ਅੱਖੀ ਦੇਖਿਆ ਤੇ ਹੰਡਾਇਆ ਜੂਨ 1984 (ਭਾਗ-3)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984  (ਭਾਗ-3)

3 ਜੂਨ 1984


ਜਿਸ ਨੂੰ ਦਾਸ ਨੇ ਬਹੁਤ ਹੀ ਨੇੜੇ ਤੋਂ ਅੱਖੀਂ ਦੇਖਿਆਂ ਅਤੇ ਆਪਣੇ ਸਰੀਰ ਤੇ ਪੰਜ ਸਾਲਾਂ ਦਾ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਹੰਡਾਇਆ(ਜ਼ੁਲਮ)!

3 ਜੂਨ ਨੂੰ ਵੀ ਸਿੱਖ ਸੰਗਤਾਂ ਵੱਡੇ ਕਾਫ਼ਲਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਆ ਰਹੀਆਂ ਸਨ। ਉਸ ਦਿਨ ਸ਼ਹੀਦਾਂ ਦੇ ਸਿਰਤਾਜ, ਸ਼ਾਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਜੋੜ ਮੇਲਾ ਸੀ। ਸੰਗਤਾਂ ਪਿੰਡਾ ਅਤੇ ਸ਼ਹਿਰਾਂ ਵਿਚੋ ਬਹੁ ਗਿਣਤੀ ਵਿੱਚ ਹਰ ਸਾਲ ਦੀ ਤਰਾਂ ਹਾਜ਼ਰੀ ਭਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ ਅਤੇ ਚਲ ਰਹੇ ਧਰਮ ਯੁੱਧ ਮੋਰਚੇ ਵਿੱਚ ਗ੍ਰਿਫ਼ਤਾਰੀ ਦੇਣ ਲਈ ਉਸ ਦਿਨ ਜਥੇਦਾਰ ਭਾਈ ਨਛੱਤਰ ਸਿੰਘ ਜੀ ਨਗਰ ਭਲਵਾਨ (ਸੰਗਰੂਰ) ਤੋ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਜਥਾ ਲੈਕੇ ਆਏ ਸਨ। ਹੋਰ ਵੀ ਜਥਿਆਂ ਦੇ ਰੂਪ ਵਿੱਚ ਆ ਸਿੱਖ ਸੰਗਤਾਂ ਆ ਰਹੀਆਂ ਸਨ।

ਤੀਜਾ-1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤੇ ਸਰਕਾਰ ਵੱਲੋਂ ਗੋਲ਼ੀਆਂ ਚਲਾਕੇ ਕੀਤੇ ਹਮਲੇ ਦੌਰਾਨ ਹੋਈ ਬੇਅਦਵੀ ਦਾ ਅਤੇ ਸ਼ਹੀਦ ਹੋਈਆਂ ਸਿੱਖ ਸੰਗਤਾਂ ਦਾ ਪਤਾ ਕਰਨ ਵਾਸਤੇ ਵੱਡੀ ਗਿੱਣਤੀ ਵਿੱਚ ਆ ਰਹੀਆਂ ਸਨ, ਉਸ ਸਮੇਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਸੀ। ਕਰਫਿਊ ਵਿੱਚ ਕੁਝ ਸਮਾਂ ਢਿੱਲ ਦਿੱਤੀ ਗਈ ਸੀ, ਦਾਸ ਵੀ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਕੁਝ ਜ਼ੁੰਮੇਵਾਰ ਸਿੰਘਾਂ ਨਾਲ ਜਿਨ੍ਹਾਂ ਵਿੱਚ ਭਾਈ ਦਲਬੀਰ ਸਿੰਘ ਜੀ ਅਭਿਆਸੀ ਜੀ, ਭਾਈ ਸਵਰਨ ਸਿੰਘ ਜੀ (ਰੋਡਿਆਂ ਵਾਲੇ ਸੰਤਾ ਦੇ ਭਤੀਜੇ) ਭਾਈ  ਕੁਲਵੰਤ ਸਿੰਘ(ਭੰਡ) ਰਾਗੀ ਭਾਈ ਸੁਰਜੀਤ ਸਿੰਘ ਜੀ, ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਰਾਗੀ ਭਾਈ ਦਿਆਲ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸ਼ਾਮ ਸਿੰਘ ਜੀ, ਭਾਈ  ਸੁਖਿਵੰਦਰ ਸਿੰਘ ਜੀ (ਲੱਡੂ) ਆਦਿ ਹੋਰ ਸਿੰਘਾਂ ਨਾਲ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਦੀ ਸੇਵਾ ਕਰਨ ਤੋ ਬਾਅਦ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸੀ ਉਸ ਸਮੇਂ ਦਾਸ ਦਾ ਬੇਟਾ ਪ੍ਰਬੋਧ ਸਿੰਘ 10 ਕੁ ਮਹੀਨਿਆਂ ਦਾ ਸੀ ਜਿਸ ਨੂੰ ਦਾਸ ਆਪੁਣੇ ਨਾਲ ਹੀ ਸਰੋਵਰ ਵਿੱਚ ਇਸ਼ਨਾਨ ਕਰਵਾ ਰਿਹਾ ਸੀ। ਦਾਸ ਕੋਲੋਂ ਭਾਈ ਸਵਰਨ ਸਿੰਘ ਜੀ ਨੇ ਅਤੇ ਹੋਰ ਸਿੰਘਾਂ ਨੇ ਫੜਕੇ ਭੁਝੰਗੀ ਨੂੰ ਅੰਮ੍ਰਿਤ ਸਰੋਵਰ ਵਿੱਚ ਚੰਗੀਆਂ ਖ਼ੂਬ ਚੁਭੀਆਂ ਲਵਾਉਦਿਆਂ, ਬਹੁਤ ਹਾਸ-ਰਸ ਵਿੱਚ ਕਹੈ ਰਹੇ ਸਨ ਪੁੱਤਰਾਂ ਕਰਲੈ ਇਸ਼ਨਾਨ ਪਤਾ ਨਹੀਂ ਫੇਰ ਐਸਾ ਸਮਾਂ ਮਿਲੇਗਾ ਕਿ ਨਹੀਂ!

ਇਸ਼ਨਾਨ ਕਰਨ ਬਾਅਦ ਅਸੀਂ ਫੇਰ ਦੁਵਾਰਾ ਸਾਰੇ ਸਿੰਘ ਸੰਗਤਾਂ ਨਾਲ ਪ੍ਰਕਰਮਾਂ ਧੋਣ ਦੀ ਸੇਵਾ ਕਰਨ ਲੱਗ ਪਏ, ਕੁੱਝ ਸਮੇ ਬਾਅਦ ਭਾਈ ਗੁਰਮੁਖ ਸਿੰਘ (ਡਰਾਇਵਰ) ਭੂਰਿਆਂ ਵਾਲੇ ਨੇ ਆਕੇ ਸਾਰੇ ਸਿੰਘਾਂ ਨੂੰ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਿੰਘੋਂ ਸੰਤ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਜਥੇ ਦੇ ਸਿੰਘਾਂ ਦੀ ਬਹੁਤ ਜ਼ਰੂਰੀ ਮੀਟਿੰਗ ਸਦੀ ਹੈ ਅਸੀਂ ਉਸੇ ਸਮੇਂ ਸਾਰੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਂਪੁਰਖਾਂ ਕੋਲੇ ਪਹੁੰਚ ਗਏ, ਜਥੇਬੰਦੀ ਦੇ ਸਾਰੇ ਜ਼ੁੰਮੇਵਾਰ ਸਿੰਘ ਸੰਤਾਂ ਦੇ ਕੋਲੇ ਬੈਠੇ ਸਨ। ਜਥੇ ਦੇ ਸਾਰੇ ਸਿੰਘਾਂ ਨੂੰ ਸੰਤ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ, ਇੱਥੇ ਦਾਸ ਇਹ ਵੀ ਦਸ ਦੇਵੇ ਕਿ ਜਦੋਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਰਲੀ ਛੱਤ ਉਤੇ ਸਾਰੇ ਸਿੰਘਾਂ ਦੀ ਮੀਟਿੰਗ ਸਦੀ ਸੀ, ਜਿਸ ਵਿੱਚ ਸਿੰਘਾਂ ਨੂੰ ਸਿਰੋਪਾਓ ਵੀ ਦਿੱਤੇ ਅਤੇ ਸੰਤਾਂ ਨੇ ਨਾਲ ਇਹ ਵੀ ਕਿਹਾ ਕਿ ਸਿੰਘੋ ਤੁਸੀ ਨਿਭਾ ਦਿੱਤੀ ਅਤੇ ਮੈ ਨਿਭਾ ਦੇਣੀ ਹੈ, ਸ਼ਹੀਦੀ ਦਾ ਸਮਾਂ ਬਹੁਤ ਨਜ਼ਦੀਕ ਹੈ, ਦਾਸ ਕੋਲੋਂ ਜਥੇ ਸੰਗਤ ਦੀ ਸੇਵਾ ਨਿਵਾਉਂਦਿਆਂ ਕਿਸੇ ਵੀ ਸਿੰਘ ਨੂੰ ਮੇਰੇ ਤੋਂ ਕੋਈ ਤਕਲੀਫ਼ ਹੋਈ ਹੋਵੇ ਕਿਸੇ ਸਿੰਘ ਨੂੰ ਉੱਚਾ ਨੀਵਾਂ ਕਹਿਆ ਗਇਆ ਹੋਵੇ ਉਸ ਦੀ ਦਾਸ ਨੂੰ ਖਿਮਾ ਬਖਸ ਦੇਣੀ।  ਇਸ ਮੀਟਿੰਗ ਤੋ ਕੁਝ ਦਿਨ ਪਹਿਲਾ ਵੀ ਮਹਾਪੁਰਖਾਂ ਨੇ ਜਥੇਬੰਦੀ ਦੇ ਸਾਰਿਆ ਸਿੰਘਾਂ ਦੀ ਮੀਟਿੰਗ ਗੁਰੂ ਰਾਮਦਾਸ ਲੰਗਰ ਵਿੱਚ ਵਿੱਚ ਸੱਦ ਕੇ ਕਿਹਾ ਸੀ ਸਿੰਘੋ ਤੁਹਾਨੂੰ ਬੇਨਤੀ ਵੀ ਕਰਦਾ ਹਾਂ ਕਿ ਜਿਸ ਸਿੰਘ ਨੇ ਵੀ ਜਾਣਾ ਹੈ ਉਹ ਬਹੁਤ ਖੁਸੀ ਨਾਲ ਜਾ ਸਕਦਾ ਹੈ, ਜਿੰਨ੍ਹਾਂ ਨੇ ਮੇਰੇ ਕੋਲੇ ਰਹਿਣਾ ਹੈ ਉਨ੍ਹਾਂ ਨੂੰ ਮੇਰੇ ਕੋਲੋ ਅੱਜ ਸਿਰਫ ਤਿੰਨ ਚੀਜ਼ਾਂ ਹੀ ਮਿਲ ਸਕਦੀਆਂ ਹਨ, ਜਿਨ੍ਹਾਂ ਵਿੱਚ,


1-ਸ਼ਹੀਦੀਆਂ
2-ਫਾਂਸੀ ਦੇ ਰੱਸੇ
3-ਜੇਲ੍ਹਾਂ ਦੀਆਂ ਕਾਲ ਕੋਠੜੀਆਂ


ਜਿਹੜੇ ਸਿੰਘਾਂ ਨੂੰ ਇਹ ਸਵੀਕਾਰ ਹਨ ਉਹ ਇੱਥੇ ਮੇਰੇ ਕੋਲੇ ਸਿੰਘ ਰਹਿ ਸਕਦੇ ਹਨ ਤੇ ਜਿਨ੍ਹਾਂ ਨੇ ਆਪੁਣੇ ਘਰ ਜਾਣਾ ਹੈ, ਮੈ ਫੇਰ ਕਹਿੰਦਾ ਹਾਂ ਉਹ ਬਹੁਤ ਖ਼ੁਸ਼ੀ ਨਾਲ ਆਪੋ ਆਪਣੇ ਘਰਾਂ ਨੂੰ ਜਾ ਸਕਦੇ ਹਨ। ਮਹਾਂਪੁਰਖਾਂ ਦੇ ਇਹ ਬਚਨ ਸੁਣਕੇ ਇੱਕ ਵਾਰੀ ਉਹ ਸਾਰਾ ਇਤਿਹਾਸ ਅੱਖਾਂ ਅੱਗੇ ਆ ਗਿਆ ਜਦੋ ਇਸੇ ਤਰਾਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਸਾਹਿਬ ਨਜ਼ਦੀਕ ਚੱਬੇ ਦੀ ਧਰਤੀ ਤੇ ਖੰਡੇ ਨਾਲ ਲਕੀਰ ਖਿੱਚ ਕੇ ਨਾਲ ਦੇ ਸਾਰੇ ਸਾਥੀ ਸਿੰਘਾਂ ਕਿਹਾ ਸੀ ਜਿਨ੍ਹਾਂ ਨੇ ਆਪਣੇ ਘਰ ਜਾਣਾ ਹੈ ਉਹ ਇਹ ਲਕੀਰ ਨਾ ਟੱਪਣ ਅਤੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹਾਦਤਾਂ ਦੇਣੀਆਂ ਹਨ ਉਹ ਇਹ ਲਕੀਰ ਟੱਪ ਆਉਣ। ਉਸ ਬੀਤੇ ਹੋਏ ਇਤਿਹਾਸ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਮੁੜ ਦੁਹਰਾਇਆ ਮੀਟਿੰਗ ਦੀ ਸਮਾਪਤੀ ਵੇਲੇ ਫੇਰ ਬਹੁਤ ਹੀ ਨਿਮ੍ਰਤਾ ਸਹਿਤ ਦੋਵੇਂ ਹੱਥ ਜੋੜ ਕੇ ਸੰਤਾਂ ਨੇ ਫੇਰ ਕਿਹਾ ਕਿ ਸਿੰਘੋ ਮੇਰੇ ਸਖ਼ਤ ਸੁਭਾ ਕਰਕੇ ਕਿਸੇ ਵੇਲੇ ਕਿਸੇ ਸਿੰਘ ਨੂੰ ਕੋਈ ਸਖ਼ਤ ਬੋਲਿਆ ਗਇਆ ਹੋਵੇ ਉਸ ਦੀ ਮੈਂ ਵਸ਼ੇਸ਼ ਤੌਰ ਤੇ ਖਿਮਾਂ ਚਾਹੁੰਦਾ ਹਾਂ ਮੈਨੂੰ ਮਾਫ਼ ਕਰਿਓ ਮੈਂ ਭੁੱਲਣ ਹਾਰ ਹਾਂ, ਤੁਸੀਂ ਮੇਰਾ ਬਹੁਤ ਸਾਥ ਦਿੱਤਾ ਹੈ ਹਰ ਤਰਾਂ ਕਰਕੇ ਤੁਸੀਂ ਮੇਰੇ ਨਾਲ ਨਿਭਾ ਦਿੱਤੀ ਹੁਣ ਸਮਾਂ ਆਗਿਆ ਹੈ ਮੈਂ ਕੌਮ ਨਾਲ ਅਤੇ ਤੁਹਾਡੇ ਨਾਲ ਨਿਭਾਵਾਂਗਾ।

3 ਜੂਨ ਨੂੰ ਜਦੋਂ ਅਸੀਂ ਸੰਤਾਂ ਕੋਲੇ ਬੈਠੇ ਸੀ ਉਸ ਸਮੇਂ ਜਨਰਲ ਸੁਬੇਗ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਹਰਮਿੰਦਰ ਸਿੰਘ ਸੰਧੂ ਜੀ, ਭਾਈ ਰਛਪਾਲ ਸਿੰਘ ਜੀ (ਸੰਤਾਂ ਦੇ ਪੀ ਏ) ਜਥੇਦਾਰ ਭਾਈ ਸੁਜਾਨ ਸਿੰਘ ਜੀ ਮੁਨਾਵਾਂ, ਭਾਈ ਦਲਬੀਰ ਸਿੰਘ ਜੀ ਅਭਿਆਸੀ, ਜਥੇਦਾਰ ਭਾਈ ਰਾਮ ਸਿੰਘ ਜੀ ਸੁਲਤਾਨਪੁਰੀ, ਬਾਬਾ ਥਾਰਾ ਸਿੰਘ ਜੀ, ਕਾਰ-ਸੇਵਾ ਵਾਲੇ ਜਥੇਦਾਰ ਬਾਬਾ ਗੁਰਮੇਲ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਦੇ ਸਿੰਘ, ਭਾਈ  ਮੋਹਕਮ ਸਿੰਘ ਜੀ ਆਦਿ ਹੋਰ ਕਾਫੀ ਸਿੰਘ ਸਨ ਜਿਨ੍ਹਾਂ ਦੀਆਂ ਡਿਊਟੀਆਂ ਵੱਖੋ ਵੱਖਰੇ ਮੋਰਚਿਆਂ ਵਿੱਚ ਮਹਾਂਪੁਰਖਾਂ ਵੱਲੋਂ ਅਤੇ ਜਨਰਲ ਸੁਬੇਗ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਭਾਈ ਹਰਿਮੰਦਰ ਸਿੰਘ ਸੰਧੂ ਜੀ ਵੱਲੋਂ ਲਗਾਈਆਂ ਜਾ ਰਹੀਆਂ ਸਨ, ਉਸ ਸਮੇ ਸੰਤਾਂ ਨੂੰ ਮਿਲਣ ਲਈ ਕੁਝ ਪੱਤਰਕਾਰ ਵੀ ਆਏ ਅਤੇ ਭਾਈ ਹਰਿਮੰਦਰ ਸਿੰਘ ਸੰਧੂ ਨੇ ਦੋ-ਭਾਸ਼ੀਏ ਦਾ ਕੰਮ ਕੀਤਾ।

ਪੱਤਰਕਾਰਾਂ ਦੇ ਜਾਣ ਤੋਂ ਬਾਦ ਫੇਰ ਸੰਤਾਂ ਨੇ ਖ਼ਾਸ ਕਰਕੇ ਪਰਵਾਰਾਂ ਵਾਲੇ ਸਿੰਘਾਂ ਨੂੰ ਕਿਹਾ ਕਿ ਅੱਜ 3 ਅਤੇ 4 ਜੂਨ ਦੀ ਰਾਤ ਨੂੰ ਆਪੋ ਆਪਣੇ ਕਮਰਿਆਂ ਨੂੰ ਛੱਡ ਕੇ ਆਪੁਣੇ ਪਰਵਾਰਾਂ ਨੂੰ ਨਾਲ ਲੈਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆ ਜਾਇਓ ਕਿਉਂਕਿ ਰਾਤ ਨੂੰ ਕਿਸੇ ਵੇਲੇ ਕੋਈ ਵੀ ਭਾਣਾ ਵਰਤ ਸਕਦਾ ਹੈ। ਅਸੀਂ ਮਹਾਂਪੁਰਖਾਂ ਨੂੰ ਫ਼ਤਿਹ ਬੁਲਾਕੇ ਆਪੋ ਆਪਣਿਆਂ ਕਮਰਿਆਂ ਵਿੱਚ ਚਲੇ ਗਏ, ਸੰਤਾਂ ਦੇ ਬਚਨਾਂ ਅਨੁਸਾਰ ਦਾਸ ਵੀ ਆਪੁਣੀ ਸਿੰਘਣੀ ਬੀਬੀ ਬਲਵਿੰਦਰ ਕੌਰ ਅਤੇ ਆਪੁਣੇ 10 ਕੁ ਮਹੀਨਿਆਂ ਦੇ ਬੇਟੇ ਪ੍ਰਬੋਧ ਸਿੰਘ ਨੂੰ ਨਾਲ ਲੈਕੇ ਬਾਕੀ ਸਿੰਘਾਂ ਦੇ ਨਾਲ ਹੀ ਪ੍ਰਕਰਮਾਂ ਵਿੱਚ ਅਖਾੜਾ ਬ੍ਰਹਮ ਬੂਟੇ ਦੇ ਨੇੜੇ ਅਤੇ ਛਬੀਲ ਕੋਲੇ ਕਮਰਾ ਨੰਬਰ 40 ਵਿੱਚ ਸਤਿਕਾਰ ਯੋਗ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਅਭਿਆਸੀ ਦੇ ਪਾਸ ਆ ਗਏ। ਇੱਥੇ ਹੀ ਉਸ ਸਮੇਂ ਭਾਈ ਮੋਹਕਮ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਹਰਜਿੰਦਰ ਕੌਰ, ਰਾਗੀ ਭਾਈ ਦਿਆਲ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਸੁਖਜੀਤ ਕੌਰ, ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਗੁਰਮੀਤ ਕੌਰ, ਬੇਟਾ ਹਰੀ ਸਿੰਘ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਿੰਘਣੀ ਆਪਣੀਆਂ ਛੋਟੀਆਂ ਬੱਚੀਆਂ ਨਾਲ ਬੀਬੀ ਹਰਮੀਤ ਕੌਰ, ਭਾਈ ਹਰਭਜਨ ਸਿੰਘ ਜੀ (ਉਰਫ ਮਹਾਂ ਸਿੰਘ) ਉਨ੍ਹਾਂ ਦੀ ਸਿੰਘਣੀ ਅਤੇ ਬੱਚੇ, ਭਾਈ ਸ਼ਾਮ ਸਿੰਘ ਜੀ ਅਤੇ ਹੋਰ ਕੁੱਝ ਸਿੰਘ ਸਿੰਘਣੀਆਂ ਸਾਰੇ ਬੱਚਿਆਂ ਸਮੇਤ ਇੱਕ ਜਗਾ ਤੇ ਇਕੱਠੇ ਹੋ ਗਏ, 3 ਅਤੇ 4 ਜੂਨ ਦੀ ਰਾਤ ਨੂੰ ਅਸੀਂ ਸਾਰੇ ਸਿੰਘਾਂ ਨੇ ਮਿਲਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਪਹਿਰਾ ਦਿੱਤਾ।

ਚੱਲਦਾ....

ਬਾਬਾ ਮੁਖਤਿਆਰ ਸਿੰਘ

ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)