ਅਮਰੀਕਾ ਦੇ ਜਿਆਦਾਤਰ ਰਾਜਾਂ 'ਚ ਕੋਵਿਡ ਮਾਮਲਿਆਂ ਵਿਚ ਹਾਲਾਤ ਸਥਿਰ ਹੋਏ

ਅਮਰੀਕਾ ਦੇ ਜਿਆਦਾਤਰ ਰਾਜਾਂ  'ਚ ਕੋਵਿਡ ਮਾਮਲਿਆਂ ਵਿਚ ਹਾਲਾਤ ਸਥਿਰ ਹੋਏ

*ਕੁਝ ਖੇਤਰਾਂ ਵਿਚ ਹਸਪਤਾਲਾਂ ਦੇ ਆਈ ਸੀ ਯੂ ਪੂਰੀ ਤਰਾਂ ਭਰੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)  ਅਮਰੀਕਾ ਦੇ  ਉਨ੍ਹਾਂ ਰਾਜਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿਨ੍ਹਾਂ ਵਿਚ ਕੋਵਿਡ ਮਾਮਲੇ ਸਥਿੱਰ ਹਨ ਜਾਂ ਘਟੇ ਹਨ। ਜਨਵਰੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜੀ ਨਾਲ ਵਾਧਾ ਹੋਇਆ ਪੰਰਤੂ ਜੌਹਨ ਹੋਪਕਿਨਜ ਯੁਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਹਫਤੇ ਜਿਆਦਾਤਰ ਰਾਜਾਂ ਵਿਚ ਕੋਵਿਡ ਮਾਮਲਿਆਂ ਵਿਚ ਖੜੋਤ ਆ ਗਈ ਹੈ ਜਾਂ  ਘਟ ਗਏ ਹਨ ਪਰੰਤੂ ਇਸ ਦੇ ਨਾਲ ਹੀ ਅਮਰੀਕਾ ਦੇ ਕੁਝ ਖੇਤਰਾਂ ਵਿਚ ਕੋਵਿਡ-19 ਦੇ ਓਮੀਕਰੋਨ ਰੂਪ ਕਾਰਨ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ  ਹਸਪਤਾਲਾਂ 'ਤੇ ਦਬਾਅ ਵਧ ਗਿਆ ਹੈ ਤੇ ਹਸਪਤਾਲਾਂ ਵਿਚ ਆਈ ਸੀ ਯੂ ਪੂਰੀ ਤਰਾਂ ਭਰ ਚੁੱਕੇ ਹਨ। ਸਟਾਫ ਦੀ  ਘਾਟ ਕਾਰਨ ਵੀ ਹਸਪਤਾਲਾਂ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਯੁਨੀਵਰਸਿਟੀ ਆਫ ਮਿਸੌਰੀ ਹੈਲਥ ਕੇਅਰ ਦੇ ਮੁੱਖੀ ਡਾ ਲੌਰਾ ਹੀਸਮਨ ਨੇ ਕਿਹਾ ਹੈ ਕਿ ''ਜੋ ਕੁਝ ਸਮਾਜ ਵਿਚ ਵਾਪਰ ਰਿਹਾ ਹੈ ਉਸ ਨੂੰ ਵੇਖਦਿਆਂ ਹਸਪਤਾਲਾਂ ਦੇ ਪ੍ਰਬੰਧ ਨਾ ਕਾਫੀ ਹਨ। ਜੇਕਰ ਅੱਜ ਮੈਨੂੰ ਕੋਵਿਡ-19 ਹੋ ਜਾਵੇ ਤਾਂ ਮੈਨੂੰ ਹਸਪਤਾਲ ਦਾਖਲ ਹੋਣ ਲਈ ਇਕ ਜਾਂ ਦੋ ਹਫਤਿਆਂ ਦੀ ਉਡੀਕ ਕਰਨੀ ਪਵੇਗੀ।'' ਅਲਾਬਾਮਾ ਵਿਚ ਪਿਛਲੇ ਹਫਤੇ ਮਾਮਲੇ ਦੁੱਗਣੇ ਹੋ ਗਏ ਹਨ, ਆਈ ਸੀ ਯੂ ਖਾਲੀ ਨਹੀਂ ਹਨ। ਇਸ ਤੋਂ ਇਲਾਵਾ ਕੋਵਿਡ-19 ਤੋਂ ਪ੍ਰਭਾਵਿਤ ਮੈਡੀਕਲ ਸਟਾਫ ਦੀ ਵਧੀ ਗਿਣਤੀ ਕਾਰਨ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਮੌਂਟਗੋਮਰੀ ਵਿਚ ਪਲਮੋਨਾਲੋਜਿਸਟ ਡਾ ਡੇਵਿਡ ਥਰੈਸ਼ਰ ਨੇ ਕੋਵਿਡ-19 ਦੇ ਮੌਜੂਦਾ  ਹਾਲਾਤ ਉਪਰ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸਾਡੇ ਆਈ ਸੀ ਯੂ ਭਰੇ ਹੋਏ ਹਨ ਤੇ ਅਸੀਂ ਬਹੁਤ ਹੀ ਬੁਰੇ ਹਾਲਾਤ ਵਿਚ ਹਾਂ।