‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ
ਬਰਸੀ ਵਿਸ਼ੇਸ਼
ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਅਦਭੁੱਤ ਬਹਾਦਰੀ ਕਰ ਕੇ ‘ਸ਼ੇਰ-ਏ-ਪੰਜਾਬ’ ਵਜੋਂ ਜਾਣਿਆ ਜਾਂਦਾ ਹੈ, ਨੇ ਅਨੰਤ ਨਿੱਜੀ ਗੁਣਾਂ ਸਦਕਾ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਕ ਐਸਾ ਵਿਸ਼ਾਲ ਧਰਮ-ਨਿਰਪੱਖ, ਸ਼ਕਤੀਸ਼ਾਲੀ, ਇਨਸਾਫ਼-ਪਸੰਦ ਰਾਜ ‘ਸਰਕਾਰ-ਏ-ਖਾਲਸਾ’ ਵਜੋਂ ਕਾਇਮ ਕੀਤਾ, ਜਿਸ ਦਾ ਲੋਹਾ ਸਮਕਾਲੀ ਤਾਕਤਵਰ ਅੰਗਰੇਜ਼, ਫ਼ਰਾਂਸੀਸੀ, ਅਫਗਾਨੀ ਸਲਤਨਤਾਂ ਮੰਨਦੀਆਂ ਸਨ। ਉਸ ਦੀ ਪਰਜਾ ਉਸ ਨੂੰ ਦਿਲੋਂ ਪਿਆਰ ਕਰਦੀ ਸੀ। ਸਰ ਲੈਪਲ ਗ੍ਰਿਫਨ ਉਨ੍ਹਾਂ ਦੀ ਮੌਤ ਤੋਂ ਕਰੀਬ 50 ਸਾਲ ਬਾਅਦ ਲਿਖਦਾ ਹੈ, ‘ਭਾਵੇਂ ਉਸ ਨੂੰ ਮੋਇਆਂ ਅੱਧੀ ਸਦੀ ਗੁਜ਼ਰ ਚੁੱਕੀ ਹੈ ਪਰ ਉਸ ਦੀ ਤਸਵੀਰ ਅੱਜ ਵੀ ਹਰ ਗੜ੍ਹੀ ਅਤੇ ਘਰ ਵਿਚ ਮੌਜੂਦ ਹੈ ਅਤੇ ਉਸ ਦਾ ਨਾਂਅ ਪ੍ਰਾਂਤ ਦੇ ਹਰ ਘਰ ਵਿਚ ਹਰਮਨ ਪਿਆਰਾ ਹੈ।’ ਸ਼ਾਹ ਮੁਹੰਮਦ ਆਪਣੇ ਕਿੱਸੇ ਵਿਚ ਬੜੀ ਖੂਬਸੂਰਤੀ ਨਾਲ ਵਰਨਣ ਕਰਦਾ ਹੈ :
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮਹਾਰਾਜੇ ਦਾ ਜਨਮ ਸੰਨ 1780 ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਹੋਇਆ ਸੀ। ਸੰਨ 1792 ਵਿਚ ਉਸ ਦਾ ਪਿਤਾ ਸੁਰਗਵਾਸ ਹੋ ਗਿਆ। ਸੋ ਇਸ ਨਜ਼ਰੀਏ ਨੂੰ ਮੱਦੇਨਜ਼ਰ ਰੱਖ ਕੇ ਉਸ ਦੀ ਮੌਤ ਸੰਨ 1839 ਵਿਚ ਹੋਣ ਕਰਕੇ ਸ਼ਾਹ ਮੁਹੰਮਦ ਮੋਟੇ ਤੌਰ 'ਤੇ ਉਸ ਦੇ ਰਾਜ ਨੂੰ 50 ਸਾਲਾ ਗਿਣਦਾ ਹੈ।ਡੀਲ-ਡੌਲ : ਮਹਾਰਾਜਾ ਰਣਜੀਤ ਸਿੰਘ ਦਰਮਿਆਨੇ ਕੱਦ ਦਾ ਰਿਸ਼ਟ-ਪੁਸ਼ਟ ਵਿਅਕਤੀ ਸੀ। ਛੋਟੀ ਉਮਰੇ ਚੇਚਕ ਕਰ ਕੇ ਉਸ ਦੀ ਇਕ ਅੱਖ ਜਾਂਦੀ ਰਹੀ, ਜੋ ਪੂਰੀ ਤਰ੍ਹਾਂ ਬੰਦ ਹੋ ਗਈ ਸੀ ਪਰ ਦੂਸਰੀ ਅੱਖ ਕਮਾਨ ਦੀ ਤਰ੍ਹਾਂ ਲੰਬੀ ਤੇ ਮੋਟੀ ਸੀ। ਮਾਤਾ ਦੇ ਦਾਗ ਹੋਣ ਦੇ ਬਾਵਜੂਦ ਚਿਹਰਾ ਲਾਲੀ ਭਰਿਆ ਅਤੇ ਤੇਜੱਸਵੀ ਸੀ। ਭਾਵੇਂ ਕਿਸੇ ਸਕੂਲ ਵਿਚ ਨਹੀਂ ਸੀ ਪੜ੍ਹਿਆ ਪਰ ਪੰਜਾਬੀ, ਹਿੰਦੀ ਅਤੇ ਫਾਰਸੀ ਦੀ ਮੁਹਾਰਤ ਹਾਸਲ ਸੀ।ਫਾਰਸੀ ਵਿਚ ਪੱਤਰ ਆਪਣੇ ਸਕੱਤਰਾਂ ਨੂੰ ਆਪ ਲਿਖਾਉਂਦਾ ਸੀ। ਰੋਹਬ-ਦਾਬ ਏਨਾ ਸੀ ਕਿ ਕੋਈ ਦਰਬਾਰੀ ਅੱਖ ਪੁੱਟ ਕੇ ਝਾਕਣ ਦੀ ਜੁਅਰਤ ਨਹੀਂ ਸੀ ਰੱਖਦਾ। ਇਕ ਵਾਰ ਜਦ ਲਾਰਡ ਵਿਲੀਅਮ ਬੈਂਟਿੰਗ ਦੇ ਇਕ ਅਫਸਰ ਨੇ ਫਕੀਰ ਅਜੀਜ਼ੂਦੀਨ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਹੈ ਤਾਂ ਉੱਤਰ ਸੀ ਕਿ ‘ਉਨ੍ਹਾਂ ਦੇ ਚਿਹਰੇ ਦਾ ਜਲਾਲ ਏਨਾ ਤੇਜੱਸਵੀ ਹੈ ਕਿ ਮੈਂ ਕਦੇ ਉੱਪਰ ਝਾਕਣ ਦਾ ਹੀਆ ਹੀ ਨਹੀਂ ਕੀਤਾ’।ਅਟਕ ਦਰਿਆ ਪਾਰ ਕਰਨ, ਨੌਸ਼ਹਿਰਾ ਅਤੇ ਮੰਡੇਰਾ ਜੰਗਾਂ ਸਮੇਂ ਉਸ ਵੱਲੋਂ ਵਿਖਾਏ ਜੰਗੀ ਜੌਹਰਾਂ ਦੇ ਸਨਮੁੱਖ ਵਿਰੋਧੀ ਅਸ਼-ਅਸ਼ ਕਰ ਉਠੇ। ਸ਼ੇਰ ਸ਼ਾਹ ਸੂਰੀ ਵਾਂਗ ਮਹਾਰਾਜਾ ਹਮੇਸ਼ਾ ਚੁਸਤ ਅਤੇ ਰੁੱਝਾ ਹੋਇਆ ਰਹਿੰਦਾ ਸੀ। ਆਪਣੀ ਜਨਤਾ ਪ੍ਰਤੀ ਕਰਤਵਾਂ ਨੂੰ ਬਾਖੂਬੀ ਨਿਭਾਉਂਦਾ ਸੀ। ਮੁਨਸ਼ੀ ਸ਼ਾਮਤ ਅਲੀ ਜੋ ਲਾਹੌਰ ਦਰਬਾਰ ਵੇਖਣ ਲਈ ਸੰਨ 1838 ਵਿਚ ਆਇਆ ਸੀ, ਦੱਸਦਾ ਹੈ ਕਿ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਜ-ਭਾਗ ਦੇ ਕੰਮਾਂ ਵਿਚ ਰੁੱਝਾ ਰਹਿੰਦਾ। ਸਵੇਰੇ ਨਿਯਮਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ। ਸਾਦੇ ਕੱਪੜੇ ਪਹਿਨਦਾ। ਤਖ਼ਤ ਦੀ ਬਜਾਏ ਚਾਂਦੀ ਦੀ ਕੁਰਸੀ ‘ਤੇ ਬੈਠਦਾ। ਖਾਸ ਮਹੱਤਤਾ ਵਾਲੇ ਪੱਤਰ ਆਪ ਬੋਲ ਕੇ ਲਿਖਾਉਂਦਾ। ਵਿਦੇਸ਼ੀ ਵਿਅਕਤੀਆਂ ਤੋਂ ਹਰ ਖੇਤਰ ਸਬੰਧੀ ਜਾਣਕਾਰੀ ਪ੍ਰਾਪਤ ਕਰਦਾ।
ਵਿਕਟਰ ਜੈਕੋਮੋਟ ਜੋ ਮਹਾਰਾਜੇ ਨੂੰ ਬਹੁਤ ਵਾਰ ਮਿਲਿਆ, ਲਿਖਦਾ ਹੈ ਕਿ ‘ਮੈਂ ਆਪਣੀ ਯਾਤਰਾ ਦੌਰਾਨ ਜਿੰਨੇ ਵੀ ਭਾਰਤੀ ਰਾਜੇ ਵੇਖੇ, ਉਨ੍ਹਾਂ ਵਿਚੋਂ ਸ਼ੇਰੇ-ਪੰਜਾਬ ਸਭ ਤੋਂ ਵੱਧ ਸਿਆਣਾ ਅਤੇ ਚਤਰ ਸੀ। ਬੋਲ-ਚਾਲ ਵੇਲੇ ਅਨੇਕ ਪ੍ਰਸ਼ਨ ਪੁੱਛਦਾ। ਮੇਰੇ ਤੋਂ ਹਿੰਦੁਸਤਾਨ, ਇੰਗਲਿਸ਼ਤਾਨ, ਅੰਗਰੇਜ਼ ਫੌਜ ਦੀ ਗਿਣਤੀ, ਨੈਪੋਲੀਅਨ ਦਾ ਹਾਲ, ਸਵਰਗ, ਪ੍ਰਮਾਤਮਾ ਅਤੇ ਹੋਰ ਵਿਸ਼ਿਆਂ ਬਾਰੇ ਸਵਾਲ ਪੁੱਛਦਾ। ਉਸ ਦੀ ਯਾਦਸ਼ਕਤੀ ਏਨੀ ਵਸੀਹ ਸੀ ਕਿ ਉਹ ਆਪਣੇ ਰਾਜ ਦੇ 10-12 ਹਜ਼ਾਰ ਪਿੰਡਾਂ ਦੇ ਨਾਂਅ, ਸਥਿਤੀ ਅਤੇ ਇਤਿਹਾਸ ਦੱਸ ਸਕਦਾ ਸੀ।ਮਹਾਰਾਜਾ ਪੱਕਾ ਗੁਰਸਿੱਖ ਸੀ। ਸਿੱਖ ਸਿਧਾਂਤਾਂ ਅਨੁਸਾਰ ਉਸ ਨੇ ਇਕ ਤਾਕਤਵਰ ਧਰਮ-ਨਿਰਪੱਖ ਰਾਜ ਸਥਾਪਿਤ ਕੀਤਾ। ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਤੇ ਖੁੱਲ੍ਹਦਿਲੀ ਦਾ ਮੁਜ਼ਾਹਰਾ ਕੀਤਾ। ਹਿੰਦੂ ਅਤੇ ਮੁਸਲਿਮ ਫਿਰਕਿਆਂ ਨੂੰ ਬਰਾਬਰ ਮਾਣ-ਸਨਮਾਨ ਦਿੱਤਾ। ਸਿੱਖਾਂ ਤੋਂ ਇਲਾਵਾ ਉਸ ਦੇ ਦਰਬਾਰ ਵਿਚ ਹਿੰਦੂ, ਮੁਸਲਮਾਨ, ਅੰਗਰੇਜ਼, ਫਰਾਂਸੀਸੀ, ਰੂਸੀ, ਇਟਾਲੀਅਨ ਉੱਚ-ਅਹੁਦਿਆਂ ‘ਤੇ ਬਿਰਾਜਮਾਨ ਸਨ, ਜਿਨ੍ਹਾਂ ਵਿਚੋਂ ਜਨਰਲ ਵੈਨਤੂਰਾ, ਐਲਾਰਡ, ਇਲਾਹੀ ਬਖਸ਼, ਫਕੀਰ ਅਜੀਜ਼ੂਦੀਨ, ਮੁਹਕਮ ਚੰਦ, ਦੀਵਾਨ ਭਵਾਨੀ ਦਾਸ ਵਰਨਣਯੋਗ ਹਨ।
ਮੌਲਾਨਾ ਸਫਾਇਤ ਅਹਿਮਦ ਅਨੁਸਾਰ ਉਸੇ ਰਾਜ ਵਿਚ ਮੁਸਲਮਾਨਾਂ ਨੂੰ ਪੂਰੇ ਰਾਜਨੀਤਕ ਅਤੇ ਧਾਰਮਿਕ ਹੱਕ ਪ੍ਰਾਪਤ ਸਨ। ਜਿੱਥੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸੋਨਾ ਚੜ੍ਹਾਇਆ, ਉਥੇ ਜਵਾਲਾਮੁਖੀ, ਸੋਮਨਾਥ, ਹਰਿਦੁਆਰ ਮੰਦਰਾਂ ਨੂੰ ਖੁੱਲ੍ਹ ਕੇ ਦਾਨ ਦਿੱਤਾ। ਸੱਚ ਤਾਂ ਇਹ ਹੈ ਕਿ ਜੋ ਧਰਮ-ਨਿਰਪੱਖ ਨੀਤੀ ਅੱਜ ਭਾਰਤ ਸਰਕਾਰ ਨੇ ਦੇਸ਼ ਨੂੰ ਇਕਜੁੱਟ ਰੱਖਣ ਲਈ ਅਪਣਾਈ ਹੋਈ ਹੈ, ਇਹ ਉਸ ਮਹਾਨ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ।ਦੂਰਅੰਦੇਸ਼ੀ : ਰਣਜੀਤ ਸਿੰਘ ਸਫਲ ਨੀਤੀਵਾਨ ਸਾਬਤ ਹੋਇਆ। ਆਪਣੇ ਰਾਜ ਨੂੰ ਪੱਕਾ ਕਰਨ ਅਤੇ ਫੈਲਾਉਣ ਖਾਤਰ ਉਸ ਨੇ ਆਪਣੀ ਸੱਸ ਰਾਣੀ ਸਦਾ ਕੌਰ ਨਾਲ ਸਮਝੌਤਾ ਕੀਤਾ। ਫਤਹਿ ਸਿੰਘ ਆਹਲੂਵਾਲੀਆ ਨਾਲ ਪੱਗ ਵਟਾਈ। ਸੰਨ 1809 ਵਿਚ ਅੰਗਰੇਜ਼ਾਂ ਨਾਲ ਸੰਧੀ ਕੀਤੀ। ਉਸ ਦੀ ਦੂਰਅੰਦੇਸ਼ੀ ਤੇ ਪਾਰਖੂ ਅੱਖ ਦਾ ਕਮਾਲ ਵੇਖੋ ਕਿ ਉਸ ਨੇ ਜ਼ਮਾਨੇ ਭਰ ਦਾ ਟੇਲੈਂਟ ਆਪਣੇ ਦਰਬਾਰ ਅਤੇ ਫੌਜ ਵਿਚ ਭਰਤੀ ਕੀਤਾ, ਜਿਨ੍ਹਾਂ ਵਿਚ ਦੀਵਾਨ ਮੋਹਕਮ ਚੰਦ, ਫਕੀਰ ਅਜੀਜ਼ੂਦੀਨ, ਹਰੀ ਸਿੰਘ ਨਲਵਾ, ਮਿਸਰ ਦੀਵਾਨ ਚੰਦ, ਰਾਜਾ ਧਿਆਨ ਸਿੰਘ, ਜਨਰਲ ਵੈਨਤੂਰਾ ਆਦਿ ਸ਼ਾਮਿਲ ਸਨ। ਜਿਨ੍ਹਾਂ ਵਿਰੋਧੀ ਹਾਲਤਾਂ ਵਿਚ ਉਸ ਨੇ ਮਹਾਨ ਸਿੱਖ ਰਾਜ ਕਾਇਮ ਕੀਤਾ, ਇਹ ਉਸ ਦੀ ਨੀਤੀ ਅਤੇ ਦੂਰਅੰਦੇਸ਼ੀ ਦਾ ਕਮਾਲ ਸੀ। ਵਿੱਦਿਆ ਪ੍ਰਾਪਤ ਨਾ ਕਰ ਸਕਣ ਦੀ ਘਾਟ ਨੂੰ ਉਸ ਨੇ ਭਲੀਭਾਂਤ ਮਹਿਸੂਸ ਕੀਤਾ। ਉਹ ਸਮਝਦਾ ਸੀ ਕਿ ਸਫਲ ਰਾਜ ਅਤੇ ਸਫਲ ਰਾਜੇ ਲਈ ਵਿੱਦਿਆ ਦੇ ਗਿਆਨ ਦਾ ਹੋਣਾ ਅਤਿ ਜ਼ਰੂਰੀ ਹੈ । ਇਸ ਲਈ ਉਸ ਨੇ ਬੱਚਿਆਂ ਦੀ ਸਿੱਖਿਆ ਦੇ ਪ੍ਰਬੰਧ ਲਈ ਪਾਠਸ਼ਾਲਾਵਾਂ, ਮਦਰੱਸਿਆਂ ਅਤੇ ਧਾਰਮਿਕ ਅਦਾਰਿਆਂ ਨੂੰ ਖੁੱਲ੍ਹ ਕੇ ਦਾਨ ਦਿੱਤਾ ਅਤੇ ਉਨ੍ਹਾਂ ਦੇ ਨਾਂਅ ਜਗੀਰਾਂ ਲਵਾਈਆਂ।ਉਹ ਅੰਗਰੇਜ਼ੀ ਵਿੱਦਿਆ ਦੇ ਪ੍ਰਬੰਧ ਦਾ ਵੀ ਇੱਛਾਵਾਨ ਸੀ। ਉਸ ਦੇ ਦਰਬਾਰ ਵਿਚ ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਸ਼ਾਹ ਮੁਹੰਮਦ, ਗਣੇਸ਼ ਦਾਸ ਵਰਗੇ ਵਿਦਵਾਨ ਮੌਜੂਦ ਸਨ। ਦੀਵਾਨ ਅਮਰਨਾਥ ਦਾ ‘ਜ਼ਫਰਨਾਮਾ’, ਮੁਨਸ਼ੀ ਸੋਹਣ ਲਾਲ ਦੀ ‘ਉਮਦਤ-ਉਤ-ਤਵਾਰੀਖ’ ਅਤੇ ਸ਼ਾਹ ਮੁਹੰਮਦ ਦਾ ‘ਜੰਗਨਾਮਾ’ ਵਰਨਣਯੋਗ ਕਿਰਤਾਂ ਹਨ। ਪਰਜਾ ਦੇ ਹਿਤਾਂ ਤੋਂ ਸਰਦਾਰਾਂ ਅਤੇ ਜਰਨੈਲਾਂ ਦੇ ਹਿਤਾਂ ਨੂੰ ਕੁਰਬਾਨ ਕਰ ਦਿੰਦਾ ਸੀ। ਰਾਜ ਵਿਚ ਭੇਸ ਵਟਾ ਕੇ ਫਿਰਦਾ ਸੀ ਤਾਂ ਕਿ ਜਨਤਾ ਦੀਆਂ ਮੁਸ਼ਕਿਲਾਂ ਅਤੇ ਉਸ ਦੇ ਰਾਜ ਪ੍ਰਬੰਧ ਪ੍ਰਤੀ ਜਨਤਕ ਰਾਏ ਦਾ ਪਤਾ ਚੱਲ ਸਕੇ। ਸੰਨ 1833 ਵਿਚ ਕਸ਼ਮੀਰ ਵਿਚ ਕਾਲ ਪੈਣ ‘ਤੇ ਜਦੋਂ ਜਮਾਂਦਾਰ ਖੁਸ਼ਹਾਲ ਸਿੰਘ ਨੇ ਯੋਗ ਪ੍ਰਬੰਧ ਨਾ ਕੀਤੇ ਤਾਂ ਉਨ੍ਹਾਂ ਉਸ ਨੂੰ ਇਕ ਮਹੀਨਾ ਮੂੰਹ ਨਾ ਲਾਇਆ।
ਸੰਨ 1835 ਦੇ ਕਾਲ ਸਮੇਂ ਰਾਜ ਦੇ ਖਜ਼ਾਨੇ ਜਨਤਾ ਲਈ ਖੋਲ੍ਹ ਦਿੱਤੇ। ਕਿਸਾਨਾਂ ਨੂੰ ਮੁਫਤ ਬੀਜ ਵੰਡਿਆ। ਮਹਾਰਾਜਾ ਦੇ ਅਸੀਮ ਅਤੇ ਉੱਚਤਮ ਨਿੱਜੀ ਗੁਣਾਂ ਤੋਂ ਪਤਾ ਚਲਦਾ ਹੈ ਕਿ ਉਹ ਇਕ ਜਮਾਂਦਰੂ ਸ਼ਾਸਕ ਸਨ। ਸਿੱਖ ਕੌਮ ਅੰਦਰ ਸ਼ਾਸਕੀ ਪ੍ਰਤਿਭਾ ਨੂੰ ਉਚਾਈਆਂ 'ਤੇ ਪਹੁੰਚਾਉਣ, ਅੰਗਰੇਜ਼, ਫਰਾਂਸੀਸੀ, ਰੂਸੀ ਕੌਮਾਂ ਮੁਕਾਬਲੇ ਇਕ ਤਾਕਤਵਰ ਸਿੱਖ ਰਾਜ ਸਥਾਪਿਤ ਕਰਨ ਲਈ ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਬਘੇਲ ਸਿੰਘ ਧਾਲੀਵਾਲ
Comments (0)