ਜਦੋਂ ਲਹਿਰਾਂ... ਲਾਟਾਂ ਬਣੀਆਂ !
ਭਾਰਤ ਦੀਆਂ ਸਿਹਤ ਸੇਵਾਵਾਂ ਦਾ ਵੱਡੇ ਪੱਧਰ ਤੇ ਨਿੱਜੀਕਰਨ
ਇਹ ਲਹਿਰਾਂ ਥੰਮਣੀਆਂ ਚਾਹੀਦੀਆਂ ਨੇ, ਨਹੀਂ ਤਾਂ ਬਹੁਤ ਕੁਝ ਇਹ ਲਹਿਰ ਆਪਣੇ ਨਾਲ ਰੋੜ੍ਹ 'ਲੈ ਜਾਣਗੀਆਂ। ਜਿਨ੍ਹਾਂ ਵਿਚ ਕਈ ਘਰਾ ਦੇ ਸਾਈਂ, ਮਾਵਾਂ ਦੇ ਲਾਲ, ਘਰ ਦੀਆਂ ਰੌਣਕਾਂ ਤੇ ਨਾਲ ਹੀ ਇਹ ਲਹਿਰਾਂ 'ਲੈ ਜਾਣਗੀਆਂ ਹੁਣ ਤਕ ਲੋਕਾਂ ਦਾ ਕੀਤਾ ਸਰਕਾਰ ਤੇ ਭਰੋਸਾ ! ਜੀ ਹਾਂ ਮੈਂ ਗੱਲ ਕਰ ਰਿਹਾ ਹਾਂ , ਮਨੁੱਖਤਾ ਲਈ ਮਾਰੂ ਤੇ ਸਰਕਾਰਾਂ ਤੇ ਭਾਰੂ ਇਹ ਕਰੋਨਾ ਵਾਇਰਸ (ਕੋਵਿਡ-19) ਦਾ, ਜੋ ਭਾਰਤ ਵਿਚ ਇਸ ਨੇ ਸਾਲ 2020 ਦੀ ਸ਼ੁਰੂਆਤ ਹੁੰਦੇ ਹੀ ਦਸਤਕ ਦੇ ਦਿੱਤੀ ਸੀ ਤੇ ਸਾਲ 2020 ਦੇ ਖਤਮ ਹੁੰਦੇ-ਹੁੰਦੇ ਇਹ ਕਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਵੀ ਖਤਮ ਹੁੰਦੀ ਨਜ਼ਰ ਆਉਂਦੀ ਸੀ, ਉੱਥੇ ਮੁੜ ਸਾਲ 2021 'ਚ ਇਸ ਦੀ ਲਾਗ ਦੇ ਮਾਮਲੇ ਦੋਬਾਰਾ ਵਧਣ ਲੱਗ ਪਏ ਤੇ ਦੇਖਦੇ ਹੀ ਦੇਖਦੇ ਸਾਲ 2019–20 ਦੀ ਕਰੋਨਾ ਵਾਇਰਸ (ਕੋਵਿਡ-19) ਇੱਕ ਵੱਡੀ ਮਹਾਂਮਾਰੀ ਬਣ ਗਈ। ਇਸ ਮਹਾਂਮਾਰੀ ਨੂੰ ਹੁਣ ਲਹਿਰਾਂ ਦਾ ਨਾਮ ਦਿੱਤਾ ਜਾ ਰਿਹਾ ਹੈ : ਕਰੋਨਾ ਦੀ ਪਹਿਲੀ ਲਹਿਰ, ਫੇਰ ਕਰੋਨਾ ਦੀ ਦੂਜੀ ਲਹਿਰ ਤੇ ਹੁਣ ਇੱਕ ਅਖਬਾਰ 'ਚ ਲੱਗੀ ਖ਼ਬਰ ਕਹਿੰਦੀ ਹੈ ਕਿ ਕਰੋਨਾ ਦੀ ਤੀਜੀ ਲਹਿਰ ਲਈ ਤਿਆਰ ਰਹੋ। ਇਹ ਬਹੁਤ ਹੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ, ਲੋਕ ਹਸਪਤਾਲ ਦੇ ਬਾਹਰ ਤੇ ਆਪਣੇ ਘਰਾਂ ਵਿਚ ਮਰ ਰਹੇ ਹਨ, ਹਸਪਤਾਲ ’ਚ ਬੈੱਡ ਨਹੀਂ ਮਿਲ ਰਹੇ, ਡਾਕਟਰ ਅਤੇ ਮੈਡੀਕਲ ਸਟਾਫ਼ ਦੀ ਕਮੀ ਸਾਫ ਨਜਰ ਆ ਰਹੀ ਹੈ। ਲੋਕ ਮਰ ਰਹੇ ਹਨ, ਆਪਣੇ-ਆਪਣੇਆ ਤੋਂ ਨਾ ਚਾਹੁੰਦੇ ਹੋਏ ਵੀ ਵੱਖ (ਦੂਰ) ਹੋ ਰਹੇ ਹਨ । ਕਿਤੇ ਨਾ ਕਿਤੇ ਲੱਗਦਾ ਹੈ ਕਿ ਕਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਸਰਕਾਰ,ਪ੍ਰਸ਼ਾਸ਼ਨ ਤੇ ਲੋਕਾ 'ਚ ਤਾਲ-ਮੇਲ ਦੀ ਕਮੀ ਵੀ ਮੁੜ ਇਸ ਕਰੋਨਾ ਵਾਇਰਸ ਦੇ ਫੈਲਾ ਦਾ ਇਕ ਵੱਡਾ ਕਾਰਨ ਹੋ ਸਕਦਾ ਹੈ, ਦੇਖਦੇ ਹੀ ਦੇਖਦੇ ਇਸ ਮਹਾਂਮਾਰੀ ਦਾ ਲਹਿਰਾਂ ਬਣ ਜਾਣਾ ਤੇ ਲਹਿਰਾਂ ਤੋਂ ਸ਼ਮਸ਼ਾਨ ਦੀਆ ਲਾਟਾਂ ਬਣੀਆਂ ਬਹੁਤ ਹੀ ਦੁਖਦਾਈ ਹੈ। ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੌਜੂਦਾ ਹਾਲਤ ਦਿਲ ਦਹਿਲਾਉਣ ਵਾਲੇ ਹਨ। ਹਸਪਤਾਲਾਂ 'ਚ ਬੈੱਡ ਅਤੇ ਆਕਸੀਜਨ ਦੇ ਸਿਲੰਡਰ ਲਈ ਲੋਕ ਮਿਨਤਾ-ਤਰਲੇ ਕਰ ਰਹੇ ਹਨ। ਕਰੋਨਾ ਵਾਇਰਸ ਕਾਰਨ ਜੋ ਹਾਲ ਦਿੱਲੀ ਦਾ ਤੇ ਹੋਰ ਵੱਡੇ ਸ਼ਹਿਰਾ ਦਾ ਹੈ ਉਸ ਦੀ ਪਲ-ਪਲ ਦੀ ਖਬਰ ਮੀਡੀਆ ਤੇ ਸ਼ੋਸ਼ਲ ਮੀਡੀਆ ਰਾਹੀਂ ਲੋਕਾ ਨੂੰ ਮਿਲ ਰਹੀ ਹੈ ਪ੍ਰੰਤੂ ਦੇਸ਼ ਦੇ ਕਈ ਸੂਬੇ, ਕਈ ਸ਼ਹਿਰ, ਪਿੰਡ ਤੇ ਕਸਬੇ ਅਜਹੇ ਵੀ ਹਨ ਜਿੱਥੇ ਦੇ ਹਾਲਾਤ ਕਰੋਨਾ ਵਾਇਰਸ ਕਾਰਨ ਕੀ ਹਨ ਪਤਾ ਨਹੀ ਲੱਗ ਰਿਹਾ।
ਭਾਰਤ ਦੀਆਂ ਸਿਹਤ ਸੇਵਾਵਾਂ ਦਾ ਵੱਡੇ ਪੱਧਰ ਤੇ ਨਿੱਜੀਕਰਨ ਸਿਹਤ ਸੰਭਾਲ ਦੇ ਮੌਲਿਕ ਹੱਕ ਤੋਂ ਆਮ ਲੋਕਾ ਨੂੰ ਵਾਂਜੇ ਕਰਦਾ ਨਜਰ ਆਉਂਦਾ ਹੈ। ਇਸ ਕਰੋਨਾ ਮਹਾਂਮਾਰੀ ਦੌਰਾਨ ਇਹ ਸਭ ਖੁਲ ਕੇ ਸਾਹਮਣੇ ਨਜਰ ਆਇਆ ਹੈ , ਕਰੋਨਾ ਵਾਇਰਸ ਨਾਲ ਸਬੰਧਿਤ ਮਰੀਜਾਂ ਤੋਂ ਦਵਾਈਆਂ, ਬੈਡ ਤੇ ਐਮਬੂਲਸ ਦੇ ਨਾਮ ਤੇ ਮੋਟੇ ਬਿੱਲ ਵਸੂਲੇ ਜਾਣਾ ਇਸ ਮਹਾਮਾਰੀ ਦੌਰਾਨ ਜਾਇਜ ਨਹੀਂ ਲੱਗਦਾ, ਇਸ ਵਾਇਰਸ ਦੀ ਮਾਰ ਦੇ ਮਾਰੇ ਲੋਕਾਂ ਨੂੰ ਬੇਤਸ਼ਾ ਦੁੱਖ ਭੁਗਤਣਾ ਪੈ ਰਿਹਾ ਹੈ, ਜੋ ਸ਼ਬਦਾ 'ਚ ਬਿਆਨ ਕਰਨਾ ਬੇਹੱਦ ਮੁਸ਼ਕਿਲ ਹੈ। ਕਰੋੜਾਂ ਮੱਧ-ਵਰਗੀਏ ਪਰਿਵਾਰ ਜੋ ਪਹਿਲਾਂ ਤੋਂ ਹੀ ਬੇਹੱਦ ਮੁਸ਼ਕਿਲ ਨਾਲ ਜ਼ਿੰਦਗੀ ਬਸਰ ਕਰ ਰਹੇ ਸਨ ਕਰੋਨਾ ਵਾਇਰਸ ਨੇ ਉਨ੍ਹਾਂ ਨੂੰ ਭਿਆਨਕ ਗ਼ਰੀਬੀ ’ਚ ਧੱਕ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਲੱਖਾਂ ਗਰੀਬ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾ ਆਉਂਦੇ ਦਿਖਦੇ ਹਨ। ਹਜਾਰਾ ਲੋਕ ਇਸ ਕਰੋਨਾ ਮਹਾਂਮਾਰੀ ਦੌਰਾਨ ਆਪਣੀਆਂ ਨੌਕਰੀਆਂ ਤੇ ਕਾਰੋਬਾਰ ਤੋਂ ਹੱਥ ਧੋਅ ਬੈਠੇ ਹਨ। ਕਰੋਨਾ ਮਹਾਂਮਾਰੀ ਕਾਰਨ ਜਿਥੇ ਮਜ਼ਦੂਰ,ਕਿਸਾਨ,ਵਪਾਰੀ, ਦੁਕਾਨਦਾਰ, ਨੌਕਰੀ-ਪੇਸ਼ਾ ਤੇ ਆਮ ਆਦਮੀ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਵੱਡੇ ਪੱਧਰ ਤੇ ਪ੍ਰਵਾਸੀ ਮਜਦੂਰਾਂ ਨੇ ਆਪਣੇ ਪਿੱਤਰੀ ਰਾਜਾ ਨੂੰ ਚਾਲੇ ਪਾਅ ਲਏ ਹਨ। ਗੰਭੀਰ ਮਸਲਾ ਤਾ ਇਹ ਵੀ ਹੈ ਕਿ ਕਰੋਨਾ ਮਹਾਮਾਰੀ ਤੋਂ ਬਚੇ ਲੋਕ ਕਿਤੇ ਭੁੱਖ-ਮਰੀ ਨਾਲ ਨਾ ਮਰ ਜਾਣ ਹਰ ਰੋਜ਼ ਕਮਾਉਣ ਵਾਲਾ ਇਸ ਦੌਰ 'ਚੋ ਕਿਸ ਤਰਾਂ ਗੁਜਾਰਾ ਕਰ ਰਿਹਾ ਹੈ, ਇਹ ਓਹੀ ਜਾਣਦਾ ਹੈ। ਲੋਕ ਬੇਰੁਜ਼ਗਾਰ ਹੋ ਰਹੇ ਹਨ, ਤੇ ਭਾਰਤ ਦੀ ਅਰਥ-ਵਿਵਸਥਾ ਡਾਵਾ-ਡੋਲ ਹੁੰਦੀ ਨਜਰ ਆਉਂਦੀ ਹੈ। ਦੇਸ਼ ਵਿਚ ਮੌਜੂਦਾ ਸਮੇਂ ਜੋ ਸਥਿਤੀ ਬਣ ਰਹੀ ਹੈ, ਉਸ ਵਿਚ ਮੌਜੂਦਾ ਸਰਕਾਰ ਨੂੰ ਅੱਗੇ 'ਆ ਬੇਹੱਦ ਗੰਭੀਰਤਾ ਨਾਲ ਗਰੀਬ,ਤੇ ਮੱਧ-ਵਰਗ ਲੋਕਾ ਦੀ ਦਿਨ-ਬਾ -ਦਿਨ ਡਿੱਗ ਰਹੀ ਆਰਥਿਕਤਾ ਨੂੰ ਸੰਭਾਲਣ ਦੀ ਲੋੜ ਹੈ। ਕਰੋਨਾ ਮਹਾਂਮਾਰੀ ਕਾਰਨ ਮਨੁੱਖਤਾ ਨੂੰ ਬਹੁਤ ਵੱਡੇ ਨੁਕਸਾਨ ਝੱਲਣੇ ਪਏ ਹਨ ਤੇ ਝੱਲਣੇ ਪੈਅ ਰਹੇ ਹਨ। ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਇਨਾਂ ਘਾਤਕ ਤੇ ਚਿੰਤਾਜਨਕ ਹੋਣਾ, ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੇ ਹੁੰਦਿਆਂ ਤੇ ਮਗਰੋਂ ਵੱਡੀਆਂ ਅਣਗਹਿਲੀਆ ਦਾ ਹੀ ਨਤੀਜਾ ਹੈ, ਜਿਵੇਂ ਚੋਣ ਰੈਲੀਆਂ , ਵੱਡੇ ਧਾਰਮਿਕ ਪ੍ਰੋਗਰਾਮ ਤੇ ਸਮਾਜਿਕ ਸਮਾਗਮ ਆਦਿ ਤੇ ਲੋਕਾ ਦੇ ਇਕੱਠ ਦਾ ਬਿਨਾਂ ਕੋਵਿਡ ਦਿਸ਼ਾ ਨਿਰਦੇਸ਼ਾਂ ਦੇ ਇਕੱਠੇ ਹੋਣਾ, ਇਸ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਮੁੱਖ ਕਾਰਨਾਂ ਵਿਚੋ ਇਕ ਹੈ, ਨਾਲ ਹੀ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੀ ਭਵਿੱਖਬਾਣੀ ਬੇਹੱਦ ਚਿੰਤਾਜਨਕ ਤਾ ਹੈ, ਪਰ ਉਸ ਨੂੰ ਰੋਕਿਆ ਜਾ ਸਕਦਾ ਹੈ, ਇਸ ਲਈ ਜਰੂਰੀ ਹੈ, ਸਰਕਾਰਾ ਦਾ ਪ੍ਰਸ਼ਾਸ਼ਨ ਤੇ ਲੋਕਾ 'ਚ ਬਹਿਤਰ ਤਾਲ-ਮੇਲ ਦਾ ਹੋਣਾ, ਸੋ ਆਓ ਆਪਣੇ-ਆਪਣੇ ਪੱਧਰ ਤੇ ਇਸ ਕਰੋਨਾ ਮਹਾਂਮਾਰੀ ਦੀਆ ਲਹਿਰਾਂ ਨੂੰ ਰੋਕਣ ਦਾ ਯਤਨ ਕਰੀਏ।
ਹਰਮਨਪ੍ਰੀਤ ਸਿੰਘ,
Comments (0)