸ਼ੌਕਤ ਅਲੀ ਸਿਰਫ਼ ਗਾਉਂਦਾ ਹੀ ਨਹੀਂ ਸੀ, ਬਹੁਤ ਖ਼ੂਬਸੂਰਤ ਗੀਤ ਵੀ ਲਿਖਦਾ ਸੀ। ਉਸ ਦੇ ਗੀਤਾਂ ਦੇ ਦੋ ਸੰਗ੍ਰਹਿ ਹੰਝੂਆਂ ਦੇ ਆਲ੍ਹਣੇ ਅਤੇ ਇੱਟਾਂ ਦੀ ਟਕੋਰ ਛਪ ਚੁਕੇ ਹਨ। ਹੰਝੂਆਂ ਦੇ ਆਲ੍ਹਣੇ ਤਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਿਤ ਹੋ ਚੁੱਕਾ ਹੈ। ਪੰਜ ਬੱਚਿਆਂ ਦਾ ਬਾਪ ਸਭ ਤੋਂ ਨਿੱਕੀ ਧੀ ਨੂੰ ਕੰਵਾਰੀ ਛੱਡ ਗਿਆ ਹੈ। ਬਾਕੀ ਤਿੰਨ ਪੁੱਤਰ ਤੇ ਇਕ ਧੀ ਵਿਆਹੀ ਵਰੀ ਹੈ। ਤਿੰਨੇ ਪੁੱਤਰ ਇਮਰਾਨ ਸ਼ੌਕਤ, ਮੋਹਸਿਨ ਸ਼ੌਕਤ ਅਲੀ ਤੇ ਆਮਿਰ ਵੀ ਗਾਉਂਦੇ ਹਨ।ਸ਼ੌਕਤ ਅਲੀ ਨੇ ਬਹੁਤ ਮੌਲਿਕ ਤਰਜ਼ਾਂ ਵੀ ਹੋਰ ਧਰਤੀਆਂ ਤੋਂ ਲਿਆ ਕੇ ਪੰਜਾਬੀ ਸੰਗੀਤ 'ਚ ਪਰੋਈਆਂ।ਉਸ ਦੇ ਆਪਣੇ ਹੀ ਗੀਤ

ਕਦੀ ਤੇ ਹੱਸ ਬੋਲ ਵੇ

ਨਾ ਜਿੰਦ ਸਾਡੀ ਰੋਲ ਵੇ

ਆ ਛੇਤੀ ਘਰ ਆ ਵੇ

ਸੁੱਕ ਚੱਲੇ ਸਾਹ ਵੇ।

ਵੇ ਦਿਲ ਗਿਆ ਡੋਲ ਵੇ

ਨੂੰ ਅਫਗਾਨ ਸੰਗੀਤ ਚੋਂ ਪੁੱਟ ਕੇ ਲਿਆਂਦਾ। ਇਸ ਗੀਤ ਨੂੰ ਸ਼ੌਕਤ ਅਲੀ ਮਗਰੋਂ ਮਦਨ ਮੱਦੀ ਸਮੇਤ ਸੈਂਕੜੇ ਗਾਇਕਾਂ ਨੇ ਗਾਇਆ ਪਰ ਸ਼ੌਕਤ ਸ਼ੌਕਤ ਹੀ ਸੀ।ਇਹ ਗੀਤ ਭਾਰਤੀ ਫ਼ਿਲਮ 'ਲਵ ਆਜ ਕੱਲ' 'ਚ ਸ਼ੌਕਤ ਅਲੀ ਦੀ ਆਵਾਜ਼ ਹੂ-ਬਹੂ ਵਰਤਿਆ ਗਿਆ।

1982 'ਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਮੌਕੇ ਸ਼ੌਕਤ ਅਲੀ ਨੂੰ ਪਾਕਿਸਤਾਨ ਵਲੋਂ ਲਾਈਵ ਪੇਸ਼ਕਾਰੀ ਲਈ ਬੁਲਾਇਆ ਗਿਆ। ਉਸ ਇਕ ਸ਼ਰਤ ਰੱਖੀ ਕਿ ਇਕ ਸ਼ਾਮ ਅੰਮ੍ਰਿਤਾ ਪ੍ਰੀਤਮ ਨਾਲ ਗੁਜ਼ਾਰਨ ਦਾ ਪ੍ਰਬੰਧ ਕੀਤਾ ਜਾਵੇ। ਏਦਾਂ ਹੀ ਹੋਇਆ। ਸ਼ੌਕਤ ਅਲੀ ਜਦ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਤਾਂ ਦੋਵਾਂ ਦੇ ਨੇਤਰ ਨਮ ਸਨ।ਸ਼ੌਕਤ ਬੋਲਿਆ! ਅੰਮ੍ਰਿਤਾ ਜੀ, ਤੁਸੀਂ ਵਾਰਿਸ ਸ਼ਾਹ ਨੂੰ ਕਬਰਾਂ ਚੋਂ ਬੁਲਾਇਆ ਸੀ, ਉਹ ਤਾਂ ਨਹੀਂ ਆਇਆ, ਮੈਂ ਆ ਗਿਆ ਹਾਂ। ਵਾਰਿਸ ਦਾ ਵਾਰਿਸ।ਇਮਰੋਜ਼ ਨੇ ਸ਼ੌਕਤ ਅਲੀ ਨੂੰ ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ , ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੇ ਲਕੀਰੀ ਚਿੱਤਰ ਵਿਖਾਏ ਤਾਂ ਸ਼ੌਕਤ ਅਲੀ ਬੋਲਿਆ ਮੀਆਂ ਮੁਹੰਮਦ ਬਖ਼ਸ਼ ਸਾਹਿਬ ਕਿੱਥੇ ਨੇ?

ਤੁਰੰਤ ਅੰਮ੍ਰਿਤਾ ਬੋਲੀ

ਸ਼ੌਕਤ! ਤੂੰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਨੂੰ ਏਨਾ ਸੋਹਣਾ ਗਾਇਐ ਕਿ ਉਹ ਹਰ ਹਿੱਕੜੀ ਵਿਚ ਉੱਕਰੇ ਪਏ ਨੇ।

ਅੰਮ੍ਰਿਤਾ ਪ੍ਰੀਤਮ ਨੇ ਸ਼ੌਕਤ ਨੂੰ ਤੁਰਨ ਲੱਗਿਆਂ ਆਪਣੇ ਨਵੇਂ ਗੀਤ ਦਾ ਸ਼ਗਨ ਪਾਇਆ

ਵੇ ਮੈਂ ਤਿੜਕੇ ਘੜੇ ਦਾ ਪਾਣੀ

ਮੈਂ ਕੱਲ੍ਹ ਤੱਕ ਨਹੀਂ ਰਹਿਣਾ।

ਸ਼ੌਕਤ ਅਲੀ ਨੇ ਇਹ ਗੀਤ ਲਾਹੌਰ ਜਾਣ ਸਾਰ ਰਿਕਾਰਡ ਕਰਵਾਇਆ। ਅੰਮ੍ਰਿਤਾ ਪ੍ਰੀਤਮ ਨੇ ਸ਼ੌਕਤ ਅਲੀ ਦੀ ਹੌਜ਼ ਖਾਸ ਫੇਰੀ ਦਾ ਜ਼ਿਕਰ ਨਾਗਮਣੀ ਦੇ ਆਗਾਮੀ ਅੰਕ 'ਚ ਛਾਪਿਆ।ਸ਼ੌਕਤ ਅਲੀ ਸਾਂਝੇ ਕਾਰਜਾਂ ਲਈ ਅੱਗੇ ਲੱਗ ਕੇ ਤੁਰਨ ਵਾਲਾ ਫ਼ਨਕਾਰ ਸੀ। ਪਾਕਿਸਤਾਨ ਦੇ ਵਰਤਮਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮਾਂ ਕੈਂਸਰ ਨਾਲ ਮੋਈ ਤਾਂ ਇਮਰਾਨ ਨੇ ਉਸ ਦੀ ਯਾਦ 'ਚ ਕੈਂਸਰ ਹਸਪਤਾਲ ਖੋਲ੍ਹਣ ਲਈ ਫੰਡ ਇਕੱਠਾ ਕਰਨ ਲਈ ਸ਼ੌਕਤ ਅਲੀ ਦੇ ਲਾਹੌਰ 'ਚ ਕਈ ਪ੍ਰੋਗਰਾਮ ਕਰਵਾਏ। ਲਗਪਗ ਇਕ ਕਰੋੜ ਰੁਪਿਆ ਲਾਹੌਰ ਵਿਚੋਂ ਤੇ ਸੱਤ ਕਰੋੜ ਰੁਪਿਆ ਬਰਸਲਜ਼ (ਬੈਲੇਜੀਅਮ) 'ਚੋਂ ਸ਼ੌਕਤ ਅਲੀ ਨੇ ਇਕੱਲਿਆਂ ਇਕੱਠਾ ਕਰਵਾਇਆ। ਹਾਲਾਤ ਦੀ ਬੇਰਹਿਮੀ ਵੇਖੋ। ਸ਼ੌਕਤ ਅਲੀ ਪਿਛਲਾ ਡੇਢ ਸਾਲ ਲਾਹੌਰ 'ਚ ਬਿਮਾਰ ਰਿਹਾ ਪਰ ਇਮਰਾਨ ਖ਼ਾਨ ਕੋਲੋਂ ਬਿਮਾਰ ਪੁਰਸੀ ਲਈ ਡੇਢ ਘੰਟਾ ਵੀ ਨਹੀਂ ਨਿਕਲਿਆ ਮਿਲਣ ਲਈ।ਸ਼ੌਕਤ ਅਲੀ ਖ਼ੁੱਦਾਰ ਇਨਸਾਨ ਸੀ। ਮਰਦੇ ਦਮ ਤੱਕ ਪੁੱਤਰਾਂ ਨੂੰ ਇਹੀ ਆਖੀ ਗਿਆ। ਕਿਸੇ 'ਤੇ ਕੋਈ ਸ਼ਿਕਵਾ ਨਹੀਂ ਕਰਨਾ। ਵਤਨ ਦੇ ਗੀਤ ਤੇ ਸੂਫ਼ੀ ਕਲਾਮ ਹੀ ਗਾਉਣਾ।

ਸ਼ੌਕਤ ਅਲੀ ਭਾਵੇਂ ਹੁਣ ਸਾਡੇ ਵਿਚ ਨਹੀਂ ਰਿਹਾ ਪਰ ਪੂਰਾ ਪੰਜਾਬੀ ਜਗਤ ਹਮੇਸ਼ਾ ਉਸ ਨੂੰ ਤੇ ਉਸ ਦੀ ਗਾਇਕੀ ਨੂੰ ਯਾਦ ਰੱਖੇਗਾ। ਅਜਿਹੇ ਵੱਡੇ ਕਲਾਕਾਰ ਕਦੇ-ਕਦੇ ਹੀ ਪੈਦਾ ਹੁੰਦੇ ਹਨ।

ਗੁਰਭਜਨ ਗਿੱਲ