ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਲੱਭੋ ਪ੍ਰਸੰਨਤਾ 

ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਲੱਭੋ ਪ੍ਰਸੰਨਤਾ 

ਆਪਣੇ ਜੀਵਨ ਨੂੰ ਅਜਾਈ ਨਾ ਗਵਾਓ, ਖੁਸ਼ ਰਹੋ ਅਤੇ ਹੋਰਾਂ ਨੂੰ ਵੀ ਖੁਸ਼ ਰੱਖੋ

ਪੈਸੇ ਨਾਲ ਵਸਤਾਂ ਖਰੀਦੀਆਂ ਜਾ ਸਕਦੀਆਂ ਹਨ, ਪਰ ਪ੍ਰਸੰਨਤਾ ਨਹੀਂ। ਪ੍ਰਸੰਨ ਬਿਰਤੀ, ਚੰਗੀ ਸੋਚਣੀ, ਉਸਾਰੂ ਦ੍ਰਿਸ਼ਟੀਕੋਣ ਇਹ ਸਭ ਪੈਸੇ ਨਾਲ ਨਹੀਂ ਖਰੀਦੇ ਜਾ ਸਕਦੇ। ਪਰ ਅਫਸੋਸ ਅਸੀਂ ਆਪਣੀ ਸਾਰੀ ਜਿੰਦਗੀ ਹਰ ਉਸ ਚੀਜ਼ ਪਿੱਛੇ ਦੌੜਦਿਆਂ ਗਵਾ ਲੈਂਦੇ ਹਾਂ, ਜੋ ਦੁਨਿਆਵੀ ਤੌਰ ਤੇ ਬਹੁਤ ਕੀਮਤੀ ਹੁੰਦੀਆਂ ਹਨ, ਜਿਹੜੀਆਂ ਚੀਜ਼ਾਂ  ਬਿਨਾ ਕਿਸੇ ਮੁੱਲ ਦੇ  ਫਿਰ ਵੀ ਅਮੁੱਲ ਹਨ ਉਹਨਾਂ ਬਾਰੇ ਅਸੀਂ ਕਦੇ ਸੋਚਦੇ ਹੀ ਨਹੀਂ ਹਾਂ। ਦਰਅਸਲ ਅਸੀਂ ਆਪਣੀ ਜ਼ਿੰਦਗੀ ਨੂੰ ਜਿਊਣ ਦੇ ਤਰੀਕੇ ਬਦਲ ਚੁੱਕੇ ਹਾਂ। ਭੌਤਿਕਵਾਦੀ ਚੀਜ਼ਾਂ ਦੀਆਂ ਬੇਲੋੜੀਆਂ ਲੋੜਾਂ ਨੇ ਸਾਡੇ ਮੁੱਖ ਤੋਂ ਹਾਸੇ ਖੋਹ ਲਏ ਹਨ। ਜਰੂਰੀ ਨਹੀਂ ਕਿ ਖੁਸ਼ੀ ਮਹਿੰਗੀਆਂ ਚੀਜ਼ਾਂ ਤੋਂ ਹੀ ਮਿਲ ਸਕਦੀ ਹੈ। ਅੱਜ ਤੁਸੀਂ ਜਿਸ ਵੀ ਹਾਲਾਤ ਵਿੱਚ ਹੋ ਉਸ ਵਿੱਚ ਸੰਤੁਸ਼ਟ ਅਤੇ ਖੁਸ਼ ਤੇ ਰੱਬ ਦੇ ਸ਼ੁਕਰਗੁਜ਼ਾਰ ਹੋਕੇ ਵੇਖੋ। ਤੁਹਾਡੇ ਜੀਵਨ ਵਿੱਚ ਇੱਕ ਨਵੀਂ ਲਹਿਰ ਦੌੜ ਜਾਵੇਗੀ। ਜਿਹੜੇ ਲੋਕ ਖੁਸ਼ ਰਹਿੰਦੇ ਹਨ, ਉਹਨਾਂ ਨੂੰ ਲੋਕਾਂ ਦੁਆਰਾ ਵਧੇਰੇ ਯਾਦ ਕੀਤਾ ਜਾਂਦਾ ਹੈ, ਜਿੰਨਾ ਲੋਕਾਂ ਦੇ ਚਿਹਰੇ ਹਮੇਸ਼ਾ ਮੁਸਕਰਾਹਟ ਨਾਲ ਖਿੜੇ ਰਹਿੰਦੇ ਹਨ, ਉਹਨਾਂ ਦੀ ਉਡੀਕ ਹਰ ਜਗ੍ਹਾ ਬੇਸਬਰੀ ਨਾਲ ਕੀਤੀ ਜਾਂਦੀ ਹੈ। ਜਦ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਖੁਸ਼ੀ ਲੱਭਣ ਲੱਗ ਜਾਵੋਗੇ, ਜਿਊਣ ਦੀ ਜਾਂਚ ਸਿੱਖਦੇ ਜਾਵੋਗੇ। ਘਰ ਵਿੱਚ ਇੱਕ ਛੋਟਾ ਜਿਹਾ ਪੌਦਾ ਲਗਾ ਕੇ ਵੇਖੋ, ਹਰ ਰੋਜ਼ ਉਸਨੂੰ ਪਾਣੀ ਪਾਓ, ਉਸਦਾ ਦਿਨ ਬ ਦਿਨ ਵੱਡਾ ਹੋਣਾ ਤੁਹਾਨੂੰ ਖੁਸ਼ੀ ਦੇਵੇਗਾ। ਸੜੇ ਸੁਭਾਅ ਵਾਲੇ ਲੋਕਾਂ ਕੋਲ ਕੋਈ ਵੀ ਬੈਠਣਾ ਪਸੰਦ ਨਹੀਂ ਕਰਦਾ, ਅਜਿਹੇ ਲੋਕਾਂ ਦੇ ਮੱਥੇ ਤੇ ਪਈਆਂ ਸੱਤ ਤਿਊੜੀਆਂ ਉਹਨਾਂ ਦੀ ਮਾਨਸਿਕਤਾ ਨੂੰ ਬਿਆਨ ਕਰ ਦਿੰਦੀਆਂ ਹਨ। ਅਜਿਹੇ ਸੁਭਾਅ ਵਾਲੇ ਲੋਕਾਂ ਨੂੰ ਹਰ ਵਿਚੋਂ ਕਮੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ , ਇਹ ਨਾ ਤਾਂ ਆਪ ਖੁਸ਼  ਹੁੰਦੇ ਹਨ ਅਤੇ ਨਾ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਖੁਸ਼ ਰਹਿਣ ਦਿੰਦੇ ਹਨ। ਸ਼ਿਕਾਇਤਾਂ ਕਰਨ ਵਿੱਚ ਅਜਿਹੇ ਸੁਭਾਅ ਦੇ ਲੋਕ ਮਾਹਿਰ ਹੁੰਦੇ ਹਨ, ਅਤੇ ਦੂਸਰਿਆਂ ਨੂੰ ਕਸੂਰਵਾਰ ਠਹਿਰਾਉਣ ਵਿੱਚ ਮਾਹਿਰ ਹੁੰਦੇ ਹਨ।ਇਸਦੇ ਉੱਲਟ ਜੋ ਲੋਕ ਆਪਣੇ ਪਰਿਵਾਰ, ਦੋਸਤਾਂ ਤੇ ਆਂਢ ਗੁਆਂਢ ਦੇ ਜੀਆਂ ਨਾਲ ਮਿਲ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਖੁਸ਼ੀਆਂ ਲੱਭਣ ਦਾ ਯਤਨ ਕਰਦੇ ਹਨ, ਵਧੇਰੇ ਸੁਖੀ ਹੁੰਦੇ ਹਨ। ਖੁਸ਼ੀਆਂ ਅਸੀਂ ਮੁੱਲ ਨਹੀਂ ਖਰੀਦਣੀਆਂ ਹੁੰਦੀਆਂ ਇਹ ਅਸੀਂ ਕਰਾਉਣੀਆਂ ਹੁੰਦੀਆਂ ਹਨ, ਆਪ ਪੈਦਾ ਕਰਨੀਆਂ ਹੁੰਦੀਆਂ ਹਨ। ਖੁਸ਼ ਹੋਣ ਦਾ ਨਿੱਕੇ ਤੋਂ ਨਿੱਕਾ ਮੌਕਾ ਵੀ ਨਾ ਜਾਣ ਦੇਵੋ..... ਹਰ ਹਲਾਤ ਵਿੱਚ ਸ਼ੁਕਰਗੁਜ਼ਾਰ ਰਹੋ ਤੇ ਸੰਤੁਸ਼ਟ ਰਹੋ, ਜਦੋਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚੋਂ ਪ੍ਰਸੰਨਤਾ ਲੱਭਣੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਵੀ ਉਹਨਾਂ ਲੋਕਾਂ ਦੀ ਕਤਾਰ ਵਿੱਚ ਖੜੇ ਹੋ ਜਾਵਾਂਗੇ ਜਿੰਨਾ ਨੂੰ ਵਧੇਰੇ ਵਾਰੀ ਅਤੇ ਵਧੇਰੇ ਚਿਰ ਯਾਦ ਕੀਤਾ ਜਾਂਦਾ ਹੈ, ਜਿੰਨਾ ਲੋਕਾਂ ਦੀ ਵਧੇਰੇ ਉਡੀਕ ਕੀਤੀ ਜਾਂਦੀ ਹੈ। ਦੁੱਖ ਕਦੇ ਵੀ ਉਨੇ ਵੱਡੇ ਨਹੀਂ ਹੁੰਦੇ ਜਿੰਨੇ ਉਹ ਪ੍ਰਤੀਤ ਹੁੰਦੇ ਹਨ, ਇਸ ਲਈ ਦੁੱਖਾਂ ਦਾ ਬਹਾਨਾ ਲਗਾ ਆਪਣੇ ਜੀਵਨ ਨੂੰ ਅਜਾਈ ਨਾ ਗਵਾਓ, ਖੁਸ਼ ਰਹੋ ਅਤੇ ਹੋਰਾਂ ਨੂੰ ਵੀ ਖੁਸ਼ ਰੱਖੋ, ਇਹੀ ਮਨੁੱਖੀ ਜੀਵਨ ਦਾ ਅਸਲ ਮਨੋਰਥ ਹੈ। 

 

ਹਰਕੀਰਤ ਕੌਰ

 9779118066