ਧਾਰਮਿਕ ਵੀਚਾਰਧਾਰਾ 'ਤੇ ਰਾਜਨੀਤਕ ਪਸਾਰਾ

ਧਾਰਮਿਕ ਵੀਚਾਰਧਾਰਾ 'ਤੇ ਰਾਜਨੀਤਕ ਪਸਾਰਾ

 ਅਸਲ ਸੂਰਮਾ ਹੀ ਉਹ ਹੈ ਜੋ ਵੈਰੀਆਂ ਦਾ ਟਾਕਰਾ ਕਰਨ ਲਈ ਆਣ ਖਲੋਤੇ

ਇਸ ਸਮੇਂ ਪੰਜਾਬ ਦੇ ਜੋ ਹਾਲਾਤ ਚੱਲ ਰਹੇ ਹਨ ਉਨ੍ਹਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ  ਇਸ ਗੱਲ ਦਾ ਕਿਆਸ ਲਾਇਆ ਜਾ ਸਕਦਾ ਹੈ ਕਿ  ਧਰਮ ਵਿਚ ਵੀ ਰਾਜਨੀਤੀ ਨੇ ਥਾਂ ਲੈ ਲਈ ਹੈ । ਧਰਮ ਦੇ ਨਾਮ ਉੱਤੇ  ਆਪਸੀ ਝਗੜੇ ਕਰਵਾਏ ਜਾ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਵੀ  ਰਾਜਨੀਤਿਕ ਸਿਆਸਤ ਦਾ ਇਕ ਅੰਗ ਹਨ ।  ਸਿੱਖ ਕੌਮ ਵਿੱਚ ਪਈਆਂ ਵੰਡੀਆਂ ਵੀ ਰਾਜਨੀਤੀ ਦੀ ਹੀ ਦੇਣ ਹੈ  । ਜੇਕਰ ਅਸੀਂ ਆਪਣੇ ਸਿੱਖ ਇਤਿਹਾਸ ਵੱਲ ਨਜ਼ਰਸਾਨੀ ਕਰਦੇ ਹਾਂ  ਤਾਂ ਉਸ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ  ਸਾਡੀ ਕੌਮ  ਤਾਂ ਹੀ  ਬਹਾਦਰ ਅਖਵਾਉਂਦੀ ਸੀ ਕਿਉਂਕਿ ਇਹ ਏਕਤਾ ਕੇਵਲ  ਇਕ ਆਸ਼ੇ ਵਿਚ ਵਿਸ਼ਵਾਸ ਰੱਖ ਕੇ  ਜੰਗਾਂ ਯੁੱਧਾਂ ਨੂੰ  ਫਤਿਹ ਕਰਦੀ ਸੀ  । ਪਰ ਅਫ਼ਸੋਸ ਅੱਜ ਸਿੱਖ ਕੌਮ ਵਿਚ ਉਹ ਏਕਤਾ ਨਹੀਂ ਰਹੀ ਜਿਸ ਦਾ ਉਪਦੇਸ਼ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਸੀ  । ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ  *ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ* ਦਾ  ਜੋ ਉਪਦੇਸ਼ ਆਮ ਲੋਕਾਈ ਨੂੰ ਦਿੱਤਾ ਸੀ  ਉਹ ਸਾਡੀਆਂ ਅੱਖੋਂ ਓਹਲੇ ਹੋ ਗਿਆ ਹੈ । ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ  ਹੱਕ ਸੱਚ ਦੀ ਲੜਾਈ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ  ਆਪਣੇ ਆਪ ਨੂੰ ਵਾਰਨ ਦਾ  ਜੋ ਜੋਸ਼ ਸਾਡੇ ਮਨ ਵਿਚ ਭਰਿਆ ਸੀ  ਅੱਜ ਉਹ ਕੇਵਲ ਆਪਣੇ ਆਪ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ । ਦੂਜੇ ਉੱਤੇ ਜ਼ੁਲਮ ਹੁੰਦਾ ਵੇਖ ਕੇ ਅਸੀਂ  ਚੁੱਪ ਹਾਂ , ਸਾਨੂੰ ਕੇਵਲ ਅੱਜ ਆਪਣੀ ਲੋੜ ਹੀ ਨਜ਼ਰ ਆਉਂਦੀ ਹੈ । ਕਿਸੇ ਗ਼ਰੀਬ ਨਾਲ ਕੋਈ ਧੱਕਾ ਹੋ ਰਿਹਾ ਹੈ ਜਾਂ ਫੇਰ ਧਰਮ ਦੇ ਉੱਤੇ ਵਾਰ ਹੋ ਰਿਹਾ ਹੈ । ਅਸੀਂ ਲੋਕ ਕੇਵਲ ਉਸ ਨੂੰ  ਚੁੱਪ ਚਾਪ  ਦੇਖ ਰਹੇ ਹਾਂ, ਜਿਵੇਂ ਅਸੀਂ ਕਿਸੇ ਨੂੰ ਉਡੀਕਦੇ ਹਾਂ ਕੀ  ਇਸ ਮਸਲੇ ਦਾ ਹੱਲ ਕਰਨ ਲਈ ਕੋਈ ਆਵੇਗਾ, ਪਰ ਅਸੀਂ ਇਹ ਗੱਲ ਭੁੱਲ ਗਏ ਹਾਂ ਕਿ  ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ  ਆਖਿਆ ਗਿਆ ਹੈ ਕਿ ,

 ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ {ਪੰਨਾ 1105}

 ਅਸਲ ਸੂਰਮਾ ਹੀ ਉਹ ਹੈ ਜੋ ਵੈਰੀਆਂ ਦਾ ਟਾਕਰਾ ਕਰਨ ਲਈ ਆਣ ਖਲੋਤੇ ਅਤੇ ਉਹ ਐਵੇਂ ਸਮਝੇ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ । ਕਹਿਣ ਤੋਂ ਭਾਵ ਵੈਰੀ ਚਾਹੇ ਮਨੁੱਖ ਦੀ ਅੰਦਰੂਨੀ  ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਨਾ ਹੋਵੇ ਜਾਂ ਫੇਰ ਬਾਹਰਲੀ ਵੱਕਾਰਾਂ ਦਾ ਟਾਕਰਾ ਕਰਨਾ ਹੋਵੇ  ਜਿੱਥੇ ਝੂਠ ਸੱਚ ਦੀ ਲੜਾਈ ਲੜੀ ਜਾਂਦੀ ਹੈ।   ਇਸ ਲੜਾਈ ਨੂੰ ਜਿੱਤਣ ਵਾਲਾ ਹੀ ਅਸਲ ਸੂਰਮਾ ਹੈ  । ਸਾਨੂੰ ਕਿਸੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਕੋਈ ਆਵੇਗਾ ਅਤੇ ਇਸ ਕੌਮ ਨੂੰ  ਅੰਦਰੂਨੀ ਅਤੇ ਬਾਹਰੀ ਵਿਕਾਰਾਂ ਤੋਂ ਬਚਾ ਲਵੇਂਗਾ । ਇਸ ਦੇ ਲਈ ਸਾਨੂੰ ਖੁਦ ਨੂੰ  ਉੱਠਣਾ ਪੈਣਾ ਹੈ  ਸੱਚ ਅਤੇ ਝੂਠ ਦੀ ਇਸ ਜੰਗ ਵਿੱਚ  ਸੱਚ ਦਾ ਸਾਥ ਦੇਣਾ ਪੈਣਾ ਹੈ । 

 ਜੇਕਰ ਗੱਲ ਰਾਜਨੀਤਕ ਸਿਆਸਤ ਦੀ ਕੀਤੀ ਜਾਵੇ ਤਾਂ  ਇਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਜੋ  ਅਸਤੀਫਾ ਦਿੱਤਾ ਹੈ  ਉਹ ਕਿਤੇ ਨਾ ਕਿਤੇ  ਸੱਚ ਨੂੰ ਬਿਆਨ ਕਰਨ ਦੇ ਲਈ  ਤੇ ਆਪਣੀ ਜ਼ਮੀਰ ਨੂੰ ਜਾਗਦਾ ਰੱਖਣ ਦੇਣ ਲਈ ਦਿੱਤਾ ਹੈ । ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਹੈ  । ਇੱਥੇ  ਗੱਲ ਕੇਵਲ ਇਕ ਸੱਚ ਦੀ ਕੀਤੀ ਜਾ ਰਹੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ  ਸਭ ਤੋਂ ਵੱਡਾ ਉਪਦੇਸ਼ ਏ ਹੀ ਦਿੱਤਾ ਗਿਆ ਹੈ ਕਿ ਇਨਸਾਨੀਅਤ ਹੀ ਅਸਲ ਧਰਮ ਹੈ  ਪਰ ਸਾਡੇ ਅਜੋਕੇ ਧਰਮ ਪ੍ਰਚਾਰਕਾਂ ਨੇ ਧਰਮ ਦੇ ਵਿੱਚ ਹੀ ਵੰਡੀਆਂ ਪਾ ਕੇ  ਬੁਰੇ ਲੋਕਾਂ ਨੂੰ ਇਸ ਉੱਤੇ ਰਾਜਨੈਤਿਕ ਸਿਆਸਤ ਖੇਡਣ ਦਾ ਮੌਕਾ ਦੇ ਦਿੱਤਾ ਹੈ । ਇਕ ਸਿੱਖ ਕੌਮ ਦੇ ਵਿੱਚ ਹੀ ਅਨੇਕਾਂ ਸਿੱਖ ਜਥੇਬੰਦੀਆਂ ਬਣ ਗਈਆਂ ਹਨ  ਜੋ ਆਪਣੀ ਸੋਚ ਦੇ ਮੁਤਾਬਕ ਪੰਥਕ ਕਾਰਜ ਕਰਦੀਆਂ ਹਨ । ਜੇਕਰ ਸਿੱਖ ਕੌਮ ਇਕ ਹੋ ਜਾਵੇ  ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਦਿੱਤੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਤੀਤ ਕਰੇ  ਤਾਂ ਰਾਜਨੈਤਿਕ ਸਿਆਸਤਾਂ   ਨਾ ਹੋਵੇ  ਅਤੇ ਨਾ ਹੀ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਵੇ  । ਕੇਵਲ ਇਕ ਅਕਾਲ ਪੁਰਖ ਦੀ ਛਤਰ ਛਾਇਆ ਹੇਠ  ਮਨੁੱਖ ਆਪਣਾ ਜੀਵਨ  ਸੱਚ ਦੀ ਕਿਰਤ ਕਾਰਨ ਤੇ ਨਾਮ ਦਾ ਅਭਿਆਸ ਕਾਰਨ  ਵਿੱਚ ਬਤੀਤ ਕਰੇ ਤਾਂ ਜੋ ਇਸ ਧਰਤੀ ਉੱਤੇ ਆਉਣ ਦਾ ਅਸਲ ਮਕਸਦ ਨੂੰ ਪਾ ਸਕੀਏ।

ਸਰਬਜੀਤ ਕੌਰ ਸਰਬ