ਰਿਸ਼ਤਿਆਂ ਦਾ ਹੋ ਰਿਹਾ ਏ ਵਪਾਰੀਕਰਨ

ਰਿਸ਼ਤਿਆਂ ਦਾ ਹੋ ਰਿਹਾ ਏ ਵਪਾਰੀਕਰਨ

ਸਾਡਾ ਸਮਾਜ

ਮਨੁੱਖ ਸਮਾਜਿਕ ਰਿਸ਼ਤਿਆਂ ਵਿੱਚ ਬਹੁਤ ਸਾਰੇ ਰਿਸ਼ਤੇ ਸਿਰਜਦਾ ਹੈ ਜਿਨ੍ਹਾਂ ਵਿੱਚ ਲਹੂ ਦੇ ਰਿਸ਼ਤੇ, ਪਿਆਰ ਦੇ ਰਿਸ਼ਤੇ, ਬੌਧਿਕਤਾ ਦੇ ਰਿਸ਼ਤੇ, ਭਾਵੁਕ ਸਾਂਝ ਦੇ ਰਿਸ਼ਤੇ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਅਜੋਕੇ ਸਮੇਂ ਵਿੱਚ ਇੱਕ ਹੋਰ ਪ੍ਰਕਾਰ ਦੇ ਨਵੇਂ ਰਿਸ਼ਤੇ ਬਣ ਰਹੇ ਹਨ, ਜਿਨ੍ਹਾਂ ਨੂੰ ਸਮਾਜ ਵਿੱਚ ਰੁਤਬਾ ਜਾਂ ਨਾਮਕਰਨ ਨਹੀਂ ਮਿਲਦਾ। ਇਸ ਲਈ ਇਨ੍ਹਾਂ ਨੂੰ ਅਸੀਂ ਅਪ੍ਰਵਾਨਿਤ ਰਿਸ਼ਤੇ ਕਹਿ ਸਕਦੇ ਹਾਂ। ਅਜਿਹੇ ਰਿਸ਼ਤਿਆਂ ਨੂੰ ਹਮੇਸ਼ਾਂ ਨਮੋਸ਼ੀ, ਪੀੜਾ ਤੇ ਬੇਇੱਜ਼ਤੀ ਬਰਦਾਸ਼ਤ ਕਰਨੀ ਪੈਂਦੀ ਹੈ। ਜਿਸ ਦੇ ਭਵਿੱਖ ਵਿੱਚ ਬਹੁਤ ਗੰਭੀਰ ਸਿੱਟੇ ਨਿਕਲਦੇ ਹਨ।

ਕੋਈ ਸਮਾਂ ਸੀ ਜਦੋਂ ਰਿਸ਼ਤਿਆਂ ਵਿੱਚ ਮੋਹ-ਪਿਆਰ ਸੀ। ਚੁੱਲ੍ਹੇ ਸਾਂਝੇ ਸਨ ਅਤੇ ਪਰਿਵਾਰ ਇੱਕੋ ਛੱਤ ਥੱਲੇ ਇਕੱਠਾ ਰਹਿੰਦਾ ਸੀ। ਮੁਖਤਿਆਰੀ ਘਰ ਦੇ ਵੱਡੇ ਪੁਰਖ ਹੱਥ ਹੁੰਦੀ ਸੀ ਅਤੇ ਸਾਰਾ ਟੱਬਰ ਉਸੇ ਦੀ ਸੇਧ ਵਿੱਚ ਚੱਲਦਾ ਸੀ। ਭਾਵ ਕਿ ਉਸ ਦੇ ਕੰਟਰੋਲ ਹੇਠ ਹੁੰਦਾ ਸੀ, ਕੁਝ ਕੁ ਡਰ ਕਾਰਨ ਤੇ ਕੁਝ ਇੱਜ਼ਤ- ਸਤਿਕਾਰ ਕਾਰਨ, ਪਰ ਜਿਉਂ- ਜਿਉਂ ਰਿਸ਼ਤਿਆਂ ਵਿੱਚ ਮੋਹ ਪਿਆਰ ਮਨਫ਼ੀ ਹੁੰਦਾ ਗਿਆ, ਇੱਜ਼ਤ, ਮਾਣ, ਸਤਿਕਾਰ ਖਤਮ ਹੁੰਦਾ ਰਿਹਾ ਤੇ ਪਰਿਵਾਰਾਂ ਦੇ ਟੁੱਟਣ ਨਾਲ ਰਿਸ਼ਤਾ -ਨਾਤਾ ਪ੍ਰਣਾਲੀ ਹੀ ਬਦਲ ਗਈ। ਸਿੱਟੇ ਵਜੋਂ ਇਕੱਲੇਪਣ ਨੇ ਮਾਨਸਿਕ ਤਣਾਓ, ਪਰੇਸ਼ਾਨੀਆਂ ਆਦਿ ਨੂੰ ਜਨਮ ਦਿੱਤਾ ਅਤੇ ਮਨੁੱਖ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਹਿੱਲ ਗਿਆ। ਵੱਡੇ ਬਣਨ ਦੀ ਹੋੜ ਵਿੱਚ ਜ਼ਿੰਦਗੀ ਜਿਉਣ ਦਾ ਸਲੀਕਾ ਬਾਹਰੀ ਖਾਣੇ, ਡਿਪਰੈਸ਼ਨ ਅਤੇ ਦਵਾਈਆਂ ਨੇ ਆ ਕੇ ਖੋਹ ਲਿਆ। ਵਿਸ਼ਵੀਕਰਨ ਦੇ ਟੰਟਿਆਂ ਨੇ ਰਿਸ਼ਤਿਆਂ- ਨਾਤਿਆਂ ਨੂੰ ਇੱਥੋਂ- ਉੱਥੇ ਤੱਕ ਦੀ ਭੱਜ- ਦੌੜ ਬਣਾ ਛੱਡਿਆ ਹੈ। ਇੰਟਰਨੈੱਟ, ਸੋਸ਼ਲ ਮੀਡੀਆ ਨੇ ਦੋਸਤੀਆਂ -ਦੁਸ਼ਮਣੀਆਂ ਆਦਿ ਦੇ ਪੈਮਾਨੇ ਹੀ ਬਦਲ ਦਿੱਤੇ ਹਨ। ਸਿੱਟੇ ਵਜੋਂ ਮਨੁੱਖ ਮਨ ਦੀ ਸ਼ਾਂਤੀ ਲਈ ਮੈਡੀਟੇਸ਼ਨ ਸੈਂਟਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹੁੰਚ ਚੁੱਕਿਆ ਹੈ।

ਖ਼ੈਰ! ਇੱਥੇ ਜੇਕਰ ਮੈਂ ਗੱਲ ਕਰਾਂ ਅੱਜ ਦੇ ਮਨੁੱਖ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਫ਼ੈਸਲੇ ਵਿਆਹ ਦੀ ਤਾਂ ਇਸ ਦੇ ਤਾਂ ਮਾਅਨੇ ਹੀ ਬਦਲ ਗਏ ਹਨ। ਵਿਚੋਲਿਆਂ ਦਾ ਦੌਰ ਤਾਂ ਹੁਣ ਵਿਆਹਾਂ ਵਿੱਚ ਲਗਭਗ ਖ਼ਤਮ ਹੀ ਹੋ ਚੁੱਕਾ ਹੈ। ਮਰਜ਼ੀ ਦੇ ਵਿਆਹਾਂ ਵਿੱਚ ਵੀ ਮਰਜ਼ੀ ਦੀ ਥਾਂ ਖ਼ੁਦਗਰਜ਼ੀ ਜ਼ਿਆਦਾ ਪ੍ਰਧਾਨ ਹੈ। ਜਿਵੇਂ ਚੰਗੀ ਜਾਂ ਸਰਕਾਰੀ ਨੌਕਰੀ ਪ੍ਰਾਪਤ ਮੁੰਡੇ ਜਾਂ ਕੁੜੀ ਦੀ ਮਰਜ਼ੀ ਦਾ ਵਿਆਹ ਵੀ ਬਰਾਬਰ ਦੀ ਯੋਗਤਾ ਅਤੇ ਬਰਾਬਰ ਦੀ ਨੌਕਰੀ ’ਤੇ ਆਧਾਰਿਤ ਹੋਵੇਗਾ। ਜੀਵਨ ਸਾਥੀ ਜਾਂ ਸਾਥਣ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਭਾਵੇਂ ਨਾ ਚੱਲੇ, ਪਰ ਬੈਂਕ ਬੈਲੇਂਸ ਵਧਾਉਣ ਵਾਲਾ ਤਾਂ ਹੋਣਾ ਹੀ ਚਾਹੀਦਾ ਹੈ। ਇਹ ਸਾਡੀ ਪਦਾਰਥਵਾਦੀ ਸੋਚ ਦਾ ਹੀ ਨਤੀਜਾ ਹੈ।

ਜੇ ਗੱਲ ਕਰੀਏ ਮਾਪਿਆਂ ਦੀ ਮਰਜ਼ੀ ਦੇ ਰਿਸ਼ਤਿਆਂ ਦੀ ਤਾਂ ਹਰ ਤੀਜਾ ਪੰਜਾਬੀ ਆਪਣੀ ਧੀ ਜਾਂ ਪੁੱਤਰ ਲਈ ਵਿਦੇਸ਼ੀ ਸਾਥ ਲੱਭਦਾ ਫਿਰ ਰਿਹਾ ਹੈ। ਆਈਲੈੱਟਸ ਦੇ ਬੈਂਡਾਂ ਨੇ ਉਸ ਦੀ ਇਹ ਪਹੁੰਚ ਹੋਰ ਵੀ ਆਸਾਨ ਕਰ ਦਿੱਤੀ ਹੈ। ਆਈਲੈੱਟਸ ਦੇ 6-8 ਬੈਂਡਾਂ ਵਾਲੀ ਕੁੜੀ ਜਾਂ ਮੁੰਡਾ ਸਿੱਧੀ ਕੈਨੇਡਾ ਅਮਰੀਕਾ ਵਰਗੇ ਦੇਸ਼ ਦੀ ਟਿਕਟ ਜਾਪਦੇ ਰਿਸ਼ਤਿਆਂ ਲਈ ਪੰਜਾਬੀ ਲਾਰਾਂ ਟਪਕਾਉਂਦੇ ਆਮ ਦਿਖਾਈ ਦਿੰਦੇ ਹਨ। ਗ਼ਰੀਬ ਘਰਾਂ ਦੀਆਂ ਕੁੜੀਆਂ ਲਈ ਆਈਲੈੱਟਸ ਦੇ ਬੈਂਡਾਂ ਨੇ ਚੰਗੇ ਘਰਾਂ ਦੇ ਨਿਕੰਮੇ ਮੁੰਡਿਆਂ ਦੇ ਰਿਸ਼ਤਿਆਂ ਦੀਆਂ ਲਾਈਨਾਂ ਲਗਾ ਦਿੱਤੀਆਂ ਹਨ। ਕੁੜੀਆਂ ਦੇ ਬਾਹਰਲੇ ਮੁਲਕ ਭੇਜਣ ਅਤੇ ਫੀਸਾਂ ਭਰਨ ਦੇ ਖ਼ਰਚੇ ਕਰਨ ਲਈ ਪੱਬਾਂ ਭਾਰ ਹੋਏ ਮੁੰਡਿਆਂ ਵਾਲੇ ਸ਼ੇਅਰ ਮਾਰਕੀਟ ਵਾਲੇ ਦਾਅ ਪੇਚ ਖੇਡਣ ਲੱਗੇ ਹੋਏ ਹਨ। ਫਿਰ ਜੇ ਕਿੱਧਰੇ ਉੱਧਰ ਜਾ ਕੇ ਕੁੜੀ ਖਰਚਾ ਕਰਨ ਵਾਲੇ ਮੁੰਡੇ ਨੂੰ ਨਾ ਬੁਲਾਵੇ, ਕਿਸੇ ਹੋਰ ਨਾਲ ਰਹਿਣ ਲੱਗ ਜਾਵੇ ਜਾਂ ਵਿਆਹ ਕਰ ਲਵੇ ਤਾਂ ਇੱਧਰ ਸੋਸ਼ਲ ਮੀਡੀਆ ’ਤੇ ਰੌਲੇ ਪਿੱਟ- ਸਿਆਪੇ ਤੇ ਗੱਲ ਖੁਦਕੁਸ਼ੀਆਂ ਤੱਕ ਪਹੁੰਚ ਜਾਂਦੀ ਹੈ। ਇਨ੍ਹਾਂ ਨੂੰ ਕੋਈ ਪੁੱਛੇ ਭਲਿਓ ਲੋਕੋ !ਜਦੋਂ ਰਿਸ਼ਤਿਆਂ ਦੀ ਥਾਂ ’ਤੇ ਵਪਾਰ ਕਰਨ ਲੱਗ ਹੀ ਗਏ ਹੋ ਤਾਂ ਨਫੇ ਨੁਕਸਾਨ ਨੂੰ ਝੱਲਣ ਦਾ ਮਾਦਾ ਵੀ ਰੱਖੋ। ਜ਼ਰੂਰੀ ਨਹੀਂ ਹੁੰਦਾ ਕਿ ਵਪਾਰ ਵਿੱਚ ਹਰ ਵਾਰੀ ਲਾਭ ਹੀ ਹੋਵੇ। ਜਿੱਥੇ ਮੈਨੂੰ ਜ਼ਿੰਦਗੀ ਦੇ ਥੰਮ੍ਹ ਇਨ੍ਹਾਂ ਰਿਸ਼ਤਿਆਂ ਦੀ ਦੁਰਦਸ਼ਾ ਦੇਖ ਕੇ ਤਕਲੀਫ਼ ਹੁੰਦੀ ਹੈ, ਉੱਥੇ ਹੀ ਅਜਿਹੇ ਮਾਂ-ਬਾਪ ਦੀ ਜੁਆਕਾਂ ਨੂੰ ਸੈੱਟ ਕਰਨ ਦੀ ਹਾਸੋਹੀਣੀ ਪ੍ਰਵਿਰਤੀ ’ਤੇ ਤਰਸ ਵੀ ਆਉਂਦਾ ਹੈ।

ਦੂਜੇ ਪਾਸੇ ਜੇਕਰ ਗੱਲ ਕਰੀਏ ਜੋ ਅਸੀਂ ਆਪਣੀਆਂ ਛੋਟੀਆਂ- ਛੋਟੀਆਂ ਬੱਚੀਆਂ ਨੂੰ ਬੈਂਡ ਦਵਾ ਕੇ ਸਟੱਡੀ ਵੀਜ਼ੇ ’ਤੇ ਉੱਥੇ ਭੇਜ ਕੇ ਪਿੱਛੇ ਜਾਣ ਦੇ ਸੁਪਨੇ ਸਿਰਜਦੇ ਹਾਂ ਤਾਂ ਬਹੁਤੀ ਵਾਰ ਮਾਂ-ਬਾਪ ਹੋਣ ਦੇ ਫ਼ਰਜ਼ਾਂ ਦਾ ਵੀ ਘਾਣ ਕਰਦੇ ਹਾਂ। ਉੱਥੇ ਜਾ ਕੇ ਸਾਡੇ ਧੀਆਂ- ਪੁੱਤਾਂ ਨੂੰ ਆਉਂਦੀਆਂ ਮੁਸ਼ਕਿਲਾਂ ਸਾਨੂੰ ਤਾਂ ਪਤਾ ਵੀ ਨਹੀਂ ਹੁੰਦੀਆਂ, ਪਰ ਕਿਤੇ ਨਾ ਕਿਤੇ ਉਹ ਬੱਚੇ ਮਸ਼ੀਨੀ ਯੁੱਗ ਦੇ ਮਾਇਆ ਜਾਲ ਵਿੱਚ ਫਸ ਕੇ ਰਿਸ਼ਤਿਆਂ ਦੇ ਨਿੱਘ ਤੋਂ ਸੱਖਣੇ ਹੋ ਜਾਂਦੇ ਹਨ। ਵਿਦੇਸ਼ਾਂ ਵਿੱਚ ਹੁੰਦੀਆਂ ਸਾਡੇ ਬੱਚਿਆਂ ਦੀਆਂ ਮੌਤਾਂ ਦੇ ਕਾਰਨ ਲੱਭੇ ਬਿਨਾਂ ਅਸੀਂ ਆਪਣੀਆਂ ਮਰਜ਼ੀਆਂ ਉਨ੍ਹਾਂ ਦੇ ਉੱਤੇ ਥੋਪਦੇ ਹਾਂ ਅਤੇ ਫਿਰ ਲੁੱਟੇ- ਪੱਟੇ ਜਾਣ ਦੀ ਦੁਹਾਈ ਪਾਉਂਦੇ ਹਾਂ। ਅਜੋਕੇ ਸਮੇਂ ਵਿੱਚ ਵਧ ਰਹੇ ਤਲਾਕਾਂ ਦੇ ਕਾਰਨਾਂ ’ਤੇ ਨਜ਼ਰ ਮਾਰੀਏ ਤਾਂ ਹਰ ਕੋਈ ਆਪਣੀ ਮਰਜ਼ੀ ਕਰਨੀ ਚਾਹੁੰਦਾ ਹੈ, ਫਿਰ ਉਹ ਜਾਇਜ਼ ਹੋਵੇ ਜਾਂ ਨਾਜਾਇਜ਼। ਇੱਕ ਦੂਜੇ ਦੀ ਨਿੱਕੀ -ਨਿੱਕੀ ਗੱਲ ਸਹਾਰਨੀ ਵੀ ਦੁਸ਼ਵਾਰੀ ਜਾਪਦੀ ਹੈ। ਅੱਡਰੇ ਹੋ ਕੇ ਰਹਿਣਾ ਸੱਚਮੁੱਚ ਹੀ ਬਹੁਤ ਸੌਖਾ ਹੈ। ਜੇ ਔਖਾ ਕੰਮ ਹੈ ਤਾਂ ਉਹ ਹੈ ਇਕੱਠੇ ਰਹਿਣਾ। ਫਿਰ ਬਾਹਰ ਦੇ ਲਾਲਚ ਵਿੱਚ ਉਮਰ ਦਰਾਜਾਂ ਨਾਲ ਵਿਆਹੀਆਂ ਬੱਚੀਆਂ ਕਿਧਰੇ ਵੀ ਸਰੀਰਕ ਤੇ ਮਾਨਸਿਕ ਪੱਖ ਤੋਂ ਉਸ ਰਿਸ਼ਤੇ ਨੂੰ ਕਬੂਲ ਨਹੀਂ ਕਰਦੀਆਂ ਅਤੇ ਯੂਰਪ ਦੇ ਵਾਤਾਵਰਨ ਵਿੱਚ ਜਾਂਦਿਆਂ ਹੀ ਉਹ ਅਜਿਹੀਆਂ ਬੰਦਿਸ਼ਾਂ ਵਿੱਚੋਂ ਨਿਕਲਣ ਲਈ ਛੜੱਪਾ ਮਾਰ ਦਿੰਦੀਆਂ ਹਨ। ਹੁਣ ਤਾਂ ਪੰਜਾਬੀਆਂ ਦੀ ਉਹ ਗੱਲ ਹੋ ਗਈ ਕਿ ‘ਅੱਖੋਂ ਪਰੇ, ਜੱਗ ਮਰੇ।’ ਇੱਧਰ ਧੀ-ਪੁੱਤ ਦੀ ਮਰਜ਼ੀ ਦੇ ਵਿਆਹ ਸ਼ਰੀਕੇ ਵਿੱਚ ਨੱਕ ਵਢਾਉਂਦੇ ਹਨ, ਉੱਥੇ ਜਾ ਕੇ ਧੀਆਂ ਪੁੱਤਾਂ ਦੇ ਦੋ -ਦੋ ਵਿਆਹ, ਬੌਇਫ੍ਰੈਂਡ, ਗਰਲਫ੍ਰੈਂਡ ਸਾਨੂੰ ਮਾਡਰਨ ਜ਼ਮਾਨੇ ਦੀ ਸੋਚ ਜਾਪਦੇ ਹਨ। ਵਪਾਰਕ ਰਿਸ਼ਤਿਆਂ ਵਿੱਚ ਬੱਝੇ ਇਹ ਬੱਚੇ ਬਾਹਰ ਜਾ ਕੇ ਵੀ ਪੀਆਰ ਆਧਾਰਿਤ ਰਿਸ਼ਤੇ ਹੀ ਸਿਰਜਦੇ ਹਨ। ਜਿਨ੍ਹਾਂ ਵਿੱਚ ਉਮਰ ਅਤੇ ਲਿੰਗ ਦਾ ਲਿਹਾਜ਼ ਵੀ ਨਹੀਂ ਸੋਚਦੇ। ਇਹ ਸਭ ਅਸੀਂ ਹੀ ਉਨ੍ਹਾਂ ਨੂੰ ਵਿਰਾਸਤ ਵਿੱਚ ਦੇ ਰਹੇ ਹਾਂ। ਹੁਣ ਜਦੋਂ ਅਸੀਂ ਰਿਸ਼ਤਿਆਂ ਦਾ ਵਪਾਰੀਕਰਨ ਕਰੀ ਜਾ ਰਹੇ ਹਾਂ ਤਾਂ ਭਵਿੱਖ ਵਿੱਚ ਅਜਿਹੇ ਰਿਸ਼ਤਿਆਂ ਤੋਂ ਸਾਰਥਿਕਤਾ ਅਤੇ ਪਕਿਆਈ ਦੀ ਉਮੀਦ ਰੱਖਣੀ ਸਰਾਸਰ ਪਾਗਲਪਣ ਹੈ।

ਜੇਕਰ ਗੱਲ ਕਰੀਏ ਅਪ੍ਰਵਾਨਿਤ ਰਿਸ਼ਤਿਆਂ ਦੀ ਜਿਨ੍ਹਾਂ ਨੂੰ ਤੁਸੀਂ ਚੋਰੀ- ਯਾਰੀ ਦੇ ਰਿਸ਼ਤੇ ਆਖ ਸਕਦੇ ਹੋ ਤਾਂ ਸਾਡੇ ਸਮਾਜ ਵਿੱਚ ਇਨ੍ਹਾਂ ਰਿਸ਼ਤਿਆਂ ਦਾ ਹੜ੍ਹ ਜਿਹਾ ਆਇਆ ਪਿਆ ਹੈ। ਇਹ ਹੜ੍ਹ ਪਤਾ ਹੀ ਨਹੀਂ ਆਪਣੇ ਅੰਦਰ ਕਿੰਨੇ ਮਾਸੂਮ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦੀਆਂ ਜਾਨਾਂ ਨੂੰ ਵਹਾ ਕੇ ਲਿਜਾ ਚੁੱਕਾ ਹੈ। ਜੇਕਰ ਇੱਥੇ ਪਿਆਰ ਵਰਗੇ ਸੰਕਲਪ ਦੀ ਇਨ੍ਹਾਂ ਰਿਸ਼ਤਿਆਂ ਦੇ ਸੰਦਰਭ ਵਿੱਚ ਗੱਲ ਕਰਾਂ ਤਾਂ ਵਿਦਿਆਰਥੀ ਵਰਗ ਤੋਂ ਸ਼ੁਰੂ ਹੁੰਦੇ ਪਿਆਰ ਦੇ ਨਾਂ ’ਤੇ ਇਹ ਅਪ੍ਰਵਾਨਿਤ ਰਿਸ਼ਤੇ ਚੇਤਨਾ ਅਤੇ ਅਕਲ ਵਿਹੂਣੇ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਜ਼ਮਾਨੇ ਨੇ ਇਨ੍ਹਾਂ ਰਿਸ਼ਤਿਆਂ ਨੂੰ ਜਿਸਮਾਨੀ ਸਬੰਧਾਂ ਅਤੇ ਟਾਈਮ ਪਾਸ ਕਰਨ ਤੱਕ ਸੀਮਤ ਕਰ ਦਿੱਤਾ ਹੈ। ਦੰਪਤੀ ਜੀਵਨ ਤੇ ਸੋਸ਼ਲ ਮੀਡੀਆ, ਇੰਟਰਨੈੱਟ ਅਤੇ ਆਰਥਿਕ ਮੰਦਹਾਲੀ ਦਾ ਵੀ ਉਪਰੋਕਤ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਹੀ ਤਾਂ ਦੂਜਾ ਰੱਬ ਕਹੀਆਂ ਜਾਣ ਵਾਲੀਆਂ ਮਾਵਾਂ ਪ੍ਰੇਮੀਆਂ ਪਿੱਛੇ ਆਪਣੇ ਬੱਚੇ, ਪਤੀ ਤੇ ਮਾਪਿਆਂ ਤੱਕ ਦੇ ਕਤਲ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ। ਹੁਣ ਜੇਕਰ ਦੇਖਿਆ ਜਾਵੇ ਤਾਂ ਨੌਕਰੀ ਪੇਸ਼ਾ ਮਨੁੱਖ ਨੇ ਰਿਸ਼ਤਿਆਂ ਦੀਆਂ ਨਵੀਆਂ ਤੰਦਾਂ ਸਿਰਜ ਕੇ ਦੋਗਲੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਹੈ। ਬਾਹਰ ਆਉਣ-ਜਾਣ ਕਾਰਨ ਮੁਲਾਕਾਤਾਂ ਦੇ ਸਿਲਸਿਲੇ ਵਧ ਗਏ ਹਨ ਤੇ ਸੋਸ਼ਲ ਮੀਡੀਆ ਨੇ ਇਹ ਪਹੁੰਚ ਹੋਰ ਵੀ ਆਸਾਨ ਬਣਾ ਦਿੱਤੀ ਹੈ। ਕੁੱਲ ਮਿਲਾ ਕੇ ਅਪ੍ਰਵਾਨਿਤ ਰਿਸ਼ਤਿਆਂ ਦੇ ਬਣਨ ਦੇ ਵਸੀਲੇ ਵਧ ਗਏ ਹਨ। ਜਿਸ ਕਾਰਨ ਸਮਾਜਿਕ ਰਿਸ਼ਤਿਆਂ ਦਾ ਤਾਣਾ- ਬਾਣਾ ਜ਼ਰਜ਼ਰਾ ਹੋ ਗਿਆ ਹੈ। ਮਰਦ ਦੀ ਬਰਾਬਰੀ ਕਰਨ ਲਈ ਨਿਕਲੀ ਔਰਤ ਬਰਾਬਰੀ ਦੇ ਚੱਕਰ ਵਿੱਚ ਆਪਣਾ ਔਰਤ ਧਰਮ ਭੁੱਲ ਗਈ ਹੈ, ਜਦੋਂ ਕਿ ਜੇਕਰ ਇਹ ਮਸਲਾ ਬਰਾਬਰੀ ਦਾ ਹੁੰਦਾ ਤਾਂ ਕੁਦਰਤ ਦੋ ਲਿੰਗਾਂ ਦੀ ਸਿਰਜਣਾ ਹੀ ਨਾ ਕਰਦੀ। ਸਮਲਿੰਗੀ ਰਿਸ਼ਤੇ ਕਦੇ ਵੀ ਸਮਾਜ ਸਿਰਜਕ ਨਹੀਂ ਹੋ ਸਕਦੇ ਅਤੇ ਇਸੇ ਲਈ ਇਹ ਨਿਰਾਦਰ ਅਤੇ ਨਮੋਸ਼ੀ ਦੇ ਪਾਤਰ ਬਣੇ ਰਹਿੰਦੇ ਹਨ ।

ਭਾਵੇਂ ਸਮਾਜ ਵਿੱਚ ਗੋਤ, ਜਾਤ, ਬਰਾਦਰੀ ਦੀਆਂ ਕੰਧਾਂ ਢਾਹ ਕੇ ਰਿਸ਼ਤੇ ਅੱਗੇ ਵਧ ਰਹੇ ਹਨ, ਪਰ ਇਹ ਅਪ੍ਰਵਾਨਿਤ ਰਿਸ਼ਤੇ ਮਨੁੱਖੀ ਜ਼ਿੰਦਗੀ ਨੂੰ ਵੀ ਢਾਹ ਲਾ ਰਹੇ ਹਨ। ਇਸ ਦਾ ਮੁੱਖ ਕਾਰਨ ਜੇਕਰ ਦੇਖਿਆ ਜਾਵੇ ਤਾਂ ਅਜੋਕੇ ਮਨੁੱਖ ਨੇ ਰਿਸ਼ਤਿਆਂ ਦਾ ਵਪਾਰੀਕਰਨ ਕਰ ਦਿੱਤਾ ਹੈ ਅਤੇ ਅਗਲੀ ਪੀੜ੍ਹੀ ਨੂੰ ਦਿੱਤਾ ਵਪਾਰੀਕਰਨ ਦਾ ਇਹ ਤੋਹਫ਼ਾ ਜ਼ਿੰਦਗੀ ਦੀ ਡਿੱਕ- ਡੋਲੇ ਖਾਂਦੀ ਮਸ਼ੀਨੀਕਰਨ ਦੀ ਰਫ਼ਤਾਰ ਨੂੰ ਸਹਾਰਾ ਨਹੀਂ ਦੇ ਸਕਦਾ। ਅੱਜ ਦੇ ਸਮੇਂ ਵਿੱਚ ਪਦਾਰਥਵਾਦੀ ਸੋਚ ਅਧੀਨ ਬਣਾਏ ਰਿਸ਼ਤੇ ਪਾਕ ਅਤੇ ਸਕੂਨ ਭਰਪੂਰ ਨਹੀਂ ਹੋ ਸਕਦੇ। ਜੇਕਰ ਅਸੀਂ ਰਿਸ਼ਤਿਆਂ ਵਿੱਚ ਕੁਦਰਤੀ ਮੋਹ- ਪਿਆਰ, ਅਪਣੱਤ ਤੇ ਭਾਵਨਾਵਾਂ ਮਨਫ਼ੀ ਕਰਕੇ ਰਿਸ਼ਤੇ ਜੋੜਾਂਗੇ ਤਾਂ ਇਹ ਸਾਡੀ ਪਹਾੜ ਵਰਗੀ ਜ਼ਿੰਦਗੀ ਨੂੰ ਹਿਮਾਲਾ ਪਰਬਤ ਬਣਾ ਦੇਣਗੇ ਕਿਉਂਕਿ ਸੁਆਰਥ ਲਈ ਜੋੜੇ ਰਿਸ਼ਤਿਆਂ ਵਿੱਚੋਂ ਵਫ਼ਾਦਾਰੀ ਨਹੀਂ ਬਲਕਿ ਖ਼ੁਦਗਰਜ਼ੀ ਤੇ ਬੇਧਿਆਨੀ ਹੀ ਉਪਜਦੀ ਹੈ।

ਸੋ ਲੋੜ ਹੈ ਅਜੋਕੇ ਮਨੁੱਖ ਨੂੰ ਇਨਸਾਨ, ਇਨਸਾਨੀਅਤ, ਭਾਵਨਾਵਾਂ ਤੇ ਰਿਸ਼ਤਿਆਂ ਦੀ ਸਹੀ ਕਦਰ ਕਰਨ ਦੀ। ਨਹੀਂ ਤਾਂ ਰਿਸ਼ਤਿਆਂ ਦੇ ਨਾਲ- ਨਾਲ ਜ਼ਿੰਦਗੀ ਜਿਉਣ ਦਾ ਰਸ ਵੀ ਸਾਡੇ ਤੋਂ ਦੂਰ ਚਲਾ ਜਾਵੇਗਾ ਤੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਸੰਸਾਰ ਪਾਗਲਾਂ ਦਾ ਘਰ ਬਣ ਜਾਵੇਗਾ ਤੇ ਪਾਗਲਖਾਨੇ ਮਨੁੱਖੀ ਜ਼ਿੰਦਗੀ ਦਾ ਸੱਚ। ਜਿਵੇਂ ਕੱਚੀਆਂ ਬੁਨਿਆਦਾਂ ’ਤੇ ਪੱਕੇ ਮਕਾਨ ਨਹੀਂ ਬਣਦੇ, ਉਵੇਂ ਹੀ ਮਤਲਬ ਨਾਲ ਜੁੜੇ ਰਿਸ਼ਤੇ ਹੰਢਣਸਾਰ ਨਹੀਂ ਹੋ ਸਕਦੇ।

 

ਜਸਵਿੰਦਰ ਕੌਰ