ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਵੇਂ ਸਮਾਜ ਦੀ ਸਿਰਜਣਾ

ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਨਵੇਂ ਸਮਾਜ ਦੀ ਸਿਰਜਣਾ

'ਤਵਾਰੀਖ਼ ਗੁਰੂ ਖ਼ਾਲਸਾ' ਵਿਚ ਸਤਿਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ

ਗਿਆਨੀ ਗਿਆਨ ਸਿੰਘ ਉੱਘੇ  ਸਿਖ ਵਿਦਵਾਨ ਸਨ ਜਿਨ੍ਹਾਂ ਨੇ ਆਪਣਾ ਵਧੇਰੇ ਜੀਵਨ ਸਿੱਖ ਇਤਿਹਾਸ ਦੀ ਖੋਜ ਨੂੰ ਸਮਰਪਿਤ ਕੀਤਾ ਹੋਇਆ ਸੀ। ਪੰਥ ਪ੍ਰਕਾਸ਼ ਇਨ੍ਹਾਂ ਦੀ ਮਹੱਤਵਪੂਰਨ ਰਚਨਾ ਹੈ 'ਤਵਾਰੀਖ਼ ਗੁਰੂ ਖ਼ਾਲਸਾ' ਇਨ੍ਹਾਂ ਦੀ ਵਾਰਤਕ ਰਚਨਾ ਹੈ । ਇਸ ਵਿਚ ਦਸ ਗੁਰੂ ਸਾਹਿਬਾਨ ਦਾ ਜੀਵਨ ਅਤੇ ਸਿੱਖਿਆਵਾਂ ਦਰਜ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਇਸ ਕਰਕੇ ਹਰ ਇਕ ਸਿੱਖ ਤਵਾਰੀਖ਼ ਦਾ ਪਹਿਲਾ ਪੰਨਾ ਇਨ੍ਹਾਂ ਦੇ ਜੀਵਨ ਕਾਲ ਤੋਂ ਆਰੰਭ ਹੁੰਦਾ ਹੈ। ਗਿਆਨੀ ਜੀ ਨੇ ਇਸ ਰਚਨਾ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਿਸਤਾਰ ਵਰਣਨ ਕੀਤਾ ਹੈ। ਗੁਰੂ ਸਾਹਿਬ ਦੇ ਆਗਮਨ ਸਮੇਂ ਭਾਰਤ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਾਲਾਤ ਦਾ ਵਰਣਨ ਕਰਦੇ ਹੋਏ ਉਹ ਕਹਿੰਦੇ ਹਨ ਕਿ ਭਾਰਤ ਵਿਚ ਵਸਦੇ ਆਮ ਲੋਕ ਹਕੂਮਤ ਦੇ ਰਹਿਮੋ-ਕਰਮ 'ਤੇ ਸਨ। ਅਧਰਮ ਅਤੇ ਅਨਿਆਂ ਦੀ ਹਨੇਰ-ਗਰਦੀ ਵਿਚ ਲੋਕਾਈ ਕਿਸੇ ਦੈਵੀ ਪੁਰਖ ਲਈ ਅਰਦਾਸਾਂ ਕਰ ਰਹੀ ਸੀ ਜਿਹੜੀ ਕਿ ਉਨ੍ਹਾਂ ਨੂੰ ਅਜਿਹੀ ਜ਼ਲਾਲਤ ਭਰੀ ਜ਼ਿੰਦਗੀ ਤੋਂ ਨਿਜਾਤ ਦਿਵਾ ਸਕੇ। ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਸਮੇਂ ਇਕ ਸ਼ੁਭ ਘੜੀ ਵਾਂਗ ਸੀ ਜਿਸ ਨੇ ਲੋਕਾਈ ਨੂੰ ਧਰਮ ਦੇ ਮਾਰਗ ਨਾਲ ਜੋੜ ਕੇ ਸਮਾਜ ਵਿਚ ਸੱਚਾਈ ਅਤੇ ਪਰਉਪਕਾਰ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਦਾ ਕਾਰਜ ਕੀਤਾ। ਲੇਖਕ ਕਹਿੰਦਾ ਹੈ ਕਿ 'ਜੈਸੇ ਬਰਖਾ ਹੋਣੇ 'ਤੇ ਤਪਸ਼ ਘਟ ਜਾਂਦੀ ਹੈ ਤੈਸੇ ਏਨ੍ਹਾਂ (ਗੁਰੂ ਨਾਨਕ ਦੇਵ ਜੀ) ਦੇ ਪ੍ਰਗਟ ਹੋਣ ਨਾਲ ਸਹਿਜੇ ਹੀ ਆਮ ਤੋਂ ਆਮ ਲੋਕਾਂ ਦੇ ਦਿਲਾਂ ਵਿਚ ਦਯਾ, ਧਰਮ, ਖਿਮਾ, ਪ੍ਰੇਮ ਆਦਿਕ ਗੁਣ ਪ੍ਰਗਟ ਹੋ ਪਏ।' ਪਿਤਾ ਮਹਿਤਾ ਕਾਲੂ ਚੰਦ ਅਤੇ ਮਾਤਾ ਤ੍ਰਿਪਤਾ ਦੇ ਘਰ ਤਲਵੰਡੀ ਰਾਇ ਭੋਏ ਵਿਖੇ 1469 ਈਸਵੀ ਨੂੰ ਪ੍ਰਕਾਸ਼ਮਾਨ ਹੋਏ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੋੜ ਕੇ ਦੱਸੀਆਂ ਜਾਂਦੀਆਂ ਹਨ, ਜਿਵੇਂ ਖੇਤ ਹਰਿਆ ਹੋ ਜਾਣਾ, ਸੱਪ ਨੇ ਛਾਂ ਕਰਨੀ, ਦਰੱਖਤ ਦਾ ਪ੍ਰਛਾਵਾਂ ਨਾ ਢਲਣਾ ਆਦਿ ਪ੍ਰਸਿੱਧ ਹਨ। ਇਨ੍ਹਾਂ ਘਟਨਾਵਾਂ ਦਾ ਵਰਨਣ ਕਰਦੇ ਹੋਏ ਗੁਰੂ ਜੀ ਨੂੰ ਬਚਪਨ ਤੋਂ ਹੀ ਦੈਵੀ ਪੁਰਖ ਵੱਜੋਂ ਪੇਸ਼ ਕੀਤਾ ਗਿਆ ਹੈ।

ਗੁਰੂ ਜੀ ਹਮੇਸ਼ਾ ਅਕਾਲ ਪੁਰਖ ਦੀ ਬੰਦਗੀ ਕਰਨ 'ਤੇ ਜ਼ੋਰ ਦਿੰਦੇ ਸਨ। ਉਹ ਅਕਾਲ ਪੁਰਖ ਨੂੰ ਸਰਬ-ਕਰਤਾ, ਸਰਬ-ਹਰਤਾ ਅਤੇ ਸਰਬ-ਗਿਆਤਾ ਮੰਨਦੇ ਸਨ ਜਿਹੜਾ ਲੋਕ ਅਤੇ ਪ੍ਰਲੋਕ ਦੇ ਸਮੂਹ ਦੁੱਖਾਂ ਦਾ ਦਾਰੂ ਹੈ। ਉਹ ਦੁਨਿਆਵੀ ਸਿੱਖਿਆ ਗ੍ਰਹਿਣ ਕਰਨ ਦੇ ਵਿਰੁੱਧ ਨਹੀਂ ਸਨ ਪਰ ਉਹ ਚਾਹੁੰਦੇ ਸਨ ਕਿ ਦੁਨਿਆਵੀ ਵਿੱਦਿਆ ਦਾ ਸਾਰ ਪ੍ਰਭੂ-ਮੁਖੀ ਹੋਣਾ ਚਾਹੀਦਾ ਹੈ। ਪੰਡਿਤ ਅਤੇ ਮੁੱਲਾਂ ਕੋਲ ਪੜ੍ਹਨ ਜਾਣ ਵਾਲੀਆਂ ਸਾਖੀਆਂ ਗੁਰੂ ਜੀ ਦੇ ਅਜਿਹੇ ਭਾਵਾਂ ਨੂੰ ਹੀ ਉਜਾਗਰ ਕਰਦੀਆਂ ਹਨ। ਦੁਨਿਆਵੀ ਕਰਮਕਾਂਡ ਵਿਚ ਗ੍ਰਸਤ ਜੀਵਨ ਨੂੰ ਉਹ ਪ੍ਰਭੂ ਪ੍ਰਾਪਤੀ ਵਿਚ ਰੁਕਾਵਟ ਮੰਨਦੇ ਸਨ ਕਿਉਂਕਿ ਅਜਿਹਾ ਜੀਵਨ ਮਨੁੱਖ ਨੂੰ ਸਚਾਈ ਅਤੇ ਸਦਾਚਾਰ ਤੋਂ ਦੂਰ ਲੈ ਜਾਂਦਾ ਹੈ।

ਗੁਰੂ ਜੀ ਨੇ ਪਰਮਾਤਮਾ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾਉਣ ਲਈ ਉਦਾਸੀਆਂ ਕੀਤੀਆਂ ਸਨ। ਇਨ੍ਹਾਂ ਉਦਾਸੀਆਂ ਦੌਰਾਨ ਉਹ ਜਿਨ੍ਹਾਂ ਜੰਗਲਾਂ, ਪਹਾੜਾਂ, ਮਾਰੂਥਲਾਂ, ਨਦੀਆਂ, ਨਗਰਾਂ, ਕਸਬਿਆਂ ਆਦਿ ਵਿਚੋਂ ਦੀ ਲੰਘੇ, ਉਨ੍ਹਾਂ ਦੇ ਨਾਂਅ ਅਤੇ ਰਸਤੇ ਦੀ ਜਾਣਕਾਰੀ ਵੀ ਸਾਨੂੰ ਗਿਆਨੀ ਜੀ ਦੀ ਤਵਾਰੀਖ਼ ਵਿਚੋਂ ਮਿਲਦੀ ਹੈ। ਜਿਥੇ ਵੀ ਉਹ ਨਿਵਾਸ ਕਰਦੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਸਨ। ਉਨ੍ਹਾਂ ਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਨਿਵੇਕਲਾ ਹੀ ਤਰੀਕਾ ਸੀ। ਉਹ ਪਹਿਲਾਂ ਅਜਿਹਾ ਕਾਰਜ ਕਰਦੇ ਜਿਸ ਨਾਲ ਲੋਕਾਂ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ ਕਿਉਂਕਿ ਉਹ ਸਮਝਦੇ ਸਨ ਕਿ ਜਦੋਂ ਤੱਕ ਮਨ ਵਿਚ ਜਿਗਿਆਸਾ ਪੈਦਾ ਨਾ ਹੋਵੇ ਉਸ ਸਮੇਂ ਤੱਕ ਆਪਣੀ ਗੱਲ ਕਹਿਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਜਦੋਂ ਲੋਕ ਉਨ੍ਹਾਂ ਵੱਲ ਕੇਂਦਰਿਤ ਹੁੰਦੇ ਤਾਂ ਸਹਿਜੇ ਹੀ ਉਹ ਆਪਣੀ ਗੱਲ ਕਰ ਦਿੰਦੇ ਸਨ ਜਿਹੜੀ ਲੋਕਾਈ ਨੂੰ ਵਹਿਮਾਂ, ਭਰਮਾਂ, ਪਖੰਡਾਂ ਆਦਿ ਤੋਂ ਮੁਕਤ ਕਰ ਕੇ ਪਰਮਾਤਮਾ ਨਾਲ ਜੋੜਨ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੰਦੀ ਸੀ। ਵੱਡੇ ਤੋਂ ਵੱਡੇ ਰਾਖਸ਼, ਠੱਗ, ਜੋਗੀ, ਜਤੀ, ਤਪੀ, ਸੰਨਿਆਸੀ ਉਨ੍ਹਾਂ ਦੀ ਬਾਣੀ ਅੱਗੇ ਪਾਣੀ ਹੋ ਜਾਂਦੇ ਸਨ।

ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਜਦੋਂ ਗੁਰੂ ਜੀ ਉਦਾਸੀਆਂ 'ਤੇ ਗਏ ਤਾਂ ਭਾਈ ਮਰਦਾਨਾ ਅਤੇ ਭਾਈ ਬਾਲਾ ਉਨ੍ਹਾਂ ਦੇ ਨਾਲ ਸਨ। ਮਰਦਾਨਾ ਇਕ ਵਧੀਆ ਰਬਾਬ ਵਜਾਉਣ ਵਾਲਾ ਸੀ। ਮਰਦਾਨੇ ਨੂੰ ਰਬਾਬ ਗੁਰੂ ਜੀ ਨੇ ਲੈ ਕੇ ਦਿੱਤੀ ਸੀ। ਬੇਬੇ ਨਾਨਕੀ ਪਾਸੋਂ ਪੈਸੇ ਲੈ ਕੇ ਰਬਾਬ ਲੈਣੀ ਗੁਰੂ ਜੀ ਦੁਆਰਾ ਸਮੇਂ ਦੀਆਂ ਰੂੜ੍ਹੀਵਾਦੀ ਪ੍ਰੰਪਰਾਵਾਂ ਨੂੰ ਤੋੜਨ ਵੱਲ ਸੰਕੇਤ ਕਰਦੀ ਹੈ। ਤਵਾਰੀਖ਼ ਦਾ ਕਰਤਾ ਦੱਸਦਾ ਹੈ ਕਿ ਭਾਵੇਂ ਮੋਦੀਖ਼ਾਨੇ ਦੀ ਕਾਰ ਵਿਚੋਂ ਬਹੁਤ ਸਾਰੇ ਪੈਸੇ ਗੁਰੂ ਜੀ ਕੋਲ ਵਧਦੇ ਸਨ।

ਗੁਰੂ ਜੀ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਨ ਲਈ ਲੇਖਕ ਨੇ ਮਰਦਾਨੇ ਨੂੰ ਆਮ ਮਨੁੱਖ ਦੇ ਪਾਤਰ ਵਜੋਂ ਪੇਸ਼ ਕੀਤਾ ਹੈ ਜਿਸ ਨੂੰ ਆਮ ਲੋਕਾਂ ਵਾਂਗ ਭੁੱਖ ਵਧੇਰੇ ਲੱਗਦੀ ਹੈ, ਉਹ ਅੱਜ ਦੀ ਬਜਾਏ ਕੱਲ ਲਈ ਵੀ ਵਸਤਾਂ ਇਕੱਤਰ ਕਰਨਾ ਲੋਚਦਾ ਹੈ ਅਤੇ ਗੁਰੂ ਜੀ ਦੀ ਗੱਲ ਨਾ ਮੰਨ ਕੇ ਬਾਅਦ ਵਿਚ ਪਛਤਾਉਂਦਾ ਹੈ। ਗੁਰੂ ਜੀ ਮਰਦਾਨੇ ਰਾਹੀਂ ਸਮਝਾਉਂਦੇ ਹਨ ਕਿ ਕੱਲ ਦੀ ਫ਼ਿਕਰ ਕਰਨਾ ਛੱਡ ਕੇ ਅੱਜ ਜੋ ਕੁਝ ਪ੍ਰਾਪਤ ਹੋਇਆ ਹੈ ਉਸੇ ਲਈ ਪਰਮਾਤਮਾ ਦਾ ਸ਼ੁਕਰ ਮਨਾ ਅਤੇ ਰੱਬੀ ਮਾਰਗ ਤੇ ਚੱਲਣ ਦਾ ਯਤਨ ਕਰ।

ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਉਹ ਜਿਸ ਵੀ ਬਿਰਤੀ ਵਾਲੇ ਮਨੁੱਖ ਨੂੰ ਮਿਲਦੇ ਅਕਾਲ ਪੁਰਖ ਦੀ ਬਾਣੀ ਰਾਹੀਂ ਉਸ ਦੀ ਬਿਰਤੀ ਪ੍ਰਭੂ-ਮੁਖੀ ਕਰ ਦਿੰਦੇ ਸਨ। ਅਕਾਲ ਪੁਰਖ ਦਾ ਸੰਦੇਸ਼ ਲੋਕਾਈ ਤੱਕ ਪਹੁੰਚਾਉਣ ਲਈ ਗੁਰੂ ਜੀ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਸੀ। ਲੇਖਕ ਨੇ ਗੁਰੂ ਜੀ ਨੂੰ ਸਮੂਹ ਸਮੱਸਿਆਵਾਂ ਦਾ ਹੱਲ ਕਰਦੇ ਦਿਖਾਇਆ ਹੈ।

ਉਦਾਸੀਆਂ ਦੌਰਾਨ ਜਦੋਂ ਕਦੇ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਸੇ ਦੈਂਤ ਜਾਂ ਖੂੰਖਾਰ ਮਨੁੱਖ ਨਾਲ ਟਾਕਰਾ ਹੁੰਦਾ ਹੈ, ਕਦੇ ਭੁੱਖ ਲੱਗਦੀ ਹੈ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗੁਰੂ ਜੀ ਮਰਦਾਨੇ ਰਾਹੀ ਇਹ ਸੰਦੇਸ਼ ਦਿੰਦੇ ਹਨ ਕਿ ਸਭ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ। ਪਰਮਾਤਮਾ ਤੋਂ ਪਰੇ ਜਾਂ ਸ੍ਰੇਸ਼ਟ ਹੋਰ ਕੋਈ ਨਹੀਂ ਹੈ। ਸਭ ਜੀਵ ਪਰਮਤਾਮਾ ਨੇ ਪੈਦਾ ਕੀਤੇ ਹਨ। ਸਮੂਹ ਜੀਵਾਂ ਦਾ ਰੱਖਿਅਕ ਅਤੇ ਭੱਖਿਅਕ ਪਰਮਾਤਮਾ ਹੀ ਹੈ, ਇਸ ਕਰਕੇ ਕਿਸੇ ਹੋਰ ਕੋਲੋਂ ਡਰਨ ਦੀ ਲੋੜ ਨਹੀਂ ਹੈ।

ਗੁਰੂ ਜੀ ਜਾਣਦੇ ਸਨ ਕਿ ਮਾਇਆ ਦਾ ਮੋਹ ਸੁਰਤ ਨੂੰ ਪ੍ਰਭੂ ਤੋਂ ਭਟਕਾ ਦਿੰਦਾ ਹੈ ਅਤੇ ਸੁਰਤ ਨੂੰ ਪ੍ਰਭੂ ਨਾਲ ਜੋੜਿਆਂ ਮਾਇਆ ਨਾਲ ਮੋਹ ਨਹੀਂ ਪੈਂਦਾ। ਇਸ ਕਰਕੇ ਉਹ ਦੁਨੀਆਦਾਰਾਂ ਜਿਹੀ ਜੀਵਨ ਜਾਚ ਤੋਂ ਦੂਰ ਹਮੇਸ਼ਾ ਪ੍ਰਭੂ-ਬੰਦਗੀ ਵਿਚ ਲੀਨ ਰਹਿੰਦੇ ਸਨ। ਮਾਇਆ ਤੋਂ ਨਿਰਲੇਪ ਰਹਿ ਕੇ ਪ੍ਰਭੂ-ਮੁਖੀ ਜੀਵਨ ਬਸਰ ਕਰਨ ਦਾ ਉਹ ਸੰਦੇਸ਼ ਦਿੰਦੇ ਸਨ। ਮਨੁੱਖ ਮਾਤਰ ਤੱਕ ਰੱਬੀ ਸੰਦੇਸ਼ ਪਹੁੰਚਾਉਣ ਲਈ ਉਨ੍ਹਾਂ ਹਰ ਤਰ੍ਹਾਂ ਦਾ ਸਾਕਾਰਾਤਮਕ ਹੀਲਾ ਵਰਤਿਆ ਸੀ। ਤਵਾਰੀਖ਼ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਉੱਤਮ ਬੁੱਧ ਪੁਰਖਾਂ ਨੂੰ ਮਿਲਦੇ ਸਨ ਤਾਂ ਉਨ੍ਹਾਂ ਨਾਲ ਗੋਸ਼ਟ ਕਰਦੇ, ਜਦੋਂ ਉਹ ਕਿਸੇ ਵਪਾਰੀ ਨੂੰ ਮਿਲਦੇ ਸਨ ਤਾਂ ਮਾਇਆ ਦੇ ਵਪਾਰ ਤੋਂ ਉਸ ਨੂੰ ਨਾਮ ਦੇ ਵਪਾਰ ਦੀ ਗੱਲ ਸਮਝਾਉਂਦੇ, ਜਦੋਂ ਉਹ ਕਿਸੇ ਮੌਲਵੀ ਜਾਂ ਪ੍ਰੋਹਿਤ ਨੂੰ ਮਿਲਦੇ ਤਾਂ ਉਸ ਦੇ ਮਨ ਵਿਚੋਂ ਕਰਮਕਾਂਡ ਦੀ ਭਾਵਨਾ ਨੂੰ ਦੂਰ ਕਰ ਕੇ ਪ੍ਰਭੂ-ਬੰਦਗੀ ਵੱਲ ਲਾਉਂਦੇ, ਜਦੋਂ ਉਨ੍ਹਾਂ ਨੇ ਜਨ ਸਧਾਰਨ ਨੂੰ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਸੌਖੀ ਗੱਲ ਦਾ ਸਹਾਰਾ ਲੈਂਦੇ। ਗੁਰੂ ਜੀ ਦੁਨਿਆਵੀ ਜੀਵਨ ਦੀ ਭਟਕਣ ਵਿਚ ਪਏ ਹੋਏ ਮਨੁੱਖ ਨੂੰ ਮੁਕਤ ਕਰਨ ਦਾ ਉਪਦੇਸ਼ ਹੀ ਨਹੀਂ ਦਿੰਦੇ ਬਲਕਿ ਉਹ ਇਸ ਭਵਸਾਗਰ ਤੋਂ ਬਾਹਰ ਨਿਕਲਣ ਦਾ ਮਾਰਗ ਵੀ ਦੱਸਦੇ ਹਨ। ਉਹ ਮਨੁੱਖਾ ਜੀਵਨ ਨੂੰ ਅਮੋਲਕ ਮੰਨਦੇ ਜਿਸ ਰਾਹੀਂ ਪ੍ਰਭੂ-ਪ੍ਰਾਪਤੀ ਸੰਭਵ ਮੰਨੀ ਗਈ ਹੈ। ਮਨੁੱਖੀ ਜੀਵਨ ਦੀ ਇਸ ਅਮੋਲਕਤਾ ਨੂੰ ਕੋਈ ਮਨੁੱਖ ਛੇਤੀ ਹੀ ਸਮਝ ਸਕਦਾ ਹੈ ਅਤੇ ਕਿਸੇ ਨੂੰ ਇਸ ਦੀ ਸਮਝ ਬਹੁਤ ਦੇਰ ਬਾਅਦ ਆਉਂਦੀ ਹੈ। ਜਿਵੇਂ ਆਮ ਮਨੁੱਖ ਹੀਰੇ ਦੀ ਪਰਖ ਨਹੀਂ ਕਰ ਸਕਦਾ, ਕੇਵਲ ਜੌਹਰੀ ਹੀ ਇਸ ਦੀ ਅਸਲ ਕੀਮਤ ਦੱਸ ਸਕਦਾ ਹੈ ਉਸੇ ਤਰ੍ਹਾਂ ਜੀਵਨ ਦੀ ਅਮੋਲਕਤਾ ਗੁਰੂ ਦੇ ਗਿਆਨ ਤੋਂ ਬਗ਼ੈਰ ਸਮਝ ਨਹੀਂ ਪੈ ਸਕਦੀ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਕਿਰਤ ਕਰਨ 'ਤੇ ਬਹੁਤ ਜ਼ੋਰ ਦਿੰਦੇ ਹਨ। ਉਹ ਧਰਮ ਦੇ ਨਾਂਅ 'ਤੇ ਧਾਰਮਿਕ ਦਿੱਖ ਵਾਲਾ ਬਾਣਾ ਗ੍ਰਹਿਣ ਕਰਨ ਦਾ ਵਿਰੋਧ ਕਰਦੇ ਹਨ। ਗੁਰੂ ਜੀ ਜਾਣਦੇ ਸਨ ਕਿ ਜੇਕਰ ਹਰ ਇਕ ਮਨੁੱਖ ਕਿਰਤ ਦਾ ਮਾਰਗ ਛੱਡ ਕੇ ਚੋਲੇ ਨੂੰ ਪੇਟ ਪੂਰਤੀ ਦਾ ਸਾਧਨ ਬਣਾ ਲਵੇਗਾ ਤਾਂ ਨਾ ਤਾਂ ਸਮਾਜ ਦਾ ਭਲਾ ਹੋਵੇਗਾ ਅਤੇ ਨਾ ਹੀ ਧਰਮ ਸਾਧਨਾ ਵਿਚ ਮੰਨ ਲੱਗੇਗਾ ਕਿਉਂਕਿ ਮੰਨ ਹਮੇਸ਼ਾ ਪਦਾਰਥਾਂ ਵੱਲ ਹੀ ਰੁਚਿਤ ਰਹਿੰਦਾ ਹੈ। ਕਿਰਤ ਤੋਂ ਦੂਰ ਰਹਿ ਕੇ ਗ੍ਰਹਿਸਤੀਆਂ 'ਤੇ ਨਿਰਭਰ ਹੋਣ ਨਾਲ ਸਮਾਜ ਵਿਚ ਆਰਥਿਕ ਅਰਾਜਕਤਾ ਫੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ। ਲੇਖਕ ਅਜਿਹੇ ਬਹੁਤ ਸਾਰੇ ਪੁਰਖਾਂ ਦਾ ਜ਼ਿਕਰ ਕਰਦਾ ਹੈ ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਤੋਂ ਮੰਗ ਕੇ ਗੁਜ਼ਾਰਾ ਕਰਦੇ ਸਨ। ਲੇਖਕ ਸਮੇਤ ਕੋਈ ਵੀ ਸਾਖ਼ੀਕਾਰ ਗੁਰੂ ਨਾਨਕ ਦੇਵ ਜੀ ਨੂੰ ਕੋਈ ਵੀ ਦੁਨਿਆਵੀ ਪਦਾਰਥ ਮੰਗਦਾ ਨਹੀਂ ਦਿਖਾਉਂਦਾ। ਜਿਥੇ ਜਾ ਕੇ ਗੁਰੂ ਜੀ ਲੋਕਾਂ ਨਾਲ ਬਚਨ-ਬਿਲਾਸ ਕਰਦੇ, ੳੋਥੋਂ ਦੇ ਲੋਕ ਪ੍ਰਭਾਵਿਤ ਹੋ ਕੇ ਜਥਾ-ਯੋਗ ਸੇਵਾ ਕਰ ਦਿੰਦੇ ਸਨ। ਮਰਦਾਨੇ ਨੂੰ ਵੀ ਗੁਰੂ ਜੀ ਇਹੀ ਆਦੇਸ਼ ਕਰਦੇ ਸਨ ਕਿ ਪੇਟ ਭਰਨ ਤੋਂ ਬਾਅਦ ਹੋਰ ਵਧੇਰੇ ਅੰਨ ਨਹੀਂ ਲੈਣਾ ਅਤੇ ਤਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੋਈ ਦੁਨਿਆਵੀ ਪਦਾਰਥ ਇਕੱਤਰ ਨਹੀਂ ਕਰਨਾ।

ਗੁਰੂ ਜੀ ਔਖੀ ਤੋਂ ਔਖੀ ਗੱਲ ਨੂੰ ਸੌਖੇ ਤਰੀਕੇ ਨਾਲ ਸਮਝਾਉਣ ਦੀ ਸਮਰੱਥਾ ਰੱਖਦੇ ਸਨ। ਉਹ ਗੂੜ੍ਹ ਦਾਰਸ਼ਨਿਕਾਂ ਵਾਂਗ ਕਿਸੇ ਗੱਲ ਨੂੰ ਇੰਨੀ ਔਖੀ ਤਰ੍ਹਾਂ ਨਾਲ ਨਹੀਂ ਸਮਝਾਉਂਦੇ ਸਨ ਕਿ ਲੰਮੇ-ਲੰਮੇ ਵਿਖਿਆਨਾਂ ਦੇ ਬਾਵਜੂਦ ਵੀ ਮੂਲ ਸੰਦੇਸ਼ ਲੋਕਾਂ ਤੱਕ ਨਾ ਪਹੁੰਚਾਇਆ ਜਾ ਸਕੇ। ਮਾਇਆ ਇਕ ਅਜਿਹਾ ਵਿਸ਼ਾ ਹੈ ਜਿਹੜਾ ਦਾਰਸ਼ਨਿਕਾਂ ਲਈ ਅੱਜ ਤੱਕ ਇਕ ਗੁੰਝਲਦਾਰ ਬੁਝਾਰਤ ਬਣਿਆ ਹੋਇਆ ਹੈ। ਗੁਰੂ ਜੀ ਮਰਦਾਨੇ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਦੀ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ, 'ਮਰਦਾਨਿਆ ਜੋ ਕੋਈ ਇਸ ਮਾਯਾ ਉਤੇ ਮੋਹਿਤ ਹੁੰਦਾ ਹੈ ਓਸ ਦਾ ਏਹ ਬੁਰਾ ਹਾਲ ਕਰਦੀ ਹੈ, ਇਸ ਨੂੰ ਫੜਨ ਵਾਲੇ ਆਪ ਫੜੇ ਜਾਂਦੇ ਹਨ ਤੇ ਭੋਗਣ ਵਾਲੇ ਆਪ ਭੋਗੇ ਜਾਂਦੇ ਹਨ, ਏਹ ਸਦਾ ਮੁਟਿਆਰ ਰਹਿੰਦੀ ਹੈ, ਪ੍ਰਾਣੀਆਂ ਦੀ ਉਮਰ ਇਸ ਦਾ ਭੋਜਨ ਹੈ। ਜੋ ਕੋਈ ਇਸ ਨੂੰ ਦੁਖਦਾਈ ਸਮਝ ਕੇ ਇਸ ਤੋਂ ਛੁਟਨ ਵਾਸਤੇ ਹੰਕਾਰ ਛੱਡ ਕੇ ਸੱਚੇ ਸਤਗੁਰੂ ਦਾ ਬਚਨ ਮੰਨਦਾ ਹੈ ਓਸ ਨੂੰ ਸਤਿਗੁਰੂ ਮਾਯਾ ਤੋਂ ਛੁਡਾ ਕੇ ਪਰਮਪਦ ਨੂੰ ਪ੍ਰਾਪਤ ਕਰ ਦਿੰਦੇ ਹਨ।'

ਗਿਆਨੀ ਜੀ ਨੇ ਪੁਰਤਾਨ ਨਗਰਾਂ ਅਤੇ ਪਰਬਤਾਂ ਦੇ ਨਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਨਵੇਂ ਨਾਵਾਂ ਦਾ ਜ਼ਿਕਰ ਵੀ ਕੀਤਾ ਹੈ ਤਾਂ ਕਿ ਅਜੋਕੇ ਸਮੇਂ ਦਾ ਖੋਜੀ ਉਨ੍ਹਾਂ ਤੋਂ ਭੁਲੇਖਾ ਨਾ ਖਾ ਜਾਵੇ। ਲੇਖਕ ਮਨੀਪੁਰ ਨਗਰ ਦਾ ਪੁਰਾਤਨ ਨਾਂਅ ਅਸੀਮਫਲ, ਨਾਨਕ ਮਤੇ ਦਾ ਗੋਰਖ ਮਤਾ ਅਤੇ ਗਿਰਨਾਰ ਪਰਬਤ ਦਾ ਪੁਰਾਣਾ ਨਾਂਅ ਰਵਾਗਿਰੀ ਦੱਸਦਾ ਹੈ। ਇਸੇ ਤਰ੍ਹਾਂ ਲੇਖਕ ਦੱਸਦਾ ਹੈ ਕਿ ਏਮਨਾਬਾਦ ਦਾ ਪੁਰਾਤਨ ਨਾਂ ਸੈਦਪੁਰ ਸੀ ਅਤੇ ਇਹ ਨਗਰ ਫ਼ਿਰੋਜ਼ਸ਼ਾਹ ਤੁਗ਼ਲਕ ਦੀ ਦਾਈ ਏਮਨਾਂ ਨੇ ਆਬਾਦ ਕਰ ਕੇ ਏਮਨਾਬਾਦ ਨਾਂਅ ਰੱਖਿਆ ਸੀ।

ਗੁਰੂ ਜੀ ਦੀਆਂ ਉਦਾਸੀਆਂ ਸਮਾਜ, ਇਲਾਕੇ ਅਤੇ ਮੁਲਕ ਦੇ ਭੂਗੋਲਿਕ ਖਿੱਤੇ ਸਬੰਧੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਵੱਖ-ਵੱਖ ਇਲਾਕਿਆਂ ਦੀਆਂ ਬੋਲੀਆਂ, ਭਾਸ਼ਾਵਾਂ, ਵਿਸ਼ਵਾਸਾਂ, ਰਸਮਾਂ, ਰੀਤੀ-ਰਿਵਾਜਾਂ ਅਤੇ ਰਹਿਣ-ਸਹਿਣ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਤਵਾਰੀਖ਼ ਵਿਚੋਂ ਪ੍ਰਾਪਤ ਹੁੰਦੀ ਹੈ। ਮੌਜੂਦਾ ਸਮੇਂ ਵਿਚ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ ਅਨਾਜ ਦੀ ਪ੍ਰਾਪਤੀ ਦਿਨੋ-ਦਿਨ ਔਖੀ ਹੁੰਦੀ ਜਾ ਰਹੀ ਹੈ। ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਲੋਕਾਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਚੇਤੰਨ ਕਰਦੇ ਹਨ। ਖਾਰੇ ਪਾਣੀ ਨੂੰ ਮਿੱਠਾ ਕਰਨ ਵਾਲੀਆਂ ਸਾਖੀਆਂ ਇਹ ਸੰਦੇਸ਼ ਦਿੰਦੀਆਂ ਹਨ ਕਿ ਪਾਣੀ ਜੀਵਨ ਦੀ ਅਨਮੋਲ ਵਸਤੂ ਹੈ ਅਤੇ ਜਿਥੋਂ ਤੱਕ ਹੋ ਸਕੇ ਇਸ ਦੀ ਕੇਵਲ ਸੁਯੋਗ ਅਤੇ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ।

ਗੁਰੂ ਜੀ ਆਪਣੀਆਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਖੇਤੀ ਕਰਨ ਲੱਗੇ। ਇਹ ਉਹ ਨਗਰ ਸੀ ਜਿਹੜਾ ਗੁਰੂ ਜੀ ਨੇ ਆਪਣੀ ਦੂਜੀ ਉਦਾਸੀ ਤੋਂ ਵਾਪਸ ਆ ਕੇ ਵਸਾਉਣਾ ਆਰੰਭ ਕੀਤਾ ਸੀ। ਇਸੇ ਸਥਾਨ 'ਤੇ ਨਿਵਾਸ ਦੌਰਾਨ ਗੁਰੂ ਜੀ ਨੇ ਅੱਚਲ ਬਟਾਲੇ ਅਤੇ ਮੁਲਤਾਨ ਦੀ ਯਾਤਰਾ ਕੀਤੀ ਅਤੇ ਜਦੋਂ ਕੱਥੂ ਨੰਗਲ ਗਏ ਤਾਂ ਬਾਬਾ ਬੁੱਢਾ ਜੀ ਨਾਲ ਮੇਲ ਹੋਇਆ ਅਤੇ ਇਸੇ ਸਥਾਨ 'ਤੇ ਹੀ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦੀ ਜੋਤ ਨਾਲ 'ਗੁਰੂ ਅੰਗਦ ਦੇਵ ਜੀ' ਦੇ ਰੂਪ ਵਿਚ ਪ੍ਰਗਟ ਹੋਏ ਸਨ।

 

ਡਾਕਟਰ ਪਰਮਵੀਰ ਸਿੰਘ