ਜਾਗਦੀਆਂ ਜ਼ਮੀਰਾਂ ਵਾਲੇ ਸਿੱਖ ਯੋਧੇ 

ਜਾਗਦੀਆਂ ਜ਼ਮੀਰਾਂ ਵਾਲੇ ਸਿੱਖ ਯੋਧੇ 

* ਪਾਰਟੀ ਰਾਜ ਕਰਨ ਲਈ ਸਿਆਸਤ ਕਰਦੀ ਹੈ ।          

 ਸਰਬਜੀਤ ਕੌਰ ਸਰਬ

ਸਮੇਂ ਦੇ ਹਾਲਾਤ ਸਿੱਖੀ ਨੂੰ ਦੋ ਫਾੜ ਕਰਨ ਵਾਲੇ ਹਨ, ਜਿਸ ਵਿੱਚ ਇੱਕ ਪਾਸੇ ਸਿਆਸੀ ਲੋਕ ਅਤੇ ਦੂਜੇ ਪਾਸੇ ਕੌਮ ਨੂੰ ਬਚਾਉਣ ਵਾਲੇ ਯੋਧੇ ਸ਼ਾਮਿਲ ਹਨ । ਹਾਲਾਤਾਂ ਨੂੰ ਜੇਕਰ ਡੂੰਘਾਈ ਵਿੱਚ ਦੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਸਿਆਸੀ ਲੋਕਾਂ ਦਾ ਪੱਲੜਾ ਭਾਰੀ ਹੈ ਜੋ ਆਮ ਲੋਕਾਂ ਨੂੰ ਭਰਮਾਉਣ ਵਿੱਚ ਜਲਦੀ ਸਫ਼ਲਤਾ ਹਾਸਲ ਕਰਦੇ ਹਨ ਕਿਉਂ ਕਿ ਉਨ੍ਹਾਂ ਦੇ ਬੋਲਾਂ ਵਿੱਚ ਜ਼ਿਆਦਾਤਰ ਝੂਠ ਹੀ ਹੁੰਦਾ ਹੈ ਤੇ ਉਸੇ ਝੂਠ ਦੇ ਜ਼ਰੀਏ ਉਹ ਲੋਕਾਂ ਨੂੰ ਸੁਪਨਿਆਂ ਦਾ ਮਹਿਲ ਦੇ ਦਿੰਦੇ ਹਨ ਤੇ ਉਸੇ ਮਹਿਲ ਦੇ ਸੁਪਨਿਆਂ ਵਿੱਚ ਸਾਡੇ ਆਮ ਲੋਕ ਵੋਟ ਪਾ ਦਿੰਦੇ ਹਨ । ਦੂਜੇ ਪਾਸੇ ਸਾਡੇ ਜਾਗਦੀਆਂ ਜ਼ਮੀਰਾਂ ਵਾਲੇ ਉਹ ਸਿੱਖ ਯੋਧੇ ਹਨ ਜੋ ਆਪਣੀ ਸਿੱਖ ਕੌਮ ਦੇ ਲਈ ਕੁਝ ਨਾ ਕੁਝ ਕਰਨ ਨੂੰ ਸਦਾ ਲੋਚਦੇ ਹਨ  ਤਾਂ ਜੋ ਆਪਣੀ ਸਿੱਖ ਕੌਮ ਦੇ ਇਤਿਹਾਸ ਨੂੰ ਜ਼ਿੰਦਾ ਰੱਖ ਕੇ ਸੂਰਬੀਰਤਾ ਦੇ ਸੰਕਲਪ ਨੂੰ  ਲੋਕ ਮਨਾਂ ਦਾ ਹਿੱਸਾ ਬਣਾਇਆ ਜਾ ਸਕੇ ।

 ਅਸਲ 'ਚ ਇਸ ਸੋਚ ਵਾਲੇ ਹੀ ਹਰੀ ਸਿੰਘ ਨਲੂਏ ਦੇ ਵਾਰਿਸ ਅਖਵਾਉਂਦੇ ਹਨ ਤੇ ਇਸ ਸੋਚ ਦੇ ਧਾਰਨੀ ਇਨ੍ਹਾਂ ਕੌਮੀ ਯੋਧਿਆਂ ਵਿਚ ਪਹਿਲੇ ਯੋਧੇ ਉਹ ਹਨ ਜਿਨ੍ਹਾਂ ਨੂੰ ਅੱਜ ਅਸੀਂ ਬੰਦੀ ਸਿੰਘ ਆਖਦੇ ਹਨ ।ਸਾਡੀ ਸਭ ਦੀ ਸੋਚ ਵਿੱਚ ਪਹਿਲਾਂ ਇਹ ਹੀ ਸ਼ਬਦ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਯੋਧਿਆਂ ਨੇ ਅਜਿਹਾ ਕੀ ਕੀਤਾ ਸੀ ਕਿ ਇਨ੍ਹਾਂ ਨੂੰ ਸਰਕਾਰਾਂ ਨੇ ਜੇਲ੍ਹਾਂ ਵਿੱਚ ਧੱਕ ਦਿੱਤਾ ? ਬੇਸ਼ੱਕ ਕੁਝ ਲੋਕਾਂ ਦੀ ਮਾਨਸਿਕਤਾ ਇੱਥੋਂ ਤਕ ਦੀ ਹੁੰਦੀ ਹੈ ਕਿ ਇਨ੍ਹਾਂ ਨੇ ਦੇਸ਼ ਧ੍ਰੋਹੀ ਦਾ ਕੰਮ ਕੀਤਾ ਹੈ ਜਾਂ ਮਾਸੂਮ ਲੋਕਾਂ ਦੀ ਹੱਤਿਆ ਕੀਤੀ ਹੈ ਪਰ ਜੇਕਰ ਥੋੜ੍ਹਾ ਡੂੰਘਾਈ ਵਿੱਚ ਜਾਈਏ ਤਾਂ ਪਤਾ ਚਲਦਾ ਹੈ ਕਿ  ਸਮੇਂ ਦੇ ਉਹ ਹਾਲਾਤ ਤੇ ਉਹ ਦਰਦ ਜਿਨ੍ਹਾਂ ਨੇ ਇਨ੍ਹਾਂ ਯੋਧਿਆਂ ਨੂੰ ਅਜਿਹਾ ਕੰਮ ਕਰਨ ਦੇ ਲਈ ਮਜਬੂਰ ਕਰ ਦਿੱਤਾ ਸੀ । ਜੇਕਰ ਅਸੀਂ ਆਪਣੀ ਸਿੱਖ ਕੌਮ ਨਾਲ ਪਿਆਰ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਉਸ ਸਮੇਂ ਵਿੱਚ ਜਾ ਕੇ ਸੋਚਣਾ ਚਾਹੀਦਾ ਹੈ ਕਿ ਜੇਕਰ ਅਸੀਂ ਇਨ੍ਹਾਂ ਯੋਧਿਆਂ ਦੀ ਜਗ੍ਹਾ ਹੁੰਦੇ ਤਾਂ ਅਸੀਂ ਕੀ ਕਰਦੇ ! ਸਿੱਖ ਕੌਮ ਨਾਲ ਗੱਦਾਰੀ ਕਰਨ ਵਾਲੇ ਤੇ ਸਿੱਖੀ ਦੇ ਭੇਸ ਵਿਚ ਉਹ ਲੋਕ ਜੋ ਸਾਡੀ ਕੌਮ ਨੂੰ ਘੁਣ ਦੇ ਵਾਂਗ ਹੀ ਖਾ ਰਹੇ ਹਨ ਅਜਿਹੇ ਲੋਕ ਸਿੱਖ ਭਾਈਚਾਰੇ ਵਿੱਚ ਵੰਡੀਆਂ ਪਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਹਨ ਤੇ ਨੋਜਵਾਨਾਂ ਨੂੰ ਨਸ਼ੇ ਦਾ ਜ਼ਹਿਰ ਦੇ ਕੇ ਨਿੱਤ ਮਾਰ ਰਹੇ ਹਨ। ਇਸ ਸਿਆਸੀ ਬਾਜ਼ੀ ਤੋਂ ਪਰ੍ਹਾਂ ਹਟ ਕੇ ਜੇਕਰ ਅਸੀਂ ਆਪਣੀ ਸਿੱਖ ਕੌਮ ਦੇ ਬਾਰੇ ਹੀ ਸੋਚੀਏ ਤਾਂ ਅਸੀਂ ਆਪਣੇ ਇਤਿਹਾਸ ਨੂੰ ਵੀ ਬਚਾ ਸਕਾਂਗੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਤਿਹਾਸ ਦੱਸ ਕੇ ਉਸ ਨਾਲ ਜੋੜ ਸਕਾਂਗੇ ।

ਦੂਜੇ ਉਹ ਸਿੱਖ ਯੋਧੇ ਹਨ ਜਿਨ੍ਹਾਂ ਵਿੱਚ ਸਰਦਾਰ ਜਸਪਾਲ ਸਿੰਘ ਮੰਝਪੁਰ ਜੀ ਵਰਗੇ ਵਕੀਲ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿਹੇ ਸਿੱਖ ਸਿਆਸੀ ਨੇਤਾ ਜੋ ਆਪਣੀ ਸਿੱਖ ਕੌਮ ਦੇ ਲਈ ਸਮੇਂ  ਦੀ ਹਕੂਮਤ ਨਾਲ ਲੜ ਰਹੇ ਹਨ । ਬੇਸ਼ੱਕ ਇਸ ਮਸਲੇ ਵਿਚ ਹਰ ਇਕ ਦਾ ਆਪੋ ਆਪਣਾ ਵਿਚਾਰ ਹੋਵੇਗਾ ਪਰ ਕੀਤੇ ਸੋਚ ਕੇ ਵੇਖੋ ਇਹ ਉਹ ਰੂਹਾਂ ਹਨ ਜੋ ਸਿੱਖੀ ਉੱਤੇ ਪਹਿਰਾ ਦੇ ਰਹੀਆਂ ਨੇ ਤੇ ਨੌਜਵਾਨ ਤਬਕੇ ਨੂੰ ਸਿੱਖੀ ਨਾਲ ਜੋੜ ਰਹੀਆਂ ਹਨ । ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਆਪਣੀ ਟਿੱਪਣੀ ਦਿੱਤੀ ਸੀ । ਉਨਹਾਂ ਦੀ ਟਿਪਣੀ ਦੇ ਅਜਿਹੇ ਬੋਲ ਉਹ ਹੀ ਬੋਲ ਸਕਦਾ ਹੈ ਜੋ ਆਪਣੀ ਕੌਮ ਪ੍ਰਤੀ ਦਰਦ ਰੱਖਦਾ ਹੋਵੇ ਤੇ ਭਵਿੱਖ ਲਈ ਚਿੰਤਤ ਹੋਵੇ । ਕੀ ਅਜਿਹੇ ਬੋਲ ਕਿਸੇ ਰਾਜਨੀਤਿਕ ਪਾਰਟੀ ਦੇ ਲੀਡਰ ਨੇ ਹੁਣ ਤੱਕ ਲੋਕਾਂ ਵਿਚ ਆ ਕੇ ਬੋਲੇ ਹਨ? ਸਰਦਾਰ ਜਸਪਾਲ ਸਿੰਘ ਮੰਝਪੁਰ ਜੀ ਇਕ ਅਜਿਹੇ ਵਕੀਲ ਹਨ ਜੋ ਆਪਣੇ ਕੌਮੀ ਯੋਧਿਆਂ ਲਈ ਹਕੂਮਤ ਨਾਲ ਲੜ ਰਹੇ ਹਨ ਤੇ ਸਰਕਾਰਾਂ ਨੂੰ ਸਿੱਧਾ ਸਵਾਲ ਕਰ ਰਹੇ ਹਨ । ਕੀ ਪੰਜਾਬ ਦੇ ਬਾਕੀ ਵਕੀਲ ਵੀ ਉਨ੍ਹਾਂ ਵਾਂਗ ਲੜ ਰਹੇ ਹਨ ? ਵਕੀਲ ਹੋਣ ਜਾਂ ਸਿਆਸੀ ਲੋਕ ਉਹ ਕੇਵਲ ਆਪਣਾ ਘਰ ਭਰਨ ਦੀ ਹੀ ਸੋਚ ਰੱਖਦੇ ਹਨ । ਪਰ ਇਹ ਉਹ ਰੂਹਾਂ ਨੇ ਜੋ ਕੌਮ ਦਾ ਦਰਦ ਰੱਖਦੀਆਂ ਹਨ । ਇਨ੍ਹਾਂ ਰੂਹਾਂ ਤੋਂ ਇਲਾਵਾ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਰੂਹਾਂ ਹਨ ਜੋ ਸਿੱਖ ਕੌਮ ਦੇ ਲਈ  ਦਿਨ ਰਾਤ ਕੰਮ ਕਰ ਰਹੀਆਂ ਹਨ । ਸਾਡੀ ਤ੍ਰਾਸਦੀ ਹੈ ਕਿ ਵਰਤਮਾਨ ਸਮਾਜ ਲਈ ਇਕ ਅਜਿਹਾ ਸਮਾਂ ਹੈ ਜਿਸ ਵਿਚ ਸਾਨੂੰ ਆਪਣੀ ਰੋਟੀ ਰੋਜ਼ੀ ਦਾ ਫਿਕਰ ਸਭ ਤੋਂ ਵੱਧ ਹੈ, ਹਰ ਇਕ ਇਨਸਾਨ ਇਹ ਹੀ ਸੋਚਦਾ ਹੈ ਕਿ ਉਸ ਦੀ ਜ਼ਿੰਦਗੀ ਆਰਾਮ ਨਾਲ ਨਿਕਲੇ । ਇਸੇ ਚੱਕਰ ਦੇ ਵਿੱਚ ਅਸੀਂ ਧਨ ਇਕੱਠਾ ਕਰ ਰਹੇ ਹਾਂ ਤੇ ਬਹੁਤੇ ਲੋਕ ਆਪਣੀਆਂ ਜ਼ਮੀਰਾਂ ਮਾਰ ਕੇ ਮਹਿਲਾਂ ਦੀ ਉਸਾਰੀ ਕਰ ਰਹੇ ਹਨ ।ਅਜੋਕੇ ਸਮੇਂ ਵਿੱਚ ਇਹ ਕੋਈ ਨਹੀਂ ਸੋਚਦਾ ਕਿ ਜਿਸ ਕੌਮ ਵਿੱਚ ਅਸੀਂ ਜਨਮ ਲਿਆ ਹੈ ਉਸ ਪ੍ਰਤੀ ਵੀ ਸਾਡੇ ਕੁਝ ਫਰਜ਼ ਹਨ ।

ਪਿਛਲੇ ਦਿਨਾਂ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਉੱਪਰ ਲਿਆਉਣ ਦੀ ਗੱਲ ਕਰ ਰਹੀਆਂ ਹਨ ਜੇਕਰ ਉਨ੍ਹਾਂ ਦੇ ਲੀਡਰ ਹੀ ਆਪਣੀਆਂ ਪਾਰਟੀਆਂ ਨਾਲ ਗਦਾਰੀ ਕਰਨ ਤਾਂ ਉਹ ਪੰਜਾਬ ਦਾ ਭਲਾ ਕਿੱਥੋਂ ਕਰਨਗੇ ? ਜਿਨ੍ਹਾਂ ਲੋਕਾਂ ਦਾ ਆਪਣਾ ਕੋਈ ਜ਼ਮੀਰ ਨਹੀਂ ਹੈ ਉਹ ਦੂਜਿਆਂ ਨੂੰ ਕੀ ਸਿਖਾਉਣਗੇ ? ਜੇਕਰ ਪੰਜਾਬ ਲਈ ਕੁਝ ਕਰਨਾ ਤਾਂ ਪਹਿਲਾਂ ਪਾਰਟੀਬਾਜ਼ੀ ਤੋਂ ਉੱਪਰ ਉੱਠਣਾ ਪੈਣਾ ਹੈ । ਜੇਕਰ ਕਿਸੇ ਪਾਰਟੀ ਨਾਲ ਸਬੰਧ ਰੱਖਣਾ ਵੀ ਹੈ ਤਾਂ ਸਭ ਤੋਂ ਪਹਿਲਾਂ ਉਸ ਪਾਰਟੀ ਦੇ ਅਸਲ ਮਨਸੂਬੇ ਵਿਚ ਸਿੱਖੀ ਲਈ ਪਿਆਰ ਹੋਣਾ ਜ਼ਰੂਰੀ ਹੈ ਤਾ ਜੋ ਮਜ਼ਲੂਮਾਂ ਦੀ ਭਲਾਈ ਦੇ ਨਾਲ ਧਰਮ ਤੇ ਇਤਿਹਾਸ 'ਤੇ ਵੀ ਪਹਿਰਾ ਦਿੱਤਾ ਜਾ ਸਕੇ। ਅਜ ਧਰਮ ਦੀ ਰੱਖਵਾਲੀ ਕਰਨ ਵਾਲਿਆ ਦੀ ਜ਼ਮੀਰ ਉਨ੍ਹਾਂ ਨਾਲ ਨਹੀਂ ਹੈ।  ਹਰ ਇਕ ਪਾਰਟੀ ਰਾਜ ਕਰਨ ਲਈ ਸਿਆਸਤ ਕਰਦੀ ਹੈ ਅਜਿਹੀ ਸੋਚ ਦੀ ਸਿਆਸਤ ਨੂੰ ਪਹਿਲਾ ਖਤਮ ਕੀਤਾ ਜਾਵੈ ਇਹ ਤਾਂ ਹੀ ਹੋ ਸਕਦਾ ਜੇਕਰ ਅਸੀ ਆਪਣੀ ਕੌਮ ਪ੍ਰਤੀ ਸਮਰਪਿਤ ਹੋਵਾਗੇ।