ਕਾਂਗਰਸ ਨੂੰ ਆਪਣਾ ਪ੍ਰਦਰਸ਼ਨ ਸੁਧਾਰਨ ਦੇ ਨਾਲ-ਨਾਲ ਗੱਠਜੋੜ ਰਾਜਨੀਤੀ ਨੂੰ ਉਭਾਰਨ ਦੀ ਲੋੜ

ਕਾਂਗਰਸ ਨੂੰ ਆਪਣਾ ਪ੍ਰਦਰਸ਼ਨ ਸੁਧਾਰਨ ਦੇ ਨਾਲ-ਨਾਲ ਗੱਠਜੋੜ ਰਾਜਨੀਤੀ ਨੂੰ ਉਭਾਰਨ ਦੀ ਲੋੜ

ਇਹ ਗੱਲ ਅਕਸਰ ਪੁੱਛੀ ਜਾਂਦੀ ਹੈ ਕਿ, ਕੀ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸ਼ਕਤੀਸ਼ਾਲੀ ਨੇਤਾ ਨਰਿੰਦਰ ਮੋਦੀ ਨੂੰ 2024 ਦੀਆਂ ਚੋਣਾਂ 'ਚ ਮਜ਼ਬੂਤ ਚੁਣੌਤੀ ਦੇਣ ਦੀ ਸਥਿਤੀ ਵਿਚ ਹੈ?

ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਰਾਜਾਂ ਵਿਚ ਭਾਜਪਾ ਨੂੰ ਕਈ ਵਾਰ ਹਰਾ ਦਿੰਦੀ ਹੈ। 2018 'ਚ ਉਸ ਨੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਰਗੇ ਅਹਿਮ ਰਾਜਾਂ ਵਿਚ ਸਰਕਾਰਾਂ ਬਣਾਈਆਂ ਸਨ ਪਰ 2019 ਦੌਰਾਨ ਉਹ ਲੋਕ ਸਭਾ ਦੀਆਂ ਚੋਣਾਂ ਵਿਚ ਇਨ੍ਹਾਂ ਰਾਜਾਂ ਵਿਚ ਬੁਰੀ ਤਰ੍ਹਾਂ ਹਾਰ ਗਈ ਸੀ। ਉਦੋਂ ਤੋਂ ਇਹ ਪ੍ਰਭਾਵ ਬਣ ਗਿਆ ਹੈ ਕਿ ਭਾਜਪਾ ਅਤੇ ਮੋਦੀ ਨੂੰ ਲੋਕ ਸਭਾ ਵਿਚ ਹਰਾਉਣਾ ਕਾਂਗਰਸ ਦੇ ਵੱਸ ਦੀ ਗੱਲ ਨਹੀਂ ਹੈ। ਖੇਤਰੀ ਸ਼ਕਤੀਆਂ ਦੇ ਭਾਜਪਾ ਵਿਰੋਧੀ ਪ੍ਰਦਰਸ਼ਨ ਦੇ ਦਮ 'ਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਮੋਦੀ ਦੇ ਰੱਥ ਨੂੰ ਰੋਕਿਆ ਜਾ ਸਕਦਾ ਹੈ। ਖੇਤਰੀ ਸ਼ਕਤੀਆਂ ਤਾਂ 2019 ਵਿਚ ਵੀ ਭਾਜਪਾ ਤੋਂ ਅੱਗੇ ਸਨ। ਦਰਅਸਲ ਚੋਣ ਤਾਂ ਕਾਂਗਰਸ ਨੂੰ ਜਿੱਤਣੀ ਪਵੇਗੀ। ਕਾਂਗਰਸ ਨੂੰ ਆਪਣੇ ਪ੍ਰਭਾਵ ਖੇਤਰ 'ਚ ਭਾਜਪਾ ਤੋਂ 50 ਫ਼ੀਸਦੀ ਸੀਟਾਂ ਖੋਹਣੀਆਂ ਪੈਣਗੀਆਂ। ਜੇਕਰ ਉਹ ਅਜਿਹਾ ਨਹੀਂ ਕਰ ਸਕੇਗੀ ਤਾਂ ਰਾਜਾਂ ਵਿਚ ਉਸ ਦੀ ਜਿੱਤ ਕੌਮੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ 'ਚ ਹੌਲੀ-ਹੌਲੀ ਅਸਮਰੱਥ ਹੁੰਦੀ ਚਲੀ ਜਾਵੇਗੀ।

ਉਸ ਵੋਟਰ ਨੂੰ ਇਹ ਯਕੀਨ ਕਾਂਗਰਸ ਨੂੰ ਹੀ ਦਿਵਾਉਣਾ ਹੋਵੇਗਾ ਕਿ ਉਹ ਸਿਰਫ਼ ਰਾਜ ਵਿਧਾਨ ਸਭਾ ਚੋਣਾਂ ਵਿਚ ਹੀ ਨਹੀਂ, ਸਗੋਂ ਲੋਕ ਸਭਾ ਦੇ ਸੰਦਰਭ 'ਚ ਵੀ ਭਾਜਪਾ ਤੋਂ ਬਿਹਤਰ ਸਰਕਾਰ ਦੇਣ 'ਚ ਸਮਰੱਥ ਹੋਵੇਗੀ। ਮੋਦੀ ਸਰਕਾਰ ਨੂੰ ਦਸ ਸਾਲ ਹੋ ਚੁੱਕੇ ਹਨ। ਹੁਣ ਉਸ ਦੀ ਨਵੀਨਤਾ ਖ਼ਤਮ ਹੋ ਚੁੱਕੀ ਹੈ। ਉਸ ਦੇ ਕੰਮ ਕਰਨ ਦੀ ਸ਼ੈਲੀ ਅਤੇ ਖ਼ਾਮੀਆਂ ਲੋਕਾਂ ਦੇ ਸਾਹਮਣੇ ਸਪੱਸ਼ਟ ਹਨ। ਪਰ, ਏਨਾ ਸਮਾਂ ਬੀਤ ਜਾਣ ਦੇ ਬਾਵਜੂਦ ਉਪਰੋਂ ਦੇਖਣ ਵਿਚ ਭਾਜਪਾ ਦੇ ਖ਼ਿਲਾਫ਼ ਕੋਈ ਸਪੱਸ਼ਟ 'ਐਂਟੀਇਨਕੁੰਬੈਂਸੀ' (ਸੱਤਾ ਵਿਰੋਧੀ ਭਾਵਨਾ) ਦਿਖਾਈ ਨਹੀਂ ਦੇ ਰਹੀ। ਜ਼ਾਹਿਰ ਹੈ ਕਿ ਇਹ ਹਾਲਤ ਕਾਂਗਰਸ ਦੀ ਚੁਣੌਤੀ ਹੋਰ ਵਧਾ ਦਿੰਦੀ ਹੈ। ਭਾਰਤੀ ਰਾਜਨੀਤੀ ਦਾ ਮਿਜਾਜ਼ ਬਹੁਤ ਨਾਜ਼ੁਕ ਹੈ। ਉਪਰੋਂ ਕਾਂਗਰਸ ਦੇ ਮੁਕਾਬਲੇ ਖੜ੍ਹੀ ਭਾਜਪਾ ਅਨੋਖੀ ਰਾਜਨੀਤਕ ਇੱਛਾਸ਼ਕਤੀ ਨਾਲ ਭਰਪੂਰ ਹੈ। ਉਸ ਦੇ ਆਧਾਰ 'ਚ ਸੰਘ ਦਾ ਵਿਸ਼ਾਲ ਸੰਗਠਨ ਖੜ੍ਹਾ ਹੈ, ਜੋ ਆਪਣੀ ਰਾਜਨੀਤੀ ਸਮਾਜਨੀਤੀ ਦੇ ਲਹਿਜੇ ਵਿਚ ਕਰਦਾ ਹੈ। ਏਨੇ ਸ਼ਕਤੀਸ਼ਾਲੀ ਮੁਕਾਬਲੇਬਾਜ਼ ਨਾਲ ਕਾਂਗਰਸ ਪਹਿਲੀ ਵਾਰ ਮੁਕਾਬਲਾ ਕਰ ਰਹੀ ਹੈ।

ਦਰਅਸਲ, ਕਿਸੇ ਵੀ ਲੋਕਤੰਤਰ ਦੀ ਰਾਜਨੀਤਕ ਸਿਹਤ ਦਾ ਪਤਾ ਉਸ ਦੀਆਂ ਉਨ੍ਹਾਂ ਪਾਰਟੀਆਂ ਦੀ ਤੰਦਰੁਸਤੀ ਤੋਂ ਲਗਾਇਆ ਜਾ ਸਕਦਾ ਹੈ, ਜੋ ਕੌਮੀ ਪੱਧਰ ਦੀਆਂ ਹੁੰਦੀਆਂ ਹਨ। ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਤਾਕਤਵਰ ਅਤੇ ਪ੍ਰਭਾਵੀ ਕੌਮੀ ਪਾਰਟੀ ਹੈ। ਪਰ, ਕੀ ਭਾਜਪਾ ਦਾ ਵਿਸਥਾਰ ਦੂਜੀਆਂ ਕੌਮੀ ਪਾਰਟੀਆਂ, ਖ਼ਾਸਕਰ ਕਾਂਗਰਸ ਦੀ ਕੀਮਤ 'ਤੇ ਹੋ ਰਿਹਾ ਹੈ? ਜੇਕਰ ਅਜਿਹਾ ਹੈ ਤਾਂ ਇਹ ਭਾਰਤੀ ਲੋਕਤੰਤਰ ਲਈ ਚੰਗੀ ਖ਼ਬਰ ਨਹੀਂ ਹੈ। ਖ਼ਾਸ ਤੌਰ 'ਤੇ 2014 'ਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਜਿੱਤ ਤੋਂ ਬਾਅਦ ਤੋਂ ਹੀ ਕਾਂਗਰਸ ਦੇ ਜਥੇਬੰਦਕ ਅਤੇ ਸਿਆਸੀ ਪ੍ਰਭਾਵ 'ਚ ਚਾਰੇ ਪਾਸਿਓਂ ਆਈ ਗਿਰਾਵਟ ਇਹ ਸੰਕੇਤ ਦਿੰਦੀ ਹੈ ਕਿ ਸਾਡੀ ਰਾਜਨੀਤਕ ਪ੍ਰਣਾਲੀ ਅਸੰਤੁਲਨ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ ਕੌਮੀ ਹੈਸੀਅਤ ਜ਼ਰੂਰ ਮਿਲੀ ਹੈ, ਪਰ ਇਸ ਪਾਰਟੀ ਦੀ ਉਮਰ ਅਜੇ ਬਹੁਤ ਘੱਟ ਹੈ ਅਤੇ ਆਕਾਰ ਤੇ ਵਿਸਥਾਰ ਦੇ ਲਿਹਾਜ ਨਾਲ ਉਹ ਭਾਜਪਾ ਅਤੇ ਕਾਂਗਰਸ ਦੀ ਸ਼੍ਰੇਣੀ ਵਿਚ ਨਹੀਂ ਰੱਖੀ ਜਾ ਸਕਦੀ। ਜਦੋਂ ਤੱਕ ਕਾਂਗਰਸ ਆਪਣਾ ਹੁਲੀਆ ਦਰੁਸਤ ਨਹੀਂ ਕਰਦੀ, ਉਦੋਂ ਤੱਕ ਇਹ ਅਸੰਤੁਲਨ ਰਾਜਨੀਤਕ ਮੁਕਾਬਲੇ ਦੀ ਬਣਤਰ ਨੂੰ ਇਕ-ਪਾਸੜ ਬਣਾਉਂਦਾ ਰਹੇਗਾ।

ਇਸ ਲਿਹਾਜ਼ ਨਾਲ ਦੇਖਣ 'ਤੇ ਪਿਛਲੇ 14 ਮਹੀਨੇ ਕੁਝ ਭਰੋਸਾ ਦਿਵਾਉਂਦੇ ਦਿਖਾਈ ਦਿੰਦੇ ਹਨ। ਇਹੀ ਉਹ ਸਮਾਂ ਹੈ, ਜਦੋਂ ਕਾਂਗਰਸ ਉਸ ਖਾਈ 'ਚੋਂ ਉਪਰ ਉੱਠਦੀ ਦਿਖਾਈ ਦਿੰਦੀ ਹੈ, ਜਿਸ 'ਚ ਉਹ 2019 ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਡਿਗ ਪਈ ਸੀ। ਇਕ ਵਾਰ ਤਾਂ ਅਜਿਹਾ ਲੱਗਾ ਸੀ ਕਿ ਕਾਂਗਰਸ ਇਕ ਮਰੀ ਹੋਈ ਪਾਰਟੀ ਬਣ ਗਈ ਹੈ, ਜਿਸ ਦਾ ਭਵਿੱਖ ਪੂਰੀ ਤਰ੍ਹਾਂ ਹਨ੍ਹੇਰੇ ਵਿਚ ਹੈ। ਕਾਂਗਰਸ ਦੀ ਇਹ ਤਰਸਯੋਗ ਹਾਲਤ ਭਾਜਪਾ ਨੂੰ ਦਬਦਬੇ ਵਾਲੀ ਸਥਿਤੀ ਵੱਲ ਲਿਜਾਂਦੀ ਹੋਈ, ਦਿਖਾਈ ਦੇਣ ਲੱਗੀ ਸੀ। ਪਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਿਵੇਂ ਹੀ ਪਿਛਲੇ ਸਾਲ ਸਤੰਬਰ 'ਚ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ, ਉਵੇਂ ਹੀ ਇਸ ਪਾਰਟੀ ਵਿਚ ਅਤੇ ਇਸਦੀ ਲੀਡਰਸ਼ਿਪ 'ਚ ਨਵੀਂ ਜਾਨ ਦਿਖਾਈ ਦੇਣ ਲੱਗੀ। ਦਰਅਸਲ ਇਸ ਘਟਨਾਕ੍ਰਮ ਨੂੰ ਸਿਰਫ਼ ਇਕ ਯਾਤਰਾ ਵਾਂਗ ਦੇਖਣਾ ਠੀਕ ਨਹੀਂ ਹੋਵੇਗਾ।

ਮੇਰੇ ਵਿਚਾਰ ਨਾਲ 136 ਦਿਨ ਲੰਬੀ ਇਹ ਲੋਕ ਸੰਪਰਕ ਮੁਹਿੰਮ ਇਕ ਬਹੁਮੁਖੀ ਰਣਨੀਤੀ ਦੀ ਪਹਿਲਾ ਪਹਿਲੂ ਸੀ। ਦੂਜਾ ਪਹਿਲੂ ਸੀ ਮਲਿਕਅਰਜੁਨ ਖੜਗੇ (ਸੰਗਠਨ) ਅਤੇ ਰਾਹੁਲ ਗਾਂਧੀ (ਜਨਤਕ ਲਾਮਬੰਦੀ) ਵਿਚਾਲੇ ਕੰਮਾਂ ਦੀ ਕਾਰਗਰ ਵੰਡ। ਇਸ ਦਾ ਤੀਜਾ ਕਦਮ ਸੀ ਕਾਂਗਰਸ ਵਲੋਂ ਆਪਣੀ ਰਣਨੀਤੀ ਦੇ ਦੋ ਪਹਿਲੂਆਂ 'ਤੇ ਖ਼ਾਸ ਤੌਰ 'ਤੇ ਧਿਆਨ ਦੇਣਾ। ਇਨ੍ਹਾਂ 'ਚੋਂ ਪਹਿਲਾ ਸੀ ਘੱਟ-ਗਿਣਤੀ ਵੋਟਾਂ ਨੂੰ ਆਪਣੇ ਵੱਲ ਖਿੱਚਣ ਲਈ ਵੋਟਰਾਂ ਨੂੰ ਇਕ ਨਵੀਂ ਕਹਾਣੀ ਸੁਣਾਉਣਾ। ਇਹ ਕੰਮ ਰਾਹੁਲ ਗਾਂਧੀ ਨੇ ਯਾਤਰਾ ਦੌਰਾਨ 'ਮੁਹੱਬਤ ਦੀ ਦੁਕਾਨ' ਵਾਲੇ ਫ਼ਿਕਰੇ ਰਾਹੀਂ ਬਾਖ਼ੂਬੀ ਕੀਤਾ। ਚੌਥਾ ਸੀ ਗ਼ੈਰ-ਭਾਜਪਾ ਵਿਰੋਧੀ ਪਾਰਟੀਆਂ ਦੀ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਯੋਜਨਾਬੱਧ ਢੰਗ ਨਾਲ ਤੇਜ਼ੀ ਮੁਹੱਈਆ ਕਰਾਉਣੀ। ਇਹ ਕੰਮ ਕਰਨ ਦੀ ਜ਼ਿੰਮੇਵਾਰੀ ਖੜਗੇ ਅਤੇ ਸੋਨੀਆ ਗਾਂਧੀ ਨੇ ਨਿਭਾਈ। ਇਨ੍ਹਾਂ ਦੋਵਾਂ ਨੇ ਨਿਤੀਸ਼ ਕੁਮਾਰ, ਸ਼ਰਦ ਪਵਾਰ, ਮਮਤਾ ਬੈਨਰਜੀ ਅਤੇ ਬਹੁਤ ਹੱਦ ਤੱਕ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਇਕ ਅਜਿਹਾ ਗੱਠਜੋੜ ਕਾਇਮ ਕੀਤਾ, ਜੋ ਪਿਛਲੀਆਂ ਦੋ ਲੋਕ ਸਭਾ ਚੋਣਾਂ 'ਚ ਗ਼ਾਇਬ ਸੀ।

ਇਸ ਦਾ ਪੰਜਵਾਂ ਪੱਖ ਸੀ ਕਾਂਗਰਸ ਦੇ ਜਥੇਬੰਦਕ ਜੀਵਨ 'ਚ ਉਸ ਦੇ ਖੇਤਰੀ ਨੇਤਾਵਾਂ (ਕਰਨਾਟਕ 'ਚ ਸਿਧਾਰਮਈਆ, ਹਿਮਾਚਲ ਪ੍ਰਦੇਸ਼ 'ਚ ਸੁੱਖੂ, ਮੱਧ ਪ੍ਰਦੇਸ਼ 'ਚ ਕਮਲਨਾਥ, ਛੱਤੀਸਗੜ੍ਹ 'ਚ ਭੂਪੇਸ਼ ਬਘੇਲ, ਤੇਲੰਗਾਨਾ 'ਚ ਰੇਵੰਤ ਰੈੱਡੀ, ਰਾਜਸਥਾਨ 'ਚ ਅਸ਼ੋਕ ਗਹਿਲੋਤ) ਦੇ ਮਹੱਤਵ ਦੀ ਪ੍ਰਤੀਸ਼ਠਤਾ। ਛੇਵਾਂ ਪਹਿਲੂ ਸੀ ਜਾਤੀ ਆਧਾਰਿਤ ਜਨਗਣਨਾ ਅਤੇ ਓ.ਬੀ.ਸੀ. ਰਾਜਨੀਤੀ ਨੂੰ ਕੌਮੀ ਮੁੱਦਾ ਬਣਾਉਣ ਦੀ ਅਪੀਲ। ਇਸ ਬਹੁਪੱਖੀ ਰਣਨੀਤੀ, ਜਿਸਨੂੰ ਪਿਛਲੇ ਸਾਲ ਭਰ 'ਚ ਲਗਭਗ ਇਕੋ ਸਮੇਂ ਧਰਤੀ 'ਤੇ ਉਤਾਰਿਆ ਗਿਆ ਹੈ। ਇਸ ਸਭ ਦੇ ਕੇਂਦਰ ਵਿਚ ਪਛੜੀਆਂ ਜਾਤੀਆਂ ਅਤੇ ਮੁਸਲਮਾਨ ਵੋਟਰਾਂ 'ਚ ਹਰਮਨ-ਪਿਆਰਾ ਹੋਣ ਦਾ ਏਜੰਡਾ ਹੈ।

ਪਹਿਲਾਂ ਕਾਂਗਰਸ ਦੇ ਨਿਰੰਤਰ ਪ੍ਰਭਾਵ 'ਤੇ ਹੈਰਾਨੀ ਹੁੰਦੀ ਸੀ, ਹੁਣ ਸਮੀਖਿਅਕਾਂ ਨੂੰ ਉਸ ਦੇ ਇਸ ਤਰ੍ਹਾਂ ਖੜ੍ਹੇ ਹੁੰਦੇ ਜਾਣ ਅਤੇ ਭਾਜਪਾ ਨੂੰ ਚਣੌਤੀ ਦੇਣ ਦੀ ਸਥਿਤੀ 'ਚ ਆਉਂਦੇ ਜਾਣ 'ਤੇ ਹੈਰਾਨੀ ਹੋਣ ਲੱਗੀ ਹੈ। ਕਾਂਗਰਸ ਦੀ ਸਾਲ ਭਰ ਚੱਲੀ 'ਭਾਰਤ ਜੋੜੋ ਯਾਤਰਾ' ਦੇ ਭਾਵੇਂ ਜੋ ਵੀ ਚੰਗੇ ਨਤੀਜੇ ਨਿਕਲੇ ਹੋਣ, ਉਸ ਸੰਦਰਭ ਵਿਚ ਇਕ ਅਜਿਹੀ ਖ਼ਾਸ ਗੱਲ ਸੀ, ਜਿਸ 'ਤੇ ਅਕਸਰ ਚਰਚਾ ਨਹੀਂ ਹੁੰਦੀ। ਇਹ ਹੈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਮਿਲੇ ਨਵੇਂ ਜੀਵਨ 'ਚ ਭਾਜਪਾ ਦੀ ਭੂਮਿਕਾ।

ਭਾਜਪਾ ਨੇ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ 'ਚ ਚੋਣਾਂ ਤੋਂ ਪਹਿਲਾਂ ਅਤੇ ਲੜਾਈ ਦੌਰਾਨ ਕਈ ਤਰ੍ਹਾਂ ਦੀਆਂ ਗ਼ਲਤੀਆਂ ਕੀਤੀਆਂ। ਉਸ ਦੀ ਹਾਈਕਮਾਨ ਨੇ ਆਪਣੀ ਕਰਨਾਟਕ ਸਰਕਾਰ ਦੀ ਅਲੋਕਪ੍ਰਿਯਤਾ ਨੂੰ ਸਮਝਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਉਹ ਦੋਵਾਂ ਸੂਬਿਆਂ 'ਚ ਚੱਲ ਰਹੀ ਜ਼ਬਰਦਸਤ ਗੁੱਟਬਾਜ਼ੀ ਦੇ ਨਾਕਾਰਾਤਮਿਕ ਪਹਿਲੂਆਂ ਨੂੰ ਦੂਰ ਨਹੀਂ ਕਰ ਸਕੀ। ਦੂਜਾ, ਪ੍ਰਧਾਨ ਮੰਤਰੀ ਦੀ ਕ੍ਰਿਸ਼ਮਈ ਸ਼ਖ਼ਸੀਅਤ 'ਤੇ ਹੱਦੋਂ ਵੱਧ ਭਰੋਸੇ ਨੇ ਭਾਜਪਾ ਵਲੋਂ ਉਹ ਸੰਭਾਵਨਾਵਾਂ ਪੈਦਾ ਕੀਤੀਆਂ, ਜਿਸ ਦਾ ਕਾਂਗਰਸ ਚੰਗਾ ਫਾਇਦਾ ਚੁੱਕ ਸਕੀ। ਕਾਂਗਰਸ ਨੂੰ ਲਗਾਤਾਰ ਨੀਵਾਂ ਦਿਖਾਉਣ, ਰਾਹੁਲ ਗਾਂਧੀ ਦਾ ਲਗਾਤਾਰ ਮਜ਼ਾਕ ਉਡਾਉਣ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਖ਼ਤਮ ਕਰ ਦੇਣ ਦੇ ਰਾਜਨੀਤਕ ਮੁਹਾਵਰੇ ਦੀ ਅਤਿ ਹੋ ਜਾਣ ਕਾਰਨ ਵੀ ਆਮ ਲੋਕਾਂ ਨੇ ਕਾਂਗਰਸ ਵੱਲ ਕੁਝ-ਕੁਝ ਹਮਦਰਦੀ ਨਾਲ ਦੇਖਣਾ ਸ਼ੁਰੂ ਕਰ ਦਿੱਤਾ।

ਇਸ ਦਾ ਮਤਲਬ ਇਹ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਕਾਂਗਰਸ ਦੀ ਇਸ ਕਹਾਣੀ ਦਾ ਸਿੱਟਾ ਅਗਲੇ ਸਾਲ ਉਸ ਦੇ ਸੱਤਾ 'ਤੇ ਕਾਬਜ਼ ਹੋਣ ਦਾ ਨਿਕਲਣ ਵਾਲਾ ਹੈ। ਅਜੇ ਤਾਂ ਕਾਂਗਰਸ ਸਿਰਫ਼ ਖ਼ੁਦ ਨੂੰ ਭਾਜਪਾ ਦੀ ਟੱਕਰ ਲਈ ਤਿਆਰ ਕਰਨ ਦੀ ਸਥਿਤੀ 'ਚ ਹੀ ਆ ਸਕੀ ਹੈ। ਉਸ ਨੇ ਬਹੁਤ ਕੁੱਝ ਸਾਬਤ ਕਰਨਾ ਹੈ। ਉਸ ਨੇ ਅਜੇ ਰਾਜਾਂ ਦੀਆਂ ਚੋਣਾਂ 'ਚ ਪ੍ਰਭਾਵੀ ਜਿੱਤ ਹਾਸਲ ਕਰਨੀ ਹੈ। ਉਸ ਲਈ ਚਾਰ ਰਾਜਾਂ 'ਚੋਂ ਤਿੰਨ ਨੂੰ ਤਾਂ ਜਿੱਤਣਾ ਜ਼ਰੂਰੀ ਹੋਵੇਗਾ। ਫਿਰ ਉਸ ਨੇ ਇਹ ਵੀ ਸਾਬਤ ਕਰਨਾ ਹੈ ਕਿ ਉਹ 2024 ਵਿਚ 2019 ਵਾਲੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਵੇਗੀ। ਪਿਛਲੀ ਵਾਰ 2018 ਵਿਚ ਕਾਂਗਰਸ ਰਾਜਾਂ ਦੀਆਂ ਚੋਣਾਂ ਜਿੱਤ ਕੇ ਛਲ 'ਚ ਆ ਗਈ ਸੀ। ਸਭ ਤੋਂ ਵੱਧ ਮਹੱਤਵਪੂਰਨ ਤਾਂ ਇਹ ਹੈ ਕਿ ਕਾਂਗਰਸ ਨੂੰ ਆਪਣਾ ਪ੍ਰਦਰਸ਼ਨ ਸੁਧਾਰਨ ਦੀ ਨਾਲ-ਨਾਲ ਗੱਠਜੋੜ ਰਾਜਨੀਤੀ ਦੇ ਬਿਹਤਰੀਨ ਰਣਨੀਤੀਕਾਰ ਦੇ ਰੂਪ 'ਚ ਉਭਰਨਾ ਹੋਵੇਗਾ।

 

ਅਭੈ ਦੂਬੇ

-ਲੇਖਕ ਅੰਬੇਡਕਰ ਵਿਸ਼ਵ ਯੂਨੀਵਰਸਿਟੀ, ਦਿੱਲੀ ਵਿਚ ਪ੍ਰੋਫ਼ੈਸਰ ਅਤੇ ਭਾਰਤੀ ਭਾਸ਼ਾਵਾਂ 'ਚ ਅਭਿਲੇਖਾਗਰੀ ਖੋਜ ਪ੍ਰੋਗਰਾਮ ਦੇ ਨਿਰਦੇਸ਼ਕ ਹਨ।