"ਬੱਚਾ ਕੱਚੀ ਮਿੱਟੀ ਵਰਗਾ"

ਹਰਫੂਲ ਭੁੱਲਰ ਮੰਡੀ ਕਲਾਂ

ਕੁਦਰਤ ਨੇ ਇਨਸਾਨ ਨੂੰ ਪਹਿਲਾਂ ਬੱਚੇ ਦਾ ਰੂਪ ਦਿੱਤਾ ,ਉਸ ਦਾ ਮਨ ਇਕ ਕੋਰੇ ਕਾਗਜ਼ ਵਾਂਗ ਇਸ ਜੱਗ ਨੂੰ ਦੇ ਦਿੱਤਾ ।ਸਮਾਂ ਨਿਕਲਣ ਦੇ ਨਾਲ ਨਾਲ  ਇਸ ਜੱਗ ਨੇ ਉਸ ਦੇ ਕੋਰੇ ਕਾਗ਼ਜ਼ ਉੱਤੇ ਆਪਣੀ ਛਾਪ ਛੱਡਣੀ ਸ਼ੁਰੂ ਕਰ ਦਿੱਤੀ  ਤੇ ਇਸ ਤੋਂ ਬਾਅਦ ਹੀ ਅੱਗੇ  ਚੰਗੇ ਮਾੜੇ ਇਨਸਾਨ ਬਣਨ ਦਾ  ਰਾਹ ਸ਼ੁਰੂ ਹੋ ਜਾਂਦਾ ਹੈ  ,ਤੇ ਇਸੇ ਰਾਹ ਉੱਤੇ ਚਲਦੇ ਹੋਏ  ਕਦੇ ਉਹ ਕੁਦਰਤ ਦਾ ਬਣ ਜਾਂਦਾ ਹੈ  ਤੇ ਕਦੇ ਕੁਦਰਤ ਤੋਂ ਬਾਹਰ ਹੋ ਕੇ  ਕੁਝ ਸਮੇਂ ਲਈ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈ ਪਰ ਉਸ ਦੀ ਇਹ ਆਜ਼ਾਦੀ  ਜਦੋਂ ਉਸ ਉੱਤੇ ਹੀ ਭਾਰੀ ਪੈ ਜਾਂਦੀ ਹੈ  ਤਦ ਉਹ ਮੁੜ ਦੁਬਾਰਾ  ਕੁਦਰਤ ਦੀ ਬੁੱਕਲ ਵਿੱਚ  ਆ ਖਲੋਂਦਾ ਹੈ  ।

                                                 *ਜੇ ਝੋਲੀ ਵੱਡੀ ਅੱਡੋਗੋ...ਤਾਂ ਹੀ,*

                                                 *ਦਾਤਾਂ ਵੱਡੀਆਂ ਮਿੱਲਣਗੀਆਂ!*

    ਬੱਚਿਆਂ ਵਾਂਗ ਹੱਸਣਾ, ਕਵੀਆਂ ਵਾਂਗ ਮਹਿਸੂਸ ਕਰਨਾ ਅਤੇ ਬਜ਼ੁਰਗਾਂ  ਵਾਂਗ ਸੋਚਣਾ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾਂ ਹੈ। ਬਚਪਨ ਦੁਬਾਰਾ ਕਿੱਥੇ ਲੱਭ ਦੈ, ਇਸ ਮਾਸੂਮੀਅਤ ਵਿਚ ਚੰਦ ਮਾਮਾ ਹੁੰਦਾ, ਮਿੱਟੀ ਮਾਂ ਹੁੰਦੀ ਸੀ, ਕੋਠੇ ਮੋਰ ਹੁੰਦਾ ਸੀ, ਚਿੱੜੀ ਉੱਡ ਕਾਂ ਉੱਡ ਹੁੰਦਾ ਸੀ ਹੋਰ ਪਤਾ ਨਹੀਂ ਕੀ-ਕੀ ਹੁੰਦਾ ਸੀ, ਹੁਣ ਤੇ ਦਿਮਾਗ਼ਾਂ ਦੀਆਂ ਚੁਸਤ-ਚਲਾਕੀਆਂ ਦੇਖ ਮਨ ਪ੍ਰੇਸ਼ਾਨ ਜਾ ਰਹਿੰਦਾ, ਅਸਲ ਵਿਚ ਬਚਪਨ ਦੀ ਉਮਰ ਹੀ ਅਸਲ ਸ਼ਾਹੀ ਉਮਰ ਹੁੰਦੀ ਹੈ।      

ਮੈਂ ਕਈਆਂ ਨੂੰ ਕਹਿੰਦੇ ਸੁਣਿਆ ਕਿ 'ਬੱਚਾ ਕੱਚੀ ਮਿੱਟੀ ਵਰਗਾ ਹੁੰਦਾ ਹੈ', ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਨਾਂਹੀ ਹੁਣ ਇਹ ਗੱਲ ਹਾਜ਼ਮ ਆਉਂਦੀ ਹੈ...ਕਿਉਂਕਿ ਕੱਚੀ ਮਿੱਟੀ ਇੱਕ ਬੇਜ਼ਾਨ ਪਦਾਰਥ ਹੈ, ਜਿਸਨੂੰ ਘੁਮਿਆਰ ਗੁੰਨਕੇ ਮਨ ਮਰਜ਼ੀ ਦੀ ਸ਼ਕਲ-ਸੂਰਤ ਦੇ ਸਕਦਾ ਹੈ। ਪਰ... ਦੂਜੇ ਪਾਸੇ ਬੱਚਿਆਂ ਅੰਦਰ ਜੀਵਨ, ਦਿਮਾਗ਼, ਭਵਿੱਖ, ਸੋਚ ਤੇ ਉਮੀਦਾਂ ਹੁੰਦੀਆਂ ਹਨ, ਸੋ ਬੱਚੇ ਦੁਨੀਆਂ ਵਿਚ ਵਿੱਚਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਆਪ ਕਰ ਸਕਦੇ ਹਨ। ਕਦੇਂ ਸਾਂਝੇ ਪਰਿਵਾਰਾਂ ਵਿਚ ਬੱਚਿਆਂ ਨੂੰ ਸੰਸਕਾਰਾਂ ਦਾ ਭੰਡਾਰ ਮਿਲਦਾ ਸੀ। ਹੁਣ ਸੰਯੁਕਤ ਪਰਿਵਾਰਾਂ ਦਾ ਤਾਂ ਤਕਰੀਬਨ ਭੋਗ ਹੀ ਪੈ ਚੁੱਕਿਆ ਹੈ। ਸੋ ਇਸ ਕਰਕੇ ਹੁਣ ਮਾਂ-ਬਾਪ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਕਈ ਗੁਣਾਂ ਵੱਧ ਗਈ ਹੈ। ਸਮੇਂ ਦੀ ਕਾਂਗਿਆਰੀ ਤੋਂ ਬੱਚਿਆਂ ਨੂੰ ਬਚਾਉਂਣ ਲਈ ਆਪਣੇ ਤਨ ਦੀ ਛੱਤਰੀ ਤਾਣੋਂ ਸੱਜਣ ਜੀ, ਇਹਨਾਂ ਨਾਲੋਂ ਮਹਿੰਗੀ ਸੌਗਾਤ ਕੋਈ ਹੋਰ ਨਹੀਂ...

ਅੱਜ ਦੇ ਦਿਨ ਪਿਆਰ ਦੇ ਰੰਗਾਂ ਵਿਚ ਰੰਗੇ ਦੁਨੀਆਂ ਤੋਂ ਬੇਖ਼ਬਰ ਬੱਚੇ ਮੈਨੂੰ ਤਾਂ ਬਹੁਤ ਪ੍ਰਸੰਨ ਕਰਦੇ ਨੇ ਕਿਉਂਕਿ ਇਨ੍ਹਾਂ ਦਾ ਪਿਆਰ ਕਿਸੇ ਨੇਮ , ਧਰਮ ਜਾਂ ਕਾਨੂੰਨ ਨਹੀਂ ਮੰਨਦਾ ।ਬਚਪਨ ਦੇ ਪਿਆਰ ਵਿਚ ਮਾਰੂ ਬਹਿਸ ਸੰਭਵ ਨਹੀਂ ਹੁੰਦੀ , ਏਥੇ ਇਕ-ਦੂਜੇ ਨਾਲੋਂ ਵੱਧ ਚੜ੍ਹ ਕੇ ਸਹਿਮਤ ਹੋਣ ਦੀ ਜੱਦੋ-ਜਹਿਦ ਹੁੰਦੀ ਹੈ । ਉਮਰ ਕੋਈ ਵੀ ਹੋਵੇ ਮਨ ਤਾਂ ਪਿਆਰ ਲਈ ਸਦਾ ਹੀ ਵਿਲ੍ਹਕਦਾ ਹੈ । ਪਿਆਰ ਕਰਨ ਨਾਲ ਸਾਨੂੰ ਜੀਵਨ ਜਿਊਣ ਦੀ ਜਾਚ ਆਉਂਦੀ ਹੈ , ਦੁਆ ਹੈ ਹਰ ਜਿਊਂਦੇ ਜੀਅ ਨੂੰ ਪਿਆਰ ਕਰਨ ਦਾ ਸੁਚੱਜ ਤੇ ਢੰਗ ਆਵੇ । ਮੰਨਿਆ ਬੱਚਿਆਂ ਦਾ ਗਿਆਨ ਡੂੰਘਾ ਨਹੀਂ ਹੁੰਦਾ ਪਰ ਪਿਆਰ ਦੀ ਕੋਈ ਕੋਈ ਸੀਮਾ ਨਹੀਂ ਹੁੰਦੀ ।

ਮੈਂ ਸੋਚਦਾ ਵੱਡੇ ਹੋ ਕੇ ਆਪਣੇ-ਆਪ ਨੂੰ ਸਭ ਤੋਂ ਸਿਆਣਾ ਸਮਝ ਕੇ ਪਤਾ ਨਹੀਂ ਸਾਨੂੰ ਕੀ ਕੌਹੜ ਚਲਦਾ ਹੈ, ਅਸੀਂ ਬਿਨਾਂ ਕਾਰਨ ਹੀ ਦੂਜਿਆਂ ਨੂੰ ਆਪਣੇ ਦੁਸ਼ਮਣ ਖੁਦ ਹੀ ਮਿੱਥ ਲੈਂਦੇ ਹਾਂ ! ਹਰ ਸਮੇਂ ਪਿਆਰ ਦੇ ਰੰਗਾਂ ਨੂੰ ਸੁੱਟ ਕੇ , ਸਿਕਵੇ ਸ਼ਿਕਾਇਤਾਂ ਹੀ ਕੁੱਛੜ ਚੁੱਕੀ ਫਿਰਦੇ ਹਾਂ , ਕਿਨਾਂ ਚੰਗਾ ਹੋਵੇ ਜੇ ਸਾਡੇ ਹੱਥਾਂ ਵਿਚ ਵੀ ਪਿਆਰ ਦੇ ਰੰਗਾਂ ਨਾਲ ਭਰੀਆਂ ਪਿੰਚਕਾਰੀਆਂ ਹੋਣ 'ਤੇ ਪੂਰੇ ਸੰਸਾਰ ਨੂੰ ਮੁਹੱਬਤ ਦੇ ਰੰਗਾਂ ਵਿਚ ਰੰਗ ਦੇਈਏ !ਅਧਿਕ ਪੂਜਾ-ਪਾਠ , ਵਧੇਰੀਆਂ ਅਰਦਾਸਾਂ ਕਰਨੀਆਂ ਕੋਈ ਸ਼ੁਭ ਸਗਨ ਨਹੀਂ , ਨਾਹੀ ਸਾਡੇ ਧਾਰਮਿਕ ਹੋਣ ਦਾ ਪ੍ਰਮਾਣ ਹੈ , ਸਗੋਂ ਸਾਡੀਆਂ ਕੀਤੀਆਂ ਕਾਲੀਆਂ ਕਰਤੂਤਾਂ ਕਰਕੇ ਸਾਡੇ ਵਧੇਰੇ ਡਰੇ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ । ਸੱਚਿਆਂ ਦੀ ਨੀਂਦ ਰੱਬ ਵੀ ਨਹੀਂ ਚੁਰਾ ਸਕਦਾ ਜੀ , ਉਨ੍ਹਾਂ ਦੀ ਸਦਾ ਹੋਲੀ , ਲੋਹੜੀ ਤੇ ਦੀਵਾਲੀ ਹੁੰਦੀ ਹੈ..ਅਜਿਹਾ ਸੁਭਾਅ ਵੀ ਉਸ ਕੁਦਰਤ ਦੀ ਦੇਣ ਹੈ ਜਿੱਥੇ ਉਸ ਕੋਰੇ ਕਾਗਜ਼ ਉੱਤੇ  ਕੇਵਲ ਸੱਚ ਤੇ ਹਰਫਾਂ  ਦੀ ਬਰਸਾਤ ਹੋਈ ਹੁੰਦੀ ਹੈ ।