ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ

ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ

     ਭਖਦਾ ਮਸਲਾ

 - ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿਓਂ ਜਿਓਂ ਕਰੀਬ ਆ ਰਹੀਆ ਹਨ, ਤਿਓਂ ਤਿਓਂ ਪੰਜਾਬ ਵਿੱਚਲੀਆਂ ਸਮੂਹ ਰਾਜਨੀਤਕ ਪਾਰਟੀਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆ ਜਾ ਰਹੀਆਂ ਹਨ। ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ’ਤੇ ਮਿੱਟੀ ਪਾਉਣ ਲਈ ਅਤੇ ਲੋਕਾਂ ਨੂੰ ਇਕ ਵਾਰ ਫੇਰ ਮੂਰਖ ਬਣਾਉਣ ਵਾਸਤੇ ਆਪਸੀ ਕੁਕੜਖੋਹੀ ਵਾਲੇ ਡਰਾਮੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਪਪਟ ਵਜੋਂ ਮੂਹਰੇ ਲਿਆਂਦਾ ਹੈ ਤੇ ਕੈਪਟਨ ਨੂੰ ਪਿੱਛੇ ਧੱਕਿਆ ਹੈ। ਇੱਥੇ ਇਹ ਜ਼ਿਕਰ ਕਰਦੇ ਜਾਈਏ ਕਿ ਇਹਨੀਂ ਦਿਨੀਂ ਇਹ ਪਾਰਟੀ ਪਿਛਲੀਆਂ ਚੋਣਾਂ ਦੌਰਾਨ ਕੀਤੇ ਚੋਣ ਮਨੋਰਥ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਕਰਕੇ ਜਿੱਥੇ ਅੰਦਰੂਨੀ ਫੁੱਟ ਦੀ ਸ਼ਿਕਾਰ ਹੈ, ਉੱਥੇ ਵਿਰੋਧੀ ਸਿਆਸੀ ਧਿਰਾਂ ਦੀ ਤਿੱਖੀ ਅਲੋਚਨਾ ਤੇ ਆਮ ਲੋਕਾਂ ਦੇ ਗੁੱਸੇ ਦੀ ਵੀ ਸ਼ਿਕਾਰ ਹੈ।ਆਮ ਆਦਮੀ ਪਾਰਟੀ ਨੇ ਪੰਜਾਬ ਦੇ ਬਾਕੀ ਸਭ ਮੁਦਿਆਂ ’ਤੇ ਚੁੱਪ ਧਾਰ ਕੇ ਸਿਰਫ ਤਿੰਨ ਕੁ ਮੁੱਦਿਆਂ ਨੂੰ ਉਭਾਰਨਾ ਤੇ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਹੈ, ਜਿਹਨਾਂ ਵਿੱਚੋਂ ਪਹਿਲਾ ਇਹ ਹੈ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਨ ’ਤੇ ਮੁੱਖ ਮੰਤਰੀ ਦਾ ਚਿਹਰਾ ਕੋਈ ਸਿੱਖ ਹੋਵੇਗਾ। ਦੂਜਾ, ਪੰਜਾਬ ਵਿੱਚ ਵੀ ਦਿੱਲੀ ਵਾਲਾ ਮਾਡਲ ਲਾਗੂ ਕੀਤਾ ਜਾਵੇਗਾ। ਅਤੇ ਤੀਜਾ, ਪੰਜਾਬ ਵਿੱਚ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਪਰ ਜੇਕਰ ਤਿੰਨ ਸੌ ਤੋਂ ਇਕ ਵੀ ਯੂਨਿਟ ਵੱਧ ਵਰਤਿਆ ਗਿਆ ਤਾਂ ਤਿੰਨ ਸੌ ਇਕ ਯੂਨਿਟ ਦਾ ਪੂਰਾ ਬਿੱਲ ਵਸੂਲਿਆ ਜਾਵੇਗਾ। ਦਿੱਲੀ ਤੇ ਪੰਜਾਬ ਦੀਆਂ ਸਮੱਸਿਆਵਾਂ ਵਿੱਚ ਬਹੁਤ ਅੰਤਰ ਹੈ। ਸੋ ਦਿੱਲੀ ਵਾਲਾ ਮਾਡਲ ਪੰਜਾਬ ਵਿੱਚ ਲਾਗੂ ਕਰਨਾ ਇਕ ਜੁਮਲੇ ਤੋ ਵੱਧ ਕੁਝ ਵੀ ਨਹੀਂ।

ਜਿੱਥੋਂ ਤੱਕ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੈ, ਇਸ ਪਾਰਟੀ ਦੀ ਹਾਲਤ ਇਹ ਹੈ ਕਿ ਨਾ ਹੀ ਇਹ ਹੁਣ “ਸ਼੍ਰੋਮਣੀ” ਰਿਹਾ ਨਾ ਹੀ “ਅਕਾਲੀ” ਤੇ ਨਾ ਹੀ “ਦਲ”। ਇਸ ਦਲਦਲ ਵਿੱਚ ਫਸੀ ਪਾਰਟੀ ਦਾ ਪ੍ਰਧਾਨ ਅੱਜ ਕੱਲ ਮੀਡੀਏ ਵਿੱਚ ਕਰੋੜਾਂ ਦੇ ਇਸ਼ਤਿਹਾਰ ਦੇ ਕੇ ਇਹ ਕਹਿੰਦਾ ਆਮ ਹੀ ਸੁਣਿਆ ਜਾ ਰਿਹਾ ਹੈ, “ਜੋ ਕਿਹਾ, ਉਹ ਕੀਤਾ।” ਪਰ ਪੰਜਾਬ ਦੇ ਲੋਕਾਂ ਨੂੰ ਅਜੇ ਤਕ ਇਹ ਪਤਾ ਨਹੀਂ ਲੱਗਾ ਰਿਹਾ ਕਿ ਉਸ ਨੇ ਅੱਜ ਤੱਕ ਕਿਹਾ ਕੀ ਤੇ ਕੀਤਾ ਕੀ ਹੈ? ਸਾਨੂੰ ਯਾਦ ਹੈ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਰਗਾ ਬਣਾ ਦੇਣ, ਪਾਣੀ ਵਿੱਚ ਬੱਸਾਂ ਚਲਾਉਣ, ਲੁਧਿਆਣੇ ਵਿੱਚ ਮੈਟਰੋ ਚਲਾਉਣ, ਬਠਿੰਡੇ ਵਿੱਚ ਕ੍ਰਿਕਟ ਦਾ ਮੈਦਾਨ ਬਣਾਉਣ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਆਦਿ ਵਰਗੀਆਂ ਵੱਡੀਆਂ ਵੱਡੀਆਂ ਗੱਪਾਂ ਸ਼ਾਇਦ ਇਸੇ ਨੇ ਹੀ ਮਾਰੀਆਂ ਸਨ।ਰਹੀ ਗੱਲ ਬਸਪਾ ਦੀ, ਇਸ ਪਾਰਟੀ ਦਾ ਪੰਜਾਬ ਵਿਚ ਕਾਮਰੇਡਾਂ ਵਾਲਾ ਹਾਲ ਹੈ। ਕੋਈ ਜਨਅਧਾਰ ਨਹੀਂ ਹੈ। ਹੁਣ ਖੱਖੜੀਆਂ ਕਰੇਲੇ ਹੋਏ ਅਕਾਲੀਦਲ ਦੀ ਉਂਗਲ ਫੜਕੇ ਇਹ ਪਾਰਟੀ ਜਿੱਥੇ ਆਪਣੀ ਖੁਸੀ ਹੋਈ ਸਾਖ਼ ਬਹਾਲ ਕਰਨ ਦੀ ਤਾਕ ਵਿੱਚ ਹੈ ਉੱਥੇ ਅਕਾਲੀ ਵੀ ਇਸ ਦੇ ਹਾਥੀ ’ਤੇ ਅਸਵਾਰ ਹੋ ਕੇ ਦਲਿਤ ਵੋਟ ਆਪਣੇ ਖਾਤੇ ਵਿੱਚ ਕੈਸ਼ ਕਰਨ ਦੀ ਤਾਕ ਵਿੱਚ ਹੈ।ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇਹ ਸਭ ਸਿਆਸੀ ਪਾਰਟੀਆਂ ਆਟਾ, ਦਾਲ ਤੇ ਬਿਜਲੀ ਮੁਫ਼ਤ ਦੇਣ ਦੇ ਵੱਡੇ ਵੱਡੇ ਵਾਅਦੇ ਕਰਨ ਦੇ ਨਾਲ ਨਾਲ ਜਾਤ ਪਾਤ ਤੇ ਧਰਮ ਦਾ ਪੱਤਾ ਇਕ ਵਾਰ ਫੇਰ ਖੇਡ ਰਹੀਆਂ ਹਨ।

ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਲਾਲਚ ਦੇ ਕੇ ਇਕ ਵਾਰ ਫਿਰ ਬਿਲਕੁਲ ਉਸੇ ਤਰ੍ਹਾਂ ਭਰਮਾਇਆ ਦਾ ਰਿਹਾ ਹੈ ਜਿਵੇਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਨੂੰ ਆਟਾ ਤੇ ਚੂਹੇ ਜਾਂ ਕਿਸੇ ਪੰਛੀ ਨੂੰ ਫੜਨ ਵਾਸਤੇ ਪਿੰਜਰੇ ਵਿੱਚ ਰੋਟੀ ਜਾਂ ਦਾਣੇ ਰੱਖੇ ਜਾਂਦੇ ਹਨ। ਇਕ ਵਾਰ ਮੱਛੀ, ਚੂਹਾ ਜਾਂ ਪੰਛੀ ਫਸ ਜਾਵੇ, ਉਸ ਤੋਂ ਬਾਅਦ ਉਸ ਨਾਲ ਕੀ ਹੁੰਦਾ ਵਾਪਰਦਾ ਹੈ, ਪੰਜਾਬ ਵਾਸੀਆਂ ਨਾਲ ਵੀ ਅੱਜ ਤੱਕ ਇਹ ਸਿਆਸੀ ਲੋਕ ਇਨਬਿਨ ਇਸੇ ਤਰ੍ਹਾਂ ਕਰਦੇ ਆਏ ਹਨ। ਅਗਲੇ ਪੰਜ ਸਾਲ ਫਿਰ ਲੋਕ ਖਜ਼ਾਨੇ ਦੀ ਲੁੱਟ ਤੇ ਹੱਕ ਮੰਗਦੇ ਲੋਕਾਂ ਦੀ ਕੁੱਟ ਪੂਰੀ ਨਿਰਦੈਤਾ ਨਾਲ ਚਲਦੀ ਰਹੀ ਹੈ।ਹੁਣ ਸੁਣਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਵਿਚਲੀਆਂ ਦੋ ਪਰੰਪਰਾਗਤ ਸਿਆਸੀ ਪਾਰਟੀਆਂ, ਜਿਹਨਾਂ ਨੂੰ ਨੀਲੇ ਚਿੱਟੇ ਵੀ ਕਿਹਾ ਜਾਂਦਾ ਹੈ, ਅੱਜ ਤੱਕ ਆਪਸ ਵਿੱਚ ਰਲਕੇ ਸਿਆਸੀ ਨੂਰਾ ਕੁਸ਼ਤੀ ਹੀ ਖੇਡਦੀਆਂ ਰਹੀਆ ਹਨ। ਦੋਹਾਂ ਵਿੱਚੋਂ ਜੋ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ, ਉਹ ਪੰਜਾਬ ਵਿੱਚ ਫੈਲੇ ਵੱਖ ਵੱਖ ਤਰ੍ਹਾਂ ਦੇ ਮਾਫੀਏ ਤੋਂ 75 ਫੀਸਦੀ ਤੇ ਹਾਰਨ ਵਾਲੀ ਪਾਰਟੀ 25 ਫੀਸਦੀ ਗੁੰਡਾ ਟੈਕਸ ਵਸੂਲਦੀ ਹੈ। ਹੁਣ ਇਸ ਦਾ ਅਸਲ ਸੱਚ ਕੀ ਹੈ ਇਹ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਹੀ ਦੱਸ ਸਕਦੇ ਹਨ।ਵਿਚਲੀ ਗੱਲ ਇਹ ਵੀ ਹੈ ਕਿ ਇਹਨਾਂ ਉਕਤ ਸਿਆਸੀ ਪਾਰਟੀਆਂ ਵਿੱਚੋਂ ਇੱਕ ਵੀ ਪਾਰਟੀ ਇਹ ਅਵਾਜ਼ ਨਹੀਂ ਉਠਾਉਂਦੀ ਕਿ ਦੂਜੇ ਰਾਜਾਂ ਨੂੰ ਦਿੱਤੇ ਜਾ ਰਹੇ ਪੰਜਾਬ ਦੇ ਪਾਣੀਆਂ ਦਾ ਪੈਸਾ ਵਸੂਲਿਆ ਜਾਵੇਗਾ, ਪੰਜਾਬੀ ਬੋਲੀ ਦਾ ਵਿਕਾਸ ਕੀਤਾ ਜਾਵੇਗਾ, ਪੰਜਾਬ ਵਿੱਚ ਸਨਅਤੀ ਵਿਕਾਸ ਕਰਕੇ ਹਰ ਘਰ ਵਿੱਚ ਰੁਜ਼ਗਾਰ ਮੁਹਈਆ ਕੀਤਾ ਜਾਵੇਗਾ, ਕਰਮਚਾਰੀਆਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ, ਉਹਨਾਂ ਦੀਆ ਤਨਖਾਹਾਂ ਮਿਥੇ ਸਮੇਂ ’ਤੇ ਦਿੱਤੀਆਂ ਜਾਣਗੀਆਂ, ਰੁਜ਼ਗਾਰ ਤੇ ਬੇਰੁਜ਼ਗਾਰੀ ਭੱਤੇ ਸੰਬੰਧੀ ਗਰੰਟੀ ਦਿੱਤੀ ਜਾਵੇਗੀ, ਹਰ ਬਜ਼ੁਰਗ ਨੂੰ ਪੈਨਸ਼ਨ ਦਾ ਬੰਦੋਵਾਸਤ ਕੀਤਾ ਜਾਵੇਗਾ ਆਦਿ। ਪਰ ਅਫ਼ਸੋਸ ਕਿ ਪੰਜਾਬ ਵਿੱਚ ਰਾਜਨੀਤੀ ਜਾਂ ਤਾਂ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ, ਵੱਡੇ ਵੱਡੇ ਲਾਲਚ ਦੇ ਕੇ ਕੀਤੀ ਜਾ ਰਹੀ ਹੈ ਜਾਂ ਫਿਰ ਜਾਤ ਪਾਤ ਤੇ ਧਰਮ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਸਿਤਮ ਜ਼ਰੀਫੀ ਇਹ ਵੀ ਹੈ ਕਿ ਲੋਕ ਵਾਰ ਵਾਰ ਇਹਨਾਂ ਦੇ ਝਾਂਸਿਆ ਵਿੱਚ ਫਸਦੇ ਵੀ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਏ ਨੇ ਲੋਕਾਂ ਨੂੰ ਬਹੁਤ ਹੱਦ ਤੱਕ ਜਾਗਰੂਕ ਵੀ ਕੀਤਾ ਹੈ। ਪਰ ਤਦ ਵੀ ਅਜੇ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਿੰਨੀ ਕੁ ਸੂਝਬੂਝ ਤੇ ਸਮਝਦਾਰੀ ਨਾਲ ਕਰਦੇ ਹਨ।

ਪੰਜਾਬ ਇਸ ਵੇਲੇ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਦੀਆਂ ਮੌਜੂਦਾ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਤਬਾਹੀ ਦੇ ਦਹਾਨੇ ’ਤੇ ਪਹੁੰਚਾ ਦਿੱਤਾ ਹੈ। ਇਹ ਹੁਣ ਪੰਜਾਬ ਦੇ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਜਾਗਣ ਤੇ ਆਪਣੀਆਂ ਜ਼ਮੀਰਾਂ ਨੂੰ ਹਾਜ਼ਰ ਨਾਜ਼ਰ ਰੱਖਕੇ ਅਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਬਹੁਤ ਹੀ ਸੂਝ ਅਤੇ ਸੰਜੀਦਗੀ ਨਾਲ ਫੈਸਲੇ ਲੈਣ। ਬਹੁਤ ਚੰਗਾ ਹੋਵੇਗਾ ਜੇਕਰ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਸਾਹਮਣਿਓਂ ਸਵਾਲ ਪੁੱਛੇ ਜਾਣ, ਆਹਮੋ ਸਾਹਮਣੇ ਡਿਬੇਟ ਰੱਖੇ ਜਾਣ, ਉਮੀਦਵਾਰਾਂ ਤੇ ਪਾਰਟੀਆਂ ਦਾ ਪਿਛਲਾ ਸਮੁੱਚਾ ਲੇਖਾ-ਜੋਖਾ ਕੀਤਾ ਜਾਵੇ, ਵੋਟ ਪਾਉਣ ਤੋਂ ਪਹਿਲਾਂ ਉਹਨਾਂ ਦਾ ਤੇ ਉਹਨਾਂ ਦੇ ਚੋਣ ਮਨੋਰਥ ਪੱਤਰ ਦਾ ਤਸਦੀਕਸ਼ੁਦਾ ਹਲਫੀਆ ਬਿਆਨ ਲਿਆ ਜਾਵੇ ਤਾਂ ਕਿ ਐਲਾਨਾਂ ਅਤੇ ਬਿਆਨਾਂ ਦੇ ਮਗਰੋਂ ਪੂਰੇ ਨਾ ਕਰਨ ਦੀ ਸੂਰਤ ਵਿੱਚ ਸੰਬੰਧਿਤ ਪਾਰਟੀਆਂ ਤੇ ਉਮੀਦਵਾਰਾਂ ’ਤੇ ਕਾਨੂੰਨ ਦਾ ਡੰਡਾ ਚਲਾਇਆ ਜਾ ਸਕੇ। ਪੰਜਾਬ ਵਾਸੀ ਇਕ ਗੱਲ ਹੁਣ ਜਿੰਨੀ ਜਲਦੀ ਸਮਝ ਲੈਣ ਉਸੇ ਵਿੱਚ ਭਲਾਈ ਹੈ ਕਿ “ਬਹੁਤ ਲੁੱਟੇ ਗਏ, ਬਸ ਹੁਣ ਹੋਰ ਲੁੱਟ ਬਰਦਾਸ਼ਤ ਨਹੀਂ।” ਜਦੋਂ ਇਹ ਨੁਕਤਾ ਪੰਜਾਬ ਵਾਸੀਆਂ ਦੇ ਸਮਝ ਪੈ ਗਿਆ ਤਾਂ ਫਿਰ ਪੰਜਾਬ ਦੀ ਵਿਗੜੀ ਤੇ ਪੂਰੀ ਤਰ੍ਹਾਂ ਉਲਝੀ ਤਾਣੀ ਦੇ ਸੁਲਝ ਜਾਣ ਦੀ ਆਸ ਦੀ ਕਿਰਨ ਨਜ਼ਰ ਆਉਣ ਲੱਗ ਪਵੇਗੀ ਤੇ ਜੇਕਰ ਧਰਮਾਂ, ਜਾਤਾਂ ਤੇ ਲਾਲਚਾਂ ਵਾਲੀ ਗੰਦੀ ਸਿਆਸਤ ਵਿੱਚ ਉਲਝੇ ਰਹੇ ਤਾਂ ਫਿਰ ਪੰਜਾਬ ਤੇ ਪੰਜਾਬ ਵਿੱਚ ਵਸਦੇ ਲੋਕਾਂ ਦਾ ਬਚ ਸਕਣਾ ਬਹੁਤ ਮੁਸ਼ਕਲ ਹੋਵੇਗਾ। ਸੋ ਇਹ ਵੇਲਾ ਪੰਜਾਬੀਆਂ ਦੇ ਸੰਭਲ ਜਾਣ ਦਾ ਹੈ, ਕਿਉਂਕਿ ਇਸ ਵੇਲੇ ਹੋਰ ਦੇਰੀ ਦੀ ਰਤੀ ਮਾਤਰ ਵੀ ਗੁੰਜਾਇਸ਼ ਬਾਕੀ ਨਹੀਂ ਰਹੀ।