ਧਰਮ ਤੇ ਜਾਤੀਵਾਦ ਤੋਂ ਉਪਰ ਉੱਠ ਕੇ ਜਿੱਤਿਆ ਕਿਸਾਨੀ ਸੰਘਰਸ਼
ਸਰਬਜੀਤ ਕੌਰ ਸਰਬ
"ਧਰਮ" ਉਹ ਰਾਹ ਜਿਸ ਉੱਤੇ ਚੱਲ ਕੇ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪ੍ਰਮਾਤਮਾ ਨੂੰ ਪਾਉਂਦਾ ਹੈ । ਕੋਈ ਵੀ ਧਰਮ ਵੈਰ ਵਿਰੋਧ ਕਰਨਾ ਨਹੀਂ ਸਿਖਾਉਂਦਾ ਅਤੇ ਨਾ ਹੀ ਕਿਸੇ ਨੂੰ ਬੁਰਾ ਆਖਦਾ ਹੈ । ਇਸ ਧਰਤੀ ਉੱਤੇ ਜੋ ਜਾਤ ਪਾਤ ਦਾ ਅਡੰਬਰ ਰਚਿਆ ਹੋਇਆ ਹੈ ਉਹ ਇਨਸਾਨੀ ਉਪਜ ਹੈ ਨਾ ਕਿ ਪ੍ਰਮਾਤਮਾ ਦੁਆਰਾ ਪਾਈ ਗਈ ਵੰਡੀ। ਇਨਸਾਨ ਆਪਣੀ ਚੰਗੀ ਮਾੜੀ ਸੋਚ ਦੇ ਰਾਹੀਂ ਹੀ ਜ਼ਿੰਦਗੀ ਜਿਊਂਦਾ ਹੈ । ਕੁਦਰਤ ਉਸ ਨੂੰ ਕਦੇ ਵੀ ਬੁਰੇ ਰਾਹੇ ਨਹੀਂ ਪਾਉਂਦੇ । ਇਨਸਾਨ ਦੀਆਂ ਲੋੜਾਂ ਅਤੇ ਉਸ ਦੀਆਂ ਲਾਲਸਾਵਾਂ ਹੀ ਉਸ ਦੇ ਕਿਰਦਾਰ ਨੂੰ ਬਣਾਉਂਦੀਆਂ ਹਨ ਪਰ ਜਦੋਂ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਤਦ ਇਹ ਇੱਕ ਸਾਂਝੀ ਵਾਲਤਾ ਦੇ ਕਿਰਦਾਰ ਵਜੋਂ ਸਾਹਮਣੇ ਆਉਂਦਾ ਹੈ ।ਧਰਮ ਤੋਂ ਉੱਪਰ ਉੱਠ ਕੇ ਅਤੇ ਜਾਤੀਵਾਦ ਧਾਰਨਾ ਨੂੰ ਪਿੱਛੇ ਛੱਡ ਕੇ ਜਿੱਤਿਆ ਇਹ ਕਿਸਾਨੀ ਸੰਘਰਸ਼ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ । ਜਿਸ ਵਿਚ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਦਾ ਸਿਧਾਂਤ ਸ਼ਾਮਿਲ ਹੈ । ਬੇਸ਼ੱਕ ਇਸ ਸੰਘਰਸ਼ ਦੇ ਦੌਰਾਨ ਅਨੇਕਾਂ ਅਜਿਹੀਆਂ ਔਕੜਾਂ ਆਈਆਂ ਜੋ ਅਗਲੇ ਹੀ ਪਲ ਫੈਸਲਾ ਕਰਦੀਆਂ ਸਨ ਕਿ ਸ਼ਾਇਦ ਇਹ ਕਿਸਾਨੀ ਸੰਘਰਸ਼ ਖ਼ਤਮ ਹੋ ਜਾਵੇਗਾ । ਭਾਰਤੀ ਹਕੂਮਤ ਦੁਆਰਾ ਕੀਤਾ ਗਿਆ ਤਸ਼ੱਦਦ ਜਿਸ ਵਿਚ ਅਨੇਕਾਂ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਅਤੇ ਅਨੇਕਾਂ ਬੱਚਿਆਂ ਦੇ ਸਿਰ ਉਪਰੋਂ ਪਿਉ ਦਾ ਸਾਇਆ ਉੱਠ ਗਿਆ ਸੀ ਪਰ ਫੇਰ ਵੀ ਸਬਰ ਤੇ ਸਿਦਕ ਦੇ ਨਾਲ ਕਿਸਾਨ ਡਟੇ ਰਹੇ ਤੇ ਅੰਤ ਇਸ ਸੰਘਰਸ਼ ਉੱਤੇ ਜਿੱਤ ਪ੍ਰਾਪਤ ਕੀਤੀ ।
ਇਸ ਸੰਘਰਸ਼ ਦੇ ਦੌਰਾਨ ਅਨੇਕਾਂ ਅਜਿਹੀਆਂ ਰੱਬੀ ਰੂਹਾਂ ਜਿਨ੍ਹਾਂ ਨੇ ਨਿਰਸਵਾਰਥ ਇਸ ਅੰਦੋਲਨ ਵਿਚ ਲੋਕਾਂ ਦੀ ਸੇਵਾ ਕੀਤੀ । ਜਿਨ੍ਹਾਂ ਵਿੱਚੋਂ ਡਾ.ਸਵੈਮਾਨ ਸਿੰਘ ਇਕ ਹਨ , ਉਨ੍ਹਾਂ ਦੀ ਮਿਹਨਤ ਅਤੇ ਲਗਨ ਨੇ ਕਿਸਾਨਾਂ ਦਾ ਦਿਲ ਜਿੱਤ ਲਿਆ । ਇਹ ਇੱਕ ਅਜਿਹੇ ਡਾਕਟਰ ਹਨ ਜੋ ਆਮ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ । ਕਿਸਾਨੀ ਅੰਦੋਲਨ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ । ਇਨ੍ਹਾਂ ਦੇ ਜੋਸ਼ ਅਤੇ ਲਗਨ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਇਨਸਾਨ ਚਾਹੇ ਤਾਂ ਉਹ ਹਰ ਇੱਕ ਕੰਮ ਨੂੰ ਕਰ ਸਕਦਾ ਹੈ ,ਬੇਸ਼ਕ ਪੇਸ਼ੇ ਵਜੋਂ ਇਹ ਇਕ ਡਾਕਟਰ ਹਨ ਪਰ ਕਿਸਾਨੀ ਅੰਦੋਲਨ ਵਿਚ ਇਨ੍ਹਾਂ ਦੀ ਅਗਵਾਈ ਇੱਕ ਲੀਡਰ ਵਜੋਂ ਵੀ ਸੀ ਜਿਨ੍ਹਾਂ ਨੇ ਨੌਜਵਾਨਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ ਸੀ ਤੇ ਜਿਸ ਦਾ ਅਸਲ ਮਕਸਦ ਸੀ ਜਿੱਤ ਪ੍ਰਾਪਤ ਕਰਨਾ ।ਜਦੋਂ ਇਸ ਸੰਘਰਸ਼ ਨੂੰ ਜਿੱਤਿਆ ਗਿਆ ਉਸ ਸਮੇਂ ਵੀ ਆਪਸੀ ਵਿਛੋੜੇ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ । ਜੇਕਰ ਸਾਡੇ ਰਾਜਨੀਤਿਕ ਸਿਆਸਤਦਾਨ ਆਪਸੀ ਵੰਡੀਆਂ ਨਾ ਪਵਾਉਣ ਤਾਂ ਕਦੇ ਵੀ ਇੱਕ ਦੂਸਰੇ ਦੇ ਖ਼ਿਲਾਫ਼ ਈਰਖਾ ਪੈਦਾ ਨਾ ਹੁੰਦੀ । ਰਾਜਨੀਤਕ ਲੀਡਰ ਕਦੇ ਧਰਮ ਦੇ ਨਾਂ ਉੱਤੇ ਵੰਡੀ ਪਵਾਉਂਦੇ ਹਨ ਅਤੇ ਕਦੀ ਜਾਤੀਵਾਦ ਨੂੰ ਲੈ ਕੇ ਅੱਗੇ ਆ ਜਾਂਦੇ ਹਨ ਤੇ ਜੇਕਰ ਇਨ੍ਹਾਂ ਕੋਲ ਕੋਈ ਹੋਰ ਮਸਲਾ ਨਾ ਮਿਲੇ ਤਾਂ ਇਹ ਨਸ਼ਿਆਂ ਦਾ ਦਰਿਆ ਵਹਾ ਕੇ ਨੌਜਵਾਨੀ ਪੀਡ਼੍ਹੀ ਨੂੰ ਖ਼ਤਮ ਕਰਨ ਦਾ ਬੀਡ਼ਾ ਚੁੱਕ ਲੈਂਦੇ ਹਨ । ਇਸ ਕਿਸਾਨੀ ਅੰਦੋਲਨ ਨੇ ਬਹੁਤ ਵੱਡਾ ਸਬਕ ਦਿੱਤਾ ਹੈ ਜਿਸ ਵਿੱਚ ਇੱਕ ਗੱਲ ਸਾਫ਼ ਹੈ ਕਿ ਜੇਕਰ ਮੋਰਚਾ ਜਿੱਤਣਾ ਹੈ ਤਾਂ ਉਸ ਵਿੱਚ ਨਾ ਹੀ ਧਰਮ ਤੇ ਨਾ ਹੀ ਜਾਤੀਵਾਦ ਨੂੰ ਵਿੱਚ ਲਿਆਇਆ ਜਾਵੇ , ਰਾਜਨੀਤਿਕ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਕਦੇ ਵੀ ਮੋਰਚਿਆਂ ਵਿੱਚ ਸ਼ਾਮਲ ਨਾ ਕੀਤਾ ਜਾਵੇ । ਜੇਕਰ ਇਹ ਸਭ ਕੁਝ ਮੋਰਚੇ ਵਿੱਚ ਸ਼ਾਮਲ ਹੋ ਜਾਂਦਾ ਤਾਂ ਹੌਲੀ ਹੌਲੀ ਘੁਣ ਦੇ ਵਾਂਗ ਉਸ ਨੂੰ ਉੱਥੇ ਹੀ ਖ਼ਤਮ ਕਰ ਦਿੰਦਾ । ਬੇਸ਼ੱਕ ਅਨੇਕਾਂ ਔਕੜਾਂ ਨੇ ਇਸ ਮੋਰਚੇ ਨੂੰ ਹਿਲਾਇਆ ਸੀ ਪਰ ਨਾਨਕ ਪਾਤਸ਼ਾਹ ਦੀ ਸੋਚ ਨੂੰ ਮੁੱਖ ਰੱਖ ਕੇ ਅੱਗੇ ਚੱਲਿਆ ਇਹ ਕਿਸਾਨੀ ਮੋਰਚਾ ਆਖਰਕਾਰ ਫ਼ਤਹਿ ਹੋਇਆ ਹੈ ।
ਕਿਸਾਨੀ ਅੰਦੋਲਨ ਨੂੰ ਜਿੱਤ ਕੇ ਇਕ ਵਾਰ ਫਿਰ ਸਿੱਖ ਕੌਮ ਨੇ ਇਹ ਸਾਬਿਤ ਕਰ ਦਿੱਤਾ ਹੈ ਕੀ ਸੱਚ ਦੇ ਰਾਹ ਉੱਤੇ ਚਲਦੇ ਹੋਏ ਬੇਸ਼ੱਕ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਆਖ਼ਰਕਾਰ ਜਿੱਤ ਸਚਾਈ ਦੀ ਹੀ ਹੁੰਦੀ ਹੈ । ਸਿੱਖ ਕੌਮ ਇੱਕ ਵਾਰ ਫੇਰ ਦੁਨੀਆਂ ਦੇ ਦਿਲਾਂ ਉੱਤੇ ਰਾਜ ਕਰ ਰਹੀ ਹੈ । ਕਿਸੇ ਨੇ ਸੱਚ ਹੀ ਆਖਿਆ ਹੈ ਕਿ "ਸਿੱਖਾਂ ਦੇ ਹੱਥ ਸੱਚ ਦੀ ਤਲਵਾਰ ਹੈ ਪਰ ਫੇਰ ਵੀ ਉਹ ਦਿਲਾਂ ਉੱਤੇ ਰਾਜ ਕਰਨਾ ਜਾਣਦੇ ਹਨ", ਪਿਆਰ ਨਾਲ ਭਾਵੇਂ ਇਨ੍ਹਾਂ ਦੀ ਕੋਈ ਜਾਨ ਕੱਢ ਲਵੇ ਪਰ ਈਨ ਕਦੇ ਵੀ ਨਹੀਂ ਮੰਨ ਸਕਦੇ ।
Comments (0)