ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ: ਹੋਲਾ ਮਹੱਲਾ
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਖ਼ਾਲਸੇ ਨੂੰ ਨਿਆਰਾਪਣ ਬਖਸ਼ਿਆ ਹੈ ਜਿਸ ਕਰਕੇ ਖ਼ਾਲਸਾ ਹਰ ਪੱਖ ਤੋਂ ਨਿਆਰਾ ਹੈ।ਖ਼ਾਲਸੇ ਦਾ ਸਰੂਪ, ਰਹਿਤ ਮਰਿਆਦਾ, ਧਰਮ ਅਸਥਾਨ ,ਸੰਸਕਾਰ ,ਬੋਲੇ ਆਦਿ ਸਭ ਕੁਝ ਵੱਖਰਾ ਹੈ।ਇਸੇ ਤਰ੍ਹਾਂ ਖ਼ਾਲਸੇ ਦੇ ਤਿਉਹਾਰ ਵੀ ਕੇਵਲ ਮਾਤਰ ਤਿਉਹਾਰ ਹੀ ਨਹੀਂ ਹਨ ਬਲਕਿ ਗੁਰਪੁਰਬ ਹਨ। ਇਹ ਪੁਰਬ ਭਾਰਤੀ ਸਮਾਜ ਵਿੱਚ ਪ੍ਰਚੱਲਤ ਪਰੰਪਰਾਵਾਂ ਤੋਂ ਹਟ ਕੇ ਹਨ।ਇਨ੍ਹਾਂ ਵਿਚ ਹੀ ਖ਼ਾਲਸਾਈ ਜਾਹੋ ਜਲਾਲ ਅਤੇ ਖਾਲਸਾਈ ਸ਼ਕਤੀ ਦਾ ਪ੍ਰਤੀਕ ਹੋਲਾ ਮਹੱਲਾ ਹੈ; ਜੋ ਪਵਿੱਤਰ ਗੁਰਪੁਰਬ ਹੈ ਇਸ ਪਾਵਨ ਪੁਰਬ ਦੀ ਅਰੰਭਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਚੇਤਰ ਵਦੀ ਇਕ ਦੇ ਦਿਨ ਸੰਮਤ 1757 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ।ਇਸ ਗੁਰਪੁਰਬ ਦੀ ਅਰੰਭਤਾ ਕਰਕੇ ਗੁਰੂ ਜੀ ਨੇ ਸਮੁੱਚੇ ਪੰਥ ਨੂੰ ਸਮਾਜ ਵਿੱਚ ਪ੍ਰਚੱਲਤ ਹੋਲੀ ਤੋਂ ਉਭਾਰਿਆ ਅਤੇ ਹੋਲੀ ਦੀ ਥਾਂ ਹੋਲਾ ਮਹੱਲਾ ਦਿੱਤਾ;ਜੋ ਉੱਚੀ-ਸੁੱਚੀ, ਆਜ਼ਾਦ ਤੇ ਸੂਰਬੀਰ ਕੌਮ ਲਈ ਢੁੱਕਵਾਂ ਤੇ ਸ਼ੋਭਨੀਕ ਸੀ।
ਹੋਲਾ ਮਹੱਲਾ ਦੋ ਸ਼ਬਦਾਂ ਦੇ ਸੰਯੋਗ ਤੋਂ ਬਣਿਆ ਸ਼ਬਦ ਹੈ।ਹੋਲਾ ਤਾਂ ਹੋਲੀ ਸ਼ਬਦ ਦਾ ਪੁਲਿੰਗ ਹੈ।ਹੋਲੀ ਨੂੰ ਸੰਸਕ੍ਰਿਤ ਭਾਸ਼ਾ ਵਿਚ 'ਹੋਲਿਕਾ' ਅਤੇ ਪ੍ਰਾਕ੍ਰਿਤ ਭਾਸ਼ਾ ਵਿੱਚ 'ਹੋਲੀਆ' ਕਿਹਾ ਜਾਂਦਾ ਹੈ।ਗਿਆਨੀ ਹਜ਼ਾਰਾ ਸਿੰਘ ਅਨੁਸਾਰ ਹੋਲੀ ਦਾ ਤਿਓਹਾਰ ਹੋਲਿਕਾ ਦੇ ਸੜ ਮਰਨ ਅਤੇ ਪ੍ਰਹਿਲਾਦ ਦੇ ਬਚ ਜਾਣ ਨਾਲ ਸਬੰਧਤ ਇਕ ਸਾਲਾਨਾ ਉਤਸਵ ਹੈ (ਸ੍ਰੀ ਗੁਰੂ ਗ੍ਰੰਥ ਕੋਸ਼, ਪੰਨਾ 170)ਜੋ ਭਾਰਤ ਵਿੱਚ ਪਰੰਪਰਾਗਤ ਤੌਰ ਤੇ ਮਨਾਇਆ ਜਾਂਦਾ ਹੈ।ਪੰਡਤ ਤਾਰਾ ਸਿੰਘ ਨਰੋਤਮ ਅਨੁਸਾਰ 'ਹੋਰੀ' ਫੱਗਣ ਸੁਦੀ ਮੋ ਗੁਲਾਲ ਉਡਾਵਣਨੇ ਕਿ ਧੂਮਧਾਮ ਹੈ (ਗੁਰੂ ਗਿਰਾਰਥ ਕੋਸ਼ ਪੰਨਾ 125)। ਹੋਲੀ ਨੂੰ ਹੋਲੀ, ਹੋਲਿਕਾ, ਹੋਰੀ, ਹੋਲਿਕਾਦਹਨ,ਫਾਗ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
'ਮਹੱਲਾ' ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਜਿਸ ਥਾਂ ਨੂੰ ਫ਼ਤਹਿ ਕਰ ਕੇ ਜਾ ਉੱਤਰੀਏ,ਹਲੂਲ ਦੀ ਥਾਂ,ਅਥਵਾ ਦੌੜਨ ਦਾ ਅਸਥਾਨ। ਸੋ ਹੋਲਾ ਮਹੱਲਾ ਦਾ ਅਰਥ ਹੈ ਹਮਲਾ ਅਤੇ ਜਾਯ ਹਮਲਾ, ਹੱਲਾ ਅਤੇ ਹੱਲੇ ਦੀ ਥਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖ਼ਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ।ਕਲਗੀਧਰ ਜੀ ਆਪ ਇਸ ਮਸਨੂਈ ਜੰਗ ਦਾ ਕਰਤੱਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਦੇ ਸਨ(ਮਹਾਨ ਕੋਸ਼, ਪੰਨਾ 211)।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਗੁਰੂ ਸਾਹਿਬਾਨ ਨੇ ਪ੍ਰੰਪਰਾਗਤ ਹੋਲੀ ਤੋਂ ਹਟ ਕੇ ਨਵੀਨ ਪ੍ਰਸੰਗ ਵਿੱਚ ਹੋਲੀ ਖੇਡਣ ਦਾ ਉਪਦੇਸ਼ ਦਿੱਤਾ ਹੈ 'ਕਿ ਸੰਤ ਜਨਾਂ ਦੀ ਸੰਗਤ ਕਰਕੇ ਉਨ੍ਹਾਂ ਦੀ ਚਰਨ ਧੂੜ ਦੀ ਹੀ ਹੋਲੀ ਖੇਡੀ ਜਾਵੇ' ਪਾਵਨ ਫ਼ੁਰਮਾਨ ਹੈ:
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ1180)
ਗੁਰੂ ਸਾਹਿਬ ਦੁਨਿਆਵੀ ਰੰਗਾਂ ਦੀ ਥਾਂ ਤੇ ਅਕਾਲ ਪੁਰਖ ਦੇ ਨਾਮ ਰੰਗ ਨੂੰ ਜੋ ਸਦੀਵੀ ਲਾਲ ਰਹਿਣ ਵਾਲਾ ਹੈ ਅਮਲ ਵਿਚ ਲਿਆਉਣ ਦਾ ਹੁਕਮ ਕਰਦੇ ਹਨ:
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ॥ ਨਾਨਕ ਲਾਲੋ ਲਾਲ ਹੈ ਸਚੈ ਰਤਾ ਸਚੁ॥(ਸ੍ਰੀ ਗੁਰੂ ਗ੍ਰੰਥ ਸਾਹਿਬ ,ਪੰਨਾ 1089)
ਅੰਦਰੁ ਰਚੈ ਸਚ ਰੰਗਿ ਜਿਉ ਮਜੀਠੈ ਲਾਲ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1278)
ਲਾਲਨ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1323)
ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਹੀਂ ਅਨੇਕਾਂ ਪੰਗਤੀਆਂ ਵਿਚ ਹੋਲੀ ਦੇ ਤਿਉਹਾਰ ਦਾ ਹਵਾਲਾ ਦੇ ਕੇ ਜੰਗ ਦੇ ਮੈਦਾਨ ਵਿਚ ਯੋਧਿਆਂ ਵੱਲੋਂ ਲੜੀ ਜਾ ਰਹੀ ਭਿਆਨਕ ਜੰਗ ਦਾ ਵਰਣਨ ਕੀਤਾ ਹੈ ਅਤੇ ਬੰਦੂਕ ਵਰਗੇ ਸ਼ਸਤਰ ਨੂੰ ਪਿਚਕਾਰੀ ਦੀ ਨਿਆਈਂ ਬਿਆਨਿਆ ਹੈ:
ਜਾਨ ਤੁਫੰਗ ਪਰਤ ਪਿਚਕਾਰੀ ਸੂਰਨ ਅੰਗ ਲਗਾਵਤ॥ ਨਿਕਸਤ ਸ੍ਰੋਨ ਅਧਿਕ ਛਬ ਉਪਜਤ ਕੇਸਰ ਜਾਣ ਸੁਹਾਵਤ॥.....ਇਹ ਬਿਧਿ ਫਾਗ ਕ੍ਰਿਪਾਨਨ ਖੇਲੇ॥ (ਸ੍ਰੀ ਦਸਮ ਗ੍ਰੰਥ ਸਾਹਿਬ, ਪਾਰਸਨਾਥ ਅਵਤਾਰ) ਢਾਲ ਮਨੋ ਡਫ ਮਾਲ ਬਣੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ॥(ਉਹੀ, ਕ੍ਰਿਸਨਾਵਤਾਰ,1325)
ਇਸ ਤਰ੍ਹਾਂ ਸਪਸ਼ਟ ਹਨ ਹੁੰਦਾ ਹੈ ਕਿ ਖ਼ਾਲਸੇ ਦਾ ਹੋਲਾ ਮਹੱਲਾ, ਹੋਲੀ ਵਰਗਾ ਤਿਉਹਾਰ ਨਹੀਂ ਹੈ। ਇਹ ਸ਼ਸਤਰ ਪਿਆਰ ਅਤੇ ਸ਼ਸਤਰ ਸੰਭਾਲ ਦਾ ਗੁਰਪੁਰਬ ਹੈ। ਬਾਬਾ ਸੁਮੇਰ ਸਿੰਘ ਗੁਰ ਪਦ ਪ੍ਰੇਮ ਪ੍ਰਕਾਸ਼ ਗ੍ਰੰਥ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਦਰਜ ਕਰਦੇ ਲਿਖਦੇ ਹਨ ਕਿ ਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਅਸਥਾਨ ਤੇ ਇਹ ਪਾਵਨ ਗੁਰਪੁਰਬ ਮਨਾਉਣਾ ਆਰੰਭ ਕੀਤਾ ਅਤੇ ਨਾਲ ਹੀ ਇਹ ਬਚਨ ਆਖੇ:
ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧਿ ਬਚਨ ਅਮੋਲਾ। ਕਵੀ ਨਿਹਾਲ ਸਿੰਘ ਲਾਹੌਰੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਖ਼ਾਲਸੇ ਨੂੰ ਜੋ ਚੜ੍ਹਦੀ ਕਲਾ ਵਾਲੇ ਬੋਲੇ ਬਖ਼ਸ਼ੇ ਹਨ ਉਨ੍ਹਾਂ ਬੋਲਿਆਂ ਕਰਕੇ ਵੀ ਸਾਡਾ ਹੋਲਾ ਹੈ, ਹੋਲੀ ਨਹੀਂ ਹੈ: ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ । ਛਕਾ ਪ੍ਰਸਾਦ ਸਜਾ ਦਸਤਾਰਾ ਅਰ ਕਦੋਨਾ ਟੋਲਾ ਹੈ । ਅਪਰ ਸੁਨਹਿਰਾ ਰਗੜਾ ਲਾਗੈ ਛਕੈ ਸੋ ਬੋਲਾ ਹੋਲਾ ਹੈ। ਸੁਭਟ ਸੁਚਾਲਾ ਪੁਨ ਲਖ ਬਾਹਾ ਕਲਗਾ ਸਿੰਘ ਸੁਚੋਲਾ ਹੈ।
ਦਾਲਾਂ ਪੰਚਮ ਗਜਾ ਉਗਰਾਹੀ ਚੰਡਾ ਜਗਾ ਮਿਦੋਲਾ ਹੈ।
ਫਿਰਨਾ ਕੂਹੀ ਸੁ ਬਾਜ ਕਛਹਿਰਾ ਸੋਭ ਸਮੁੰਦਰ ਗੋਲਲਾ ਹੈ।
ਅਪਰ ਮੁਸ਼ਹਿਰਾ ਦਾਹੜਾ ਜੈਸੇ ਤੈਸਾ ਬੋਲਾ ਹੋਲਾ ਹੈ।
ਸੰਤ ਨਿਹਾਲ ਸਿੰਘ ਸੋਹਲਾਂ ਵੀ ਹੋਲਾ ਸ਼ਬਦ ਦੀ ਵਡਿਆਈ ਕਰਦੇ ਲਿਖਦੇ ਹਨ:ਸੁਨੋ ਸਾਧ ਸੰਗਤ ਸਰਬੱਤ ਆਜ ਖ਼ਾਲਸਾ ਜੀ! ਜਗਤ ਕਿ ਹੋਲੀ ਔਰ ਸੰਤਨ ਕਾ ਹੋਲਾ ਹੈ।
ਹੋਲਾ ਮਹੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖ਼ਲਕਤ ਨੂੰ ਉਸ ਵੇਲੇ ਦੇ ਜਬਰ ਅਤੇ ਜ਼ਾਲਮ ਹਾਕਮ ਖ਼ਿਲਾਫ਼ ਸੰਘਰਸ਼ ਕਰਨ ਤੇ ਕੌਮ ਵਿੱਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਦੇ ਬਦਲ ਵਜੋਂ ਦਿੱਤਾ ਗਿਆ ਹੈ। ਗੁਰੂ ਜੀ ਖਾਲਸੇ ਨੂੰ ਯੁੱਧ ਵਿੱਦਿਆ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਪੁਰਬ ਦਾ ਸਬੰਧ ਸੂਰਮਤਾਈ ਨਾਲ ਜੋਡ਼ਿਆ। ਇਹ ਖ਼ਾਲਸੇ ਦਾ ਇੱਕ ਜੰਗਜੂ ਪੁਰਬ ਹੈ। ਗੁਰੂ ਸਾਹਿਬ ਵੱਲੋਂ ਕਰਵਾਈਆਂ ਜਾਣ ਵਾਲੀਆਂ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਡਿੱਗੇ ਹੋਏ ਮਨੋਬਲ ਨੂੰ ਉੱਚਾ ਕੀਤਾ ਅਤੇ ਲੋਕਾਂ ਨੂੰ ਕਾਇਰਤਾ ਭਰੇ ਮਾਹੌਲ ਵਿੱਚੋਂ ਨਿਕਲਣ ਦੀ ਪ੍ਰੇਰਨਾ ਦਿੱਤੀ। ਹੋਲਾ ਮਹੱਲਾ ਸਿੱਖਾਂ ਦਾ ਧਾਰਮਿਕ, ਬੀਰ ਰਸ ਭਰਪੂਰ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਲਾ ਗੁਰਪੁਰਬ ਹੈ। ਕਿਉਂਕਿ ਇਹ ਉਤਸ਼ਾਹਜਨਕ ਗੁਰਬਾਣੀ ਦੇ ਕੀਰਤਨ ਨਾਲ ਮਿਲਿਆ ਜੋ ਵਿੱਛੜੇ ਸਤਿਸੰਗੀਆਂ ਦੇ ਮੇਲ ਕਰਵਾਉਣ ਵਾਲਾ ਅਤਿਭੂਤ ਹੋਲਾ ਅਤੇ ਬੀਰ ਰਸੀ ਮਹੱਲਾ ਹੈ ਜੋ ਸ੍ਰੀ ਦਸਮੇਸ਼ ਜੀ ਨੇ ਪ੍ਰਗਟ ਕੀਤਾ ਹੈ। ਹੋਲਾ ਮਹੱਲਾ ਸਾਡੇ ਵਿੱਚ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ, ਧਰਮ ਤੇ ਦੇਸ਼ ਦੀ ਰੱਖਿਆ ਲਈ ਜਜ਼ਬਾ ਪੈਦਾ ਕਰਦਾ ਹੈ। ਭਾਵੇਂ ਸਮਾਜ ਨੇ ਹੋਲੀ ਨੂੰ ਕੋਝਾ ਰੂਪ ਦੇ ਕੇ ਢਹਿੰਦੀ ਕਲਾ ਵਾਲੀਆਂ ਰੁਚੀਆਂ ਦਾ ਪ੍ਰਤੀਕ ਬਣਾ ਕੇ ਸ਼ੂਦਰਾਂ ਨੂੰ ਦੇ ਦਿੱਤਾ ਸੀ ਕਿ ਇਹ ਤੁਹਾਡਾ ਤਿਉਹਾਰ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ, ਵਰਣ ਵੰਡ ਨਸ਼ਟ ਕਰਕੇ, ਖ਼ਾਲਸੇ ਨੂੰ ਸ਼ਸਤਰਾਂ ਦਾ ਸਤਿਕਾਰ ਕਰਨਾ ਸਿਖਾਇਆ ਅਤੇ ਹੋਲਾ ਮਹੱਲਾ ਦਿੱਤਾ। ਗੁਰੂ ਸਾਹਿਬ ਨੇ ਦਬੇ-ਕੁਚਲੇ ਲੋਕਾਂ ਨੂੰ ਸ਼ਸਤਰਧਾਰੀ ਬਣਾ ਦਿੱਤਾ ਅਤੇ ਉਨ੍ਹਾਂ ਵਿੱਚ ਬੀਰ ਰਸੀ ਭਾਵਨਾ ਪੈਦਾ ਕੀਤੀ। ਜਿਸ ਦੇ ਸਿੱਟੇ ਵਜੋਂ ਉਹ ਜ਼ਾਲਮ ਅਤੇ ਜ਼ੁਲਮ ਨਾਲ ਟੱਕਰਾ ਗਏ। ਗੁਰੂ ਜੀ ਨੇ ਉਨ੍ਹਾਂ ਦੇ ਸ਼ਸਤਰਾਂ ਨਾਲ ਅਟੁੱਟ ਸਬੰਧ ਬਣਾ ਦਿੱਤੇ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਘੋੜ ਸਵਾਰੀ, ਸ਼ਸਤਰ ਵਿੱਦਿਆ ਆਦਿ ਸਿਖਾਏ।ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਦੁਮਾਲੇ ਸਜਾਉਣ। ਦੁਨਿਆਵੀ ਹਾਕਮਾਂ ਤੋਂ ਨਾ ਡਰਨ। ਅਕਾਲ ਪੁਰਖ ਦੇ ਹੁਕਮ ਨੂੰ ਮੰਨਣ। ਝੂਠੇ ਹੁਕਮਰਾਨਾਂ ਤੋਂ ਭੈਅ-ਭੀਤ ਨਾ ਹੋਣ। ਦੇਗ-ਤੇਗ ਫਤਿਹ ਕਰਨ। ਤੰਦਰੁਸਤ ਰਹਿਣ। ਨਾਮ ਜਪਣ।ਅੰਮ੍ਰਿਤ ਛਕਣ। ਕਿਰਤ ਕਰਨ।ਵੰਡ ਛਕਣ। ਅਤੇ ਸ਼ਸਤਰਾਂ ਨੂੰ ਕਦੀ ਵੀ ਆਪਣੇ ਤੋਂ ਦੂਰ ਨਾ ਕਰਨ। ਗੁਰੂ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ ਤਾਂ ਜੋ ਲੋਡ਼ ਪੈਣ ਤੇ ਮਾਲਾ ਤੇ ਸ਼ਸਤਰ ਦੋਹਾਂ ਨੂੰ ਵਰਤ ਸਕਨ। ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ 'ਸਿੱਖ ਦੀ ਸ਼ਾਨ ਨਿਰਾਲੀ ਹੈ। ਹੋਲਾ ਮਹੱਲਾ ਇਸਦਾ ਦੀ ਇੱਕ ਗਵਾਹੀ ਹੈ।' ਗੁਰੂ ਜੀ ਨੇ ਹੋਲਾ ਮਹੱਲਾ ਚਾੜ੍ਹ ਕੇ ਦੱਸਿਆ ਕਿ ਜ਼ਾਲਮਾਂ ਦੀ ਬੇਰਹਿਮੀ ਦਾ ਟਾਕਰਾ ਹੋ ਸਕਦਾ ਹੈ ।ਹੋਲਾ ਮਹੱਲਾ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕੀ ਅਸੀਂ ਸੁਆਰਥੀ ਜੰਗ ਛੱਡ ਕੇ ਇਕ ਮੁੱਠ ਹੋ ਕੇ ਕੌਮ ਦੀ ਬਿਹਤਰੀ ਅਤੇ ਖੁਸ਼ਹਾਲੀ ਵਾਸਤੇ ਲੜਨਾ ਹੈ। ਇਹੋ ਗੁਰੂ ਜੀ ਦਾ ਸਾਨੂੰ ਹੁਕਮ ਹੈ। ਇਹ ਹੀ ਹੋਲੇ ਮਹੱਲੇ ਦੀ ਸ਼ਕਤੀ ਹੈ। ਇਹੋ ਸ਼ਕਤੀ ਖ਼ਾਲਸੇ ਦੇ ਅੰਦਰੋਂ ਇਹ ਨਾਅਰੇ ਬੁਲੰਦ ਕਰਵਾਉਂਦੀ ਹੈ:
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
ਇਹੀ ਹੈ ਹੋਲੇ ਮਹੱਲੇ ਦੀ ਕਰਾਮਾਤ ਜੋ ਖ਼ਾਲਸਾਈ ਜਾਹੋ ਜਲਾਲ ਅਤੇ ਸ਼ਕਤੀ ਦੀ ਸਦੀਵੀ ਹੋਂਦ ਦਾ ਪ੍ਰਤੀਕ ਹੈ।ਹੋਲਾ ਮਹੱਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਨ੍ਹਾਂ ਪਾਵਨ ਬਚਨਾਂ ਨੂੰ ਸਿੱਧ ਕਰਦਾ ਹੈ :
ਇਨ ਗਰੀਬ ਸਿੰਘਨ ਕੋ ਦੇਉੰ ਪਾਤਸਾਹੀ।ਯਾਦ ਕਰੇਂ ਹਮਰੀ ਗੁਰਿਆਈ।
ਡਾ. ਦਿਲਵਰ ਸਿੰਘ
Comments (0)