ਆਓ ਆਪਾਂ ਵੀ ਸੋਚੀਏ-‘ਅਸਲ ਸੁੰਦਰਤਾ ਕਿੱਥੇ ਹੈ?’

ਆਓ ਆਪਾਂ ਵੀ ਸੋਚੀਏ-‘ਅਸਲ ਸੁੰਦਰਤਾ ਕਿੱਥੇ ਹੈ?’

ਲੜਕੀ ਸੁਹਣੀ-ਸੁਨੱਖੀ ਹੋਵੇ..!
ਕੋਈ ਸਮਾਂ ਸੀ ਜਦੋਂ ਬੱਚਿਆਂ ਦੇ ਰਿਸ਼ਤੇ ਮਾਪੇ ਤਹਿ ਕਰਦੇ ਸਨ। ਉਸ ਵੇਲੇ ਲੜਕੀ ਦੇ ਖਾਨਦਾਨ ਦੀ ਪੂਰੀ ਛਾਣ- ਬੀਣ ਕੀਤੀ ਜਾਂਦੀ- ਤੇ ਉਸ ਤੋਂ ਹੀ ਲੜਕੀ ਦੇ ਗੁਣਾਂ ਦਾ ਅੰਦਾਜ਼ਾ ਲਾ ਲਿਆ ਜਾਂਦਾ। ਉਦੋਂ ਦੇਖਣ ਦਿਖਾਉਣ ਦਾ ਰਿਵਾਜ਼ ਨਹੀਂ ਸੀ ਹੁੰਦਾ। ਸੋ ਲੜਕੀ ਦੇ ਬਾਹਰੀ ਸੁਹੱਪਣ ਨੂੰ ਬਹੁਤੀ ਤਰਜੀਹ ਨਹੀਂ ਸੀ ਦਿੱਤੀ ਜਾਂਦੀ। ਇਸੇ ਕਾਰਨ ਬਹੁਤੇ ਬਜ਼ੁਰਗ ਜੋੜਿਆਂ ਵਿੱਚ ਕੱਦ-ਕਾਠ, ਵਿਿਦਅਕ ਯੋਗਤਾ, ਦਿਮਾਗੀ ਪੱਧਰ- ਆਦਿ ਦੇ ਲਿਹਾਜ਼ ਨਾਲ ਢੇਰ ਸਾਰਾ ਅੰਤਰ ਦਿਖਾਈ ਦਿੰਦਾ। ਐਪਰ ਇੰਨੇ ਵਖਰੇਵੇਂ ਹੁੰਦੇ ਹੋਏ ਵੀ, ਉਹ ਸਫਲ ਗ੍ਰਹਿਸਤ ਜੀਵਨ ਹੰਢਾਉਂਦੇ।
ਸਮੇਂ ਦੇ ਨਾਲ ਜ਼ਮਾਨਾ ਬਦਲਿਆ- ਸੋਚ ਬਦਲੀ। ਮੇਰੀ ਉਮਰ ਦੇ ਸਮੇਂ- ਲੜਕੇ ਲੜਕੀ ਨੂੰ ਦੇਖਣ ਦਾ ਰਿਵਾਜ਼ ਪਿਆ- ਉਹ ਵੀ ਸਾਰੇ ਪਰਿਵਾਰ ਦੀ ਹਾਜ਼ਰੀ ਵਿੱਚ। ਫਿਰ ਇਸ ਤੋਂ ਅੱਗੇ..ਸਾਡੇ ਬੱਚਿਆਂ ਦਾ ਸਮਾਂ..ਕੁਝ ਮਿੰਟ ਦੋਹਾਂ ਨੂੰ ਵੱਖਰੇ ਬਹਿ ਗੱਲ ਕਰਨ ਦਾ ਮੌਕਾ ਦੇਣਾ। ਤੇ ਹੁਣ ਉਸ ਤੋਂ ਵੀ ਅੱਗੇ.. ਮਹੀਨਿਆਂ ਬੱਧੀ ਚੈਟਿੰਗ ਕਰਦੇ ਰਹਿਣਾ..ਮਿਲਦੇ ਰਹਿਣਾ..ਇੱਕ ਦੂਜੇ ਨੂੰ ਜਾਨਣਾ- ਤੇ ਫਿਰ ਵਿਆਹ ਦਾ ਫੈਸਲਾ ਲੈਣਾ। ਪਰ ਅਫਸੋਸ ਕਿ ਇਸ ਦੇ ਬਾਵਜੂਦ ਵੀ, ਅਜੋਕੇ ਵਿਆਹ ਅਸਫਲ ਕਿਉਂ ਹੋ ਰਹੇ ਹਨ? ਇਹ ਵਿਚਾਰਨ ਦੀ ਲੋੜ ਹੈ।
ਇਸ ਦਾ ਇੱਕ ਕਾਰਨ ਇਹ ਵੀ ਹੈ ਕਿ- ਲੜਕਾ ਲੜਕੀ ਇੱਕ ਦੂਜੇ ਦੇ ਬਾਹਰੀ ਸੁਹੱਪਣ ਤੇ ਹੀ ਆਕ੍ਰਸ਼ਿਤ ਹੁੰਦੇ ਹਨ। ਮਾਪਿਆਂ ਵਲੋਂ ਵੀ ਰਿਸ਼ਤਾ ਜੋੜਨ ਵੇਲੇ ਪਹਿਲ ਬਾਹਰੀ ਸੁੰਦਰਤਾ ਨੂੰ  ਹੀ ਦਿੱਤੀ ਜਾਂਦੀ ਹੈ। ਲੜਕੇ ਵਾਲਿਆਂ ਦੀ ਪਹਿਲੀ ਮੰਗ ਇਹੀ ਹੁੰਦੀ-“ਲੜਕੀ ਸੁਹਣੀ ਸੁਨੱਖੀ ਹੋਵੇ!” ਤੇ ਅੰਦਰਲੇ ਗੁਣਾਂ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ।  ਪਰ ਘਰ ਗ੍ਰਹਿਸਥੀ ਚਲਾਉਣ ਲਈ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਲੜਕੀ ਦੇ ਨੈਣ-ਨਖਸ਼, ਰੰਗ- ਰੂਪ, ਉਮਰ, ਕੱਦ-ਕੱਠ- ਆਦਿ ਵਿੱਚ ਨਿੱਕੇ ਨਿੱਕੇ ਨੁਕਸ ਕੱਢ ਕੇ, ਲੜਕੇ ਵਾਲੇ, ਲੜਕੀ ਦੇ ਮਾਂ-ਬਾਪ ਦਾ ਦਿੱਲ ਤੋੜ ਦਿੰਦੇ ਹਨ- ਭਾਵੇਂ ਆਪਣੇ ਮੁੰਡੇ ਵਿੱਚ ਸੌ ਨੁਕਸ ਹੋਣ! ਮੈਂ ਬਹੁਤ ਸਾਰੇ ਐਸੇ ਪਰਿਵਾਰਾਂ ਨੂੰ ਜਾਣਦੀ ਹਾਂ- ਜਿਹਨਾਂ ਨੇ ਕਈ ਕੁੜੀਆਂ ਦੇਖਣ ਬਾਅਦ- ਜਿੱਥੇ ਰਿਸ਼ਤਾ ਕੀਤਾ- ਉਸ ਸੁਹਣੀ ਸੁਨੱਖੀ ਬਹੂ ਨੇ, ਆਉਂਦੇ ਸਾਰ ਹੀ ਘਰ ਵਿੱਚ ਸਭ ਦਾ ਨੱਕ ਵਿੱਚ ਦਮ ਕਰ ਦਿੱਤਾ। ਤੇ ਕਈ ਐਸੇ ਪਰਿਵਾਰ ਵੀ ਹਨ ਜਿੱਥੇ ਸਾਧਾਰਨ ਦਿੱਖ ਵਾਲੀ, ਸਾਂਵਲੀ ਸੂਰਤ ਵਾਲੀ ਕੁੜੀ ਨੇ, ਆਪਣੇ ਸਹੁਰਿਆਂ ਦੇ ਘਰ ਨੂੰ ਸਵਰਗ ਬਣਾ ਦਿੱਤਾ। ਹਾਂ ਜੇ ਕਿਸੇ ਵਿੱਚ ਸੂਰਤ ਤੇ ਸੀਰਤ ਦੇ ਦੋਵੇਂ ਗੁਣ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ- ਪਰ ਇਹ ਪ੍ਰਮਾਤਮਾ ਕਿਸੇ ਵਿਰਲੇ ਨੂੰ ਦਿੰਦਾ ਹੈ।
ਬਾਹਰੀ ਸੁੰਦਰਤਾ ਦੀ ਦੌੜ ਵਿੱਚ ਸ਼ਾਮਲ ਹੋਣ ਕਾਰਨ ਹੀ, ਇੰਨੇ ਬਿਊਟੀ ਪਾਰਲਰ ਹੋਂਦ ਵਿੱਚ ਆਏ ਹਨ। ਸਾਡੀਆਂ ਬੇਟੀਆਂ ਨੇ ਵੀ ਅੰਦਰਲੇ ਗੁਣਾਂ ਨੂੰ ਨਿਖਾਰਨ ਦੀ ਬਜਾਏ, ਸੁੰਦਰ ਦਿਖਣ ਤੇ ਹੀ ਸਾਰਾ ਜ਼ੋਰ ਲਾ ਦਿੱਤਾ ਹੈ- ਕਿਉਂਕਿ ਵਰ ਢੂੰਡਣ ਵੇਲੇ ਇਸੇ ਦਾ ਹੀ ਮੁੱਲ ਪੈਣ ਲੱਗ ਪਿਆ ਹੈ। ਦੂਜੀ ਗੱਲ- ਹੁਣ ਬੱਚੇ ਆਪ ਜੀਵਨ ਸਾਥੀ ਚੁਣਦੇ ਹਨ- ਮਾਪਿਆਂ ਨੇ ਤਾਂ ੳੇੁਸ ਤੇ ਮੋਹਰ ਹੀ ਲਾਉਣੀ ਹੁੰਦੀ ਹੈ- ਜਾਂ ਕਹਿ ਲਵੋ ਕਿ ਲਾਉਣੀ ਪੈਂਦੀ ਹੈ। ਮਾਪੇ ਵਿਚਾਰੇ ਤਾਂ ਬੱਚਿਆਂ ਦੇ ਮੂੰਹ ਵੱਲ ਵੇਂਹਦੇ ਰਹਿੰਦੇ ਹਨ- ਤੇ ਨਾਲ ਹੀ ਅੰਦਰੋਂ ਅੰਦਰੀਂ ਡਰਦੇ ਵੀ ਹਨ ਕਿ- ਇਹਨਾਂ ਨੂੰ ਜੀਵਨ ਦਾ ਤਜਰਬਾ ਨਹੀਂ..ਕਿਤੇ ਗਲਤ ਚੋਣ ਨਾ ਕਰ ਲੈਣ। ਬੱਚੇ ਫੈਸਲਾ ਲੈਣ ਵਿੱਚ ਕਈ ਵਾਰੀ..ਮਹੀਨੇ ਜਾਂ ਸਾਲਾਂ ਬੱਧੀ ਸਮਾਂ ਵੀ ਲਾ ਦਿੰਦੇ ਹਨ। ਤੇ ਕਈ ਵਾਰੀ ਇਸੇ ਦੌਰਾਨ ਉਹਨਾਂ ਦੀ ਵਿਆਹ ਦੀ ਯੋਗ ਉਮਰ ਵੀ ਨਿਕਲ ਜਾਂਦੀ ਹੈ। 
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਸੋਚ ਵਿਚਾਰਨ ਬਾਅਦ ਵੀ, ਬਹੁਤੇ ਕੇਸਾਂ ਵਿੱਚ ਰੂਹਾਂ ਦਾ ਮੇਲ਼ ਕਿਉਂ ਨਹੀਂ ਹੁੰਦਾ? ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਰ ਇੱਕ ਕਾਰਨ ਇਹ ਵੀ ਹੈ ਕਿ ਅਸਲ ਸੁੰਦਰਤਾ- ਜੋ ਹਰ ਇਨਸਾਨ ਦੇ ਅੰਦਰ ਹੈ- ਉਸ ਵੱਲ ਕਿਸੇ ਦਾ ਉੱਕਾ ਹੀ ਧਿਆਨ ਨਹੀਂ ਜਾਂਦਾ। ਜੇ ਉਹ ਦਿਸ ਪਵੇ ਤਾਂ ਛੋਟੀ ਛੋਟੀ ਗੱਲ ਦਾ ਇਸ਼ੂ ਬਣਾ ਕੇ, ਤਲਾਕ ਨਾ ਹੋਣ। ਲੈਲਾ ਵੀ ਰੰਗ ਦੀ ਕਾਲ਼ੀ ਸੀ, ਪਰ ਮਜਨੂੰ ਨੂੰ ਉਸੇ ਵਿੱਚ ਰੱਬ ਦਿਖਾਈ ਦਿੰਦਾ ਸੀ। ਵੈਸੇ ਵੀ ਜੇ ਹਰ ਬੰਦਾ (ਮਰਦ ਜਾਂ ਔਰਤ), ਇਹ ਜਾਣ ਜਾਵੇ ਕਿ ਹਰ ਇਨਸਾਨ ਰੱਬ ਦੀ ਬਣਾਈ ਮੂਰਤ ਹੈ ਤੇ ਸਭਨਾਂ ਦੇ ਅੰਦਰ ਉਸੇ ਦਾ ਹੀ ਵਾਸਾ ਹੈ- ਤਾਂ ਕਦੇ ਵੀ ਪਤੀ-ਪਤਨੀ ਜਾਂ ਨੂੰਹ ਸੱਸ ਦਾ ਝਗੜਾ ਨਾ ਹੋਵੇ। ਫਿਰ ਜਿਸ ਨੂੰ ਅਸੀਂ ਆਪਣਾ ਸਮਝ ਕੇ ਦਿਲੋਂ ਪਿਆਰ ਕਰੀਏ- ਉਸ ਵਿੱਚ ਚੰਗਿਆਈਆਂ ਆਪਣੇ ਆਪ ਨਜ਼ਰ ਆਉਣਗੀਆਂ- ਸ਼ਕਲ ਚਾਹੇ ਕਿਹੋ ਜਿਹੀ ਹੋਵੇ! 


ਡਾਕਟਰ ਜਸਵੰਤ ਸਿੰਘ ਨੇਕੀ, ਦੀ ਇੱਕ ਬੜੀ ਪਿਆਰੀ ਜਿਹੀ ਲਿਖਤ ਯਾਦ ਆ ਗਈ। ਉਹ ਲਿਖਦੇ ਹਨ ਕਿ- ਉਹਨਾਂ ਦੇ ਇੱਕ ਅਜ਼ੀਜ਼ ਸਨ- ਬਹੁਤ ਪਿਆਰੇ, ਮਿੱਠ ਬੋਲੜੇ..ਸੁਹਣੇ ਸੁਨੱਖੇ- ਜਿਹਨਾਂ ਦਾ ਸਲੀਕੇ ਨਾਲ ਸਾਂਭਿਆ ਦਾਹੜਾ ਤੇ ਦਸਤਾਰ ਉਹਨਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਸਨ। ਉਹ ਜਦ ਵੀ ਕਦੇ ਆਪਣੀ ਘਰ ਵਾਲੀ ਦੀ ਗੱਲ ਕਰਦੇ ਤਾਂ ਪਿਆਰ ਨਾਲ ‘ਸੁੰਦਰ ਜੀ’ ਕਹਿ ਕੇ ਯਾਦ ਕਰਦੇ। ਇੱਕ ਵਾਰੀ ਨੇਕੀ ਸਾਹਿਬ ਤੇ ਉਹਨਾਂ ਦੀ ਧਰਮ ਪਤਨੀ ਕੰਵਰ, ਕਿਸੇ ਕਾਰਨ, ਉਹਨਾਂ ਦੇ ਸ਼ਹਿਰ ਗਏ ਤਾਂ ਪਤਨੀ ਕਹਿਣ ਲੱਗੀ ਕਿ-“ਮੈਂ ਤਾਂ‘ਸੁੰਦਰ ਜੀ’ ਨੂੰ ਮਿਲ ਕੇ ਜਾਣਾ..ਜਿਹਨਾਂ ਦੀ ਬਹੁਤ ਸਿਫਤ ਸੁਣੀ ਹੈ ਵੀਰ ਜੀ ਕੋਲੋਂ!” 
ਸੋ ਸਲਾਹ ਕਰ, ਉਹਨਾਂ ਦਿੱਤੇ ਪਤੇ ਤੇ ਜਾ ਦਰ ਖੜਕਾਇਆ। ਬੂਹਾ ਖੁਲ੍ਹਿਆ ਤਾਂ- ਇੱਕ ਮੋਟੀ ਜਿਹੀ ਗੂੜ੍ਹੇ ਸਾਂਵਲੇ ਰੰਗ ਦੀ ਔਰਤ, ਜਿਸ ਦੇ ਚਿਹਰੇ ਤੇ ਮਾਤਾ ਦੇ ਦਾਗ ਸਨ- ਬਾਹਰ ਝਾਕੀ।
ਇਹਨਾਂ ਸੋਚਿਆ ਕੋਈ ਕੰਮ ਵਾਲੀ ਹੋਣੀ, ਤੇ ਕਿਹਾ- “ਅਸੀਂ ਸੁੰਦਰ ਜੀ ਨੂੰ ਮਿਲਣ ਆਏ ਹਾਂ”। 
“ਮੇਰਾ ਨਾਮ ਹੀ ਸੁੰਦਰ ਹੈ..ਆਓ ਨਾ!” ਤੇ ਉਹ ਅੱਗੇ ਤੁਰ ਪਈ। 
ਉਹਨਾਂ ਦੇ ਲਿਖਣ ਮੁਤਾਬਕ-“ਮੈਂ ਤੇ ਕੰਵਰ ਨੇ ਇੱਕ ਦੂਜੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕਿਆ ਜਿਵੇਂ ਕਹਿ ਰਹੇ ਹੋਈਏ ਕਿ-‘ਏਸ ਸੁੰਦਰ ਜੀ ਨੂੰ ਵੇਖਣ ਆਏ ਹਾਂ!’”
ਪਰ ਜਦ ਅਸੀਂ ਅੰਦਰ ਪੁੱਜੇ ਤਾਂ ਸਾਰਾ ਘਰ ਇੰਨੇ ਸਲੀਕੇ ਤੇ ਸਫਾਈ ਨਾਲ ਸਾਂਭਿਆ ਹੋਇਆ ਸੀ ਕਿ- ਅਸੀਂ ਬੜੇ ਪ੍ਰਭਾਵਤ ਹੋਏ। ਸਾਨੂੰ ਉਸ ਬਿਠਾਇਆ, ਜਾਣ ਪਛਾਣ ਪੁੱਛੀ ਤੇ ਕਹਿਣ ਲੱਗੀ-“ਜੀ..ਸਰਦਾਰ ਜੀ ਪਾਸੋਂ ਤੁਹਾਡਾ ਨਾਮ ਤਾਂ ਬੜੀ ਵਾਰ ਸੁਣਿਆ ਏ-ਅੱਜ ਤੁਸੀਂ ਸਾਡੇ ਘਰ ਚਰਨ ਪਾਏ- ਜੀ..ਇਸ ਤੋਂ ਵੱਡਾ ਸੁਭਾਗ ਮੇਰੇ ਲਈ ਕੀ ਹੋ ਸਕਦਾ ਏ ਜੀ!”
ਫਿਰ ਉਸ ਦੀ ਖਾਤਰਦਾਰੀ- ਵਾਹ..! ਜਿਸ ਵਿੱਚ ਉਚੇਚ ਕੋਈ ਨਹੀਂ ਸੀ ਪਰ ਪਿਆਰ ਭਾਵਨਾ ਰੱਜ ਕੇ ਸੀ। ਆਵਾਜ਼ ਇੰਨੀ ਮਿੱਠੀ ਤੇ ਦਿਲਖਿੱਚਵੀਂ, ਬੋਲ ਪਿਆਰ ਵਿੱਚ ਗੁਝੇ ਹੋਏ। ‘ਜੀ ਜੀ’ ਤੋਂ ਬਿਨਾ ਕੋਈ ਵਾਕ ਵੀ ਉਸ ਦੇ ਮੂੰਹੋਂ ਨਾ ਨਿਕਲੇ! ਦਸਾਂ ਪੰਦਰਾਂ ਮਿੰਟਾਂ ਵਿੱਚ ਹੀ ਉਸ ਨੇ ਸਾਨੂੰ ਆਪਣੇ ਪਿਆਰਵਾਨ ਬਣਾ ਲਿਆ।
ਅੱਧਾ ਕੁ ਘੰਟਾ ਰੁਕ ਕੇ ਜਦੋਂ ਅਸੀਂ ਬਾਹਰ ਆਏ ਤਾਂ ਮੈ ਤੇ ਕੰਵਰ ਇੱਕ ਦੂਜੇ ਵੱਲ ਵੇਖ, ਇੱਕੋ ਆਵਾਜ਼ ਵਿੱਚ ਬੋਲ ਉੱਠੇ- “ਇਹ ਤਾਂ ਸਚੁਮੱਚ ਹੀ ‘ਸੁੰਦਰ ਜੀ’ ਹੈ”।
ਆਓ ਆਪਾਂ ਵੀ ਸੋਚੀਏ-‘ਅਸਲ ਸੁੰਦਰਤਾ ਕਿੱਥੇ ਹੈ?’


ਗੁਰਦੀਸ਼ ਕੌਰ ਗਰੇਵਾਲ-ਕੈਲਗਰੀ-ਕੇਨੇਡਾ