ਜੇਕਰ ਪੁਰਾਤਨ ਸਿੱਖ ਸੀਮਤ ਸਾਧਨਾਂ ਦੇ ਬਾਵਜੂਦ ਕੌਮੀ ਏਕਤਾ ਕਰਕੇ ਸਿੱਖ ਰਾਜ ਸਥਾਪਤ ਕਰ ਸਕਦੇ ਹਨ, ਫਿਰ ਅੱਜ ਦੇ ਯੁੱਗ ਵਿੱਚ ਕੌਮੀ ਏਕਤਾ ਕਿਉਂ ਨਹੀ ?

ਜੇਕਰ ਪੁਰਾਤਨ ਸਿੱਖ ਸੀਮਤ ਸਾਧਨਾਂ ਦੇ ਬਾਵਜੂਦ ਕੌਮੀ ਏਕਤਾ ਕਰਕੇ ਸਿੱਖ ਰਾਜ ਸਥਾਪਤ ਕਰ ਸਕਦੇ ਹਨ, ਫਿਰ ਅੱਜ ਦੇ ਯੁੱਗ ਵਿੱਚ ਕੌਮੀ ਏਕਤਾ ਕਿਉਂ ਨਹੀ ?

ਵਿਸ਼ੇਸ਼ ਲੇਖ


ਕੋਈ ਸਮਾਂ ਸੀ ਜਦੋਂ ਖਾਲਸਾ ਪੰਥ ਛੋਟੋ ਛੋਟੇ ਜਥਿਆਂ ਦੇ ਰੂਪ ਵਿੱਚ ਪਰਿਵਾਰਾਂ ਸਮੇਤ ਜੰਗਲਾਂ ਵਿੱਚ ਲੁਕ ਛੁਪ ਕੇ ਤੇ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ ਤੇ ਹੀ ਸਮਾਂ ਗੁਜਾਰਦਾ ਸੀ। ਫਿਰ ਵੀ ਖਾਲਸੇ ਨੇ ਵੱਡੇ ਵੱਡੇ ਧਾੜਵੀਆਂ ਨੂੰ ਆਪਣੀ ਹੋਂਦ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ। ਅਫਗਾਨ ਤੋਂ ਚੜਕੇ ਮਾਰੋ ਮਾਰ ਕਰਦੀਆਂ ਆਉਂਦੀਆਂ ਅਬਦਾਲੀ, ਦੁਰਾਨੀ ਦੀਆਂ ਫੌਜਾਂ ਜਦੋਂ ਹਿੰਦੁਸਤਾਨ ਨੂੰ ਲੁੱਟ ਪੁੱਟ ਕੇ ਵਾਪਸ ਮੁੜਦੀਆਂ ਤਾਂ ਉਹਨਾਂ ਨੂੰ ਰਸਤੇ ਵਿੱਚ ਖਾਲਸੇ ਦੇ ਹਮਲਿਆਂ ਦਾ ਟਾਕਰਾ ਨਾ ਕਰ ਸਕਦੇ ਹੋਏ ਮਾਲ, ਅਸਬਾਬ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪੈਂਦਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਸਰਦਾਰੀ ਨੂੰ ਕਾਇਮ ਰੱਖਣ ਲਈ ਖਾਲਸੇ ਦੇ ਵਖਰੇ ਵੱਖਰੇ ਜਥਿਆਂ ਨੇ ਆਪਣੇ ਆਪਣੇ ਜਥੇਦਾਰਾਂ ਦੀ ਅਗਵਾਈ ਵਿੱਚ ਆਪਣੇ ਆਪਣੇ ਖੇਤਰ ਵਿੱਚ ਅਧਿਕਾਰ ਜਮਾ ਲਏ ਤੇ ਮਿਸਲਾਂ ਦੇ ਰੂਪ ਵਿੱਚ ਆਪਣੀਆਂ ਰਿਆਸਤਾਂ ਸਥਾਪਤ ਕਰ ਲਈਆਂ। ਦਰਜਨਾਂ ਮਿਸਲਾਂ ਵਿੱਚ ਵੰਡਿਆ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਹਿਬ ਦੀ ਅਗਵਾਈ ਵਿੱਚ ਇਕੱਠਾ ਹੋ ਕੇ ਕੌਮ ਦੀ ਭਲਾਈ ਲਈ ਗੁਰਮਤੇ ਪਾਸ ਕਰਦਾ ਤੇ ਉਹਨਾਂ ਗੁਰਮਤਿਆਂ ਤੇ ਪਹਿਰਾ ਵੀ ਦਿੰਦਾ ਰਿਹਾ ਹੈ। ਇਹੋ ਕਾਰਨ ਸੀ ਕਿ ਉਸ ਮੌਕੇ ਦਾ ਖਾਲਸਾ ਪੰਥ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਆਪਣਾ ਵਿਸ਼ਾਲ ਸਿੱਖ ਰਾਜ ਸਥਾਪਤ ਕਰਨ ਵਿੱਚ ਕਾਮਯਾਬੀ ਹਾਸਲ ਕਰ ਗਿਆ ਸੀ। ਅਜਿਹਾ ਹਲੇਮੀ ਸਿੱਖ ਰਾਜ, ਜਿਸ ਦੇ ਪੰਜਾਹ ਸਾਲਾਂ ਦੇ ਕਾਰਜਕਾਲ ਦੌਰਾਨ ਕਿਸੇ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਗਈ। ਇੱਕ ਅਜਿਹੀ ਬਹਾਦਰ ਕੌਮ ਦਾ ਖਾਲਸਾ ਰਾਜ ਜਿਸ ਨੇ ਦੁਨੀਆਂ ਨੂੰ ਲੁੱਟਣ ਪੁੱਟਣ ਵਾਲੇ ਤੇ ਅਜੇਤੂ ਪਠਾਣਾਂ ਦੇ ਕਾਬਲ ਕੰਧਾਰ ਤੱਕ ਦੇ ਇਲਾਕੇ ਤੋਂ ਲੈ ਕੇ ਕਸ਼ਮੀਰ, ਲਦਾਖ ਤੱਕ ਨੂੰ ਆਪਣੇ ਰਾਜ ਭਾਗ ਵਿੱਚ ਸ਼ਾਮਲ ਕਰਕੇ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ। ਕਹਿੰਦੇ ਹਨ ਕਿ ਇੱਕ ਵਾਰੀ ਜਦੋਂ ਸ੍ਰੀ ਅਕਾਲ ਤਖਤ ਸਹਿਬ ਦੇ ਤਤਕਾਲੀ ਜਥੇਦਾਰ ਸਿੰਘ ਸਹਿਬ ਬਾਬਾ ਫੂਲਾ ਸਿੰਘ ਅਕਾਲੀ ਨੇ ਕਿਸੇ ਅਵੱਗਿਆ ਬਦਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਹਿਬ ਤੇ ਤਲਬ ਕਰਨ ਦਾ ਹੁਕਮ ਕੀਤਾ ਸੀ। ਜਿੰਨੀ ਦੇਰ ਸਿੰਘ ਸਾਹਿਬ ਵੱਲੋਂ ਲਾਈ ਸਜ਼ਾ ਮਹਾਰਾਜਾ ਤਖਤ ਸਹਿਬ ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਕੇ ਸਜਾ ਨਹੀ ਭੁਗਤ ਲੈਂਦਾ ਓਨੀ ਦੇਰ ਸਿੱਖ ਪੰਥ ਨੂੰ ਉਹਦੇ ਨਾਲ ਫਤਿਹ ਦੀ ਸਾਂਝ ਪਾਉਂਣ ਤੋਂ ਵੀ ਵਰਜਿਆ ਗਿਆ ਸੀ। ਇਸ ਦੌਰਾਨ ਜਦੋਂ ਮਹਾਰਾਜੇ ਦਾ ਸੇਵਾਦਾਰ ਸਵੇਰੇ ਮਹਾਰਾਜੇ ਦੇ ਕਮਰੇ ਵਿੱਚ ਗਿਆ ਤਾਂ ਉਹਨੇ ਦੁਨਿਆਵੀ ਤਖਤ ਦੇ ਸ਼ਕਤੀਸ਼ਾਲੀ ਮਹਾਰਾਜੇ ਨੂੰ ਵੀ ਫਤਿਹ ਨਹੀ ਸੀ ਬੁਲਾਈ, ਪੁੱਛਣ ਤੇ ਦੱਸਿਆ ਗਿਆ ਸੀ ਕਿ ਅਜਿਹਾ ਨਾ ਕਰਨ ਦੇ ਹੁਕਮ ਰੁਹਾਨੀਅਤ ਦੇ ਉੱਚੇ ਤਖਤ ਸ੍ਰੀ ਅਕਾਲ ਤਖਤ ਸਹਿਬ ਤੋਂ ਆਏ ਹਨ, ਜਿਸ ਤੇ ਮਹਾਰਾਜਾ ਸਾਹਿਬ ਨੇ ਸੇਵਾਦਾਰ ਨੂੰ ਸਜਾ ਦੇਣ ਦੀ ਬਜਾਇ ਆਪ ਆਪਣੀ ਗਲਤੀ ਦੀ ਤਖਤ ਸਹਿਬ ਤੇ ਪੇਸ਼ ਹੋ ਕੇ ਸਜ਼ਾ ਲਗਵਾਈ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਮ ਵਿੱਚ ਗਿਰਾਵਟ ਕਿਵੇਂ ਆਈ, ਕਿੱਥੋਂ ਆਈ ਤੇ ਕਿਉਂ ਆਈ ? ਨਿੱਜੀ ਖੁਦਗਰਜੀਆਂ ਨੇ ਸਿੱਖ ਦੀ ਅਣਖ ਗੈਰਤ ਨੂੰ ਕਿਉਂ ਜਕੜ ਲਿਆ ਹੈ ? ਜੇਕਰ ਸਾਡੇ ਅਠਾਰਵੀਂ ਸਦੀ ਦੇ ਸਿੱਖ ਪੁਰਖੇ ਜੰਗਲਾਂ ਵਿੱਚ ਰਹਿਣ ਸਮੇ ਤੇ ਵੱਖ ਵੱਖ ਮਿਸਲਾਂ ਵਿੱਚ ਵੰਡੇ ਹੋਣ ਦੇ ਬਾਵਜੂਦ ਸੀਮਤ ਸਾਧਨਾਂ ਨਾਲ ਵੀ ਇੱਕ ਝੰਡੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ  ਵਿਸਾਲ ਖਾਲਸਾ ਰਾਜ ਸਥਾਪਤ ਕਰ ਸਕਦੇ ਹਨ ਤਾਂ ਫਿਰ ਹੁਣ ਜਦੋਂ ਸਿਖ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹੀ ਨਹੀ ਸਥਾਪਤ ਹੋ ਚੁੱਕੇ ਹਨ ਫਿਰ ਹੁਣ ਇੱਕੀਵੀਂ ਸਦੀ ਵਿੱਚ ਅਜਿਹਾ ਕਿਉਂ ਨਹੀ ਹੋ ਸਕਦਾ? ਇਹਨਾਂ ਸਾਰੇ ਸਵਾਲਾਂ ਦੇ ਠੋਸ ਜਵਾਬ ਅਤੇ ਹੱਲ ਕਿਸ ਤਰ੍ਹਾਂ ਹੋ ਸਕਦੇ ਹਨ ? ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਵਿਸਵ ਗ੍ਰੰਥ ਅਤੇ ਸਿੱਖ ਕੌਮ ਨੂੰ ਵਿਸਵ ਦਾ ਧਰਮ ਬਨਾਉਂਣਾ ਹੈ ਜਾਂ ਫਿਰ ਆਉਂਣ ਵਾਲੇ ਪੰਜਾਹ ਸਾਲਾਂ ਤੱਕ ਕੌਂਮ ਦੀ ਪਛਾਣ ਹੀ ਗਵਾਉਣੀ ਹੈ ਇਹ ਫੈਸਲਾ ਕਿਸੇ ਹੋਰ ਨੇ ਨਹੀ ਬਲਕਿ ਖੁਦ ਸਿੱਖ ਕੌਂਮ ਨੇ ਕਰਨਾ ਹੈ। ਸੂਬੇ ਦੇ ਸ਼ਾਸ਼ਕ ਰਹੇ ਸਿੱਖ ਕੌਂਮ ਦੇ ਮੌਜੂਦਾ ਆਗੂ ਪਦਾਰਥਵਾਦ ਦੀ ਤੇਜ ਹਨੇਰੀ ਵਿੱਚ ਵਹਿ ਕੇ ਆਪਣਾ ਸੰਤੁਲਿਨ ਖੋ ਬੈਠੇ ਹਨ। ਉਨ੍ਹਾਂ ਨੇ ਰਾਜ ਭਾਗ ਦੀ ਸਲਾਮਤੀ ਖਾਤਰ ਖਾਲਸਾ ਪੰਥ ਤੇ ਨਹੀਂ ਬਲਕਿ ਉਹਨਾਂ ਪੰਥ ਵਿਰੋਧੀ ਤਾਕਤਾਂ ਤੇ ਟੇਕ ਰੱਖੀ, ਜਿੰਨਾਂ ਨੇ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਸਿੱਖ ਕੌਮ ਦੀ ਪਛਾਣ ਖਤਮ ਕਰਨ ਦਾ ਟੀਚਾ ਮਿਥ ਰੱਖਿਆ ਹੈ ।

ਇਹੋ ਕਾਰਨ ਹੈ ਕਿ ਸਿੱਖ ਆਗੂ ਦਿਨੋਂ ਦਿਨ ਉਨ੍ਹਾਂ ਵੱਲੋਂ ਬੁਣੇ ਜਾਲ ਵਿੱਚ ਬੁਰੀ ਤਰ੍ਹਾਂ ਉਲਝਦੇ ਜਾ ਰਹੇ ਹਨ ਤੇ ਕੌਮ ਨੂੰ ਘੁੱਪ ਹਨੇਰਗਰਦੀ ਵੱਲ ਧਕੇਲਣ ਦਾ ਗੁਨਾਹ ਕਰ ਰਹੇ ਹਨ। ਵੱਖ ਵੱਖ ਸਿੱਖ ਸੰਸਥਾਵਾਂ,ਸਿੱਖ ਜਥੇਵੰਦੀਆਂ ਸੰਤ ਸਮਾਜ ਆਪੋ ਆਪਣੀ ਡੁਗਡੁਗੀ ਵਜਾਉਣ ਵਿੱਚ ਮਸਰੂਫ ਹਨ। ਪੰਥਕ ਏਕਤਾ ਦੀ ਦੁਹਾਈ ਵੀ ਦਿੱਤੀ ਜਾ ਰਹੀ ਹੈ, ਗਾਹੇ ਬ ਗਾਹੇ ਪੁਰਾਤਨ ਸਿੱਖ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦਾ ਹੋਕਾ ਵੀ ਦਿੱਤਾ ਜਾ ਰਿਹਾ ਹੈ ਤਾਂ ਸਰਬਤ ਖਾਲਸਾ ਵਰਗੇ ਇਕੱਠ ਕਰਕੇ ਖਾਲਸੇ ਦੀ ਚੜ੍ਹਦੀਕਲਾ ਦੇ ਪ੍ਰੋਗਰਾਮ ਉਲੀਕੇ ਵੀ ਜਾਂਦੇ ਰਹੇ ਹਨ, ਪਰ ਅਸਲ ਸਚਾਈ ਇਹ ਹੈ ਕਿ ਸਾਰੀਆਂ ਹੀ ਪੰਥਕ ਧਿਰਾਂ ਆਪਣੀ ਹਾਉਮੈਂ ਤਿਆਗਣ ਤੋਂ ਅਸਮਰਥ ਹਨ। ਇਨ੍ਹਾਂ ਵਿੱਚੋਂ ਕੁੱਝ ਸਿਰਫ ਨਾਂਅ ਦੀਆਂ ਹੀ ਜਥੇਬੰਦੀਆਂ ਹਨ, ਉਨ੍ਹਾਂ ਦਾ ਕੋਈ ਖਾਸ ਲੋਕ ਅਧਾਰ ਵੀ ਨਹੀ ਹੈ, ਪਰ ਉਹ ਇਸ ਪੰਥਕ ਏਕਤਾ ਦੇ ਰਾਹ ਵਿੱਚ ਵੱਧ ਰੁਕਾਵਟਾਂ ਖੜੀਆਂ ਕਰਦੀਆਂ ਹਨ। ਇਨ੍ਹਾਂ ਡੂੰਘੀਆਂ ਸਾਜਿਸ਼ਾਂ ਨੂੰ ਸਮਝਣਾ ਪਵੇਗਾ। ਹਰ ਇੱਕ ਓਸ ਸਚਾਈ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੋਵੇਗਾ ਜੋ ਸਾਹਮਣੇ ਵਾਪਰ ਰਹੀ ਹੈ। ਕੁਝ ਕੁ ਪੰਥਕ ਧਿਰਾਂ ਇਕੱਠੇ ਹੋ ਕੇ ਚੱਲਣ ਦੇ ਐਲਾਨ ਵੀ ਕਰ ਰਹੀਆਂ ਹਨ, ਪਰ ਅਫਸੋਸ ! ਕਿ ਸਮੁੱਚੀ ਏਕਤਾ ਲਈ ਅੱਗੇ ਵਧਣ ਦੀ ਬਜਾਇ ਇਸ ਤੋਂ ਅੱਗੇ ਕਦਮਾਂ ਦਾ ਜਾਣਾ ਰੁਕ ਗਿਆ ਹੈ। ਜਦੋਂ ਸਿੱਖ ਕੌਮ ਦੀ ਜਵਾਨੀ ਆਪਣੇ ਘਰ ਅਨੰਦਪੁਰ ਵੱਲ ਪਰਤਣ ਲਈ ਉੱਠ ਤੁਰਦੀ ਹੈ ਤਾਂ ਅਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਸਿੱਖ ਕੌਮ ਆਪਸੀ ਪਾਟੋਧਾੜ ਦਾ ਮੁੜ ਤੋਂ ਸ਼ਿਕਾਰ ਹੋ ਰਹੀ ਹੈ। ਜੇਕਰ ਸਿੱਖ ਪੰਥ ਦੇ ਖਿਲਾਫ ਭਾਰਤ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਬੇਸੱਕ ਕਾਂਗਰਸ ਹੋਵੇ, ਬੀ ਜੇ ਪੀ, ਕਾਮਰੇਡ ਜਾਂ  ਭਾਰਤ ਦੇ ਪੰਜਾਹ ਤੋਂ ਵੱਧ ਕੱਟੜਵਾਦੀ ਸੰਗਠਨਾਂ ਅਤੇ ਏਜੰਸੀਆਂ ਦਾ ਕੇਂਦਰ ਨਾਗਪੁਰ ਹੋਵੇ, ਸਿੱਖਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਲਈ ਇੱਕ ਮੱਤ ਹੋ ਸਕਦੀਆਂ ਹਨ ਫਿਰ ਸਿੱਖ ਜਥੇਬੰਦੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਂਦਾ ਹੈ ਕਿ ।ਇਹ ਵਕਤ ਵਖਰਾ ਵੱਖਰਾ ਰਾਗ ਅਲਾਪਣ ਦਾ ਨਹੀ ਹੈ। ਅੱਜ ਕੌਂਮ ਨੂੰ ਇਸ ਮੰਝਧਾਰ ਚੋਂ ਕੱਢਣ ਦਾ ਇੱਕੋ ਇੱਕ ਹੱਲ ਹੈ ਕੌਮੀ ਏਕਤਾ। ਸਮੁੱਚੀ ਕੌਮ ਇਹ ਮਹਿਸੂਸ ਕਰਦੀ ਹੈ ਕਿ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਤੋਂ ਬਗੈਰ ਕੌਂਮ ਦੀ ਡਗਮਗਾਉਂਦੀ ਬੇੜੀ ਨੂੰ ਕਿਨਾਰੇ ਲਾਉਂਣਾ ਬੇਹੱਦ ਮੁਸਕਲ ਹੈ। ਸੋ ਲੋੜ ਹੈ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਨੂੰ ਸਮਝਦੇ ਹੋਏ ਸਮਾਂ ਰਹਿੰਦੇ ਗੁਰੂ ਦੀ ਮੰਨ ਕੇ ਗ੍ਰੰਥ ਅਤੇ ਪੰਥ ਦੇ ਸੱਚੇ ਪਹਿਰੇਦਾਰ ਬਣਨ ਦੀ ਅਰਦਾਸ ਇੱਕ ਜੁੱਟਤਾ ਨਾਲ ਕਰੀਏ।

ਬਘੇਲ ਸਿੰਘ ਧਾਲੀਵਾਲ

99142-58142