ਭਾਰਤੀ ਖੇਡਾਂ ਦੇ ਪਿਛੜੇਪਨ ਦਾ ਕਾਰਣ ਸਿਆਸਤ ਦਾਨ 

ਭਾਰਤੀ ਖੇਡਾਂ ਦੇ ਪਿਛੜੇਪਨ ਦਾ ਕਾਰਣ ਸਿਆਸਤ ਦਾਨ 

                                                         ਖੇਡ ਸੰਸਾਰ                                               

 ਰਾਜਨੀਤੀ ਦੀ ਖੇਡ ਖੇਡਣ ਵਾਲੇ ਸਾਡੇ ਖੇਡ ਮੰਤਰੀਆਂ ਨੂੰ ਜੇ ਆਪਣੇ ਰਾਸ਼ਟਰ ਨਾਲ ਰਤਾ ਵੀ ਲਗਾਓ ਹੁੰਦਾ, ਉਹ ਰਾਸ਼ਟਰੀ ਖੇਡ ਹਾਕੀ ਨੂੰ ਚੁੱਕਣ ਲਈ ਜੀਅ-ਤੋੜ ਕੋਸ਼ਿਸ਼ਾਂ ਕਰਦੇ। ਇਹਦੇ ਵਾਸਤੇ ਦੇਸ਼ ਦੇ ਹਰ ਵੱਡੇ-ਛੋਟੇ ਸ਼ਹਿਰ 'ਚ ਇਕ ਜਾਂ ਇਸ ਤੋਂ ਵੱਧ ਮੈਦਾਨਾਂ ਦਾ ਪ੍ਰਬੰਧ ਕਰਦੇ। ਜਿਸ ਨੇ ਵੀ ਖੇਡ ਮੰਤਰੀ ਦੇ ਅਹੁਦੇ ਨੂੰ ਜੱਫਾ ਮਾਰਿਆ, ਹਕੂਮਤ ਦੇ ਨਸ਼ੇ ਵਿਚ ਰਾਜਨੀਤੀ ਦੇ ਦਾਅ-ਪੇਚ 'ਚ ਭੁੱਲਦਾ ਗਿਆ ਕਿ ਕਦੇ ਹਾਕੀ ਤੋਂ ਬਿਨਾਂ ਉਸ ਦੇ ਦੇਸ਼ ਦੇ ਪੱਲੇ ਖੇਡ ਜਗਤ ਪੱਖੋਂ ਕੁਝ ਵੀ ਨਹੀਂ ਸੀ। ਜੇ ਹਾਕੀ ਹੀ ਕੁਝ ਲਾਜ ਰੱਖਦੀ ਰਹੀ ਹੈ ਤਾਂ ਘੱਟੋ-ਘੱਟ ਇਸ ਵਾਸਤੇ ਹੀ ਕੁਝ ਹੁੰਦਾ ਰਹਿੰਦਾ। ਖੇਡ ਮੰਤਰੀਆਂ ਦੀ ਖੇਡ ਵੀ ਤੁਰੀ ਰਹਿੰਦੀ ਤੇ ਹਾਕੀ ਦਾ ਇਤਿਹਾਸ ਸੁਨਹਿਰਾ ਤੁਰਿਆ ਰਹਿੰਦਾ। ਕੁਝ ਖੇਡ ਮੰਤਰੀਆਂ ਦੀ ਵੀ ਇੱਜ਼ਤ ਬਣੀ ਰਹਿੰਦੀ। ਪਰ ਅਫ਼ਸੋਸ ਇੰਜ ਨਹੀਂ ਹੋਇਆ ਪਰ ਅਫ਼ਸੋਸ ਇੰਜ ਨਹੀਂ ਹੋ ਰਿਹਾ। ਭਵਿੱਖ ਵਿਚ ਏਦਾਂ ਨਾ ਹੋਵੇ, ਇਹੀ ਸਾਡੀ ਚਿੰਤਾ ਹੈ ਅੱਜ।

ਸਾਰੇ ਸੰਸਾਰ ਨੇ, ਇਸ ਮੁਲਕ ਦੇ ਹਾਕੀ ਦੇ ਜਾਦੂਗਰਾਂ ਦਾ ਕਮਾਲ ਵੇਖਿਆ ਤੇ ਪਰ ਭਾਰਤ ਨੂੰ 'ਹਾਕੀ' ਦੇ ਜਾਦੂਗਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਪਰ ਕਿੱਡੇ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਹਾਕੀ ਦੇ ਜਾਦੂਗਰਾਂ ਦੇ ਇਸ ਦੇਸ਼ ਵਿਚ ਲੰਮੇ ਸਮੇਂ ਤੱਕ ਐਸਟਰੋਟਰਫ਼ ਮੈਦਾਨ ਉਂਗਲਾਂ 'ਤੇ ਗਿਣੇ ਜਾਣ ਜੋਗੇ ਹੀ ਰਹੇ।

ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਬੰਗਲੌਰ, ਲਖਨਊ, ਦਿੱਲੀ, ਮੁੰਬਈ, ਮਦਰਾਸ, ਕੋਲਕਾਤਾ, ਭੁਪਾਲ, ਗਵਾਲੀਅਰ, ਹੈਦਰਾਬਾਦ ਆਦਿ ਸ਼ਹਿਰਾਂ ਵਿਚ ਇਹ ਮੈਦਾਨ ਹਨ। ਕਈ ਬਹੁਤ ਅਹਿਮ ਸ਼ਹਿਰਾਂ 'ਚ ਇਨ੍ਹਾਂ ਦਾ ਅਜੇ ਵੀ ਨਾਮੋ-ਨਿਸ਼ਾਨ ਨਹੀਂ। ਪੰਜਾਬ ਦੇ ਕਈ ਸ਼ਹਿਰ ਭਾਰਤੀ ਹਾਕੀ ਨੂੰ ਅਜੇ ਵੀ ਆਪਣਾ ਵਡਮੁੱਲਾ ਯੋਗਦਾਨ ਦੇ ਸਕਦੇ ਹਨ, ਜੇ ਵੱਧ ਤੋਂ ਵੱਧ ਐਸਟਰੋਟਰਫ ਮੈਦਾਨਾਂ ਦਾ ਇਥੇ ਪ੍ਰਬੰਧ ਹੋਵੇ। ਪਰ ਕੌਣ ਸੋਚੇਗਾ? ਕੌਣ ਵਿਚਾਰੇਗਾ, ਇਨ੍ਹਾਂ ਸੁਝਾਵਾਂ ਨੂੰ? ਸਾਡੀਆਂ ਸਰਕਾਰਾਂ ਨੂੰ ਜੇ ਰਾਸ਼ਟਰੀ ਖੇਡ ਹਾਕੀ ਨਾਲ ਰਤਾ ਦਰੇਗ ਹੁੰਦਾ ਤਾਂ ਇਸ ਪਿੰਡ ਲਈ ਵੱਧ ਤੋਂ ਵੱਧ ਹਾਕੀ ਮੈਦਾਨਾਂ ਦਾ ਪ੍ਰਬੰਧ ਕਰਦੀ। ਵਕਤ-ਵਕਤ 'ਤੇ ਬਦਲਦੀ ਰਹੀ ਭਾਰਤ ਅਤੇ ਪੰਜਾਬ ਸਰਕਾਰ, ਰਾਜਨੀਤੀ ਦੀ ਖੇਡ 'ਚ ਏਨੀ ਹੀ ਮਸਤ ਤੇ ਰੁੱਝੀ ਰਹੀ ਕਿ ਰਾਸ਼ਟਰ ਦੇ ਹਿਤ 'ਚ ਰਾਸ਼ਟਰੀ ਖੇਡ ਦੇ ਹਿਤ 'ਚ ਸੋਚਣ ਲਈ ਉਸ ਕੋਲ ਵਕਤ ਕਿੱਥੇ? ਹਾਲੈਂਡ ਵਰਗਾ ਦੇਸ਼ ਜੋ ਭੂਗੋਲਿਕ ਖੇਤਰ 'ਚ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਤੋਂ ਕਿਤੇ ਛੋਟਾ ਹੈ, 500 ਤੋਂ ਵਧੀਕ ਐਸਟਰੋਟਰਫ਼ ਮੈਦਾਨ ਉਥੇ ਹਨ। ਇਹੋ ਜਿਹੇ ਆਲਮ ਵਿਚ ਜਦੋਂ ਕਿ ਸਾਡੇ ਦੇਸ਼ 'ਚ ਦੂਜਿਆਂ ਦੇਸ਼ਾਂ ਦੇ ਮੁਕਾਬਲੇ ਮੈਦਾਨੀ ਸਹੂਲਤਾਂ ਹੀ ਬਹੁਤ ਘੱਟ ਹਨ, ਅਸੀਂ ਇਹ ਆਸ ਰੱਖੀਏ ਕਿ ਦੂਸਰੇ ਦੇਸ਼ਾਂ ਦੇ ਮੈਦਾਨਾਂ ਵਿਚ ਜਾ ਕੇ ਭਾਰਤ ਦਾ ਬੋਲਬਾਲਾ ਹੋਵੇ।ਸਾਨੂੰ ਕੋਈ ਗੱਲ ਬਣਦੀ ਨਜ਼ਰ ਨਹੀਂ ਆਉਂਦੀ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਕੀ ਦੇ ਮੌਜੂਦਾ ਕੌਮਾਂਤਰੀ ਪੱਧਰ ਨੂੰ ਜੇ ਧਿਆਨ ਵਿਚ ਰੱਖ ਕੇ ਵਿਚਾਰਿਆ ਜਾਵੇ ਤਾਂ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਾਡੇ ਨੌਨਿਹਾਲ ਹਾਕੀ ਖਿਡਾਰੀ, ਐਸਟਰੋਟਰਫ਼ ਮੈਦਾਨਾਂ ਦੀ ਘਾਟ ਕਾਰਨ ਘਾਹ ਵਾਲੇ ਮੈਦਾਨ 'ਤੇ ਹੀ ਹਾਕੀ ਖੇਡਣੀ ਸ਼ੁਰੂ ਕਰਦੇ ਹਨ। ਐਸਟਰੋਟਰਫ ਮੈਦਾਨਾਂ ਦੀ ਘਾਟ ਦਾ ਇਹੀ ਨੁਕਸਾਨ ਸਾਨੂੰ ਹੋ ਰਿਹਾ ਹੈ। ਸ਼ੁਰੂ ਤੋਂ ਇਹੋ ਜਿਹੇ ਹੀ ਮੈਦਾਨਾਂ 'ਤੇ ਜੇ ਸਾਡੇ ਹਾਕੀ ਖਿਡਾਰੀ ਖੇਡਣ ਤਾਂ ਐਸਟਰੋਟਰਫ ਦੀ ਖੇਡ ਤਕਨੀਕ ਅਨੁਸਾਰ ਆਪਣੇ-ਆਪ ਨੂੰ ਜਲਦੀ ਹੀ ਢਾਲ ਲੈਣ ਤੇ ਕੌਮਾਂਤਰੀ ਖੇਡ ਕੈਰੀਅਰ ਦੌਰਾਨ ਆਹਲਾ ਦਰਜੇ ਦੀ ਕਾਰਕਰਦਗੀ ਦਾ ਮੁਜ਼ਾਹਰਾ ਕਰ ਸਕਦੇ ਹਨ।

 

ਪ੍ਰੋਫੈਸਰ ਪਰਮਜੀਤ ਸਿੰਘ