ਮੋਦੀ ਰਾਜਨੀਤੀ ਲਈ ਚੈਲਿੰਜ  ਬਣੀ ਭਾਰਤੀ ਸਿਆਸਤ ਦੀ ਜੁਝਾਰੂ ਔਰਤ ਮਮਤਾ ਬੈਨਰਜੀ 

ਮੋਦੀ ਰਾਜਨੀਤੀ ਲਈ ਚੈਲਿੰਜ  ਬਣੀ ਭਾਰਤੀ ਸਿਆਸਤ ਦੀ ਜੁਝਾਰੂ ਔਰਤ ਮਮਤਾ ਬੈਨਰਜੀ 

 ਅੱਬਾਸ ਧਾਲੀਵਾਲ

ਭਾਰਤ ਦੀ ਉੱਘੀ ਸਿਆਸਤਦਾਨ ਮਮਤਾ ਬੈਨਰਜੀ ਜੋ ਕਿ 2011 ਵਿੱਚ ਪਹਿਲੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੇ ਸਨ ਤੇ ਉਸ ਤੋਂ ਬਾਅਦ ਉਹ 2016 ਵਿੱਚ ਦੁਬਾਰਾ ਮੁੱਖ ਮੰਤਰੀ ਚੁਣੇ ਗਏ ਸਨ। ਇਸ ਤੋਂ ਪਹਿਲਾਂ ਮਮਤਾ ਦੋ ਵਾਰ ਕੇਂਦਰ ਸਰਕਾਰ ਵਿੱਚ ਰੇਲ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਇਸਦੇ ਨਾਲ ਨਾਲ ਉਹ ਭਾਰਤ ਸਰਕਾਰ ਦੇ ਮੰਤਰੀ ਮੰਡਲ ਵਿੱਚ ਕੋਲਾ ਦੀ ਪਹਿਲੀ ਮਹਿਲਾ ਮੰਤਰੀ ਤੇ ਮਨੁੱਖੀ ਸਰੋਤ ਵਿਕਾਸ, ਯੁਵਾ ਮਾਮਲੇ, ਖੇਡ, ਔਰਤ ਅਤੇ ਬਾਲ ਵਿਕਾਸ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਸਿੰਗੂਰ ਵਿਖੇ ਖੇਤੀਬਾੜੀ ਅਤੇ ਕਿਸਾਨਾਂ ਦੀ ਕੀਮਤ ’ਤੇ ਵਿਸ਼ੇਸ਼ ਆਰਥਿਕ ਖੇਤਰਾਂ ਲਈ ਪੱਛਮੀ ਬੰਗਾਲ ਵਿੱਚ ਕਮਿਊਨਿਸਟ ਸਰਕਾਰ ਦੇ ਉਦਯੋਗੀਕਰਨ ਲਈ ਭੂਮੀ ਗ੍ਰਹਿਣ ਕਰਨ ਵਾਲੀਆਂ ਨੀਤੀਆਂ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੂੰ ਪ੍ਰਮੁੱਖਤਾ ਪ੍ਰਾਪਤ ਹੋਈ। ਸਾਲ 2011 ਵਿੱਚ ਬੈਨਰਜੀ ਨੇ ਪੱਛਮੀ ਬੰਗਾਲ ਵਿੱਚ ਏਆਈਟੀਸੀ ਗੱਠਜੋੜ ਲਈ ਵੱਡੀ ਜਿੱਤ ਹਾਸਲ ਕੀਤੀ ਅਤੇ 34 ਸਾਲਾਂ ਦੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਵਾਲੀ ਖੱਬੇ ਮੋਰਚੇ ਦੀ ਸਰਕਾਰ ਨੂੰ ਸੂਬੇ ਦੀ ਸੱਤਾ ਵਿੱਚੋਂ ਬੇਦਖਲ ਕੀਤਾ ।

ਮਮਤਾ ਬੈਨਰਜੀ ਦਾ ਜਨਮ ਪੱਛਮੀ ਬੰਗਾਲ ਦੇ ਕੋਲਕਾਤਾ (ਕਲਕੱਤਾ) ਵਿਖੇ 5 ਜਨਵਰੀ 1955 ਨੂੰ ਇੱਕ ਬੰਗਾਲੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਪ੍ਰੋਲੇਮਸਵਰ ਬੈਨਰਜੀ ਅਤੇ ਮਾਤਾ ਗਾਇਤਰੀ ਦੇਵੀ ਸਨ।ਮਮਤਾ ਜਦੋਂ ਸਿਰਫ਼ 15 ਸਾਲਾਂ ਦੀ ਸੀ ਤਾਂ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਈ ਸੀ। ਜੋਗਾਮਾਯਾ ਦੇਵੀ ਕਾਲਜ ਵਿੱਚ ਪੜ੍ਹਦਿਆਂ ਉਸ ਨੇ ਕਾਂਗਰਸ (ਆਈ) ਪਾਰਟੀ ਦੇ ਵਿਦਿਆਰਥੀ ਵਿੰਗ, ਵਿਦਿਆਰਥੀ ਪਰਿਸ਼ਦ ਯੂਨੀਅਨਾਂ ਦੀ ਸਥਾਪਨਾ ਕਰਦਿਆਂ, ਭਾਰਤ ਦੇ ਸਮਾਜਵਾਦੀ ਏਕਤਾ ਕੇਂਦਰ ਨਾਲ ਜੁੜੇ ਆਲ ਇੰਡੀਆ ਡੈਮੋਕਰੈਟਿਕ ਵਿਦਿਆਰਥੀ ਸੰਗਠਨ ਨੂੰ ਹਰਾਇਆ। ਉਸ ਨੇ ਪੱਛਮੀ ਬੰਗਾਲ ਵਿੱਚ ਕਾਂਗਰਸ (ਆਈ) ਪਾਰਟੀ ਵਿੱਚ ਅਤੇ ਹੋਰ ਸਥਾਨਕ ਰਾਜਨੀਤਿਕ ਸੰਗਠਨਾਂ ਵਿੱਚ ਕਈ ਅਹੁਦਿਆਂ ’ਤੇ ਸੇਵਾ ਨਿਭਾਈ। ਮਮਤਾ ਜਦੋਂ 17 ਸਾਲਾਂ ਦੇ ਹੋਏ ਤਾਂ ਉਸ ਦੇ ਪਿਤਾ ਪ੍ਰੋਲੇਮਸਵਰ ਦੀ ਡਾਕਟਰੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ।1970 ਵਿੱਚ ਮਮਤਾ ਨੇ ਦੇਸ਼ਬੰਧੂ ਸਿਸ਼ੂ ਸਿੱਖਿਆ ਤੋਂ ਉੱਚ ਸੈਕੰਡਰੀ ਬੋਰਡ ਦੀ ਪ੍ਰੀਖਿਆ ਪੂਰੀ ਕੀਤੀ। ਉਸ ਨੇ ਜੋਗਮਾਯਾ ਦੇਵੀ ਕਾਲਜ ਤੋਂ ਇਤਿਹਾਸ ਵਿੱਚ ਆਪਣੀ ਬੈਚੂਲਰ ਡਿਗਰੀ ਕੀਤੀ। ਇਸ ਤੋਂ ਬਾਅਦ ਉਸ ਨੇ ਕਲਕੱਤਾ ਯੂਨੀਵਰਸਿਟੀ ਤੋਂ ਇਸਲਾਮੀ ਇਤਿਹਾਸ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਜਦੋਂ ਕਿ ਇਸ ਤੋਂ ਬਾਅਦ ਸ਼੍ਰੀ ਸਿੱਖਿਆਯਤਨ ਕਾਲਜ ਤੋਂ ਸਿੱਖਿਆ ਦੀ ਡਿਗਰੀ ਅਤੇ ਜੋਗੇਸ਼ ਚੰਦਰ ਚੌਧਰੀ ਲਾਅ ਕਾਲਜ, ਕੋਲਕਾਤਾ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਕਲਿੰਗਾ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨਾਲੋਜੀ, ਭੁਵਨੇਸ਼ਵਰ ਤੋਂ ਆਨਰੇਰੀ ਡਾਕਟਰੇਟ ਵੀ ਪ੍ਰਾਪਤ ਕੀਤੀ। ਕਲਕੱਤਾ ਯੂਨੀਵਰਸਿਟੀ ਦੁਆਰਾ ਉਸ ਨੂੰ ਡਾਕਟਰੇਟ ਆਫ ਲਿਟਰੇਚਰ (ਡੀ. ਲਿਟ.) ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮਮਤਾ ਸੂਬੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੀ ਵਾਰ ਆਪਣੀ ਪਾਰਟੀ ਟੀ ਐੱਮ ਸੀ ਦੀ ਸਰਕਾਰ ਬਣਾਉਣ ਲਈ ਜੱਦੋਜਹਿਦ ਕਰ ਰਹੀ ਹੈ।  ਪ੍ਰਸਿੱਧ ਪੱਤਰਕਾਰ ਸੁਪਤਾ ਪਾਲ ਜਿਨ੍ਹਾਂ ਨੇ ਮਮਤਾ ਦੇ ਜੀਵਨ ਤੇ ਇੱਕ ਕਿਤਾਬ ‘ਦੀਦੀ: ਦਿ ਅਨਟੋਲਡ ਮਮਤਾ ਬੈਨਰਜੀ’ ਸਿਰਲੇਖ ਹੇਠ ਲਿਖੀ ਹੈ, ਦਾ ਕਹਿਣਾ ਹੈ, “ਮਮਤਾ ਦੇਸ ਦੀ ਸਭ ਤੋਂ ਮਜ਼ਬੂਤ ਇਰਾਦੇ ਵਾਲੀਆਂ ਔਰਤ ਆਗੂਆਂ ਵਿੱਚੋਂ ਇੱਕ ਹਨ।” ਆਪਣੀ ਕਿਤਾਬ ਵਿੱਚ ਸੁਪਤਾ ਪਾਲ ਮਮਤਾ ਦੀ ਜੁਝਾਰੂ ਪ੍ਰਵਿਰਤੀ ਵਾਲੇ ਸੁਭਾਅ ਦੇ ਸੰਦਰਭ ਵਿੱਚ ਲਿਖਦੇ ਹਨ, “ਆਪਣੀ ਸਿਆਸਤ ਦੇ ਵਿਲੱਖਣ ਰੂਪ ਅਤੇ ਜੁਝਾਰੂ ਪ੍ਰਵਿਰਤੀ ਕਾਰਨ ਦੀਦੀ ਨੇ ਆਪਣੇ ਕਰੀਅਰ ਵਿੱਚ ਕਈ ਅਜਿਹੀਆਂ ਚੀਜ਼ਾਂ ਨੂੰ ਸੰਭਵ ਕਰ ਦਿਖਾਇਆ ਹੈ, ਜਿਨ੍ਹਾਂ ਦੀ ਪਹਿਲਾਂ ਕਲਪਨਾ ਤਕ ਨਹੀਂ ਸੀ ਕੀਤੀ ਜਾ ਸਕਦੀ। ਇਸ ਵਿੱਚ ਖੱਬੇ ਪੱਖੀ ਸਰਕਾਰ ਨੂੰ ਅਰਸ਼ ਤੋਂ ਫ਼ਰਸ਼ ਤਕ ਪਹੁੰਚਾਉਣਾ ਵੀ ਸ਼ਾਮਿਲ ਹੈ।”

ਇਸੇ ਤਰ੍ਹਾਂ ਇੱਕ ਹੋਰ ਕਿਤਾਬ ਜੋ ਕਿ ਮਮਤਾ ਦੇ ਸਿਆਸੀ ਸਫ਼ਰ ’ਤੇ ‘ਡੀਕੋਡਿੰਗ ਦੀਦੀ’ ਨਾਮ ਤਹਿਤ ਪੱਤਰਕਾਰ ਦੋਲਾ ਮਿੱਤਰ ਹੁਰਾਂ ਨੇ ਲਿਖੀ ਹੈ, ਵਿੱਚ ਦੋਲਾ ਆਖਦੇ ਹਨ, “ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ ‘ਦੀਦੀ’ ਦੇ ਨਾਮ ਨਾਲ ਮਸ਼ਹੂਰ ਮਮਤਾ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਸ਼ਖਸੀਅਤ ਦਾ ਹੀ ਕ੍ਰਿਸ਼ਮਾ ਹੈ।” ਉਕਤ ਦੋਵੇਂ ਹੀ ਕਿਤਾਬਾਂ ਵਿੱਚ ਮਮਤਾ ਬੈਨਰਜੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਸਾਲ 2011 ਵਿੱਚ ਪਹਿਲੀ ਵਾਰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤਕ ਦੇ ਸਫ਼ਰ ਨੂੰ ਸਮੇਟਣ ਦੀ ਇੱਕ ਸਫਲ ਕੋਸ਼ਿਸ਼ ਕੀਤੀ ਗਈ ਹੈ। ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੋਇੰਟ ਸਾਬਤ ਹੁੰਦੀਆਂ ਹਨ। ਇਸ ਸੰਦਰਭ ਵਿੱਚ ਜਦੋਂ ਅਸੀਂ ਮਮਤਾ ਬੈਨਰਜੀ ਦੇ ਸਿਆਸੀ ਕਰੀਅਰ ਵਲ ਵੇਖਦੇ ਹਾਂ ਤਾਂ ਅਜਿਹੀਆਂ ਦੋ ਘਟਨਾਵਾਂ ਨੇ ਜੋ ਉਨ੍ਹਾਂ ਦੇ ਰਾਜਨੀਤਕ ਕਰੀਅਰ ਵਿੱਚ ਫ਼ੈਸਲਾਕੁੰਨ ਮੋੜ ਦਿੰਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਸਾਲ 1990 ਵਿੱਚ ਸੀਪੀਐੱਮ ਦੇ ਇੱਕ ਕਾਰਕੁਨ ਲਾਲੂ ਆਲਮ ਵਲੋਂ ਕੀਤਾ ਗਿਆ ਜਾਨਲੇਵਾ ਹਮਲਾ ਅਤੇ ਦੂਜੀ ਸਿੰਗੂਰ ਵਿੱਚ ਟਾਟਾ ਪ੍ਰੋਜੈਕਟਾਂ ਲਈ ਜ਼ਮੀਨ ਕਬਜ਼ੇ ਖ਼ਿਲਾਫ਼ 26 ਦਿਨਾਂ ਦੀ ਭੁੱਖ ਹੜਤਾਲ। 16 ਅਗਸਤ, 1990 ਨੂੰ ਕਾਂਗਰਸ ਦੀ ਅਪੀਲ ’ਤੇ ਬੰਗਾਲ ਬੰਦ ਦੌਰਾਨ ਲਾਲੂ ਆਲਮ ਨੇ ਹਾਜਰਾ ਮੋੜ ’ਤੇ ਮਮਤਾ ਦੇ ਸਿਰ ਵਿੱਚ ਸੋਟੀ ਨਾਲ ਵਾਰ ਕੀਤਾ ਸੀ। ਇਸ ਨਾਲ ਉਨ੍ਹਾਂ ਦੀ ਖੋਪੜੀ ਵਿੱਚ ਫਰੈਕਚਰ ਹੋ ਗਿਆ ਸੀ ਪਰ ਉਹ ਸਿਰ ’ਤੇ ਪੱਟੀ ਬੰਨ੍ਹਵਾ ਕੇ ਮੁੜ ਸੜਕ ’ਤੇ ਪ੍ਰਚਾਰ ਲਈ ਉੱਤਰ ਆਏ ਸਨ। ਮਮਤਾ ਬੈਨਰਜੀ, ਜਿਨ੍ਹਾਂ ਦੀ ਸਾਦਗੀ ਦੀ ਪੂਰੇ ਦੇਸ਼ ਤਾਰੀਫ ਕੀਤੀ ਜਾਂਦੀ ਹੈ, ਬਾਰੇ ਪ੍ਰੋਫੈਸਰ ਸਮੀਰਨ ਪਾਲ ਆਖਦੇ ਹਨ, “ਸਾਦਗੀ ਮਮਤਾ ਦੇ ਜੀਵਨ ਦਾ ਹਿੱਸਾ ਰਹੀ ਹੈ। ਸਫ਼ੇਦ ਸਾੜੀ ਅਤੇ ਹਵਾਈ ਚੱਪਲ ਨਾਲ ਉਨ੍ਹਾਂ ਦਾ ਨਾਤਾ ਟੁੱਟਿਆ ਨਹੀਂ। ਚਾਹੇ ਉਹ ਕੇਂਦਰ ਵਿੱਚ ਮੰਤਰੀ ਹੋਣ ਜਾਂ ਮਹਿਜ਼ ਸੰਸਦ ਮੈਂਬਰ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਰਹਿਣ ਸਹਿਣ ਵਿੱਚ ਕੋਈ ਫ਼ਰਕ ਨਹੀਂ ਆਇਆ। ਨਿੱਜੀ ਜਾਂ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਰਹਿਣ-ਸਹਿਣ ਜਾਂ ਕਿਰਦਾਰ ’ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ।” ਪ੍ਰੋਫੈਸਰ ਪਾਲ ਅਨੁਸਾਰ ਮਮਤਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਜ਼ਮੀਨ ਨਾਲ ਜੁੜੀ ਹੋਈ ਆਗੂ ਹੈ। ਚਾਹੇ ਸਿੰਗੂਰ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਧਰਨਾ ਅਤੇ ਮਰਨ ਵਰਤ ਦਾ ਮਾਮਲਾ ਹੋਵੇ ਜਾਂ ਫਿਰ ਨੰਦੀਗ੍ਰਾਮ ਵਿੱਚ ਪੁਲਿਸ ਦੀਆਂ ਗੋਲੀਆਂ ਦੇ ਸ਼ਿਕਾਰ ਲੋਕਾਂ ਦੇ ਹੱਕ ਦੀ ਲੜਾਈ ਦਾ, ਮਮਤਾ ਨੇ ਹਮੇਸ਼ਾ ਮੋਰਚੇ ’ਤੇ ਰਹਿ ਕੇ ਲੜਾਈ ਕੀਤੀ। ਉੱਧਰ ਤ੍ਰਿਣਮੂਲ ਕਾਂਗਰਸ ਦੇ ਗਠਨ ਤੋਂ ਵੀ ਪਹਿਲਾਂ ਮਮਤਾ ਦੀ ਸਿਆਸੀ ਸੂਝਬੂਝ ਨੂੰ ਨਜ਼ਦੀਕ ਤੋਂ ਵੇਖਣ ਵਾਲੇ ਪੱਤਰਕਾਰ ਤਾਪਸ ਮੁਖਰਜੀ ਦਾ ਕਹਿਣਾ ਹੈ, “ਹਾਰ ਤੋਂ ਘਬਰਾਉਣ ਦੀ ਬਜਾਇ ਉਹ ਦੁੱਗਣੀ ਤਾਕਤ ਅਤੇ ਜੋਸ਼ ਨਾਲ ਆਪਣੀ ਮੰਜ਼ਲ ਵੱਲ ਤੁਰ ਪੈਂਦੀ ਹੈ।”ਮੁਖ਼ਰਜੀ ਹੁਰਾਂ ਦਾ ਕਹਿਣਾ ਹੈ, “ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਮਮਤਾ ਟੀਐੱਮਸੀ ਦੇ ਇਕੱਲੇ ਸੰਸਦ ਮੈਂਬਰ ਸਨ ਪਰ 2009 ਵਿੱਚ ਉਨ੍ਹਾਂ ਨੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ 19 ਤਕ ਪਹੁੰਚਾ ਦਿੱਤੀ।” 2006 ਵਿੱਚ ਪੱਛਮੀ ਬੰਗਾਲ ਨੂੰ ਜਿੱਤਣ ਦਾਅਵਾ ਕਰਨ ਵਾਲੀ ਮਮਤਾ ਬੈਨਰਜੀ ਭਾਵੇਂ ਉਸ ਸਮੇਂ ਸਫਲ ਨਹੀਂ ਸਨ ਹੋ ਸਕੇ ਪਰ ਉਸ ਹਾਰ ਤੋਂ ਬਾਅਦ ਵੀ ਉਹ ਨਿਰਾਸ਼ ਨਹੀਂ ਹੋਏ ਤੇ ਉਸ ਸਮੇਂ ਉਨ੍ਹਾਂ ਖੱਬੇਪੱਖੀਆਂ ’ਤੇ ‘ਸਾਇੰਟਿਫਿਕ ਰਿਗਿੰਗ’ ਦਾ ਇਲਜ਼ਾਮ ਲਗਾਇਆ ਸੀ। ਇਸਦੇ ਨਾਲ ਹੀ ਉਨ੍ਹਾਂ 2011 ਦੀਆਂ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ ਤੇ ਇਸ ਵਿਚਕਾਰ ਨੰਦੀਗ੍ਰਾਮ ਅਤੇ ਸਿੰਗੂਰ ਵਿੱਚ ਜ਼ਮੀਨ ਕਬਜ਼ੇ ਦੇ ਸਰਕਾਰ ਦੇ ਫ਼ੈਸਲੇ ਨੇ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਵੱਡਾ ਮੁੱਦਾ ਥਮ੍ਹਾ ਦਿੱਤਾ ਸੀ।ਮਮਤਾ ਬੈਨਰਜੀ ਦੇ ਅਕਸਰ ਵਿਰੋਧੀ ਵੀ ਇਹ ਗੱਲ ਭਲੀਭਾਂਤ ਸਵੀਕਾਰਦੇ ਹਨ ਕਿ ਕਾਂਗਰਸ ਵਿੱਚ ਹਉਮੈਂ ਦੀ ਲੜਾਈ ਅਤੇ ਸਿਧਾਤਾਂ ’ਤੇ ਟਕਰਾਅ ਤੋਂ ਬਾਅਦ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਮਹਿਜ਼ 13 ਸਾਲਾਂ ਦੇ ਅੰਦਰ ਹੀ ਸੂਬੇ ਵਿੱਚ ਲਗਭਗ 35 ਸਾਲ ਤੋਂ ਮਜ਼ਬੂਤ ਜੜ੍ਹਾਂ ਲਾਈ ਬੈਠੀ ਖੱਬੇਪੱਖੀ ਸਰਕਾਰ ਨੂੰ ਹਰਾ ਕੇ ਸੜਕ ਤੋਂ ਸਕੱਤਰੇਤ ਤਕ ਪਹੁੰਚਣ ਦਾ ਜਿਸ ਤਰ੍ਹਾਂ ਦਾ ਕ੍ਰਿਸ਼ਮਾ ਮਮਤਾ ਨੇ ਦਿਖਾਇਆ ਹੈ, ਉਸ ਦੀ ਮਿਸਾਲ ਇਤਿਹਾਸਕ ਪੰਨਿਆਂ ਵਿੱਚ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ। ਹੁਣ ਇੱਕ ਵਾਰ ਫਿਰ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਚੁਣਾਵੀ ਦੰਗਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਮਮਤਾ ਇੱਕ ਵਾਰ ਫਿਰ ਆਪਣੀ ਪਾਰਟੀ ਟੀ. ਐੱਮ. ਸੀ. ਦੀ ਸਰਕਾਰ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਉੱਧਰ ਭਾਜਪਾ ਤੇ ਦੂਜੇ ਪਾਸੇ ਕਾਂਗਰਸ ਵਾਮਪੰਥੀ ਗਠਬੰਧਨ ਵੀ ਆਪਣੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਪੱਛਮੀ ਬੰਗਾਲ ਦੀ ਸੱਤਾ ’ਤੇ ਕਾਬਜ਼ ਹੋਣ ਲਈ ਆਪਣੇ ਆਪਣੇ ਪਰ ਤੋਲ ਰਹੇ ਹਨ। ਹੁਣ ਇਹ ਤਾਂ 2 ਮਈ ਨੂੰ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।ਵੈਸੇ ਉਹ ਮੋਦੀ ਦੀ ਸਿਆਸਤ ਲਈ ਚੈਲਿੰਜ ਬਣੀ ਹੋਈ ਹੈ।