ਪੰਜਾਬੀ ਗੀਤਾਂ ਵਿਚ ਜੱਟਵਾਦ ,ਹਥਿਆਰ ਤੇ ਨਸ਼ਾ

ਪੰਜਾਬੀ ਗੀਤਾਂ ਵਿਚ ਜੱਟਵਾਦ ,ਹਥਿਆਰ ਤੇ ਨਸ਼ਾ

ਮੋਜੂਦਾ ਪੰਜਾਬੀ ਗੀਤਾਂ ਦਾ ਰੀਵਿਊ

ਪੰਜਾਬ ਦੀ ਨੌਜਵਾਨੀ ਦਾ ਘਾਣ ਜਿੰਨ੍ਹਾਂ ਨਸ਼ੇ ਕਰ ਰਹੇ ਹਨ ਉਹਨਾਂ ਤੋਂ ਵੀ ਵੱਧ ਪੰਜਾਬੀ ਗਾਣਿਆਂ ਵਿਚ ਦਿਖਾਇਆ ਜਾਂਦਾ ਅਸਲਾ ਅਤੇ ਵੀਡੀਓ ਦੌਰਾਨ ਸਿਗਰੇਟ ਪੀਂਦੇ ਨੌਜਵਾਨ ਮੁੰਡੇ ਕੁੜੀਆਂ ਨੇ ਕੀਤਾ ਹੈ। ਦਿਨ ਪ੍ਰਤੀ ਦਿਨ ਪੰਜਾਬੀ ਗੀਤਾਂ 'ਚ ਵਧ ਰਹੀ ਅਸ਼ਲੀਲਤਾ ਜਿਸ ਨੇ ਸਕੂਲ ਵਿਚ ਪੜ੍ਹਦੀਆਂ ਕੁੜੀਆਂ ਦੀ ਮਾਨਸਿਕਤਾ ਉਤੇ ਡੂੰਗਾ ਅਸਰ ਕੀਤਾ ਹੈ ਇਨ੍ਹਾਂ ਨੇ ਪੰਜਾਬੀ ਸਮਾਜ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਇਨ੍ਹਾਂ  ਨੀਵੇਂ ਪੱਧਰ ਦੇ ਹੋਛੇ  ਗਾਇਕਾਂ ਨੂੰ  ਅੱਜ ਦਾ ਪੰਜਾਬੀ ਨੌਜਵਾਨ ਆਪਣੇ ਰੋਲ ਮਾਡਲ ਬਣਾ ਰਹੇ ਹਨ ਤੇ ਆਪਣੀ ਜ਼ਿੰਦਗੀ ’ਚ ਨਿਘਾਰ ਲਿਆ ਰਹੇ ਹਨ। ਸਾਡੀ ਮਾਨਸਿਕਤਾ ਇਨ੍ਹਾਂ ਮਾੜੇ ਗੀਤਾਂ ਨੂੰ ਸੁਣਨ ਦੀ ਹੋ ਗਈ ਹੈ ਤੇ ਅਸੀਂ ਮਾੜੇ-ਚੰਗੇ ਦੀ ਚੋਣ ਕਰਨ ’ਚ ਅਸਫਲ ਹੋ ਰਹੇ ਹਾਂ ਕਿ ਕਿਹੜਾ ਗੀਤ ਸਾਡੇ ਲਈ ਸੇਧ ਦੇਣ ਵਾਲਾ ਹੈ ਅਤੇ ਕਿਹੜਾ ਸਾਡੇ ਧੀਆਂ-ਪੁੱਤਾਂ ਨੂੰ ਕੁਰਾਹੇ ਪਾ ਰਿਹਾ ਹੈ। ਪੰਜਾਬੀ ਗੀਤਾਂ 'ਚ ਵੱਧ ਰਿਹਾ ਜੱਟਵਾਦ, ਗੁਰਬਾਣੀ ਦੇ ਫੁਰਮਾਨ ੴ ਦੇ ਸਿਧਾਂਤ ਨੂੰ ਖਤਮ ਕਰ ਰਿਹਾ ਹੈ ਇਸ ਦਾ ਅਸਲ ਜ਼ਿੰਮੇਵਾਰ ਗੀਤਕਾਰ ਹੈ, ਜੋ ਸਮਾਜ 'ਚ ਇਰਖਾ ਭਰ ਰਿਹਾ ਹੈ। ਬੇਸ਼ੱਕ ਸੰਗੀਤ ਮਨ ਨੂੰ ਸਕੂਨ ਦਿੰਦਾ ਹੈ, ਪਰ ਹੁਣ ਅਸੀਂ ਉਸ ਸਕੂਨ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਹਾਨੀਕਾਰਕ ਹੋਣਗੇ।

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਬਹੁਤ ਸਾਰੇ ਅਜਿਹੇ ਨਾਮਵਰ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਵਿਰਾਸਤ ਤੇ ਭਾਸ਼ਾ ਦੇ ਨਿਆਰੇਪਨ ਨੂੰ ਸਾਂਭ ਕੇ ਰੱਖਿਆ ਹੈ, ਬੇਸ਼ਕ ਉਨਹਾਂ ਨੂੰ ਸੁਨਣ ਵਾਲੇ ਥੋੜੇ ਨੇ ਪਰ ਉਨ੍ਹਾ ਦੀ ਲਿਖਤ ਤੇ ਬੋਲਾਂ ਵਿਚੋਂ ਸੱਚੇ ਹਰਫ਼ ਝਲਕਦੇ ਹਨ ਪਰ ਦੂਜੇ ਪਾਸੇ ਆਪਣੀ ਮਸ਼ਹੂਰੀ ਲਈ ਗਾਉਣ ਵਾਲੇ ਗਾਇਕ ਜਿਨ੍ਹਾਂ ਦੇ ਬੋਲਾਂ ਵਿਚੋਂ ਹਥਿਆਰ, ਨਸ਼ਾ ਤੇ ਜੱਟਵਾਦ ਦਾ ਅਲਾਪ ਹੀ ਹੁੰਦਾ ਹੈ। ਅਜਿਹੇ ਗਾਇਕਾਂ 'ਚੋ ਅੰਮ੍ਰਿਤ ਮਾਨ ਇਕ ਹੈ ਜਿਸ ਦਾ ਇਕ ਗੀਤ Trouble Maker  ਹੈ ਜਿਸ ਦੀ ਵੀਡਿੳ ਵਿਚ ਇਕ ਵੀ ਨੌਜਵਾਨ ਪੱਗ ਵਾਲਾ ਨਹੀਂ ਤੇ ਦੂਜੇ ਪਾਸੇ ਸਿਗਰਟਾਂ ਪੀਂਦੇ ਤੇ ਸਕੂਲ ਦੀ ਕੁੜੀ ਨਾਲ ਇਸ਼ਕ ਕਰਦੇ ਦਿਖਾਈ ਦਿੱਤੇ ਹਨ।

ਇਸ ਤੋਂ ਇਲਾਵਾ ਉਸ ਵਰਗੇ ਅਨੇਕਾਂ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗਾਣਿਆਂ ਵਿੱਚ ਨਸ਼ੇ ਅਤੇ ਬੰਦੂਕਾਂ ਨੂੰ ਪ੍ਰਮੋਟ ਕੀਤਾ ਹੈ ਅਤੇ ਇਹਨਾਂ ਕਲਾਕਾਰਾਂ ਦੇ ਗਾਣਿਆਂ ਦੀ ਵੀਡੀਓ ਵਿਚ ਕੋਈ ਵੀ ਸਿੱਖ ਨੌਜੁਆਨ ਨਜ਼ਰ ਨਹੀਂ ਆਉਂਦਾ। ਸਗੋਂ ਜੋ ਵੀ ਨਜ਼ਰ ਆਉਂਦੇ ਹਨ ਉਹ ਨਸ਼ੇ ਕਰਦੇ ਅਤੇ ਹੱਥਾਂ ਵਿੱਚ ਰਫਲਾਂ ਫੜੀ ਪੰਜਾਬੀ ਸਾਹਿਤ ਤੇ ਵਿਰਾਸਤ ਤੋਂ ਦੂਰ ਹੋਏ ਨੌਜਵਾਨ ਹੀ ਨਜ਼ਰ ਆਉਂਦੇ ਹਨ। ਅੰਮ੍ਰਿਤ ਮਾਨ ਦੇ ਕੁਝ ਕੁ ਗਾਣੇ ਹੀ ਪਰਿਵਾਰਕ ਹਨ ਪਰ ਬਕੀਂ ਗਾਣਿਆਂ ਵਿਚ ਉਸ ਨੇ ਵੀ ਰਫਲਾਂ, ਹਥਿਆਰ ਤੇ ਨਸ਼ਿਆਂ ਨੂੰ ਹੀ ਪ੍ਰਮੋਟ ਕੀਤਾ ਹੈ, ਤੇ ਦੂਜੀ ਗੱਲ ਕੰਮ ਤਾਂ ਇਸ ਦਾ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਉਣ ਦਾ ਹੈ ਜਿਸ ਤੋਂ ਇਹ ਕਮਾਈ ਕਰਦਾ ਹੈ ਪਰ ਗਾਣਿਆਂ ਦਾ ਨਾਮ ਅੰਗਰੇਜ਼ੀ ਭਾਸ਼ਾ ਵਿਚ ਹੁੰਦਾ ਹੈ, ਜਿਵੇਂ take off, Burberry, difference, All Bamb, Mont Blanc, Trouble Maker etc...

ਇਸ ਵਰਗੇ ਹੋਰ ਵੀ ਅਜਿਹੇ ਸਿੰਗਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਹੜੀ ਸੇਧ ਦੇ ਰਹੇ ਹਨ? ਆਪਣੀਆਂ ਇੰਟਰਵਿਊ ਵਿਚ ਆਖਦੇ ਕਿ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ , ਪੰਜਾਬੀ ਭਾਸ਼ਾ ਵਿਚ ਪੱਛਮੀ ਭਾਸ਼ਾ ਨੂੰ ਰਲਗੱਡ ਕਰਨਾ ਕਿ ਇਸ ਨੂੰ ਸੇਵਾ ਆਖਦੇ ਹਾਂ? ਰਫਲਾਂ ਚੁੱਕ ਕੇ ਨਸ਼ਾ ਕਰਦੇ ਨੌਜਵਾਨਾਂ ਨੂੰ ਦਿਖਾਉਣਾ ਕਿ ਇਹ ਚੰਗੀ ਸੇਧ ਦੇਣਾ ਹੈ? ਅਲੜ੍ਹ ਉਮਰ ਦੀਆਂ ਕੁੜੀਆਂ ਦਾ ਇਸ਼ਕ ਮਜਾਜ਼ੀ ਅਕਸ ਦਿਖਾਉਣਾ ਕਿ ਇਹ ਧੀਆਂ, ਭੈਣਾਂ ਦੀ ਇੱਜਤ ਕਰਨਾ ਹੈ? ਗੀਤਾਂ ਵਿਚ ਆਪਣੇ ਆਪ ਨੂੰ ਜੱਟ ਆਖ ਕੇ ਮਾਰ ਕੁੱਟ ਕਰਨੀ ਕਿ ਇਹ ਸੂਰਬੀਰਤਾ ਦੀ ਨਿਸ਼ਾਨੀ ਹੈ?   ਇਨ੍ਹਾਂ ਦੇ ਗਾਣਿਆਂ ਵਿਚ ਕਿਥੇ ਪੰਜਾਬੀ ਵਿਰਾਸਤ ਝਲਕਦੀ ਹੈ। ਜੇਕਰ ਗ਼ਲ ਸੱਚ ਲਿਖੀ ਜਾਵੇ ਤਾਂ ਕਿਹਾ ਜਾ ਸਕਦਾ ਪੰਜਾਬ ਤੇ ਪੰਜਾਬੀਅਤ ਨੂੰ ਅਜਿਹੇ ਸਿੰਗਰਾਂ ਨੇ ਹੀ ਮਾਰਿਆ ਹੈ ਜਿਨ੍ਹਾਂ ਨੇ ਪੱਛਮੀ ਸੱਭਿਆਚਾਰ ਨੂੰ ਪੰਜਾਬੀ ਭਾਸ਼ਾ ਦਾ ਹਿਸਾ ਬਣਾਇਆ ਹੈ। ਇਨ੍ਹਾਂ ਦੇ ਹੋਛੇਪਨ ਤੇ ਰਫਲਾਂ ਦੇ ਦਿਖਾਵੇ ਨੇ ਪੰਜਾਬੀ ਨੌਜਵਾਨ ਪੀੜੀ ਦੇ ਪਰਵਾਸ ਨੂੰ ਹਵਾ ਦਿਤੀ ਹੈ। ਸੱਭ ਤੋਂ ਵੱਡੀ ਗ਼ਲ ਗੈਂਗਸਟਰ ਵਾਦ ਅਜਿਹੇ ਗਾਣਿਆਂ ਦੀ ਹੀ ਉੱਪਜ ਹੈ ਜਿਸ ਦਾ ਲਾਹਾ ਸਿਆਸਤਦਾਨ ਲੈ ਜਾਂਦੇ ਹਨ। ਜਦੋਂ ਉਹਨਾਂ ਨੌਜਵਾਨਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਓਦੋਂ ਉਹ ਡੂੰਗੇ ਦਲਦਲ ਵਿਚ ਫਸ ਜਾਂਦੇ ਹਨ ਜਿਥੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।

ਦੂਜੀ ਤ੍ਰਾਸਦੀ ਪੰਜਾਬੀ ਗੀਤਾਂ ਵਿਚ ਸਿੱਖੀ ਸਰੂਪ ਵਾਲੇ ਸਿੰਘਾਂ ਦੀ ਹੈ ਜੋ ਹੁਣ ਅਲੋਪ ਹੋ ਰਹੇ ਹਨ ਕਿਉਂਕਿ ਉਨਹਾਂ ਦੀ ਦਿੱਖ ਵਾਲੇ ਨਾ ਤਾਂ ਗਾਣੇ ਲਿਖੇ ਜਾਂਦੇ ਹਨ ਤੇ ਨਾ ਹੀ ਗਾਏ ਜਾਂਦੇ ਹਨ। ਸਾਡੇ ਸੂਰਮੀਆਂ ਦਾ ਅਕਸ ਪੰਜਾਬੀ ਗਾਣਿਆਂ ਵਿਚ ਖ਼ਤਮ ਹੋ ਰਿਹਾ ਹੈ। ਅਸੀਂ ਸਭਿਆਚਾਰ ਨੂੰ ਬਚਾਉਣ ਦੀ ਗ਼ਲ ਕਰਦੇ ਏਥੇ ਤਾਂ ਸਾਡੀ ਹੋਂਦ ਹੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬੀ ਸਭਿਆਚਾਰ ਨੂੰ ਸਬੰਧਿਤ ਸੰਸਥਾਵਾਂ ਤੇ ਆਗੂ ਹੀ ਇਨ੍ਹਾਂ ਚੀਜ਼ਾਂ ਨੂੰ ਠੱਲ ਨੀ ਪਾ ਸਕੇ ਸਗੋਂ ਇਨਹਾਂ ਮਗਰ ਲੱਗ ਕੇ ਦੂਜੇ ਭਾਇਚਾਰੇ ਦੇ ਲੋਕ ਵੀ ਜਾਤ ਪਾਤ ਨੂੰ  ਉਤਸ਼ਾਹਿਤ ਕਰ ਰਹੇ ਹਨ।

ਗੀਤਾਂ ਵਿਚ ਹਥਿਆਰਾਂ ਤੇ ਨਸ਼ਿਆਂ ਦਾ ਬੋਲਬਾਲਾ ਪੰਜਾਬ ਦੀ ਅਮੀਰ ਵਿਰਾਸਤ ਉੱਤੇ ਸਿੱਧਾ ਹਮਲਾ ਹੈ। ਕਿਸੇ ਸਮੇਂ ਪੰਜਾਬੀ ਗੀਤਾਂ ਵਿਚ ਫੁਲਕਾਰੀ, ਚਾਦਰੇ, ਚਰਖੇ, ਦਾ ਜ਼ਿਕਰ ਹੁੰਦਾ ਸੀ, ਹੁਣ ਗੀਤਾਂ ਦੇ ਮੁੱਖ ਵਿਸ਼ੇ ਹਥਿਆਰ, ਕਾਲੀ ਨਾਗਣੀ, ਇਸ਼ਕ-ਮਿਜ਼ਾਜੀ, ਬਦਮਾਸ਼ੀ ਤੇ ਪ੍ਰਧਾਨਗੀ ਕਲਚਰ ਹਨ। ਸੰਗੀਤਕ ਕੰਪਨੀਆਂ ਦਾ ਮੁੱਖ ਮੰਤਵ ਵਪਾਰ ਹੈ, ਉਨ੍ਹਾਂ ਨੂੰ ਕੋਈ ਵਾਹ ਵਾਸਤਾ ਨਹੀਂ ਕਿ ਉਨ੍ਹਾਂ ਦੇ ਗੀਤ ਪਰਿਵਾਰ ’ਚ ਬੈਠ ਕੇ ਸੁਣਨਯੋਗ ਹਨ ਜਾਂ ਨਹੀਂ। ਕਲਾਕਾਰਾਂ ਦਾ ਕਹਿਣਾ ਹੁੰਦਾ ਹੈ ਲੋਕ ਜਿਸ ਤਰ੍ਹਾਂ ਦਾ ਸੁਣਦੇ ਹਨ ਉਹਨਾਂ ਨੂੰ ਉਸ ਤਰ੍ਹਾਂ ਦਾ ਪਰੋਸਣਾ ਪੈਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਸਮਾਜ ’ਚ ਚੱਲ ਰਿਹਾ ਹੈ ਉਨ੍ਹਾਂ ਨੂੰ ਸੁਣਨਾ ਪੈਂਦਾ ਹੈ। ਕੋਈ ਵੀ ਪੰਜਾਬੀ ਸਭਿਆਚਾਰ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਸੋ ਇਸ ਸਭ ਕੁਝ ਦੇ ਲਈ ਗਾਇਕ, ਗੀਤਕਾਰ ਤੇ ਸੁਣਨ ਵਾਲੇ ਬਰਾਬਰ ਦੇ ਜ਼ਿੰਮੇਵਾਰ ਹਨ ਪਰ ਫਿਰ ਵੀ ਗੀਤਕਾਰ, ਲੇਖਕ, ਕਵੀ ਤੇ ਲਿਖਣ ਵਾਲਾ ਹਰ ਉਹ ਇਨਸਾਨ ਜਿਸ ਨੂੰ ਅਕਾਲ ਨੇ ਕਲਮ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਫ਼ਰਜ਼ ਬਣਦਾ ਏ ਕਿ ਉਹ ਜਿਸ ਖਿੱਤੇ ਨਾਲ ਸਬੰਧਤ ਹਨ ਘੱਟ ਤੋਂ ਘੱਟ ਉਸ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਉਸ ਦੇ ਇਤਿਹਾਸ ਨਾਲ ਖੁਦ ਇਕ ਮਿਕ ਹੋਣ ਤੇ ਦੂਜੀਆਂ ਨੂੰ ਵੀ ਇਸ ਨਾਲ ਜੋੜੀ ਰੱਖਣ।

 

ਡਾ.ਸਰਬਜੀਤ ਕੌਰ ਜੰਗ