ਕਿਸਾਨੀ ਸੰਘਰਸ਼ ਬੋਲੀਆਂ ਨਾਲ ਮਘਿਆ :    ਨੀਂ ਬਾਬੇ ਖੇਤਾਂ ਦੇ, ਬਹਿਗੇ ਮੋਰਚਾ ਲਾ ਕੇ.

ਕਿਸਾਨੀ ਸੰਘਰਸ਼ ਬੋਲੀਆਂ ਨਾਲ ਮਘਿਆ :    ਨੀਂ ਬਾਬੇ ਖੇਤਾਂ ਦੇ, ਬਹਿਗੇ ਮੋਰਚਾ ਲਾ ਕੇ.

ਭੋਲਾ ਸਿੰਘ ਸ਼ਮੀਰੀਆ

ਦਿੱਲੀ ਦੀਆਂ ਬਰੂਹਾਂ ’ਤੇ ਡੇਰਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੀ ਪੂਰਤੀ ਤੱਕ ਸਿਰੜ ਧਾਰੀ ਬੈਠੀਆਂ ਹਨ। ਤਿੰਨੇ ਖੇਤੀ ਕਾਨੂੰਨ ਜਿੱਥੇ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕੇ ਹਨ, ਉੱਥੇ ਇਹ ਕਿਸਾਨਾਂ ਲਈ ਵੀ ਆਰ ਜਾਂ ਪਾਰ ਦੀ ਲੜਾਈ ਲਈ ਪ੍ਰਤੱਖ ਹੋ ਚੁੱਕੇ ਹਨ। ਪੰਜਾਬ ਦੀ ਧਰਤੀ ’ਤੇ ਪਹਿਲਾਂ ਵੀ ਅਜਿਹੇ ਸੰਘਰਸ਼ ਜਾਂ ਮੋਰਚੇ ਲੱਗਦੇ ਰਹੇ ਹਨ। ਬਾਗ਼ੀ ਸੁਰ ਜਾਂ ਆਪਣੇ ਹੱਕਾਂ ਲਈ ਸਿਰੜ ਧਾਰਨਾ ਪੰਜਾਬੀਆਂ ਦੇ ਖ਼ੂਨ ਵਿਚ ਹੀ ਸਮੋਇਆ ਪਿਆ ਹੈ। ਸਰਹੱਦੀ ਸੂਬਾ ਹੋਣ ਕਰਕੇ ਵਿਦੇਸ਼ੀਆਂ ਨਾਲ ਜੂਝਦਾ ਹੋਇਆ ਇਹ ਸੂਬਾ ਆਪਣੀ ਵੱਖਰੀ ਧਾਰਾ ਜਾਂ ਸ਼ੈਲੀ ਦਾ ਧਾਰਨੀ ਬਣ ਚੁੱਕਾ ਹੈ। ਇਸ ਕਿਸਾਨੀ ਸੰਘਰਸ਼ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਅੰਦੋਲਨ ਨੂੰ ਪੰਜਾਬ ਦੀ ਧਰਤੀ ਦਾ ਕਣ-ਕਣ ਆਪਣਾ ਸਮਰਥਨ ਦੇ ਰਿਹਾ ਹੈ। ਇਸ ਸੰਘਰਸ਼ ਦੀ ਹੋਰ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੰਘਰਸ਼ ਸੂਝਵਾਨ ਲੀਡਰਸ਼ਿਪ ਦੇ ਨਕਸ਼ੇ ਕਦਮਾਂ ’ਤੇ ਤੁਰਦਾ ਹੋਇਆ ਸ਼ਾਂਤਮਈ ਤੇ ਲੋਕਤੰਤਰੀ ਤੌਰ ਤਰੀਕਿਆਂ ਦਾ ਧਾਰਨੀ ਬਣ ਕੇ ਅੱਗੇ ਵਧਦਾ ਜਾ ਰਿਹਾ ਹੈ।  ਪੰਜਾਬ ਦੀ ਲੋਕਧਾਰਾ ਤੇ ਕਾਵਿਕ ਨਜ਼ਰੀਆ ਵੀ ਇਸ ਸੰਘਰਸ਼ ਦੀ ਤਾਕਤ ਬਣ ਕੇ ਬਹੁੜਿਆ ਹੈ। ਇਹ ਸੰਘਰਸ਼ ਕਲਾਕਾਰਾਂ ਦੀ ਭਰਪੂਰ ਹਾਜ਼ਰੀ ਹੋਣ ਕਰਕੇ ਸਾਡੇ ਗੀਤਾਂ ਵਿਚ ਵੀ ਬੋਲਣ ਲੱਗ ਪਿਆ ਹੈ। ਲੋਕ ਬੋਲੀਆਂ ਦੇ ਇਕ ਵੱਖਰੇ ਰੰਗ ਵਿਚ ਵੀ ਰੰਗਿਆ ਗਿਆ ਹੈ। ਮਲਵਈ ਗਿੱਧਿਆਂ ਦੇ ਸ਼ੌਕ ਨਾਲ ਜੁੜੇ ਕਲਾਕਾਰਾਂ ਨੇ ਆਪੋ-ਆਪਣੇ ਨਾਵਾਂ ਨਾਲ ਬੋਲੀਆਂ ਜੋੜ ਕੇ ਬੋਲੀਆਂ ਦੀ ਇਕ ਨਵੀਂ ਪਿਰਤ ਤੋਰੀ ਹੈ।ਨਵੀਆਂ ਰੂਪਮਾਨ ਹੋਈਆਂ ਬੋਲੀਆਂ ਵਿਚੋਂ ਇਕ ਬੋਲੀ ਵਿਚ ਕਿਸਾਨ ਦਿੱਲੀ ਨੂੰ ਤਾਅਨਾ ਮਾਰਦੇ ਹੋਏ ਚੁਣੌਤੀ ਵੀ ਦਿੰਦੇ ਹਨ ਕਿ ਤੂੰ ਸਾਡੇ ਨਾਲ ਸਦੀਆਂ ਤੋਂ ਧ੍ਰੋਹ ਕਮਾਉਂਦੀ ਆ ਰਹੀ ਹੈ। ਇਹ ਬੋਲੀ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਇਉਂ ਪੇਸ਼ ਕਰਦੀ ਹੈ:

ਤੂੰ ਨਾ ਸਾਡੀ ਬਣੀ ਵੈਰਨੇ, ਦੇਖ ਲਿਆ ਅਜ਼ਮਾ ਕੇ।

ਤੇਰੀ ਖ਼ਾਤਰ ਅਸੀਂ ਦਿੱਲੀਏ, ਦੇਖੇ ਸੀਸ ਕਟਾ ਕੇ।

ਹੁਣ ਸਿੱਟਾਂਗੇ ਤੈਨੂੰ ਦਿੱਲੀਏ, ਅਸੀਂ ਢਾਕ ’ਤੇ ਲਾ ਕੇ।

ਨੀਂ ਬਾਬੇ ਖੇਤਾਂ ਦੇ, ਬਹਿਗੇ ਮੋਰਚਾ ਲਾ ਕੇ।

ਪੰਜਾਬੀਆਂ ਦੀ ਵਿਸ਼ੇਸ਼ਤਾ ਹੈ ਕਿ ਉਹ ਕਦੇ ਵੀ ਲੜਾਈ ਦੇ ਮੈਦਾਨ ਵਿਚੋਂ ਪਿੱਛੇ ਨਹੀਂ ਹਟਦੇ। ਇਤਿਹਾਸ ਵੱਲ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਇਹ ਗੱਲ ਪ੍ਰਤੱਖ ਹੋ ਜਾਂਦੀ ਹੈ। ਇਹ ਪੰਜਾਬੀ ਵਿਦੇਸ਼ੀ ਧਾੜਵੀ ਅਬਦਾਲੀ ਦੀਆਂ ਫੌ਼ਜਾਂ ’ਤੇ ਹਮਲਾ ਕਰਕੇ ਉਸ ਨੂੰ ਵੀ ਲੁੱਟ ਲੈਂਦੇ ਸਨ। 1965, 1971 ਅਤੇ ਕਾਰਗਿਲ ਦੇ ਯੁੱਧ ਸਮੇਂ ਇਹ ਗੱਲ ਸਿੱਧ ਹੋ ਚੁੱਕੀ ਹੈ। ਇਸੇ ਤਰ੍ਹਾਂ ਕਿਸਾਨ ਦਿੱਲੀ ਨੂੰ ਆਪਣੀ ਬਹਾਦਰੀ ਦਾ ਪ੍ਰਮਾਣ ਦਿੰਦੇ ਹੋਏ, ਇਕ ਬੋਲੀ ਰਾਹੀਂ ਇਉਂ ਲਲਕਾਰਦੇ ਹਨ:

ਅਸੀਂ ਕਦੇ ਨਾ ਭੱਜੇ ਮੈਦਾਨੋਂ, ਨਾ ਨੀਂਹਾਂ ਵਿਚ ਡੋਲੇ।

ਤੈਨੂੰ ਇਹ ਕਿਰਸਾਨੀ ਵੈਰਨੇ, ਛੱਡੂ ਚਬਾ ਕੇ ਛੋਲੇ।

ਦੇਖ ਕੇ ਤੈਨੂੰ ਅਮਰਜੀਤ ਸਿੰਘ ਸਿੱਧੂ ਜੈਕਾਰਾ ਬੋਲੇ।

ਜਾਬਰ ਹਾਕਮ ਤੋਂ, ਅਸੀਂ ਕਦੇ ਨਾ ਡੋਲੇ।

ਨਵੇਂ ਸਿਰਜੇ ਹੋਵੇ ਤਿੰਨਾਂ ਕਾਨੂੰਨਾਂ ਦਾ ਸਤਾਇਆ ਹੋਇਆ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਡੇਰੇ ਲਾਈ ਬੈਠਾ ਹੈ। ਭਾਵੇਂ ਪੰਜਾਬ ਦੀ ਧਰਤੀ ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਕਰਕੇ ਕੁਝ ਭੂਗੋਲਿਕ, ਭਾਸ਼ਾ ਤੇ ਸੱਭਿਆਚਾਰਕ ਵਖਰੇਵਾਂ ਰੱਖਦੀ ਹੈ, ਪਰ ਇਸ ਕਿਸਾਨੀ ਸੰਘਰਸ਼ ਵਿਚ ਇਹ ਤਿੰਨੇ ਖੇਤਰ ਆਪੋ-ਆਪਣੀ ਹੋਂਦ ਮਿਟਾ ਕੇ ਸਿਰਫ਼ ਤੇ ਸਿਰਫ਼ ਕਿਸਾਨ ਬਣ ਕੇ ਹੀ ਜੂਝ ਰਹੇ ਹਨ। ਪੰਜਾਬ ਦੀਆਂ ਸੱਥਾਂ ਸੁੰਨੀਆਂ ਹੋ ਗਈਆਂ ਹਨ, ਕਿਉਂਕਿ ਸੱਥਾਂ ਵਾਲੀਆਂ ਰੌਣਕਾਂ ਕਿਸਾਨਾਂ ਨੇ ਦਿੱਲੀ ਜਾ ਲਾਈਆਂ ਹਨ। ਇਸ ਤਰ੍ਹਾਂ ਦੇ ਮਾਹੌਲ ਨੂੰ ਇਕ ਬੋਲੀ ਇਉਂ ਪੇਸ਼ ਕਰਦੀ ਹੈ:

ਸੜਕਾਂ ਮੱਲ ਕੇ ਬਹਿਗੀ ਕਿਸਾਨੀ,

ਦਿੱਲੀ ਦੀਆਂ ਬਰੂਹਾਂ।

ਪਿੱਛੇ ਘਰਾਂ ਦਾ ਫ਼ਿਕਰ ਨਾ ਕਰਨਾ,

ਹੁੱਬ ਕੇ ਆਂਹਦੀਆਂ ਨੂੰਹਾਂ।

ਮਾਝਾ, ਮਾਲਵਾ ਖਾਲੀ ਹੋ ਗਿਆ,

ਸੁੰਨੀਆਂ ਹੋ ਗਈਆਂ ਜੂਹਾਂ।

ਦਿੱਲੀ ਜਾ ਜੁੜੀਆਂ,

ਵਕਤੋਂ ਵਿਛੜੀਆਂ ਰੂਹਾਂ।

ਇਸ ਸੰਘਰਸ਼ ਦੀ ਇਕ ਹੋਰ ਵਿਸ਼ੇਸ਼ਤਾ ਇਹ ਦੇਖਣ ਨੂੰ ਮਿਲਦੀ ਹੈ ਕਿ ਇਸ ਸੰਘਰਸ਼ ਵਿਚ ਔਰਤਾਂ ਦਾ ਯੋਗਦਾਨ ਤੇ ਜੋਸ਼ ਠਾਠਾਂ ਮਾਰਦਾ ਪ੍ਰਤੀਤ ਹੁੰਦਾ ਹੈ। ਔਰਤ ਆਪਣੇ ਪਤੀ, ਭਰਾਵਾਂ ਤੇ ਦਿਓਰਾਂ-ਜੇਠਾਂ ਨੂੰ ਇਸ ਯੁੱਧ ਵਿਚ ਕੁੱਦਣ ਲਈ ਸਿਰਫ਼ ਹੱਲਾਸ਼ੇਰੀ ਹੀ ਨਹੀਂ ਦਿੰਦੀ, ਸਗੋਂ ਉਸ ਦੇ ਮੋਢੇ ਨਾਲ ਮੋਢਾ ਜੋੜਦੀ ਵੀ ਪ੍ਰਤੀਤ ਹੁੰਦੀ ਹੈ। ਆਪਣੇ ਪਰਿਵਾਰ ਦੇ ਪੁਰਸ਼ਾਂ ਦੀ ਗ਼ੈਰਹਾਜ਼ਰੀ ਵਾਲੇ ਅਧੂਰੇ ਕਾਰਜਾਂ ਨੂੰ ਖ਼ੁਦ ਨਿਭਾਉਣ ਦੀ ਜ਼ਿੰਮੇਵਾਰੀ ਲਈ ਆਪਣੇ ਪਰਾਂ ਨੂੰ ਤੋਲਦੀ ਹੈ। ਜਿਵੇਂ ਕਿ ਇਕ ਬੋਲੀ ਵਿਚ ਇਕ ਔਰਤ ਆਪਣੇ ਦਿਓਰ ਨੂੰ ਇੰਜ ਹੌਸਲਾ ਦਿੰਦੀ ਹੈ:

ਸਿੰਘੂ ਬਾਡਰ ਉੱਤੇ ਦਿਓਰਾ, ਲਾ ਕੇ ਬੈਠ ਜਾ ਧਰਨਾ।

ਜੇਕਰ ਆਪਣੇ ਖੇਤ ਖੁੱਸਗੇ, ਜਿਉ ਕੇ ਫੇਰ ਕੀ ਕਰਨਾ।

ਕੁੜਤਾ ਪਜਾਮਾ ਪਾ ਝੋਲੇ ਵਿਚ, ਨਾਲੇ ਕਛਹਿਰਾ ਪਰਨਾ।

ਭੀਖੀ ਵਾਲੇ ਸੱਤ ਪਾਲ ਤੋਂ ਹੁਣ ਆਪਾਂ ਨੀਂ ਡਰਨਾ।

ਡਟਿਆ ਰਹਿ ਦਿਓਰਾ, ਆਪੇ ਚੁਗਾ ਲਊਂ ਨਰਮਾ।

ਇਸ ਕਿਸਾਨੀ ਸੰਘਰਸ਼ ਵਿਚ ਔਰਤਾਂ ਤੀਹਰਾ ਕਾਰਜ ਨਿਭਾਅ ਰਹੀਆਂ ਹਨ। ਘਰ ਦਾ, ਖੇਤ ਦਾ ਅਤੇ ਮੋਰਚੇ ਦਾ। ਔਰਤਾਂ ਕੇਸਰੀ ਰੰਗ ਵਿਚ ਰੰਗੀਆਂ ਹੋਈਆਂ ਇਸ ਸੰਘਰਸ਼ ਦਾ ਹਿੱਸਾ ਬਣ ਰਹੀਆਂ ਹਨ। ਪਿੰਡਾਂ ਵਿਚ ਔਰਤਾਂ ਇਕ ਦੂਜੀ ਨੂੰ ਲਾਮਬੰਦ ਕਰਦੀਆਂ ਨਜ਼ਰ ਆਉਂਦੀਆਂ ਹਨ। ਇਕ ਬੋਲੀ ਵਿਚ ਇਕ ਔਰਤ ਆਪਣੀ ਸਹੇਲੀ ਨੂੰ ਸੰਘਰਸ਼ ਵਿਚ ਦਿੱਲੀ ਜਾਣ ਲਈ ਇਉਂ ਪ੍ਰੇਰ ਰਹੀ ਹੈ:

ਦਿੱਲੀ ਦੇ ਵਿਚ ਧਰਨਾ ਲੱਗਿਆ, ਥਾਂ-ਥਾਂ ਹੋਵੇ ਚਰਚਾ।

ਭਾਂਡਾ-ਟੀਂਡਾ ਅੰਦਰ ਕਰਦੇ, ਆਉਣ ਵਾਲੀ ਹੈ ਵਰਖਾ।

ਪਾਣੀ ਦੇ ਦੋ ਤੌੜੇ ਭਰ ਜਾ, ਹੱਥੀਂ ਗੇੜ ਕੇ ਨਲਕਾ।

ਦੋ ਕੁ ਰੋਟੀਆਂ ਨਾਲ ਬੰਨ੍ਹ ਲੈ, ਲਾ ਕੇ ਗੰਢੇ ਨੂੰ ਤੜਕਾ।

ਦਿੱਲੀ ਚੱਲ ਚੱਲੀਏ, ਚੱਕਦੇ ਬਿਸ਼ਨੀਏ ਚਰਖਾ।

ਇਹ ਸੰਘਰਸ਼ ਸਿਆਸੀ ਪਾਰਟੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀ ਦੂਰੀ ਬਣਾ ਕੇ ਤੁਰਨ ਕਰਕੇ ਨਿਰੋਲ ਕਿਸਾਨੀ ਹੋ ਨਿੱਬੜਿਆ ਹੈ। ਸਿਆਸੀ ਧਿਰਾਂ ਤੋਂ ਦੂਰੀ ਬਣਾਉਣ ਕਰਕੇ ਇਸ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ। ਇਹ ਵੀ ਇਕ ਸੋਚ ਹੈ ਕਿ ਹੁਣ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਸਹਿਯੋਗ ਤੋਂ ਬਿਨਾਂ ਅਧੂਰੀਆਂ ਪ੍ਰਤੀਤ ਹੋ ਰਹੀਆਂ ਹਨ। ਇਸ ਮੰਚ ਤੋਂ ਕਿਸੇ ਵੀ ਸਿਆਸੀ ਧਿਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਸਗੋਂ ਉਨ੍ਹਾਂ ਨੂੰ ਵੰਗਾਰਿਆ ਤੇ ਲਲਕਾਰਿਆ ਜਾ ਰਿਹਾ ਹੈ ਕਿ ਉਹ ਸੰਸਦ ਵਿਚ ਬੈਠ ਕੇ ਹੁਕਮਰਾਨ ਪਾਰਟੀ ਦਾ ਵਿਰੋਧ ਕਰਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਲੋਕ ਉਨ੍ਹਾਂ ਦਾ ਵੀ ਬੁਰਾ ਹਾਲ ਕਰਨਗੇ। ਜਦੋਂ ਸੰਸਦ ਦਾ ਸੈਸ਼ਨ ਚੱਲਣ ਵਾਲਾ ਸੀ ਤਾਂ ਉਸ ਸਮੇਂ ਹੋਂਦ ਵਿਚ ਆਈ ਬੋਲੀ ਉਸ ਦ੍ਰਿਸ਼ ਦੀ ਤਰਜ਼ਮਾਨੀ ਇਉਂ ਕਰਦੀ ਹੈ:

ਸੰਸਦ ਦਾ ਹੁਣ ਸੱਦ ਲਿਆ ਸੈਸ਼ਨ, ਬਾਈ ਤੇਈ ਬੱਸ ਆਈ।

ਸੰਘਰਸ਼ੀ ਮੋਰਚੇ ਨੇ ਵੀ ਵੀਰਨੋ, ਕਰ ਦਿੱਤੀ ਤਕੜਾਈ।

ਅਪੋਜੀਸ਼ਨ ਦੇ ਐੱਮਪੀ ਜਿੰਨੇ, ਚਿੱਠੀ ਹੈ ਭਿਜਵਾਈ।

ਕਰੋ ਵਿਰੋਧ ਕਾਨੂੰਨ ਦਾ ਰਲ ਕੇ, ਏਸੇ ਵਿਚ ਭਲਾਈ।

ਨਹੀਂ ਘੇਰਾਂਗੇ ਸੱਥ ਵਿਚ ਥੋਨੂੰ, ਸਿੱਧੂ ਗੱਲ ਸਮਝਾਈ।

ਫੜ ਕੇ ਮਾਂਜਾਗੇ, ਜੇ ਨਾ ਗੱਲ ਉਠਾਈ।

ਕਈ ਵਾਰੀ ਇਹ ਬੋਲੀਆਂ ਸਮੁੱਚੇ ਘਟਨਾਕ੍ਰਮ ਨੂੰ ਚਾਰੇ ਕੰਨੀਆਂ ਤੋਂ ਫੜ ਕੇ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਰਗੀ ਵੰਨਗੀ ਪੇਸ਼ ਕਰ ਜਾਂਦੀਆਂ ਹਨ। ਕਵਿਤਾ ਦਾ ਸਰੋਦ ਰਸ ਸਰੋਤਿਆਂ ਨੂੰ ਬੰਨ੍ਹ ਕੇ ਹੀ ਨਹੀਂ ਬਹਾਉਂਦਾ, ਸਗੋਂ ਉਨ੍ਹਾਂ ਨੂੰ ਸਮੁੱਚੇ ਹਾਲਾਤ ਦੀ ਜਾਣਕਾਰੀ ਵੀ ਮੁਹੱਈਆ ਕਰਵਾ ਜਾਂਦਾ ਹੈ। ਇਹ ਸੰਘਰਸ਼ ਕਿਉਂ ਸ਼ੁਰੂ ਹੋਇਆ? ਇਸ ਦੇ ਅੰਦਰਲੀ ਭਾਵਨਾ ਕੀ ਹੈ? ਭਵਿੱਖ ਵਿਚ ਇਸ ਦਾ ਸਾਡੇ ਉੱਪਰ ਕੀ ਅਸਰ ਪਵੇਗਾ? ਆਦਿ ਅਜਿਹੇ ਪ੍ਰਸ਼ਨ ਹਨ, ਜੋ ਇਕ ਬੋਲੀ ਦੇ ਰੂਪ ਵਿਚ ਸਾਰਅੰਸ਼ ਬਣ ਕੇ ਉੱਭਰਦੇ ਹਨ:

ਕਾਰਪੋਰੇਟ ਘਰਾਣੇ ਜੋੜਗੇ, ਕੇਂਦਰ ਦੇ ਨਾਲ ਨਾਤਾ।

ਸਾਡੇ ਸਾਰੇ ਖੇਤ ਖੋਹਣ ਦਾ, ਫੀਡ ਕਰ ਲਿਆ ਡਾਟਾ।

ਸਰ੍ਹੋਂ ਕਣਕ ਸਾਡੀ ਸਸਤੀ ਲੈਣਗੇ, ਸਾਨੂੰ ਪਾਉਣਗੇ ਘਾਟਾ।

ਫੇਰ ਕਹਿਣਗੇ ਸਾਥੋਂ ਖ਼ਰੀਦੋ, ਛੋਲੇ ਤੇਲ ਤੇ ਆਟਾ।

ਸਾਨੂੰ ਇਨ੍ਹਾਂ ਨੇ ਸੀਰੀ ਲਾ ਕੇ, ਹੱਥ ’ਚ ਫੜਾਉਣੈ ਬਾਟਾ।

ਕੀ ਸਾਡੀ ਮੱਤ ਮਾਰੀ, ਕਾਹਤੋਂ ਪੁਟਾਈਏ ਝਾਟਾ।

ਕਿਸਾਨੀ ਸੰਘਰਸ਼ ਦੀ ਹਰ ਵੇਦਨਾ ਨੂੰ ਲੋਕ ਬੋਲੀਆਂ ਨੇ ਆਪਣੇ ਕਲਾਵੇ ਵਿਚ ਲਿਆ ਹੈ। ਆਪਣੇ ਘਰ ਤੋਂ ਦੂਰ ਦਿੱਲੀ ਦੇ ਧਰਨੇ ’ਤੇ ਬੈਠਾ ਇਕ ਕਿਸਾਨ ਆਪਣੀ ਪਤਨੀ ਨੂੰ ਚਿੱਠੀ ਵਰਗੀ ਭਾਵਨਾ ਨਾਲ ਫੋਨ ਕਰਦਾ ਹੈ, ਜਿਸ ਦੀ ਹੂਬਹੂ ਪੇਸ਼ਕਾਰੀ ਦੀ ਇਕ ਲੋਕ ਬੋਲੀ ਇਉਂ ਨਕਸ਼ਾ ਖਿੱਚਦੀ ਹੈ:

ਤਾਰੇ...ਤਾਰੇ...ਤਾਰੇ

ਟਿੱਕਰੀ ਬਾਡਰ ਤੋਂ, ਮੈਂ ਚੰਦ ਸਿਉਂ ਬੋਲਦਾਂ ਨਾਰੇ।

ਪੜ੍ਹਦੇ ਸੁਣਦਿਆਂ ਨੂੰ, ਮੇਰੀ ਫ਼ਤਹਿ ਬੁਲਾ ਦੇਈਂ ਸਾਰੇ।

ਦਿੱਲੀ ਵਾਲੇ ਬਾਡਰ ’ਤੇ, ਸਾਨੂੰ ਪੈ ਗਏ ਮਾਮਲੇ ਭਾਰੇ।

ਹੋਰ ਏਥੇ ਕੋਈ ਦੁੱਖ ਨਾ, ’ਕੱਲਾ ਘਰ ਦਾ ਫ਼ਿਕਰ ਜਾ ਮਾਰੇ।

ਦੁੱੱਧ ਵਾਲੀ ਮੱਝ ਰੱਖ ਕੇ, ਬਾਕੀ ਪਸ਼ੂ ਵੇਚ ਦੇਈਂ ਸਾਰੇ।

ਜਿੱਤ ਕੇ ਆਜਾਂਗੇ, ਸਿਦਕ ਰੱਖੀਂ ਮੁਟਿਆਰੇ।