ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਰੁਮਾਂਸ ਭਰਪੂਰ ਸੰਗੀਤਕ ਫ਼ਿਲਮ ‘ਕਲੀ ਜੋੋਟਾ’
ਪੜੀ ਲਿਖੀ, ਨੌਕਰੀਪੇਸ਼ਾ ਔਰਤ ਦੇ ਮਾਨਸਿਕ ਤਣਾਓ ‘ਚ ਉਲਝੇ ਪਿਆਰ ਦੀ ਹਕੀਕਤ
ਹਾਸੇ ਮਜ਼ਾਕ ਅਤੇ ਗੀਤ ਸੰਗੀਤ ਦੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਤੋਂ ਪਾਸੇ ਹਟਕੇ ਹੁਣ ਇੱਕ ਰੁਮਾਂਟਿਕ ਤੇ ਸੰਗੀਤਕ ਫ਼ਿਲਮ ਵੇਖਣ ਨੂੰ ਮਿਲੇਗੀ ਜਿਸ ਵਿੱਚ ਪਿਆਰ ਦੇ ਨਾਲ ਨਾਲ ਔਰਤ ਦੀਆਂ ਭਾਵਨਾਂਵਾ, ਮਾਨਸਿਕਤਾ ਅਤੇ ਸਮਾਜ ਦੇ ਦੋਗਲੇ ਚਿਹਰਿਆਂ ਦੀ ਵੀ ਗੱਲ ਹੋਵੇਗੀ। ਔਰਤ ਦੇ ਸਤਿਕਾਰ ਅਤੇ ਭਾਵਨਾਵਾਂ ਦੀ ਕਦਰ ਕਰਨ ਦਾ ਸੰਦੇਸ਼ ਦਿੰਦੀ ਇਹ ਮਿਆਰੀ ਫ਼ਿਲਮ ਹੈ ‘ਕਲੀ ਜੋਟਾ ’। ਸਿੱਧੇ ਸ਼ਬਦਾਂ ਵਿੱਚ ‘ਕਲੀ -ਜੋਟਾ’ ਇੱਕ ਪੜੀ ਲਿਖੀ, ਨੌਕਰੀਪੇਸ਼ਾ ਔਰਤ ਦੇ ਮਾਨਸਿਕ ਤਣਾਓ ‘ਚ ਉਲਝੇ ਪਿਆਰ ਦੀ ਹਕੀਕਤ ਹੈ। ਹਸੂੰ ਹਸੂੰ ਕਰਦੇ ਚੁਲਬੁਲੇ ਸੁਭਾਓ ਦੀ ਮਲਿਕਾ ਰਾਬੀਆ ਜਿਸ ਤੋਂ ਕਿਸੇ ਵੇਲੇ ਫੁੱਲ, ਭੌਰੇ ਹਾਸੇ ਉਧਾਰੇ ਮੰਗਦੇ ਸੀ ਅੱਜ ਕਿਸੇ ਹਾਦਸੇ ਨੂੰ ਦਿਲ ‘ਤੇ ਲਾਈ ਘੋਰ ਉਦਾਸੀ ਦੇ ਆਲਮ ਵਿੱਚ ਡੁੁੱਬੀ ਬੈਠੀ ਹੈ। ਇਸ ਫ਼ਿਲਮ ਵਿੱਚ ਰਾਬੀਆ ਦਾ ਕਿਰਦਾਰ ਨੀਰੂ ਬਾਜਵਾ ਨੇ ਨਿਭਾਇਆ ਹੈ ਜੋ ਉਸਦੀਆਂ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਬਹੁਤ ਹੀ ਹਟਕੇ ਅਤੇ ਚਣੌਤੀ ਭਰਿਆ ਹੈ। ‘ਰਾਬੀਆ’ ਆਪਣੀ ਜ਼ਿੰਦਗੀ ਮਰਜ਼ੀ ਨਾਲ ਜਿਊਣ ਦੀ ਇਛੁੱਕ ਹੈ। ਉਸਦੇ ਸੁਪਨੇ ਵੱਡੇ ਹਨ, ਉਸ ਕੋਲ ਹੌਸਲਾ ਹੈ, ਲਗਨ ਹੈ, ਇੱਕ ਜਨੂੰਨ ਹੈ। ਦੀਦਾਰ (ਸਤਿੰਦਰ ਸਰਤਾਜ ) ਉਸਦਾ ਦਾ ਪਹਿਲਾ ਤੇ ਆਖਰੀ ਪਿਆਰ ਹੈ, ਜਿਸਦੇ ਖਿਆਲਾਂ ਵਿੱਚ ਉਹ ਸਾਰਾ ਦਿਨ ਗੁਆਚੀ ਰਹਿੰਦੀ ਹੈ। ਆਜ਼ਾਦ ਪੰਛੀ ਵਾਂਗ ਖੁੱਲ੍ਹੇ ਅਸਮਾਨ ‘ਤੇ ਉਡਾਰੀਆਂ ਮਾਰਦੀ ਰਾਬੀਆ ‘ਤੇ ਜਦ ਬਾਜ਼ ਦੀ ਝਪਟ ਪੈਂਦੀ ਹੈ ਤਾਂ ਉਸਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਜੰਗ ਦੇ ਮੈਦਾਨ ਵਿੱਚ ਅਪਾਹਜ ਹੋਏ ਯੋਧੇ ਵਾਂਗ ਉਸਦੇ ਸੁਪਨੇ ਇੱਕ ਸਦਮਾ ਬਣ ਜਾਂਦੇ ਹਨ। ਉਹ ਅੰਦਰੋਂ ਅੰਦਰ ਟੁੱਟ ਕੇ ਰਹਿ ਜਾਂਦੀ ਹੈ। ਸਤਿੰਦਰ ਸਰਤਾਜ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਰੁਮਾਂਟਿਕ ਤੇ ਭਾਵਨਾਤੁਮਕ ਅੰਦਾਜ ਵਿੱਚ ਨਿਭਾਇਆ ਹੈ ਜੋ ਉਸਦੀ ਸਖ਼ਸ਼ੀਅਤ ਨੂੰ ਨਿਖਾਂਰਦਾ ਹੈ। ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੋਵੇਗੀ।
ਸਤਿੰਦਰ ਸਰਤਾਜ ਦੀ 2020 ਵਿੱਚ ਆਈ ਫ਼ਿਲਮ ‘ ਇੱਕੋ-ਮਿੱਕੇ’ ਵਾਂਗ ਉਸਦੀ ਇਹ ਨਵੀਂ ਫ਼ਿਲਮ ਵੀ ਸਾਡੇ ਸਮਾਜ ਦਾ ਹਿੱਸਾ ਹੈ ਜਿਸਨੂੰ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਆਪਣੀ ਤੀਖਣ ਬੁਧੀ ਨਾਲ ਪਰਦੇ ‘ਤੇ ਉਤਾਰਿਆ ਹੈ। ਲੇਖਿਕਾ ਹਰਿੰਦਰ ਕੌਰ ਨੇ ਆਪਣੀ ਇਸ ਕਹਾਣੀ ਵਿੱਚ ਔਰਤ ਦੀ ਆਜ਼ਾਦੀ ਅਤੇ ਸਮਾਜ ਦੇ ਹਵਸ਼ੀ ਚਿਹਰਿਆਂ ਨੂੰ ਪਰਦੇ ‘ਤੇ ਉਤਾਰਣ ਦਾ ਯਤਨ ਕੀਤਾ ਹੈ। ਉਸਨੇ ਔਰਤ ਦੇ ਹੱਕ ਸੱਚ ਦੀ ਗੱਲ ਕੀਤੀ ਹੈ। ਸਮਾਜਿਕ ਵਿਸ਼ੇ ਦੇ ਨਾਲ ਨਾਲ ਇਸ ਫ਼ਿਲਮ ਵਿੱਚ ਰੁਮਾਂਸ, ਸੰਗੀਤ ਅਤੇ ਹਾਸਾ ਵੀ ਹੈ ਜੋ ਫ਼ਿਲਮ ਦੇ ਮੁੱਢਲੇ ਦੌਰ ਦਾ ਹਿੱਸਾ ਹੈ। ਇਸ ਫ਼ਿਲਮ ਦੇ ਗੀਤ ਵੀ ਬਹੁਤ ਵਧੀਆ ਹਨ ਜਿੰਨਾਂ ਨੂੰ ਸਤਿੰਦਰ ਸਰਤਾਜ,ਸੁਨਿੱਧੀ ਚੌਹਾਨ ਤੇ ਰਜ਼ਾ ਹੀਰ ਨੇ ਗਾਇਆ ਹੈ। ਇੰਨ੍ਹਾ ਗੀਤਾਂ ਨੂੰ ਸਤਿੰਦਰ ਸਰਤਾਜ, ਹਰਿੰਦਰ ਕੌਰ ਤੇ ਅੰਬਰ ਨੇ ਲਿਖਿਆ ਹੈ। ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਵਿੱਚ ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ, ਵਾਮਿਕਾ ਗੱਬੀ, ਪ੍ਰਿੰਸ਼ ਕੰਵਲਜੀਤ ਸਿੰਘ, ਪ੍ਰਭ ਗਰੇਵਾਲ, ਹਰਫ਼ ਚੀਮਾ, ਨਿਕਿਤਾ ਗਰੋਵਰ, ਸੁਖਵਿੰਦਰ ਚਾਹਲ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਸੀ ਜੇ ਸਿੰਘ ਤੇ ਸ਼ਮਿੰਦਰ ਵਿੱਕੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਹਰੇਕ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਪੂਰੀ ਰੂਹ ਨਾਲ ਨਿਭਾਇਆ ਹੈ। ਇਸ ਫ਼ਿਲਮ ਦਾ ਨਿਰਮਾਣ ਸੰਨੀ ਰਾਜ, ਅਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ ਥੀਟੇ ਵਲੋਂ ਕੀਤਾ ਗਿਆ ਹੈ। ਯੂ ਐਂਡ ਆਈ ਫ਼ਿਲਮਜ਼ ਦੇ ਬੈਨਰ ਹੇਠ ਨੀਰੂ ਬਾਜਵਾ ਇੰਟਰਟੇਂਨਮੈਂਟ ਦੀ ਪੇਸ਼ਕਸ਼ ਇਹ ਫ਼ਿਲਮ 3 ਫਰਵਰੀ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। ਆਸ ਹੈ ਕਿ ਨਿਵੇਕਲੇ। ਵਿਸ਼ੇ ਦੀ ਇਹ ਫ਼ਿਲਮ ਪੰਜਾਬੀ ਸਿਨਮਾ ਦੀ ਇੱਕ ਬੇਹਤਰੀਨ ਫ਼ਿਲਮ ਸਾਬਤ ਹੋਵੇਗੀ।
ਸੁਰਜੀਤ ਜੱਸਲ
9814607737
Comments (0)