ਪੰਜਾਬ ਦਾ ਗੌਰਵਮਈ ਪੱਖ ਤੇ ਭਵਿੱਖ ਦੀ ਚਿੰਤਾ

ਪੰਜਾਬ ਦਾ ਗੌਰਵਮਈ ਪੱਖ ਤੇ ਭਵਿੱਖ ਦੀ ਚਿੰਤਾ

                                  ਇੰਗਲੈਂਡ ਅਤੇ ਕੈਨੇਡਾ ਵਿਚ ਪੰਜਾਬ ਤੋਂ ਗਏ ਪਰਵਾਸੀਆਂ                        

ਪੰਜਾਬ ਦਾ ਗੌਰਵਮਈ ਪੱਖ  ਇਹ ਕਿ ਪਰਦੇਸਾਂ, ਖ਼ਾਸ ਕਰਕੇ ਇੰਗਲੈਂਡ ਅਤੇ ਕੈਨੇਡਾ ਵਿਚ ਪੰਜਾਬ ਤੋਂ ਗਏ ਪਰਵਾਸੀਆਂ ਨੇ ਜੋ ਭੱਲ ਬਣਾਈ, ਸਮਾਜਿਕ ਅਤੇ ਰਾਜਸੀ ਖੇਤਰਾਂ ਵਿਚ ਜੋ ਵਡਿਆਈ ਖੱਟੀ, ਉਹ ਏਧਰਲੇ ਪੰਜਾਬ ਲਈ ਵੀ ਗੌਰਵ ਦਾ ਕਾਰਨ ਬਣ ਗਈ। ਕਿਸਾਨ ਮੋਰਚੇ ਦੇ ਡਟੇ ਰਹਿਣ ਅਤੇ ਵਿਸ਼ਵ ਭਰ ਵਿਚ ਮਹਿਮਾ ਦਾ ਸ੍ਰੋਤ ਹੋ ਨਿਬੜਣ ਵਿਚ ਜੋ ਮਦਦ ਪਹੁੰਚੀ ਉਹ ਦੁਰਲੱਭ ਨਹੀਂ ਤਾਂ ਅੰਤ ਦੀ ਸੁਲੱਭ ਸਿੱਧ ਹੋਈ। ਨਿਰਾਸ਼ਾ ਵਾਲੀ ਗੱਲ ਪਰ ਇਹ ਹੈ ਕਿ ਇਹ ਅੱਜ ਜਿਵੇਂ ਭਲਕ ਵਿਚ ਨਿਘਰਨ ਲੱਗਿਆ ਹੈ, ਉਹ ਉਜਾਲੇ ’ਤੇ ਕਾਲਖ ਥੋਪਣ ਦਾ ਕੰਮ ਕਰ ਰਿਹਾ ਹੈ। ਗ਼ਰੀਬੀ ਗਦਾ ਹਮਾਰੀ ਦੇ ਹੁੰਦਿਆਂ ਕੱਲ੍ਹ ਨੇ ਜਿਵੇਂ ਪੰਜਾਬੀ ਹੋਣ ਦੀ ਭਾਵਨਾ ਨੂੰ ਗੌਰਵ ਨਾਲ ਭਰ ਰੱਖਿਆ ਸੀ, ਉਹ ਭਲਕ ਵਿਚ ਲੋਪ ਹੁੰਦੀ ਜਾ ਰਹੀ ਹੈ। ਭਲਕ ਦਾ ਜੋ ਦ੍ਰਿਸ਼ ਤਸੱਵਰ ਵਿਚ ਉੱਭਰਦਾ ਹੈ, ਉਸ ਅਨੁਸਾਰ ਖੇਤੀਬਾੜੀ ਕੁਝ ਦਹਾਕਿਆਂ ਦੀ ਖੇਡ ਹੈ। ਲੋੜ ਤੋਂ ਕਿਤੇ ਵੱਧ ਚੌੜੀਆਂ ਸੜਕਾਂ, ਦਰਿਆਵਾਂ ਵਿਚ ਪਾਣੀ ਦਾ ਸੋਕਾ, ਫ਼ਸਲਾਂ ਦੀ ਥਾਂ ਬੇਲੋੜੀਆਂ ਉਸਾਰੀਆਂ, ਨਸ਼ਿਆਂ ਦਾ ਖੁੱਲ੍ਹਮ ਖੁੱਲ੍ਹਾ ਫੈਲਾਉ, ਵਿਦਿਅਕ ਢਾਂਚੇ ਦਾ ਸੁਧਾਰ ਦੇ ਨਾਂ ’ਤੇ ਵਿਨਾਸ਼, ਪੰਜਾਬ ਵਿਚ ਕੁਝ ਵੀ ਸਾਰਥਕ ਨਾ ਹੋ ਸਕਣ ਦਾ ਵਿਆਪਕ ਅਹਿਸਾਸ, ਇਹ ਵਿਆਪਕ ਅਹਿਸਾਸ ਹੈ ਜਿਸ ਤੋਂ ਛੁਟਕਾਰਾ ਪਾਉਣਾ ਅਸੰਭਵ ਨਹੀਂ ਤਾਂ ਮੁਹਾਲ ਜ਼ਰੂਰ ਹੈ।

ਕੱਲ੍ਹ, ਅੱਜ ਤੇ ਭਲਕ ਅਨੁਸਾਰ ਪੰਜਾਬ ਦਾ, ਇਸ ਦੇ ਵਾਸੀਆਂ ਦੇ ਜੀਵਨ ਦਾ ਤਸੱਵਰ ਬਣਦਾ ਹੈ, ਉਹ ਮਾਇਕ ਤੌਰ ’ਤੇ ਭਾਵੇਂ ਬਦਲ ਜਾਵੇ। ਬਦਲਾਵ ਕਿੰਨਾ ਕੁ ਧਰਵਾਸ ਦਾ ਸ੍ਰੋਤ ਬਣੇਗਾ, ਭੂਗੋਲਿਕ ਤੌਰ ’ਤੇ ਪੰਜਾਬ ਦਾ ਪੰਜ ਦੁਆਬਾਂ ਦੇ ਦੇਸ ਵਜੋਂ ਹੋਂਦ ਵਿਚ ਆ ਕੇ ਇਤਿਹਾਸ ਵਿਚ ਵਾਪਰੇ ਕੁੱਲ ਵਿਗਠਨ ਦੇ ਬਾਵਜੂਦ ਚੁੰਧਿਆ ਦੇਣ ਵਾਲਾ ਦ੍ਰਿਸ਼ ਬਣ ਕੇ ਕਦੇ ਕਦਾਈਂ ਹੀ ਭਾਵੇਂ ਭਵਿੱਖ ਵਿਚ ਉੱਭਰਦਾ ਰਹੇਗਾ, ਇਸ ਨੂੰ ਤਸੱਵਰ ਵਿਚ ਵਸਾ ਲੈਣ ਨੂੰ ਦਿਲ ਕਰਦੇ ਰਹਿਣਾ ਚਾਹੀਦਾ ਹੈ। ਇਤਿਹਾਸ ਵਿਚ ਜੋ ਵਾਪਰਿਆ, ਉਸ ਦਾ ਖ਼ਿਆਲ ਬਹੁਤ ਕੁਝ ਘਟਾਉਂਦਾ ਅਤੇ ਵਧਾਉਂਦਾ ਰਹੇਗਾ। ਇਸ ਦੇ ਬਾਵਜੂਦ ਕੱਲ੍ਹ, ਅੱਜ ਤੇ ਭਲਕ ਦੀ ਤ੍ਰਿਕੜੀ ਬਣੀ ਰਹੇ ਤਾਂ ਪੰਜਾਬ ਦਾ ਮੁੱਢਲਾ ਤਸੱਵਰ ਲੋਪ ਨਹੀਂ ਹੋਵੇਗਾ, ਉਸ ਸਭ ਕੁਝ ਦੇ ਬਾਵਜੂਦ ਜੋ ਇਤਿਹਾਸ ਵਿਚ ਵਾਪਰਿਆ। ਸਾਡੀ ਹੋਂਦ ਲਈ ਇਹ ਤਸੱਵਰ ਭਾਵੀ ਵਾਂਗ ਹੈ।

 

ਤੇਜਵੰਤ ਸਿੰਘ ਗਿੱਲ