ਯੂਕੇ ਦੀ ਸਿੱਖ ਸੰਸਦ ਪ੍ਰੀਤ ਕੌਰ ਗਿਲ ਨੂੰ ਬੇਅਦਬੀ ਮਾਮਲੇ ਵਿਚ ਰੋਸ ਪ੍ਰਗਟ ਕਰਣ ਕਰਕੇ ਬਣਾਇਆ ਜਾ ਰਿਹਾ ਹੈ ਨਿਸ਼ਾਨਾ

ਯੂਕੇ ਦੀ ਸਿੱਖ ਸੰਸਦ ਪ੍ਰੀਤ ਕੌਰ ਗਿਲ ਨੂੰ ਬੇਅਦਬੀ ਮਾਮਲੇ ਵਿਚ ਰੋਸ ਪ੍ਰਗਟ ਕਰਣ ਕਰਕੇ ਬਣਾਇਆ ਜਾ ਰਿਹਾ ਹੈ ਨਿਸ਼ਾਨਾ

ਸਿੱਖ ਮਸਲਿਆਂ ਤੇ ਡਟ ਕੇ ਦੇਂਦੇ ਹਨ ਪਹਿਰਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ ):-ਬ੍ਰਿਟੇਨ ਦੇ ਬਰਮਿੰਗਮ ਤੋਂ ਲੇਬਰ ਪਾਰਟੀ ਦੀ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੂੰ ਸਿਰਫ ਇਸ ਕਰਕੇ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਪ੍ਰੀਤ ਨੇ ਦਰਬਾਰ ਸਾਹਿਬ ਹੋਈ ਬੇਅਦਬੀ ਖ਼ਿਲਾਫ਼ ਟਵੀਟ ਕੀਤੇ ਸਨ ਤੇ ਓਥੇ ਕੀਤੀ ਗਈ ਬੇਅਦਬੀ ਖਿਲਾਫ ਰੋਸ ਪ੍ਰਗਟ ਕੀਤਾ ਸੀ । ਇਸ ਮਾਮਲੇ ਤੇ ਪ੍ਰੀਤ ਕੌਰ ਨਾਲ ਕੀਤੀ ਗਈ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਮੈ ਸਿੱਖ ਪਰਿਵਾਰ ਦੀ ਧੀ ਹਾਂ ਤੇ ਪੰਜਾਬ ਸਾਡਾ ਘਰ ਹੈ । ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਬਾਰੇ ਜ਼ੇਕਰ ਸਿੱਖ ਹੀ ਰੋਸ਼ ਪ੍ਰਗਟ ਨਹੀਂ ਕਰੇਗਾ ਤਾਂ ਕਿ ਓਹ ਗੁਰੂ ਦਾ ਸਿੱਖ ਅਖਵਾਉਣ ਦੇ ਲਾਇਕ ਹੈ..? ਦਰਬਾਰ ਸਾਹਿਬ ਮਨੁੱਖਤਾ ਦੀ ਸਾਂਝੀਵਾਲਤਾ ਦਾ ਸੋਮਾ ਹੈ ਤੇ ਓਥੇ ਕੁਕਰਮ ਕਰਣਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਹੈ ਇਸ ਮਾਮਲੇ ਦੀ ਪੂਰੀ ਤਹਿਕੀਕਾਤ ਕੀਤੀ ਜਾਣੀ ਚਾਹੀਦੀ ਹੈ ।
ਜਿਕਰਯੋਗ ਹੈ ਕਿ ਪ੍ਰੀਤ ਕੌਰ ਨੇ ਪਹਿਲਾਂ ਕਿਸਾਨੀ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਸੀ ਤੇ ਕਿਸਾਨੀ ਮਸਲਿਆਂ ਨੂੰ ਤੁਰੰਤ ਹੱਲ ਕਰਵਾਣ ਲਈ ਸਰਕਾਰ ਨੂੰ ਜਲਦ ਤੋਂ ਜਲਦ ਇਹ ਮਸਲਾ ਸੁਲਝਾਣ ਲਈ ਅਪੀਲ ਕੀਤੀ ਸੀ । ਪ੍ਰੀਤ ਪੰਜਾਬ ਦੀ ਧੀ ਹੈ ਜੋ ਪੰਜਾਬ ਅਤੇ ਸਿੱਖਾਂ ਦੇ ਮਸਲੇ ‘ਤੇ ਡੱਟ ਕੇ ਸਾਥ ਦਿੰਦੀ ਹੈ। ਪ੍ਰੀਤ ਕੌਰ ਦੇ ਅਕਸ ਨੂੰ ਵਿਗਾੜਨ ਲਈ ਧਮਕੀਆਂ ਪ੍ਰੀਤ ਦਾ ਕੁਝ ਨਹੀਂ ਵਿਗਾੜ ਸਕਣਗੀਆਂ ਕਿਉਂਕਿ ਪ੍ਰੀਤ ਦੇ ਨਾਲ ਪੂਰਾ ਪੰਜਾਬ ਹੈ ਤੇ ਓਹ ਪੰਜਾਬ ਦਾ ਮਾਣ ਹੈ ।