ਹੰਨੇ ਹੰਨੇ ਪਾਤਸ਼ਾਹੀ ਨਾਵਲ  ਖਾਲਸਾ ਰਾਜ ਤੇ ਗੁਰੂ ਪੰਥ ਦੀ ਚੜ੍ਹਦੀਕਲਾ ਦਾ ਬਿਰਤਾਂਤ

ਹੰਨੇ ਹੰਨੇ ਪਾਤਸ਼ਾਹੀ ਨਾਵਲ  ਖਾਲਸਾ ਰਾਜ ਤੇ ਗੁਰੂ ਪੰਥ ਦੀ ਚੜ੍ਹਦੀਕਲਾ ਦਾ ਬਿਰਤਾਂਤ

‘ਹਮ ਪਾਤਸ਼ਾਹੀ ਸਤਿਗੁਰੁ ਦਈ ਹੰਨੈ ਹੰਨੈ ਲਾਇ।

 ਹੰਨੇ ਹੰਨੇ ਪਾਤਸ਼ਾਹੀ ਨਾਵਲ ਦੀ ਰਚਨਾ ਦੇ ਪਿਛਲੇ ਕਾਰਨਾਂ ਨੂੰ ਘੋਖਦਿਆਂ ਮਹਿਸੂਸ ਹੁੰਦਾ ਹੈ ਕਿ ਨਾਵਲਕਾਰ ਦੀ ਮਨੋ-ਸੰਰਚਨਾ ਵਿਚ ਗੁਰੂ-ਪੰਥ ਦੀ ਚੜ੍ਹਦੀਕਲਾ ਅਤੇ ਵੱਡੇ ਵਰਤਾਰਿਆਂ ਤੋਂ ਬਾਅਦ ਸਤਿਗੁਰਾਂ ਦੇ ਦੈਵੀ-ਬਚਨਾਂ ‘ਤੇ ਅਸੀਮ ਅਟੁੱਟ ਭਰੋਸੇ ਸਦਕਾ ਕੌਮ ਦੇ ਬੇਮਿਸਾਲ ਪ੍ਰਤੀਕਰਮ ਨੂੰ ਜਾਨਣ ਦੀ ਇੱਛਾ ਨਿਰੰਤਰ ਕਾਰਜਸ਼ੀਲ ਜਾਪਦੀ ਹੈ। ਇਸ ਦੇ ਨਾਲ ਹੀ ਅਠਾਰਵੀਂ ਸਦੀ ਦੇ ਇਸ ਇਤਿਹਾਸਕ ਖੰਡ ਬਾਰੇ ਰਚਨਾਵਾਂ ਵਿਸ਼ੇਸ਼ ਕਰਕੇ ਗਾਲਪਨਿਕ ਰਚਨਾਵਾਂ ਦੀ ਅਣਹੋਂਦ ਵੀ ਨਾਵਲਕਾਰ ਦੀ ਗੂੜ੍ਹ-ਪ੍ਰੇਰਨਾ ਦਾ ਅਹਿਮ ਹਿੱਸਾ ਹੋ ਨਿਬੱੜਦਾ ਹੈ।ਇਸ ਨਾਵਲ ‘ਹੰਨੈ ਹੰਨੈ ਪਾਤਸ਼ਾਹੀ’ ਦਾ ਨਾਮ ਭਾਈ ਰਤਨ ਸਿੰਘ ਭੰਗੂ ਦੁਆਰਾ ਰਚਿਤ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਆਏ ਇਸ ਦੋਹਰੇ:

‘ਹਮ ਪਾਤਸ਼ਾਹੀ ਸਤਿਗੁਰੁ ਦਈ ਹੰਨੈ ਹੰਨੈ ਲਾਇ।

ਜਹਿ ਜਹਿ ਬਹੈ ਜ਼ਮੀਨ ਪਰ ਤਹਿ ਤਹਿ ਤਖਤ ਬਿਠਾੲੈਂ।’

ਵਿੱਚੋਂ ਕਸੀਦੀਆਂ ਗਈਆਂ ਹਨ, ਇਹ ਦੋਹਰਾ ਵੀ ਸਤਿਗੁਰਾਂ ਦੇ ਬਚਨਾਂ ਉਪਰ ਸਿੱਖਾਂ ਦੇ ਨਿਸ਼ਚੇ ਤੇ ਭਰੋਸੇ ਨੂੰ ਬਿਆਨ ਕਰਦਾ ਹੈ।ਹੰਨੈ ਤੋਂ ਭਾਵ ਘੋੜੇ ਦੀ ਕਾਠੀ ਦੇ ਅੱਗੇ ਦਾ ਕੀਲਾ ਹੈ, ਜਿਥੇ ਲਗਾਮ ਨੂੰ ਅਟਕਾਈਦਾ ਹੈ। ਇਸੇ ਨਾਲ ਹੀ ਸਿੱਖ ਯੋਧੇ ਖਾਲਸਾਈ ਨਿਸ਼ਾਨ ਬੰਨ੍ਹਦੇ ਸਨ। ਉਹਨਾਂ ਦੀ ਚੜ੍ਹਦੀਕਲਾ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਉਹ ਸਤਿਗੁਰਾਂ ਦੇ ਬਚਨਾਂ ‘ਤੇ ਭਰੋਸੇ ਸਦਕਾ ਆਪਣੀ ਪਾਤਸ਼ਾਹੀ ਦਾ ਦਾਵਾ ਹੰਨੈ ਤੋਂ ਲੈ ਕੇ ਪੂਰੇ ਬ੍ਰਹਿਮੰਡ ਤੀਕਰ ਮੰਨਦੇ, ਰੱਖਦੇ ਤੇ ਮਾਣਦੇ ਸਨ। ਇਸੇ ਦਾਅਵੇ ਦੀਆਂ ਬੇਮਿਸਾਲ ਸਾਖੀਆਂ, ਜੋ ਅਠਾਰਵੀਂ ਸਦੀ ਦੇ ਸਿੱਖਾਂ ਨੇ ਆਪਣੀਆਂ ਦੇਹਾਂ ਤੇ ਹੰਢਾਈਆਂ, ਨੂੰ ਇਸ ਨਾਵਲ ਵਿਚ ਪੇਸ਼ ਕੀਤਾ ਗਿਆ ਹੈ।

 ਇਸ ਨਾਵਲ ਦੇ ਆਰੰਭ ਵਿਚ ਅਲੋਕਾਰੀ ਗੱਲ ਕਰਦਿਆਂ ਇਤਿਹਾਸਕ ਕਾਲ-ਖੰਡ ਅਨੁਸਾਰ ਵੱਖਰੇ-ਵੱਖਰੇ ਦੌਰ ਦੇ ਪਾਤਰ ਇੱਕੋ ਵੇਲੇ ਇਕੱਠੇ ਦਿਖਾਏ ਗਏ ਹਨ। ਇਸ ਵੱਖ-ਵੱਖ ਵੇਲਿਆਂ ਦੇ ਪਾਤਰਾਂ ਨੂੰ ਇਕ ਥਾਂ ‘ਤੇ ਬਿਠਾਕੇ ਨਾਵਲ ਦਾ ਆਗਾਜ਼ ਕਰਨਾ ਨਾਵਲਕਾਰ ਦੀ ਕਾਲਪਨਿਕ ਗਲਪ ਜੁਗਤ ਦੀ ਪੇਸ਼ਕਾਰੀ ਹੈ। ਬਿਰਤਾਂਤਕ ਭੂਮਿਕਾ ਵਿਚ ਮੁੱਖ ਪਾਤਰਾਂ ਦੀ ਜਾਣ-ਪਛਾਣ ਕਰਾਉਂਦਿਆ ਉਹ ਤਿੰਨ ਪਾਤਰਾਂ ਬਾਰੇ ਗੱਲ ਕਰਦਾ ਹੈ। ਜਿੰਨ੍ਹਾਂ ਵਿਚੋਂ ਦੋ ਪਾਤਰਾਂ ਦੀ ਜਾਣਕਾਰੀ ਫੌਰੀ ਪ੍ਰਗਟਾਓ ਸਦਕਾ ਉਸੇ ਵੇਲੇ ਦਿੰਦਾ ਦੱਸਦਾ ਹੈ ਕਿ ਪਹਿਲਾ ਪਾਤਰ ਨਨਕਾਣਾ ਸਾਹਿਬ ਸ਼ਹੀਦ ਹੋਏ ਦਰਬਾਰਾ ਸਿੰਘ ਤੇ ਦੂਜੇ ਪੰਜਾਬੀ ਸੂਬਾ ਮੋਰਚੇ ਵੇਲੇ ਸ਼ਹੀਦ ਹੋਏ ਕਾਕਾ ਇੰਦਰਜੀਤ ਸਿੰਘ ਕਰਨਾਲ ਹਨ। ਤੀਜੇ ਪਾਤਰ ਦੀ ਜਾਣਕਾਰੀ ਨੂੰ ਵਿਲੰਬਿਤ ਪ੍ਰਗਟਾਓ  ਜੁਗਤ ਵਰਤਦਿਆਂ ਪਰਦੇ ਪਿਛੇ ਰੱਖਦਾ ਹੈ। ਨਾਵਲ ਲੜੀ ਦੇ ਅੰਤ ਤੀਕ ਉਸ ਬਾਰੇ ਸਾਰਾ ਕੁਝ ਸ਼ਪਸ਼ਟ ਹੋਣ ਦਾ ਭਰੋਸਾ ਵੀ ਪਾਠਕਾਂ ਵਿਚ ਪਾਤਰ ਦੀ ਪਛਾਣ ਪ੍ਰਤੀ ਉਤਸੁਕਤਾ ਨੂੰ ਕਾਇਮ ਰੱਖਦਾ ਹੈ।

ਇਸ ਨਾਵਲ ਵਿਚ ਨਾਵਲਕਾਰ ਖੁਦ ਵਕਤਾ ਨਹੀਂ ਬਣਦਾ ਸਗੋਂ ਇਸ ਨਾਵਲ ਦੀ ਕਥਾ ਤੀਜੇ ਪਾਤਰ (ਜਿਸਦਾ ਤੁਆਰਫ਼ ਹਾਲੇ ਹੋਣਾ ਹੈ) ਰਾਹੀਂ ਸ਼ੁਰੂ ਹੋਕੇ ਕੰਦੀ ਬਾਬਾ ਰਾਹੀਂ ਤੁਰਦੀ, ਕਾਕਾ ਇੰਦਰਜੀਤ ਸਿੰਘ ਕਰਨਾਲ ਤੇ ਦਰਬਾਰਾ ਸਿੰਘ ਦੇ ਆਪਸੀ ਸੰਵਾਦ ਰਾਹੀਂ ਹੁੰਦੀ ਹੋਈ, ਨਾਵਲ ਦੇ ਮੁੱਖ ਕਥਾਕਾਰ ਤੱਕ ਪਹੁੰਚਦੀ ਹੈ। ਕਥਾ ਦਾ ਇਹ ਸਫ਼ਰ ਨਾਵਲ ਦੀ ਗੋਂਦ ਦੀ ਬਾਰੀਕੀ ਨਾਲ ਅੱਗੇ ਵਧਦਾ ਹੈ। ਨਾਵਲ ਦਾ ਮੁੱਖ ਕਥਾਕਾਰ ਭਾਈ ਰਤਨ ਸਿੰਘ ਭੰਗੂ ਹੈ, ਨਾਵਲ ਦੇ ਕਥਾਕਾਰ ਹੁੰਦੇ ਹੋਏ ਉਹ ਉੱਤਮ ਪੁਰਖ ਵਿਚ ਸਾਰੀ ਕਥਾ ਬਿਆਨ ਕਰਦੇ ਹਨ। ਨਾਵਲ ਦਾ ਮੁੱਖ ਆਧਾਰ ‘ਪ੍ਰਾਚੀਨ ਪੰਥ ਪ੍ਰਕਾਸ਼’ ਹੋਣ ਕਰਕੇ ਉਹ ਕਈ ਵਾਰ ਕੇਂਦਰੀ ਪਾਤਰ ਵਜੋਂ ਵੀ ਕਥਾ ਬਿਆਨ ਕਰਦੇ ਮਹਿਸੂਸ ਹੁੰਦੇ ਹਨ। ਤਕਰੀਬਨ ਸਾਰੇ ਨਾਵਲ ‘ਚ ਉਹ ਸਿਰਫ਼ ਬਿਰਤਾਂਤ ਸਿਰਜਣ, ਬਿਆਨਣ ‘ਚ ਮਹਿਦੂਦ ਰਹਿੰਦੇ ਹਨ; ਨਾਵਲ ਵਿਚਲੀਆਂ ਘਟਨਾਵਾਂ ਤੇ ਸਥਿਤੀਆਂ ਵਿਚ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ।

 

ਨਾਵਲਕਾਰ ਦੀ ਰਚਨਾ ਜੁਗਤ ਬਾਰੇ ਦੇਖਦਿਆਂ ਉਸਦੇ ਗਲਪ ਸਿਰਜਣਾ ਬਾਰੇ ਗੱਲ ਕਰਦਿਆਂ ਨਾਵਲ ਦੇ ਅਨੇਕਾਂ ਪ੍ਰਸੰਗਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਜਿੰਨ੍ਹਾਂ ਵਿਚ ਆਪਣੀ ਯੋਗਤਾ ਤੇ ਨਿਪੁੰਨਤਾ ਦਾ ਪ੍ਰਮਾਣ ਦਿੰਦੇ ਹੋਏ ਉਸਨੇ ਕਮਾਲ ਦਾ ਬਿਰਤਾਂਤ ਪੇਸ਼ ਕੀਤਾ ਹੈ। ਜਿਵੇਂ ਨਵਾਬ ਕਪੂਰ ਸਿੰਘ ਬਾਰੇ ਗੱਲ ਕਰਦਿਆਂ ਉਹਨਾਂ ਦੀਆਂ ਬਚਪਨ ਦੀਆਂ ਖੇਡਾਂ ਦਾ ਜ਼ਿਕਰ, ਨਵਾਬੀ ਵੇਲੇ ਜਥੇਦਾਰ ਜੀ ਤੇ ਬਾਕੀ ਸਿੱਖਾਂ ਵਿਚਾਲੇ ਗੱਲਬਾਤ, ਕਪੂਰ ਸਿੰਘ ਗੁਰੂ-ਪੰਥ ਦੇ ਨਵਾਬੀ ਪ੍ਰਵਾਨ ਕਰਨ ਦੇ ਹੁਕਮ ਨੂੰ ਮੰਨਦੇ ਹੋਏ ਪੰਜਾਂ ਪਿਆਰਿਆਂ ਦੇ ਚਰਨੀ ਛੁਹਾ ਕੇ ਪ੍ਰਾਪਤ ਕਰਨਾ ਅਤੇ ਅਕਾਲ ਬੁੰਗੇ ਬਾਣੀ ਪੜ੍ਹਦੇ ਸਿੱਖ ਰਾਹੀਂ ਸਤਿਗੁਰਾਂ ਦੇ ਹੁਕਮ ਮਿਲਣ ਦੇ ਪ੍ਰਸੰਗ ਨੂੰ ਗਾਲਪਨਿਕ ਢੰਗ ਨਾਲ ਪੇਸ਼ ਕਰਦਿਆਂ ਉਹ ਸਰਵ ਪ੍ਰਮਾਣਿਤ ਸਾਖੀ ਦੇ ਨਵੇਂ ਪ੍ਰਤੀਮਾਨ ਸਿਰਜਦਾ ਹੈ।

 ਸਾਰੇ ਨਾਵਲ ਵਿਚ ਇਤਿਹਾਸਕ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਗੁਰਬਾਣੀ ਦੀਆਂ ਪੰਕਤੀਆਂ ਦੇ ਹਵਾਲੇ ਦੇਣ ਦਾ ਢੰਗ ਨਾਵਲਕਾਰ ਦੀ ਗਲਪ-ਜੁਗਤ ਦੀ ਗਹਿਰਾਈ ਬਾਰੇ ਦੱਸਦਾ ਹੈ। ਉਹ ਇੰਝ ਸਾਖੀਆਂ ਵਿਚ ਗੁਰਬਾਣੀ ਦਾ ਹਵਾਲਾ ਦਿੰਦਾ ਹੋਇਆ ਇਸ ਤੱਥ ਦੀ ਗਵਾਹੀ ਵੀ ਭਰਦਾ ਹੈ ਕਿ ਸਾਰਾ ਸਿੱਖ ਇਤਿਹਾਸ ਗੁਰਬਾਣੀ ਦੇ ਓਟ ਆਸਰੇ ਨਾਲ ਚੱਲਦਿਆਂ ਗੁਰਬਾਣੀ ਵਿਚਲੇ ਸੰਦੇਸ਼ਾਂ ਦੀ ਹੀ ਪ੍ਰਕਾਸ਼ਮਾਨਤਾ  ਹੈ। ਮਿਸਾਲ ਦੇ ਤੌਰ ‘ਤੇ ਨਵਾਬ ਕਪੂਰ ਸਿੰਘ ਵੱਲੋਂ ਜੱਸਾ ਸਿੰਘ (ਆਹਲੂਵਾਲੀਆ) ਦੇ ਮਾਤਾ ਜੀ ਤੋਂ ਉਹਨਾਂ ਨੂੰ ਪੰਥ ਦੇ ਸਪੁਰਦ ਕਰਨ ਦੀ ਮੰਗ ਹੱਸਕੇ ਮੰਨਦਿਆਂ, ਗੁਰਬਾਣੀ ਦੀ ਜੋ ਸਿਖਿਆ ਮਾਤਾ ਜੀ ਦੀ ਸੁਰਤਿ ਵਿਚ ਧਰਵਾਸ ਦੇ ਰਹੀ ਸੀ, ਉਹ ਸ਼ਬਦ ਕੀਰਤਨ ਕਰਦੇ ਰਾਗੀ ਸਿੰਘ ਦੁਆਰਾ ਪੜ੍ਹੇ ਜਾਣਾ, ਗੁਰਬਾਣੀ ਰਾਹੀਂ ਬਖਸ਼ੀ ਖਾਲਸ-ਨਿਆਂ ਦੀ ਭਾਵਨਾ ਜੋ ਗੁਰੂ-ਪੰਥ ਦੇ ਚੇਤਿਆਂ ਵਿਚ ਉਕਰੀ ਹੋਈ ਹੈ, ਉਸਦਾ ਮੱਸੇ ਦਾ ਸਿਰ ਵੱਢਣ ਪਿਛੋਂ ਸਿੰਘਾਂ ਦੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਤੁਰਦਿਆਂ ਸੂਖਮ ਰੂਪ ਵਿਚ ਸ਼ਹੀਦ ਸਿੰਘਾਂ ਵੱਲੋਂ ਗਾਏ ਜਾਣ ਦਾ ਦ੍ਰਿਸ਼ ਨਾਵਲ ਵਿਚ ਪੇਸ਼ ਕਰਨਾ, ਖਾਲਸੇ ਦਾ ਬਚਨਾਂ ਦੇ ਬਲੀ ਹੋਣ ਦੀ ਦ੍ਰਿੜ੍ਹਤਾ ਪਿਛਲੇ ਸਿਧਾਂਤ ਨੂੰ ਹੁਕਮਨਾਮਾ ਸਾਹਿਬ ਲੈਣ ਵਾਲੇ ਸਿੰਘ ਤੋਂ ਮੰਗਲਾਚਰਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਲਾ ਰਾਮਰੌਣੀ ਦੇ ਉਸਰਣ ਵੇਲੇ ਸਮੁੱਚੇ ਸਿੱਖਾਂ ਦੀ ਭਾਵਨਾ ਨੂੰ ਇੱਟਾਂ ਦੀ ਸੇਵਾ ਕਰਦੇ ਸਿੱਖ ਵੱਲੋਂ ਪੜ੍ਹੇ ਸ਼ਬਦ ਰਾਹੀਂ ਪਾਠਕ ਨੂੰ ਮੁਖਾਤਿਬ ਕਰਾਉਣਾ, ਹਰੇਕ ਸਿੱਖ ਵਾਂਙ ਲਾੜੀ ਮੌਤ ਨੂੰ ਵਿਆਹ ਸ਼ਹਾਦਤ ਪ੍ਰਾਪਤ ਕਰਨ ਦਾ ਇਰਾਦਾ ਰੱਖੀ ਬੈਠੇ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹਾਦਤ ਨੂੰ ਗੁਰਬਾਣੀ ਵਿਚਲੇ ਅਧਿਆਤਮਕ ਵਿਆਹ ਦੇ ਪ੍ਰਸੰਗ ਵਿਚ ਪੇਸ਼ ਕਰਨਾ, ਸਿੰਘਾਂ ਦੁਆਰਾ ਘੋੜੀਆਂ ਬਾਣੀ ਗਾਈ ਜਾਣੀ, ਗਿਲਜ਼ਿਆਂ ਦੇ ਪਹਿਲੇ ਜੱਥੇ ਨੂੰ ਮੌਤ ਦੇ ਘਾਟ ਉਤਾਰਣ ਵੇਲੇ ਉਹਨਾਂ ਦੇ ਜਜ਼ਬੇ ਪਿਛੇ ਕਾਰਜਸ਼ੀਲ ਗੁਰਬਾਣੀ ਦੀ ਸਿੱਖਿਆ ਦਾ ਅਕਾਲ ਬੁੰਗੇ ‘ਤੋਂ ਰਾਗੀ ਸਿੰਘਾਂ ਦੁਆਰਾ ਗਾਇਨ ਕਰਨਾ ਅਤੇ ਸਿੰਘਾਂ ਦੇ ਯੁੱਧ ਕਰਦੇ ਹੋਏ ਉਹਨਾਂ ਦੁਆਰਾਂ ਹੀ ਲਾਵਾਂ ਦਾ ਕੀਰਤਨ ਕਰਨਾ ਪੇਸ਼ ਕੀਤੇ ਪ੍ਰਕਰਣ ਨੂੰ ਕਿਤੇ ਵੀ ਦ੍ਰਿਸ਼ਟਾਂਤ ਤੋਂ ਬਾਹਰ ਨਹੀਂ ਹੋਣ ਦਿੰਦਾ। ਇਹ ਕੁਝ ਕੁ ਹਵਾਲੇ ਨਾਵਲਕਾਰ ਦੀ ਬਿਰਤਾਂਤ-ਜੁਗਤ ਦੇ ਨਾਲ ਇਤਿਹਾਸ ਪ੍ਰਤੀ ਸਮਝ ਨੂੰ ਬਿਆਨ ਕਰਦੇ ਹਨ। 

 ਸਿੱਖ ਹਰ ਵੇਲੇ, ਹਰ ਕੰਮ ਤੋਂ ਪਹਿਲਾਂ ਸਤਿਗੁਰਾਂ ਅੱਗੇ ਅਰਦਾਸ ਕਰਦੇ ਹਨ। ਇਸ ਸਿਧਾਂਤ ਦਾ ਬਹੁਤ ਬਾਰੀਕੀ ਨਾਲ ਧਿਆਨ ਰੱਖਿਆ ਗਿਆ ਹੈ, ਤਕਰੀਬਨ ਹਰ ਦ੍ਰਿਸ਼ਟਾਂਤ ਵਿਚ ਹਰੇਕ ਕਾਰਜ ਦੀ ਆਰੰਭਤਾ ਵੇਲੇ ਕੀਤੀ ਗਈ ਅਰਦਾਸ ਦੇ ਬਿੰਬ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਇਸ ਨਾਵਲ ਵਿਚ ਭਾਈ ਮਨੀ ਸਿੰਘ ਦੀ ਗੁਰੂ-ਪੰਥ ਦੇ ਬਚਨਾਂ ‘ਤੇ ਖਰੇ ਉਤਰਣ ਦੀ ਅਰਜ਼ੋਈ ਪੂਰੀ ਕਰਨ ਲਈ, ਕਪੂਰ ਸਿੰਘ ਨੂੰ ਨਵਾਬੀ ਦੇਣ ਵੇਲੇ, ਜ਼ਕਰੀਆ ਖਾਂ ਦੇ ਹਮਲਿਆਂ ਦਾ ਜਵਾਬ ਦੇਣ ਵੇਲੇ, ਮੱਸੇ ਰੰਘੜ ਦਾ ਸਿਰ ਵੱਢਣ ਲਈ ਤੁਰਨ ਵੇਲੇ, ਗਿਲਜੇ ਨਾਲ ਮੱਥਾ ਲਾਉਣ ਵੇਲੇ, ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੰਗਾਰ ਨੂੰ ਪੂਰਾ ਕਰਨ ਲਈ ਤੁਰਨ ਵੇਲੇ, ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦ ਹੋਣ ਦੇ ਬਚਨ ਪੂਰਾ ਕਰਾਉਣ ਲਈ, ਲੰਗਰ ਚੱਲਦੇ ਰੱਖਣ ਤੇ ਸਿਰਾਂ ਬਦਲੇ ਸੇਵਾ ਕਰਨ ਦਾ ਸਿਦਕ ਬਖਸ਼ਣ ਦੀ ਮੰਗ ਵੇਲੇ, ਸੁੱਖਾ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦ ਹੋਣ ਵੇਲੇ ਅਤੇ ਹੋਰ ਵੀ ਕਈ ਸਾਖੀਆਂ ਵਿਚ ਸਤਿਗੁਰਾਂ ਅੱਗੇ ਕੀਤੀ ਅਰਦਾਸ ਦੇ ਵਿਸ਼ੇਸ਼ ਜ਼ਿਕਰ ਨੂੰ, ਨਾਵਲਕਾਰ ਵੱਲੋਂ ਗੁਰੂ-ਖਾਲਸਾ ਜੀ ਦੇ ਇਤਿਹਾਸ ਨੂੰ ਹੂ-ਬ-ਹੂ ਬਿਆਨ ਕਰਨ ਦੀ ਸੁਚੱਜੀ ਕੋਸ਼ਿਸ਼ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਇਸ ਨਾਵਲ ਵਿਚ ਸਾਨੂੰ ਇਹੀ ਲਗਾਤਾਰਤਾ ਦੇਖਣ ਨੂੰ ਮਿਲਦੀ ਹੈ, ਕਾਲਪਨਿਕ ਪਾਤਰ ਕੰਦੀ ਬਾਬਾ, ਦਸ਼ਮੇਸ਼ ਪਿਤਾ ਵੱਲੋਂ ਨਾਮ ਬਦਲੇ ਜਾਣ ‘ਤੇ ਆਏ ਅਕੱਥ ਬਦਲਾਵ ਨੂੰ ਪੇਸ਼ ਕਰਦਾ ਤਾਂ ਇਸਦੀ ਨਿਰੰਤਰਤਾ ਵਿਚ ਹੀ ਨਵਾਬ ਕਪੂਰ ਸਿੰਘ ਵੱਲੋਂ ਢਹਿੰਦੀ ਕਲਾ ਵਾਲੇ ਨਾਮ ਬਦਲਣ ਦਾ ਪ੍ਰਸੰਗ ਪੇਸ਼ ਕੀਤਾ ਗਿਆ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਪ੍ਰਾਸਰੀਰਕ ਪ੍ਰਸੰਗ ਸਿਰਜਦੇ ਹੋਏ ਨਾਵਲਕਾਰ ਸਿੱਖ ਯਾਦ ਦੇ ਹਵਾਲੇ ਨਾਲ ਬਿਆਨਦਾ ਹੈ ਕਿ ਉਹਨਾਂ ਨੂੰ ਸ਼ਹੀਦ ਸਿੰਘ ਲੈਣ ਆਏ ਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਡਿਊਢੀਦਾਰ ਦੀ ਸੇਵਾ ਬਖਸ਼ੀ ਗਈ। ਭਾਈ ਤਾਰੂ ਸਿੰਘ ਦੀ ਸ਼ਹਾਦਤ ਵੇਲੇ ਜਦੋਂ ਉਹਨਾਂ ਨੂੰ ਦੂਜੇ ਪਾਸੇ ਦੇ ਡਿਊਢੀਦਾਰ ਦੀ ਸੇਵਾ ਪ੍ਰਾਪਤ ਹੋਣ ਵੇਲੇ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕਰਕੇ, ਫਿਰ ਇਹ ਦੋਵੇਂ ਸ਼ਹੀਦ ਸਿੰਘਾਂ ਦਾ ਬਾਕੀ ਸ਼ਹੀਦ ਸਿੰਘਾਂ ਨਾਲ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈਣ ਆਉਣ ਦਾ ਪ੍ਰਸੰਗ ਪੇਸ਼ ਕਰਕੇ ਲਿਖਤ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਗਿਆ ਹੈ। ਬਾਬਾ ਸੁੱਖਾ ਸਿੰਘ ਦਾ ਅਬਦਾਲੀ ਤੇ ਉਸਦੀ ਫੌਜ ਦੇ ਗਿਲਜ਼ਿਆਂ ਨਾਲ ਮੱਥਾ ਲੱਗਦਾ ਹੈ ਤਾਂ ਨਾਵਲਕਾਰ ਇਹ ਜ਼ਿਕਰ ਕਰਨਾ ਨਹੀਂ ਭੁੱਲਦਾ ਕਿ ਇਹ ਗਿਲਜ਼ੇ ਆਪਣੇ ਸਾਥੀ ਦਾ ਬਾਬਾ ਸੁੱਖਾ ਸਿੰਘ ਨੂੰ ਵੰਗਾਰ ਕੇ ਉਹਨਾਂ ਨਾਲ ਯੁੱਧ ਕਰ, ਇਸ ਜਹਾਨੋਂ ਕੂਚ ਕਰ ਜਾਣ ਨੂੰ ਨਹੀਂ ਭੁੱਲੇ ਹਨ। ਉਹ ਬਾਬਾ ਸੁੱਖਾ ਸਿੰਘ ਦੇ ਕਾਹਨੂੰਵਾਨ ਦੇ ਜੰਗਲਾਂ ਵਿਚ ਜੰਗ ਦੌਰਾਨ ਫੱਟੜ ਹੋਣ ਕਰਕੇ ਘੋੜੇ ਦੇ ਹੰਨੇ ਨਾਲ ਬੰਨ੍ਹੀ ਲੱਤ ਨੂੰ ਮਾਲਵੇ ਵਿਚ ਜੈਤੋਂ ਪਿੰਡ ਜਾਕੇ ਉਤਾਰਾ ਕਰਨ ਵੇਲੇ ਖੁਲਵਾਉਣ ਦਾ ਜ਼ਿਕਰ ਵੀ ਇਸੇ ਲਗਾਤਾਰਤਾ ਨੂੰ ਕਾਇਮ ਰੱਖਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਈ ਪ੍ਰਸੰਗ ਸਿਰਜਦਾ ਨਾਵਲਕਾਰ ਆਪਣੇ ਪ੍ਰਕਰਣ ਨੂੰ ਵਿਸਾਰਦਾ ਨਹੀਂ ਤੇ ਪਾਠਕ ਦੇ ਚੇਤਿਆਂ ‘ਚ ਉਸ ਦੁਆਰਾ ਸਿਰਜੇ ਗਾਲਪਨਿਕ ਬਿੰਬ ਗਹਿਰਾ ਅਸਰ ਰੱਖਦੇ ਹਨ। ਉਸਦੀ ਬਿਰਤਾਂਤ ਘੜ੍ਹਦਾ ਗਾਲਪਨਿਕ ਰਚਨਾ ਜੁਗਤ ਤੋਂ ਭਲੀ-ਭਾਂਤ ਵਾਕਫ਼ ਮਹਿਸੂਸ ਹੁੰਦਾ ਹੈ ਤੇ ਕਥਾ ਦੌਰਾਨ ਹਰੇਕ ਨਿੱਕੀ ਇਕਾਈ ਦੇ ਮਹੱਤਵ ਨੂੰ ਸਮਝਦਾ ਹੈ।

ਨਾਵਲਕਾਰ ਦੇ ਗਲਪ-ਜੁਗਤ ਦੀ ਅਨੇਕਾਂ ਹੋਰ ਮੁਹਾਰਤਾਂ ਦੀ ਪੇਸ਼ਕਾਰੀ ਇਸ ਨਾਵਲ ਰਾਹੀਂ ਹੋਈ ਹੈ। ਭਾਵੇਂ ਉਹ ਦਿਨਾਂ, ਮਹੀਨਿਆਂ ਤੇ ਸਾਲਾਂ ਦੀ ਬੇਰਸ ਗਿਣਤੀ ਤੋਂ ਬਾਹਰ ਰਹਿੰਦਾ ਹੈ ਪਰ ਕਈ ਸਾਖੀਆਂ ਵਿਚ ਉਸ ਘਟਨਾ ਦੇ ਵਾਪਰਨ ਦਾ ਸਮਾਂ, ਚਲਦੀ ਕਥਾ ਵਿੱਚੋਂ ਸਹਿਜੇ ਹੀ ਪਤਾ ਲੱਗਦਾ ਹੈ। ਗਲਪ ਰਚਨਾ ਵਿਚ ਕਥਾ-ਕਾਲ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ। ਇਸ ਨਾਵਲ ਵਿਚ ਬਾਬਾ ਬੋਤਾ ਸਿੰਘ ਗਰਜਾ ਸਿੰਘ ਵੱਲੋਂ ਨੂਰਦੀਨ ਦੀ ਸਰਾਂ ‘ਤੇ ਸਰਕਾਰ ਦੇ ਹੰਕਾਰ ਨੂੰ ਭੰਨਣ ਲਈ,  ਰਾਹਗੀਰਾਂ ਤੋਂ ਕਰ ਵਸੂਲਣ ਵਾਸਤੇ ਲਾਏ ਨਾਕੇ ਕਰਕੇ ਹੋਏ ਯੁੱਧ ਦਾ ਹਾਲ ਦੱਸਦੇ ਹੋਏ ਲੜ੍ਹਾਈ ਦੇ ਸ਼ੁਰੂ ਵਿਚ ਸਿੰਘਾਂ ਨੂੰ ‘ਜਾਪ ਸਾਹਿਬ’ ਦਾ ਪਾਠ ਆਰੰਭ ਕਰਦੇ ਤੇ ਸ਼ਹਾਦਤ ਹੋਣ ਵੇਲੇ ਜਾਪ ਸਾਹਿਬ ਦੀਆਂ ਆਖਰੀ ਪੰਕਤੀਆਂ ਦਾ ਪਾਠ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਜੰਗ ਦੀ ਅਵਧੀ ਸਾਨੂੰ ਸਾਖੀ ਦੀ ਪੇਸ਼ਕਾਰੀ ਤੋਂ ਪਤਾ ਲੱਗ ਜਾਂਦਾ ਹੈ।

ਭਾਈ ਮਨੀ ਸਿੰਘ ਦੀ ਸ਼ਹਾਦਤ ਵੇਲੇ, ਉਹਨਾਂ ਦੇ ਬੰਦ-ਬੰਦ ਕੱਟੇ ਜਾਣ ਜਾਣ ਦੀ ਸਾਖੀ ਦਾ ਸਮਾਂ ਵੀ ਕਥਾ ਬਿਆਨ ਕਰਦੀ ਹੈ, ਨਾਵਲ ਵਿਚ ਜਲਾਦ ਦੇ ਬੰਦ ਕੱਟਣ ਲੱਗਿਆਂ ਉਹ ‘ਸੁਖਮਨੀ ਸਾਹਿਬ’ ਦਾ ਪਾਠ ਕਰ ਰਹੇ ਹਨ ਤੇ ਜਦੋਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਤਾਂ ਸੰਗਤ ਉਹਨਾਂ ਦੇ ਮੁੱਖੋਂ ਸੁਖਮਨੀ ਸਾਹਿਬ ਜੀ ਦੀ 14ਵੀਂ ਅਸ਼ਟਪਦੀ ਸੁਣਦੀ ਹੈ। ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪੜੀ ਉਤਾਰਣ ਵੇਲੇ ਉਹ ‘ਜਪੁਜੀ ਸਾਹਿਬ’ ਦਾ ਪਾਠ ਆਰੰਭ ਕਰਦੇ ਹਨ ਤੇ ਖੋਪੜੀ ਉਤਰਣ ਵੇਲੇ ਉਹ ਜਪੁਜੀ ਸਾਹਿਬ ਦਾ ਪਾਠ ਸਮਾਪਤ ਕਰ ਲੈਂਦੇ ਹਨ। ਜਦੋਂ ਬਾਬਾ ਸੁੱਖਾ ਸਿੰਘ, ਗਿਲਜ਼ੇ ਦੇ ਖ਼ਾਲਸੇ ਨੂੰ ਮਾਰੀ ਵੰਗਾਰ ਦੇ ਜਵਾਬ ਵਿਚ ਯੁੱਧ ਕਰਨ ਜਾਂਦੇ ਹਨ ਤਾਂ ਉਹ ਭੁਝੰਗੀ ਚੜ੍ਹਤ ਸਿੰਘ ਨੂੰ ਉਸੇ ਵੇਲੇ ‘ਚੰਡੀ ਦੀ ਵਾਰ’ ਆਰੰਭ ਕਰਨ ਲਈ ਕਹਿੰਦੇ ਹੋਏ ਅਤੇ ਇਕ ਬਜ਼ੁਰਗ ਬਾਬਾ ਜੀ ਨੂੰ ਨਾਲ ਹੀ ਵਾਰ ਦੀ ਕਥਾ ਆਰੰਭ ਕਰਦੇ ਬਿਆਨ ਕੀਤਾ ਗਿਆ ਹੈ। ਸੋਹਣੇ ਅੰਦਾਜ਼ ਨਾਲ ਸਾਰੇ ਪ੍ਰਸੰਗ ਵਿਚ ਜਾਪ ਹੂ-ਬ-ਹੂ ਨਾਲ ਚਲਦਾ ਹੈ ਤੇ ਵੀਹ ਪਉੜੀਆਂ ਦੇ ਜਾਪ ਵਿਚ ਹੀ ਉਹ ਮੈਦਾਨ ਫਤਹਿ ਕਰ ਲੈਂਦੇ ਹਨ। ਨਾਵਲਕਾਰ ਨੇ ਵੀਹ ਪਉੜੀਆਂ ਦੇ ਸ਼ਬਦ ਅਰਥਾਂ ਨੂੰ ਚੱਲਦੇ ਯੱਧ ਦੀ ਪਿੱਠ ਭੂਮੀ ਬਣਾਕੇ ਪੇਸ਼ ਕੀਤਾ ਹੈ ਤੇ ਅੰਤ ਵਿਚ ਜਿਵੇਂ ਚੰਡੀ ਦੀ ਵਾਰ ਵਿਚ ਜਿਵੇਂ ਦੁਰਗਾ ਮਹਿਖੇ ਦੈਂਤ ਦੇ ਢਿੱਡ ਵਿਚ ਵਾਰ ਮਾਰਦੀ ਹੈ ਕੁਝ ਉਸ ਤਰਜ਼ ‘ਤੇ ਬਾਬਾ ਸੁੱਖਾ ਸਿੰਘ ਗਿਲਜ਼ੇ ਦੇ ਵਾਰ ਕਰਦੇ ਹਨ। ਜਿਥੇ ਇਹ ਅੰਦਾਜ਼ ਯੁੱਧ ਦੇ ਕਾਲ-ਖੰਡ ਨੂੰ ਪੇਸ਼ ਕਰਦਾ ਹੈ, ਉਥੇ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਗੁਰਸਿੱਖ ਆਪਣੇ ਜੀਵਨ ਵਿਚ ਬਾਣੀ ਨੂੰ ਜੀਵਦੇ ਵੀ ਹਨ। ਇਹ ਇਤਿਹਾਸਕ ਸਾਖੀਆਂ, ਸਮੂਹ ਗੁਰੂ-ਪੰਥ ਦੇ ਚੇਤਿਆਂ ਵਿਚ ਸਜੀਵ ਹਨ, ਜਿਸ ਗਲਪ-ਜੁਗਤ ਨਾਲ ਇਹਨਾਂ ਨੂੰ ਇਸ ਨਾਵਲ ਨੇ ਪੇਸ਼ ਕੀਤਾ ਹੈ, ਉਸ ਕਰਕੇ ਇਹ ਪਾਠਕ ਨੂੰ ਵੱਖਰੀ ਤਰ੍ਹਾਂ ਟੁੰਬਦੀਆਂ ਹਨ।

ਇਸ ਨਾਵਲ ਵਿਚ ਕਈ ਥਾਵਾਂ ‘ਤੇ ਗਾਲਪਨਿਕ ਬਿੰਬ ਸਿਰਜਣ ਲਈ ਪਾਤਰਾਂ ਦੇ ਚੇਤਨਾ ਪ੍ਰਵਾਹ ਤੇ ਆਂਤਰਿਕ ਮਨਬਚਨੀ ਦਾ ਸਹਾਰਾ ਲਿਆ ਹੈ। ਭਾਈ ਤਾਰਾ ਸਿੰਘ ਵਾਂ ਦੇ ਡੇਰੇ ਤੇ ਹਮਲੇ ਵੇਲੇ ਸਭ ਤੋਂ ਪਹਿਲਾਂ ਫੌਜ ਦੀ ਕਨਸੋਅ ਮਿਲਣ ਤੇ ਬਾਬਾ ਬਘੇਲ ਸਿੰਘ ਦਾ ਲੜਨ ਦੀ ਬਜਾਏ ਸਿੰਘਾਂ ਨੂੰ ਜਾ ਕੇ ਖਬਰ ਦੇਣ ਦੇ ਛਿਨਭੰਗਰ ਖ਼ਿਆਲ ਵੇਲੇ ਆਪਣੇ ਆਪ ਨਾਲ ਹੋਈ ਗੱਲਬਾਤ ਨੂੰ ਪੇਸ਼ ਕਰਨਾ, ਭਾਈ ਤਾਰੂ ਸਿੰਘ ਸਿੰਘ ਦੇ ਫੜ੍ਹੇ ਜਾਣ ਤੋਂ ਬਾਅਦ, ਬਚਪਨ ਵਿਚ ਇਕੱਠੇ ਸ਼ਹਾਦਤ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਜਾ ਰਹੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਮਨੋਵੇਗਾਂ ਨੂੰ ਪੇਸ਼ ਕਰਨਾ ਅਤੇ ਇਸ ਤੋਂ ਇਲਾਵਾ ਕਈ ਵਾਰ ਮੁਗਲ ਸਿਪਾਹੀਆਂ, ਨਵਾਬਾਂ, ਜਕਰੀਆ ਖਾਂ, ਨਾਦਰ ਸ਼ਾਹ ਤੇ ਅਬਦਾਲੀ ਦੇ ਮਨੋਵੇਗਾਂ ਨੂੰ ਪੇਸ਼ ਕਰਕੇ ਪਾਠਕ ਨੂੰ ਪਾਤਰਾਂ ਦੀ ਚੇਤਨਾ ਨਾਲ ਰੂ-ਬ-ਰੂ ਕਰਾਉਣ ਵਿਚ ਨਾਵਲਕਾਰ ਦੀ ਗਲਪ ਸਿਰਜਣ ਦੀ ਨਿਪੁੰਨਤਾ ਦਿਖਾਈ ਦਿੰਦੀ ਹੈ।

ਸਮੁੱਚੇ ਨਾਵਲ ਵਿਚ ਇਤਿਹਾਸਕ ਸੰਵੇਦਨਾ ਭਰਪੂਰ ਬਿਰਤਾਂਤ ਪਿੱਛੇ ਨਾਵਲਕਾਰ ਦੀ ਇਤਿਹਾਸ ਪ੍ਰਤੀ ਸਮਰਪਣ ਤੇ ਇਤਿਹਾਸਕ ਵਰਤਾਰਿਆਂ ਦੇ ਪ੍ਰਪੰਚ ਨੂੰ ਸਮਝਣ ਲਈ ਸੂਖਮ ਬਿਰਤੀ ਦਾ ਹੋਣਾ ਹੈ। ਇਹਨਾਂ ਨੂੰ ਪੇਸ਼ ਕਰਦੇ ਹੋਏ ਉਸਦੀ ਬਾਹਰਮੁਖਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਖਾਸ ਤੌਰ ‘ਤੇ ਸਿੱਖ ਇਹ ਮੰਨਦੇ ਹਨ ਕਿ ਉਹ ਗੁਰਬਾਣੀ ਤੇ ਇਤਿਹਾਸ ਤੋਂ ਪ੍ਰੇਰਣਾ ਲੈਕੇ ਆਪਣੇ ਵਰਤਮਾਨ ਤੇ ਭਵਿੱਖ ਦੀਆਂ ਸਾਰੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹਨ। ਇਸ ਤਰ੍ਹਾਂ ਵਾਸਤਵਿਕ ਤੇ ਸਰਵ-ਪ੍ਰਮਾਣਿਤ ਹੋਣ ਲਈ ਸਿੱਖਾਂ ਦੇ ਸੁਨਿਹਰੇ ਕਾਲ ਬਾਰੇ ਲਿਖੇ ਇਤਿਹਾਸਕ ਨਾਵਲ ਵਿਚ ਅਜਿਹੇ ਪ੍ਰਸੰਗਾਂ ਦਾ ਹੋਣ ਅਤਿ ਲਾਜ਼ਮੀ ਹੋ ਜਾਂਦਾ ਹੈ। ਹੱਥਲੇ ਨਾਵਲ ਵਿਚ ਨਾਵਲਕਾਰ ਪਿਛਲਝਾਤ ਰਚਨਾ ਜੁਗਤ ਵਰਤਦਿਆਂ ਇਤਿਹਾਸਕ ਸਾਖੀਆਂ ਰਾਹੀਂ ਬਿਰਤਾਂਤ ਸਿਰਜਦਾ ਹੈ। ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਲੋਂ ਨੂਰਦੀਨ ਦੀ ਸਰਾਂ ਤੇ ਨਾਕਾ ਲਾਉਣ ਲੱਗਿਆਂ ਛੋਟੇ ਸਾਹਿਬਜ਼ਾਦਿਆਂ ਦੇ ਸੂਬਾ ਸਰਹਿੰਦ ਦੀ ਕਚਿਹਰੀ ਵਿਚ ਸੁੱਚਾ ਨੰਦ ਨੂੰ ਕਹੇ ਗਏ ਬੋਲਾਂ ਨੂੰ ਦੁਹਰਾਉਣਾ, ਸ਼ੁਬੇਗ ਸਿੰਘ ਵੱਲੋਂ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਾਵਨ ਸੀਸ ਤੇ ਧੜ੍ਹ ਦੇ ਸੰਸਕਾਰ ਦੀ ਸਾਖੀ ਸ਼ਹਿਬਾਜ਼ ਸਿੰਘ ਨੂੰ ਸੁਣਾਉਣਾ, ਕਾਹਨੂੰਵਾਨ ਦੀ ਛੰਭ ਦੇ ਯੁੱਧ ਵਿਖੇ ਬਾਬਾ ਜੱਸਾ ਸਿੰਘ ਜੀ ਵੱਲੋਂ ਤੱਤੀ ਤਵੀ, ਚਾਂਦਨੀ ਚੌਂਕ, ਮਹਿਰਾਜ ਦੀ ਜੰਗ, ਅੰਮ੍ਰਿਤ ਦੀ ਦਾਤ ਦਾ ਪ੍ਰਸੰਗ, ਸਰਹਿੰਦ ਦੀ ਕੰਧ ਤੇ ਚਮਕੌਰ ਸਾਹਿਬ ਦੀ ਜੰਗ ਦਾ ਜ਼ਿਕਰ ਕਰਦਿਆਂ ਸਿੱਖ ਯੋਧਿਆਂ ਨੂੰ ਉਤਸ਼ਾਹਿਤ ਕੀਤੇ ਜਾਣਾ, ਰਾਮਰੌਣੀ ਦੇ ਕਿਲੇ ਦੀ ਉਸਾਰੀ ਸਮੇਂ ਚਲਦੇ ਲੰਗਰਾਂ ਲਈ ਲੱਕੜਾਂ ਦੀ ਸੇਵਾ ਕਰਦੇ ਸਿੰਘਾਂ ਨੂੰ ਲਾਂਗਰੀ ਹਰੀ ਸਿੰਘ ਵੱਲੋਂ ਗੁਰੂ ਅਰਜਨ ਦੇਵ ਜੀ ਤੇ ਭਾਈ ਮੰਝ ਜੀ ਦੀ ਗੁਰੂ ਕੇ  ਲੰਗਰਾਂ ਲਈ ਸੇਵਾ ਕਰਨ ਦੀ ਸਾਖੀ ਤੇ ਗੁਰੂ-ਨਦਰਿ ਸਦਕਾ ਬਖਸ਼ਿਸ਼ ਹੋਣ ਦਾ ਪ੍ਰਸੰਗ ਸੁਣਾਉਣਾ, ਮੀਰ ਮੰਨੂੰ ਦੀ ਜੇਲ ਵਿਚ ਮਾਤਾ ਵੱਲੋਂ ਕੋਹੇ ਜਾਣ ਤੋਂ ਥੋੜ੍ਹਾ ਸਮਾਂ ਪਹਿਲਾਂ ਆਪਣੇ ਬਾਲਕ ਦੇ ਸਿਦਕ ਨੂੰ ਹੋਰ ਪੱਕਿਆਂ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਸਾਖੀ ਸੁਣਾਏ ਜਾਣ ਨੂੰ ਗਾਲਪਨਿਕ ਢੰਗ ਨਾਲ ਪੇਸ਼ ਕਰੇ ਜਾਣਾ ਸਾਡੇ ਧਿਆਨਗੋਚਰੇ ਆਉਂਦਾ ਹੈ। ਜਿਸ ਤਰ੍ਹਾਂ ਸਿੱਖ ਮੰਨਦੇ ਹਨ ਕਿ ਉਹ ਹਰ ਖੁਸ਼ੀ, ਮੁਸੀਬਤ, ਔਖੀ ਘੜੀ ਤੇ ਯੁੱਧ ਵੇਲੇ ਵੀ ਇਤਿਹਾਸ ਚਿਤਾਰਦੇ ਤੇ ਵਿਚਾਰਦੇ ਰਹਿੰਦੇ ਹਨ, ਇਸ ਸੰਕਲਪ ਨੂੰ ਇਤਿਹਾਸ ਦੀ ਲਗਾਤਾਰਤਾ ਵਿਚ ਕਥਿਤ ਪ੍ਰਸੰਗਾਂ ਰਾਹੀਂ ਨਾਵਲ ਵਿਚ ਗਾਲਪਨਿਕ ਅੰਦਾਜ਼ ਨਾਲ ਪੇਸ਼ ਕਰਨਾ, ਇਸਨੂੰ ਵਾਸਤਵਿਕਤਾ ਦੇ ਹੋਰ ਨੇੜੇ ਲੈ ਜਾਂਦਾ ਹੈ।

ਇਹ ਨਾਵਲ ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਪੇਸ਼ ਕਰਦਾ ਹੈ, ਜਿਸ ਵੇਲੇ ਸਿੱਖਾਂ ਨੂੰ ਨਿੱਤ ਨਵੇਂ ਸੂਰਜ ਨਾਲ ਨਵੀਂ ਜੰਗ ਦਰਪੇਸ਼ ਹੁੰਦੀ ਸੀ, ਅਜਿਹੇ ਬਿਰਤਾਂਤ ਨੂੰ ਸਿਰਜਦਿਆਂ ਨਾਵਲਕਾਰ ਦਾ ਗੂੜ੍ਹ ਅਧਿਐਨ ਧਿਆਨ ਦੀ ਮੰਗ ਕਰਦਾ ਹੈ। ਨਾਵਲ ਦੇ ਕਾਲ-ਖੰਡ ਦੌਰਾਨ ਹੋਈਆਂ ਇਤਿਹਾਸਕ ਲੜਾਈਆਂ ਦੀ ਸਿੱਧੀ ਜਾਣਕਾਰੀ ਦੇਣ ਦੀ ਥਾਂ, ਉਹ ਇਹਨਾਂ ਦੇ ਦੁਆਲੇ ਗਲਪ ਸਿਰਜਦਾ ਖਾਲਸਾ ਪੰਥ ਦੇ ਸਿਧਾਂਤਾਂ, ਸ਼ਸ਼ਤਰਾਂ ਪ੍ਰਤੀ ਪਿਆਰ ਸਤਿਕਾਰ, ਜੰਗ ਦੇ ਮੈਦਾਨ ਵਿਚ ਯੋਧਿਆਂ ਦੇ ਕਰਤੱਵ ਅਤੇ ਸਿੱਖ ਜੰਗ ਬਾਰੇ ਕਮਾਲ ਦੀ ਪੇਸ਼ਕਾਰੀ ਕਰਦਾ ਹੈ। ਨਾਵਲਕਾਰ ਸਿੱਖਾਂ ਦੇ ਯੁੱਧ ਲੜ੍ਹਣ ਦੇ ਤਰੀਕੇ ਅਤੇ ਕਾਰਣ ਬਾਰੇ ਲਿਖਦਾ ਕਹਿੰਦਾ ਹੈ, “ਸਿੰਘਾਂ ਨੇ ਆਪਣੇ ‘ਪੀਰ’ ਸ਼ਸ਼ਤਰਾਂ ਨੂੰ ਮੱਥੇ ਨਾਲ ਛੁਹਾ ਕੇ ਅੱਜ ਤੱਕ ਹੁੰਦੀਆਂ ਆ ਰਹੀਆਂ ਜੰਗਾਂ ਦੀ ਪ੍ਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਜੁੱਧ ਸਰਬੱਤ ਦੇ ਭਲੇ ਹਿੱਤ ਵੀ ਕੀਤੇ ਜਾ ਸਕਦੇ ਹਨ।”19 ਇਸ ਨਾਵਲ ਵਿਚ ਅਨੇਕਾਂ ਥਾਵਾਂ ‘ਤੇ ਸਿੱਖਾਂ ਦੇ ਯੁੱਧ ਤੇ ਬਹਾਦਰ ਸੂਰਬੀਰ ਯੋਧਿਆਂ ਪ੍ਰਤੀ ਨਜ਼ਰੀਏ ਬਾਰੇ ਗੱਲ ਕੀਤੀ ਗਈ ਹੈ, ਨਾਵਲ ਵਿਚ ਪੇਸ਼ ਅਜਿਹੇ ਵਿਚਾਰਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਇਥੇ ਕਰਨਾ ਕੁਥਾਂ ਨਹੀਂ ਹੋਵੇਗਾ: ਜੰਗ ਤੋਂ ਕਾਹਦੀ ਸੰਗ, ਬਹਾਦਰਾਂ ਦੇ ਖੀਸੇ ਬਹਾਦਰੀ, ਜੰਗ ‘ਚ ਸ਼ਸ਼ਤਰ ਦੇ ਵਾਰ ਨਾਲ ਸਰੀਰ ਪਵਿੱਤਰ ਹੁੰਦਾ ਮੰਨਣਾ, ਕਿਸੇ ਦਾ ਖਾਲਸੇ ਦੀ ਧਰਮ ਯੁੱਧ ਦ੍ਰਿੜ੍ਹਤਾ ਅੱਗੇ ਨਾ ਟਿਕਣਾ, ਕਮਾਨ ‘ਚੋਂ ਨਿਕਲੇ ਤੀਰ ਦਾ ਨਿਸ਼ਾਨੇ ਤੇ ਨਾ ਲੱਗਣਾ ਤੀਰ ਦੀ ਬੇਅਦਬੀ ਤੇ ਨਿਸ਼ਾਨੇਬਾਜ਼ ਲਈ ਡੁੱਬ ਮਰਨ ਵਾਲੀ ਗੱਲ, ਯੋਧਾ ਜਾਣਦਾ ਕਦੋਂ ਨਹੀਂ ਲੜਨਾ, ਲੜਾਈ ਆਪਣੇ ਭਰੋਸੇਮੰਦ ਸ਼ਸ਼ਤਰਾਂ ਨਾਲ ਲੜੀ ਜਾਵੇ, ਸੂਰਮਿਆਂ ਦੇ ਸ਼ਬਦਕੋਸ਼ ‘ਚ ‘ਪਰ’ ਨਹੀਂ ਹੁੰਦਾ, ਵੱਡੀ ਤੇ ਤਾਕਤਵਰ ਫੌਜ ਦੇ ਅਵੇਸਲੇ ਹੋਣ ਤੇ ਲੜਨਾ, ਖਾਲਸੇ ਨੇ ਭੱਜਣਾ ਤੇ ਈਨ ਮੰਨਣਾ ਨਹੀਂ ਸਿੱਖਿਆ, ਜੰਗ ਦੇ ਮੈਦਾਨ ‘ਚ ਪੈਰ ਅਗਾਂਹ ਨੂੰ ਹੀ ਚੁੱਕਣਾ, ਕਦਮ ਪਿਛਾਂਹ ਕਰਿਆਂ ਸੂਰਮਿਆਂ ਦੀ ਇੱਜ਼ਤ ਘੱਟਦੀ, ਜੰਗ ਦੇ ਮੈਦਾਨ ‘ਚ ਯੋਧੇ ਦਾ ਅੱਖ ਝਪਕਣਾ ਗੁਨਾਹ ਹੈ, ਜੰਗ ‘ਚ ਕਦੇ ਪਿਛਾਂਹ ਨਹੀਂ ਤੱਕਦੇ, ਦੁਸ਼ਮਣ ਨੇ ਕਦੇ ਸੂਰਬੀਰ ਦੀ ਪਿੱਠ ਨਹੀਂ ਦੇਖੀ ਹੁੰਦੀ ਅਤੇ ਸੂਰਮੇ ਕਦੇ ਕਾਹਲੇ ਨਹੀਂ ਹੁੰਦੇ ਆਦਿ ਗੱਲਾਂ ਨਾਵਲਕਾਰ ਦੀ ਖ਼ਾਲਸੇ ਦੇ ਸਿਧਾਂਤਾਂ ਤੇ ਸਿੱਖ-ਜੰਗ ਪ੍ਰਤੀ ਦ੍ਰਿਸ਼ਟੀਕੋਣ ਤੇ ਸਮਝ ਨੂੰ ਬਿਆਨ ਕਰਦੀਆਂ ਹਨ, ਜਿੰਨ੍ਹਾਂ ਨੂੰ ਉਸਨੇ ਇਤਿਹਾਸਕ ਨਾਵਲ ਵਿਚ ਗਾਲਪਨਿਕ ਤਰੀਕੇ ਨਾਲ ਪੇਸ਼ ਕਰਕੇ ਸਹਿਜੇ ਹੀ ਪਾਠਕ ਨੂੰ ਇਹਨਾਂ ਪ੍ਰਤੀ ਮੁੜ ਜਾਣੂ ਕਰਵਾਇਆ ਹੈ।

ਜਗਦੀਪ ਸਿੰਘ ਨਾਵਲ ਵਿਚਲੀਆਂ ਘਟਨਾਵਾਂ ਤੇ ਸਥਿਤੀਆਂ ਦੀ ਭਾਸ਼ਣ ਸ਼ੈਲੀ ਵਿਚ ਸਿੱਧੀ ਵਿਆਖਿਆ ਤੋਂ ਬਚਦਾ ਹੈ। ਉਹ ਸਿਰਫ਼ ਇਤਿਹਾਸਕ ਪਾਤਰਾਂ ਦੇ ਵਿਚਾਰ ਤੇ ਅਨੁਭਵ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਤਿਹਾਸਕ ਤੇ ਧਾਰਮਿਕ ਪਲਾਟ ਹੁੰਦੇ ਹੋਏ ਵੀ ਉਹ ਨਾਵਲ ਦੀ ਕਹਾਣੀ ਨੂੰ ਰੋਕਦਾ ਨਹੀਂ ਤੇ ਨਾ ਹੀ ਨਿਬੰਧ ਸ਼ੈਲੀ ਵਰਤਦਾ ਹੋਇਆ ਪਾਠਕ ਨੂੰ ਸਿੱਧੇ ਭਾਸ਼ਣ ਦਿੰਦਾ ਹੈ, ਪਰ ਕੁਝ ਕੁ ਥਾਵਾਂ ਤੇ ਕਥਾਨਕ ਦੇ ਹਵਾਲੇ ਨਾਲ ਆਪਣੀ ਗੱਲ ਕਰ ਦਿੰਦਾ ਹੈ। ਇਸ ਤਰ੍ਹਾਂ ਦੀਆਂ ਕੁਝ ਕੁ ਸੰਕੇਤਕ ਗੱਲਾਂ ਸਾਨੂੰ ਇਸ ਨਾਵਲ ਵਿਚ ਦੇਖਣ ਨੂੰ ਮਿਲਦੀਆਂ ਹਨ। ਸਭ ਤੋਂ ਅਹਿਮ ਗੱਲ ਯੋਧਿਆਂ ਦੇ ਸ਼ਸ਼ਤਰਾਂ ਦੇ ਵਾਰ ਕਰਨ ਦਾ ਅੰਦਾਜ਼, ਜਿਸਨੂੰ ਇਸ ਨਾਵਲ ਵਿਚ ਨਾਵਲਕਾਰ ਨੇ ਬਾਖ਼ੂਬੀ ਬਿਆਨ ਕੀਤਾ ਹੈ।

ਇਸ ਨਾਵਲ ਦੇ ਆਉਣ ਦੇ ਸਮੇਂ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਜਿਸ ਸਮੇਂ ਇਹ ਨਾਵਲ ਆਉਂਦਾ ਹੈ ਉਸ ਵੇਲੇ ਦੇ ਹਾਲਾਤ ਪਾਠਕ ਦੇ ਮਨ ‘ਤੇ ਇਕ ਗਹਿਰਾ ਅਸਰ ਪਾੳਂਦੇ ਹਨ। ਜਿਸ ਤਰ੍ਹਾਂ ਹਰੇਕ ਖਿੱਤੇ ਦੀ ਰਾਜਨੀਤਕ ਚੇਤਨਾ ਉਸਦੇ ਭਵਿੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਉਸ ਤਰ੍ਹਾਂ ਪੰਜਾਬ ਵਿਚਲੇ ਹਾਲਾਤਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਕੁਝ ਸਮਾਂ ਪਹਿਲਾਂ ਪੰਜਾਬ ਇਕ ਇਤਿਹਾਸਕ ਸੰਘਰਸ਼ ਜਿੱਤਕੇ ਆਇਆ ਹੈ ਪਰ ਪੰਜਾਬ ਦੀ ਰਾਜਨੀਤਿਕ ਚੇਤਨਾ ਨੇ ਭੇਖੀਆਂ ਦੇ ਪ੍ਰਵਚਨ ਅਧੀਨ ਦਿਸਦੇ ਪ੍ਰਭਾਵਾਂ ਨੂੰ ਅਣਡਿੱਠ ਕਰ ਅਖੌਤੀ ਬਦਲ ਚੁਣਨ ਨੂੰ ਤਰਜੀਹ ਦਿੱਤੀ। ਫਲਸਰੂਪ ਜਿੱਥੇ ਆਪਣੇ ਆਪ ਨੂੰ ਇਸ ਲੰਮੇ ਸੰਘਰਸ਼ ਦੇ ਮੋਢੀ ਤੇ ਕਰਤਾ ਧਰਤਾ ਮੰਨਣ ਵਾਲੇ ਆਗੂਆਂ ਨੂੰ ਮੂੰਹ ਦੀ ਖਾਣੀ ਪਈ ਉਥੇ ਹੀ ਸਿਰਾਂ ਦੇ ਭਾਅ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦਾ ਇਕ ਪਰਿਵਾਰ ਦੀ ਨਿੱਜੀ ਜੰਗੀਰ ਬਣ, ਇੰਝ ਪੰਜਾਬ ਦੀ ਸਿਆਸਤ ਵਿਚ ਹਾਸ਼ੀਆਗਤ ਹੋਣਾ, ਇਸ ਖਿੱਤੇ ਦੇ ਭਵਿੱਖ ਲਈ ਚਿੰਤਾਜਨਕ ਗੱਲ ਹੈ। ਇਸਦੇ ਉਲਟ ਜਿਸ ਸਟੇਟ ਨਾਲ ਸਾਡਾ ਜਮਾਂਦਰੂ ਵੈਰ ਰਿਹਾ, ਉਸਦੀ ਖੁਣਸੀ ਵਿਚਾਰਧਾਰਾ ਦੀ ਤਰਜ਼ਮਾਨੀ ਕਰਦੀ ਧਿਰ ਦਾ ਦੇਸ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣਾ ਦੁਖਦਾਈ ਤੇ ਹੈਰਾਨੀਜਨਕ ਗੱਲ ਹੈ। ਪੰਜਾਬ ਵਿਚ ਵੱਸਦੇ ਲੋਕਾਂ ਨੇ ਇਹ ਫ਼ੈਸਲਾ ਰਾਜਨੀਤਿਕ ਚੇਤਨਾ ਦੇ ਪੱਧਰ ‘ਤੇ ਲੈਣ ਦੀ ਬਜਾਏ ਇਕ ਲੰਮੇ ਅਰਸੇ ਤੋਂ ਲੋਕਪੱਖੀ ਅਤੇ ਸਰਬੱਤ ਦੇ ਭਲੇ ਲਈ ਵਚਨਬੱਧ ਆਗੂਆਂ ਦੀ ਅਣਹੋਂਦ ਨਾਲ ਪੈਦਾ ਹੋਏ ਖਲਾਅ ਵਿਚੋਂ ਲਿਆ ਹੈ। ਇਸ ਅਣਹੋਂਦ ਦੇ ਖਲਾਅ ਦਾ ਬਦਲ ਸਿੱਖ ਸਿਧਾਂਤਾਂ ਕੋਲ ਹਮੇਸ਼ਾ ਹੀ ਮੌਜੂਦ ਹੈ।

ਅਜਿਹੇ ਮੌਕੇ ਇਸ ਨਾਵਲ ਦਾ ਆਉਣਾ ਬਹੁਤ ਮਹੱਤਵਪੂਰਨ ਗੱਲ ਹੈ ਕਿਉਂ ਜੋ ਇਹ ਨਾਵਲ ਉਸ ਵੇਲੇ ਦੀ ਗੱਲ ਕਰਦਾ ਹੈ ਜਦੋਂ ਗੁਰੂ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਅਸੀਂ ਪਹਿਲੀ ਵਾਰ ਸਾਂਝੇ ਰੂਪ ਵਿਚ ਇਸ ਖਿੱਤੇ ਦੀ ਅਗਵਾਈ ਕਰਦੇ ਹਾਂ। ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ, ਸਤਿਗੁਰਾਂ ਵੱਲੋਂ ਬਖਸ਼ੇ ਆਗੂਆਂ ਵਾਲੇ ਗੁਣ ਕਿਵੇਂ ਸਮੁੱਚੇ ਖਾਲਸਾ ਪੰਥ ਦੇ ਚੇਤਿਆਂ ‘ਚ ਆਪਣਾ ਸਦੀਵ ਸਥਾਨ ਬਣਾ ਲੈਂਦੇ ਹਨ, ਇਹ ਸਾਨੂੰ ਇਸ ਨਾਵਲ ਰਾਹੀਂ ਵੀ ਪਤਾ ਲੱਗਦਾ ਹੈ। ਗੁਰੂ-ਸਿਧਾਤਾਂ ‘ਤੇ ਪਹਿਰਾ ਦਿੰਦੇ ਅਨੇਕਾਂ ਦੁਨਿਆਵੀ ਔਕੜਾਂ ਝੱਲਦੇ ਵੀ ਸਾਰੇ ਆਗੂਆਂ ਦਾ ਸਤਿਗੁਰਾਂ ਦੇ ਬਚਨਾਂ ਤੇ ਇਸ ਖਿੱਤੇ ਪ੍ਰਤੀ ਸਮਰਪਣ ਬੇਮਿਸਾਲ ਹੈ, ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਲੋਕਾਈ ਨੂੰ ਖਾਲਸਾ ਰਾਜ ਦੇ ਝਲਕਾਰਿਆਂ ਨਾਲ ਸ਼ਰਸ਼ਾਰ ਕਰਦੇ ਹਨ। ਭਾਵੇਂ ਇਹ ਸੁਭਾਅ ਤੇ ਸਮਰਪਣ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਹੀ ਮਿਲ ਸਕਦਾ ਹੈ ਪਰ ਫਿਰ ਵੀ ਇੰਝ ਜਾਪਦਾ ਹੈ ਜਿਵੇਂ ਉਸ ਬਖਸ਼ਿਸ਼ ਲਈ ਪਾਤਰਤਾ ਸਿੱਧ ਕਰਨ ਵਿਚ ਨਾਵਲ ਆਪਣਾ ਰੋਲ ਨਿਭਾ ਸਕਦਾ ਹੈ। ਇਸ ਨਾਵਲ ‘ਚ ਸਿੱਖ ਆਗੂਆਂ ਦੇ ਗੁਣ ਤੇ ਸੁਭਾਅ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਖਾਲਸੇ ਦੀ ਫੈਸਲੇ ਲੈਣ ਦੀ ਜੁਗਤ, ਨਿਆਂ ਕਰਨ ਦਾ ਢੰਗ, ਪ੍ਰਜਾ ਪ੍ਰਤੀ ਨਜ਼ਰੀਆ ਤੇ ਖਾਲਸਾ ਰਾਜ ਦੀਆਂ ਇਸਤਲਾਹਾਂ ਇਸ ਨਾਵਲ ਰਾਹੀਂ ਵੀ ਜਾਣੀਆਂ ਜਾ ਸਕਦੀਆਂ ਹਨ। ਅਜਿਹੇ ਮਾਡਲ, ਉਸ ਦੌਰ ਵਿਚ ਪੇਸ਼ ਕਰਨਾ, ਜਦੋਂ ਇਹਨਾਂ ਦੀ ਸਭ ਤੋਂ ਵੱਧ ਲੋੜ ਹੈ, ਹੀ ਇਸ ਨਾਵਲ ਦੀ ਵੱਡੀ ਪ੍ਰਾਪਤੀ ਹੈ।

ਜਗਦੀਪ ਸਿੰਘ ਦੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਉਸਨੇ ਆਪਣੇ ਨਾਵਲ ਵਿਚ ਇਤਿਹਾਸਕ ਪਲਾਟ ਚੁਣਕੇ, ਕਥਾਨਕ ਰਾਹੀਂ ਬ੍ਰਿਤਾਂਤ ਘੜ੍ਹਦਿਆਂ, ਨਾਵਲ ਦੀ ਗੋਂਦ ਦਾ ਸੋਹਣਾ ਨਮੂਨਾ ਪੇਸ਼ ਕੀਤਾ ਹੈ। ਇਸ ਨਾਵਲ ਦੇ ਪਾਤਰ ਸਿਰਜਣ, ਦ੍ਰਿਸ਼ ਚਿਤਰਣ ਤੇ ਬ੍ਰਿਤਾਂਤ ਬਣਤਰ ਕਰਦਿਆਂ ਸ਼ਬਦ-ਬੁਣਤੀ ਦੀ ਬਾਰੀਕੀ, ਭਾਸ਼ਕ ਜੁਗਤਾਂ ਦੀ ਸੁਚੱਜੀ ਵਰਤੋਂ, ਉਸਦੇ ਗਲਪ ਸੰਸਾਰ ਦੇ ਵਿਸ਼ਾਲ ਘੇਰੇ ਨੂੰ ਬਿਆਨਦੀ ਹੈ। ਉਸਦੀ ਇਸ ਗਲਪ ਰਚਨਾ ਵਿਚ ਕਾਲਪਨਿਕਤਾ ਦੇ ਉਤਮ ਨਮੂਨੇ ਮਿਲਦੇ ਹਨ। ਇਤਿਹਾਸ ਪ੍ਰਤੀ ਸਮਰਪਣ ਦੀ ਅਣਹੋਂਦ ਵਿਚ ਪਹਿਲਾਂ ਪ੍ਰਚਲਿਤ ਤਰੀਕੇ ਜਿੱਥੇ ਨਾ ਚਾਹੁੰਦੇ ਹੋਏ ਵੀ ਇਤਿਹਾਸ ਨੂੰ ਬੋਝਲ ਬਣਾ ਦਿੰਦੇ ਹਨ, ਉਥੇ ਜਗਦੀਪ ਸਿੰਘ ਇਤਿਹਾਸਕ ਸਾਖੀਆਂ ਨੂੰ ਇੰਨ-ਬਿੰਨ ਬਿਆਨ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦਿਆਂ ਕਥਾ ਦੀ ਰੌਚਿਕਤਾ ਨੂੰ ਨਾਵਲ ਦੇ ਆਦਿ ਤੋਂ ਅੰਤ ਤੱਕ ਕਾਇਮ ਰੱਖਦਾ ਆਪਣੇ ਆਪ ਨੂੰ ਇਕ ਸੁਘੜ ਤੇ ਨਿਪੁੰਨ ਲਿਖਾਰੀ ਵਜੋਂ ਸਥਾਪਤ ਕਰਦਾ ਹੈ। 

 

ਪਰਮਵੀਰ ਸਿੰਘ

ਖੋਜਾਰਥੀ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਪੰਜਾਬ)