ਵਿਆਹ ਦਾ ਵਪਾਰੀਕਰਨ ਤੇ ਵਿਦੇਸ਼ ਵਸਣ ਦੀ ਚਾਹਤ

ਵਿਆਹ ਦਾ ਵਪਾਰੀਕਰਨ ਤੇ  ਵਿਦੇਸ਼ ਵਸਣ ਦੀ ਚਾਹਤ

ਸਾਡਾ ਸਮਾਜ

ਅੱਜ ਪੰਜਾਬ 'ਚ ਬਹੁਤੇ ਰਿਸ਼ਤੇ ਇਕ ਵਪਾਰਕ ਇਕਰਾਰਨਾਮੇ ਦੇ ਰੂਪ ਵਜੋਂ ਹੋ ਰਹੇ ਹਨ। ਇਸ ਇਕਰਾਰਨਾਮੇ ਦਾ ਧੁਰਾ ਹੈ ਬਾਹਰਲੇ ਮੁਲਕਾਂ ਨੂੰ ਜਾਣ ਲਈ ਪਾਸ ਕੀਤਾ ਜਾਣ ਵਾਲਾ ਲਾਜ਼ਮੀ ਪੇਪਰ ਆਈਲੈਟਸ। ਇਹ ਆਈਲਟਸ ਦਾ ਪੇਪਰ ਇਕ ਬੇਸ਼ਕੀਮਤੀ ਜਾਇਦਾਦ ਬਣ ਗਿਆ ਹੈ ਜਿਸ ਦੇ ਆਧਾਰ 'ਤੇ ਲੜਕਾ ਅਤੇ ਲੜਕੀ ਦੇ ਪਰਿਵਾਰ ਵਿਚਾਲੇ ਸੌਦਾ ਹੁੰਦਾ ਹੈ। ਪਹਿਲਾਂ ਇਸ ਪੇਪਰ ਵਿਚ ਲਏ ਗਏ ਬੈਂਡਾਂ (ਨੰਬਰਾਂ) ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਪ੍ਰਾਪਤ ਕੀਤੇ ਗਏ ਅੰਕਾਂ ਨਾਲ ਕਿਸ ਦੇਸ਼ ਵਿਚ ਜਾਣ ਦੀ ਸੰਭਾਵਨਾ ਵੱਧ ਹੈ, ਉਪਰੰਤ ਜਹਾਜ਼ ਚੜਨ ਲਈ ਆਉਣ ਵਾਲਾ ਖਰਚਾ ਵਿਚਾਰ ਕੇ ਕੀਮਤ ਮੁਕਰਰ ਕੀਤੀ ਜਾਂਦੀ ਹੈ। ਦੋ ਧਿਰਾਂ ਜਿਸ ਵਿਚ ਇਕ ਕੋਲ ਆਈਲਟਸ ਦਾ ਸਰਟੀਫ਼ਿਕੇਟ ਜ਼ਿਆਦਾਤਾਰ ਲੜਕੀ ਵਾਲੀ ਧਿਰ ਅਤੇ ਦੂਸਰੀ ਭਾਵ ਲੜਕੇ ਦੇ ਪਰਿਵਾਰ ਕੋਲ ਭਾਰੀ ਬੈਂਕ ਖਾਤਾ, ਜ਼ਮੀਨ-ਜਾਇਦਾਦ ਹੁੰਦਾ ਹੈ। ਇਹ ਸ਼ੁਰੂਆਤ ਹੈ ਇਕ ਨਵੇਂ ਰਿਸ਼ਤੇ ਦੀ ਜਾਂ ਇੰਜ ਕਹਿ ਲਉ ਵਿਆਹ ਲਈ ਤੈਅ ਕੀਤੀ ਗਈ ਯੋਗਤਾ ਪੂਰੀ ਹੋਣ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ। ਲੜਕੇ ਲੜਕੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਸੰਖੇਪ ਜਿਹੀ ਗੱਲਬਾਤ ਬਹੁਤੀ ਵਾਰ ਤਾਂ ਗਿਣਤੀ ਤੱਕ ਹੀ ਜਾਣਕਾਰੀ ਲਈ ਜਾਂਦੀ ਕਿ ਮਾਮੇ ਕਿੰਨੇ, ਭੂਆ ਕਿੰਨੀਆਂ, ਮਾਸੀਆਂ ਕਿੰਨੀਆਂ ਆਦਿ। ਰਿਸ਼ਤੇਦਾਰ ਜਾਂ ਭੈਣ-ਭਰਾ ਇਥੋਂ ਤੱਕ ਕਿ ਮਾਂ-ਬਾਪ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਕਿਸੇ ਦੀ ਕੀ ਲੋੜ ਹੈ ਜਦੋਂ ਮੁੰਡੇ-ਕੁੜੀ ਨੇ ਤਾਂ ਬਾਹਰ ਚਲੇ ਜਾਣਾ, ਜ਼ਿੰਦਗੀ ਉਨ੍ਹਾਂ ਦੀ ਤੇ ਉਨ੍ਹਾਂ ਆਪਣੀ ਮਰਜ਼ੀ ਅਨੁਸਾਰ ਹੰਢਾਉਣਾ-ਪਾਉਣਾ।

ਇਹ ਸਭ ਜਦੋਂ ਪਰਿਵਾਰਾਂ 'ਚ ਚਲ ਰਿਹਾ ਹੁੰਦਾ, ਉਦੋਂ ਬੱਚੇ ਦਸਵੀਂ ਬਾਰ੍ਹਵੀਂ ਦੀ ਸਕੂਲੀ ਪੜ੍ਹਾਈ ਮੁਕੰਮਲ ਕਰ ਅਜੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਹੀ ਰੱਖ ਰਹੇ ਹੁੰਦੇ ਹਨ। ਜ਼ਿੰਦਗੀ ਦੇ ਜਿਸ ਪੜਾਅ ਉੱਪਰ ਉਨ੍ਹਾਂ ਠੀਕ ਗ਼ਲਤ ਦੀ ਪਛਾਣ ਕਰਨੀ ਸਿੱਖਣੀ ਸੀ, ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਸੁਪਨੇ ਇੰਜ ਦਿਖਾਏ ਜਾਂਦੇ ਨੇ ਕਿ ਇਹ ਦੇਸ਼ ਹੀ ਧਰਤੀ ਉੱਤੇ ਸਵਰਗ ਨੇ ਅਤੇ ਇਥੇ ਪਹੁੰਚਣਾ ਹੀ ਕੇਵਲ ਤੇ ਕੇਵਲ ਤੁਹਾਡੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਬੱਚੇ ਆਪਣੀਆਂ ਕਲਪਨਾਵਾਂ ਵਿਚ ਖ਼ੁਦ ਨੂੰ ਕਿਸੇ ਰਾਜੇ ਰਾਣੀ ਤੋਂ ਘੱਟ ਨਾ ਸਮਝਦੇ ਹੋਏ ਜਹਾਜ਼ਾਂ ਦੇ ਝੂਟੇ ਲੈਣ ਲੱਗ ਜਾਂਦੇ ਹਨ ਬਾਰ੍ਹਵੀਂ ਤੋਂ ਬਾਅਦ ਬੱਚੇ ਆਈਲਟਸ ਦੇ ਸੈਂਟਰਾਂ ਵਿਚ ਟ੍ਰੇਨਿੰਗ ਲੈਣ ਜਾਂਦੇ ਹਨ ਅਤੇ ਇਥੋਂ ਹੀ ਬੇਗਾਨੇ ਮੁਲਕਾਂ ਦੇ ਸੱਭਿਆਚਾਰ ਵਿਚ ਢਲਣਾ ਸ਼ੁਰੂ ਹੋ ਜਾਂਦੇ ਹਨ।ਵਿਆਹ ਕਰਵਾ ਕੇ ਛੋਟੀ ਉਮਰ 'ਚ ਦੂਜੇ ਦੇਸ਼ ਜਾ ਬੈਠੇ ਬੱਚਿਆਂ ਸਾਹਮਣੇ ਜਦੋਂ ਉਥੇ ਦੀਆਂ ਮੁਸ਼ਕਿਲਾਂ ਹਕੀਕਤ ਬਣ ਸਾਹਮਣੇ ਆਉਂਦੀਆਂ ਨੇ ਤਾਂ ਡੋਲ ਜਾਣ ਜਾਂ ਉਥੋਂ ਦੀ ਐਸ਼ਪ੍ਰਸਤੀ ਵਾਲੇ ਖੁੱਲ੍ਹੇ ਮਾਹੌਲ 'ਚ ਵਹਿ ਜਾਣ ਦੇ ਬਰਾਬਰ ਆਸਾਰ ਬਣੇ ਰਹਿੰਦੇ ਹਨ। ਜ਼ਿੰਦਗੀ ਦੇ ਜਿਨ੍ਹਾਂ ਕੀਮਤੀ ਵਰ੍ਹਿਆਂ ਮੌਕੇ ਹਰ ਮੋੜ 'ਤੇ ਮਾਪਿਆਂ ਦੇ ਸਾਥ ਅਤੇ ਸੇਧ ਦੀ ਸਭ ਤੋਂ ਵੱਧ ਜ਼ਰੂਰਤ ਸੀ, ਉਦੋਂ ਬੱਚੇ ਸੱਤ ਸਮੁੰਦਰ ਪਾਰ ਬੈਠੇ ਆਲ੍ਹਣੇ 'ਚੋਂ ਡਿਗੇ ਬੋਟ ਵਾਂਗ ਜ਼ਿੰਦਗੀ ਦਾ ਅਹਿਮ ਸੰਘਰਸ਼ ਲੜਦਿਆਂ ਫਿਰ ਉਹੀ ਕਰਦੇ ਨੇ ਜੋ ਉਨ੍ਹਾਂ ਦੀ ਨਜ਼ਰ 'ਚ ਸਹੀ ਦਿਸਦਾ ਹੋਵੇ। ਸਮਾਜਿਕ ਰਿਸ਼ਤਿਆਂ ਦੀ ਮਾਣ-ਮਰਯਾਦਾ, ਲੌਹ-ਲਿਹਾਜ਼ ਬਾਰੇ ਸਮਝਣ-ਸਮਝਾਉਣ ਦਾ ਸਮਾਂ ਰਹਿੰਦਿਆਂ ਨਾ ਮਾਪਿਆਂ ਨੂੰ ਵਕਤ ਮਿਲਿਆ ਤੇ ਨਾ ਬੱਚਿਆਂ ਨੂੰ। ਜਿਸ ਕਾਰਨ ਬੱਚੇ ਉਹ ਗ਼ਲਤੀਆਂ ਕਰ ਜਾਂਦੇ ਨੇ, ਜਿਨ੍ਹਾਂ ਦੇ ਨਤੀਜੇ ਫਿਰ ਮਾਪੇ ਭੁਗਤਦੇ ਹਨ।

ਜਦੋਂ ਵੀ ਕੁਝ ਬੁਰਾ ਵਾਪਰਦਾ ਹੈ ਤਾਂ ਜ਼ਰੂਰੀ ਹੁੰਦਾ ਹੈ ਕਿ ਸਹੀ ਦੋਸ਼ੀ ਦੀ ਪਛਾਣ ਕਰ ਉਸ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਜਾਵੇ। ਇਸੇ ਤਰ੍ਹਾਂ ਬੱਚਿਆਂ ਤੋਂ ਹੋਈਆਂ ਗ਼ਲਤੀਆਂ ਦਾ ਵੀ ਅਸਲ ਦੋਸ਼ੀ ਲੱਭਿਆ ਜਾਣਾ ਜ਼ਰੂਰੀ ਹੈ। ਇਸ ਦੋਸ਼ੀ ਦੀ ਪਛਾਣ ਕਰਨ ਲਈ ਕਿਸੇ ਉੱਪਰ ਇਲਜ਼ਾਮ ਥੋਪਣ ਦੀ ਲੋੜ ਨਹੀਂ ਹੈ, ਲੋੜ ਹੈ ਸਵੈ-ਪੜਚੋਲ ਕਰਨ ਦੀ। ਜਦੋਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਉਂ ਅੱਜ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਭੇਜਣਾ ਚਾਹੁੰਦਾ ਹੈ? ਚਾਹੇ ਉਹ ਅਮੀਰ ਹੈ, ਗ਼ਰੀਬ ਹੈ ਜਾਂ ਮੱਧਵਰਗੀ ਸ਼੍ਰੇਣੀ ਨਾਲ ਸਬੰਧਿਤ ਹੈ, ਕਿਉਂ ਪੰਜਾਬ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਲੱਗ ਰਿਹਾ ? ਕਿਉਂ ਜਿਗਰ ਦੇ ਟੁਕੜਿਆਂ ਨੂੰ ਇਸ ਦੁਨੀਆ ਦੀ ਨਕਲੀ ਚਮਕ-ਦਮਕ ਤੋਂ ਵਾਕਫ਼ ਕਰਾਉਣ ਤੋਂ ਪਹਿਲਾਂ ਹੀ ਦੂਰ ਭੇਜ ਦਿੱਤਾ ਜਾਂਦਾ ਹੈ? ਰਿਸ਼ਤਿਆਂ ਵਿਚ ਪੈਸੇ ਦੀ ਜ਼ਾਮਨੀ ਰੱਖ ਕੇ ਹੋ ਰਹੇ ਰਿਸ਼ਤਿਆਂ ਦੇ ਵਪਾਰ ਲਈ ਜ਼ਿੰਮੇਵਾਰ ਪੰਜਾਬ ਦਾ ਅਜੋਕਾ ਸਮਾਜਿਕ ਅਤੇ ਰਾਜਨੀਤਕ ਢਾਂਚਾ ਹੈ। ਸਮਾਜ ਨੇ ਵਿਆਹ ਵਰਗੇ ਪਾਕ-ਪਵਿੱਤਰ ਰਿਸ਼ਤੇ ਨੂੰ ਸੌਦੇਬਾਜ਼ੀ ਵਿਚ ਇਸ ਤਰ੍ਹਾਂ ਪਲੀਤ ਕੀਤਾ ਕਿ ਬੱਚਿਆਂ ਦੀ ਨਜ਼ਰ ਵਿਚ ਇਸ ਰਿਸ਼ਤੇ ਦਾ ਕੋਈ ਸਤਿਕਾਰ ਜਾਂ ਅਹਿਮੀਅਤ ਰਹਿ ਹੀ ਨਹੀਂ ਗਈ। ਰਾਜਨੀਤਕ ਸਿਆਸਤਦਾਨ ਪੰਜਾਬ ਵਾਸੀਆਂ ਅੰਦਰ ਇਸ ਕਦਰ ਬੇਯਕੀਨੀ ਅਤੇ ਬੇਵਿਸ਼ਵਾਸੀ ਲੈ ਆਏ ਹਨ ਕਿ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੱਚਮੁੱਚ ਹੀ ਕਿੰਨੇ ਤਰ੍ਹਾਂ ਦੇ ਖ਼ਤਰਿਆਂ ਵਿਚ ਘਿਰਿਆ ਦਿਸ ਰਿਹਾ ਹੈ।ਅਸੀਂ ਖ਼ੁਦ ਹੀ ਇਸ ਅਤਿ ਸੰਜੀਦਾ ਮਸਲੇ ਦਾ ਹੱਲ ਕੱਢਣਾ ਹੈ। ਸਾਡੇ ਧੀਆਂ-ਪੁੱਤਰਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਖ਼ਾਤਰ ਕਮਾਈਆਂ ਤਾਂ ਕਰਨੀਆਂ ਹੀ ਨੇ, ਕੁਝ ਨੇ ਇਥੇ ਰਹਿ ਕੇ ਤੇ ਕੁਝ ਪ੍ਰਦੇਸੀਂ ਜਾ ਕੇ ਕਰਨਗੇ। ਲੋੜ ਹੈ ਸਾਨੂੂੰ ਬੱਚਿਆਂ ਪ੍ਰਤੀ ਆਪਣੇ ਫ਼ਰਜ਼ ਪਛਾਣਨ ਦੀ, ਉਨ੍ਹਾਂ ਨੂੰ ਘਰੋਂ ਬਾਹਰ ਕਦਮ ਰੱਖਣ ਤੋਂ ਪਹਿਲਾਂ ਚੰਗੇ-ਮਾੜੇ, ਸਹੀ-ਗ਼ਲਤ ਦੀ ਪਛਾਣ ਕਰਨੀ ਸਿਖਾਈਏ। ਬਾਹਰਲੇ ਮੁਲਕਾਂ ਵਿਚ ਜਾਣ ਦੀ ਲਾਲਸਾ ਇਸ ਕਦਰ ਨਾ ਹਾਵੀ ਹੋਣ ਦੇਈਏ ਕਿ ਨੈਤਿਕ ਕਦਰਾਂ-ਕੀਮਤਾਂ ਘੱਟੇ-ਕੌਡੀ ਹੀ ਰੁਲ ਜਾਣ। ਬਹੁਤ ਪਰਿਵਾਰ ਤਾਂ ਵਿਦੇਸ਼ਾਂ ਦੇ ਚੱਕਰਾਂ ਵਿਚ ਆਪਣੀ ਸਾਰੀ ਉਮਰ ਦੀ ਕਮਾਈ, ਜਾਇਦਾਦ ਕੀ ਆਪਣਿਆਂ ਪਿਆਰਿਆਂ ਦੀਆਂ ਜਾਨਾਂ ਵੀ ਗਵਾ ਬੈਠਦੇ ਹਨ। ਬੱਚਿਆਂ ਵਲੋਂ ਗ਼ਲਤ ਕਦਮ ਚੁੱਕ ਲੈਣ ਤੋਂ ਬਾਅਦ 'ਮੁੰਡੇ ਗ਼ਲਤ ਜਾਂ ਕੁੜੀਆਂ ਗ਼ਲਤ' ਵਰਗੀ ਇਲਜ਼ਾਮਤਰਾਸ਼ੀ ਨਾ ਕਰੀਏ, ਸਮਾਜ ਨੂੰ ਧਿਰਾਂ ਵਿਚ ਨਾ ਵੰਡੀਏ, ਹਰ ਕੇਸ ਦਾ ਆਪਣਾ ਇਕ ਵੱਖਰਾ ਪੱਖ ਹੁੰਦਾ ਹੈ, ਉਸ ਅਨੁਸਾਰ ਕਿਤੇ ਕੋਈ ਲੜਕਾ ਗ਼ਲਤ ਹੋ ਸਕਦਾ ਹੈ ਤੇ ਕਿਸੇ ਜਗ੍ਹਾ ਲੜਕੀ ਵੀ ਗ਼ਲਤ ਹੋ ਸਕਦੀ ਹੈ। ਬਿਨਾਂ ਵਜ੍ਹਾ ਹੀ ਬਿਨਾਂ ਕਿਸੇ ਠੋਸ ਸਬੂਤ ਦੇ ਕਿਸੇ ਵੀ ਪੱਖ ਵਿਚ ਜਾਂ ਖਿਲਾਫ਼ ਬਿਆਨਬਾਜ਼ੀ ਕਰਨ ਦੀ ਬਜਾਏ ਵਾਪਰ ਚੁੱਕੀ ਮੰਦਭਾਗੀ ਘਟਨਾ ਤੋਂ ਸੇਧ ਲਈਏ ਅਤੇ ਇਹ ਵਿਚਾਰੀਏ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਅਣਹੋਣੀ ਤੋਂ ਕਿਵੇਂ ਬਚਿਆ ਜਾ ਸਕਦਾ।

 

ਡਾਕਟਰ ਯਸ਼ਪ੍ਰੀਤ ਕੌਰ

 

 

-