ਭਾਈ ਅੰਮ੍ਰਿਤਪਾਲ ਸਿੰਘ ਪਿਛੇ ਭਾਜਪਾ ਦੀ ਹਿੰਦੂਤਵੀ ਸਿਆਸਤ ਤੇ ਪੰਥਕ ਜਜਬੇ ਉਤੇ ਫਾਸ਼ੀਵਾਦੀ ਹਮਲਾਵਰ ਨੀਤੀ
ਜਲੰਧਰ ਚੋਣ ਜਿਤਣ ਲਈ ਕੇਂਦਰ ਸਰਕਾਰ ਨੇ ਖੇਡਿਆ ਸੀ ਡਰਾਮਾ
ਜੇ ਭਾਜਪਾ ਅੰਦਰਲੇ ਸੂਤਰਾਂ ਉਤੇ ਯਕੀਨ ਕੀਤਾ ਜਾਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਬਹਾਨੇੇ ਪੰਥਕ ਜਜਬੇ ਉਤੇ ਕੀਤੇ ਗਏ ਏਡੇ ਵੱਡੇ ਹਮਲੇ ਦਾ ਇਕ ਕਾਰਨ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਜਿਤਣ ਲਈ ਪੰਜਾਬ ਦੇ ਹਿੰਦੂ ਸਿਖ ਵੋਟਰਾਂ ਦੀ ਪਾਲਾਬੰਦੀ ਕਰਨਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਜਲੰਧਰ ਲੋਕ ਸਭਾ ਹਲਕੇ ਵਿਚ ਪੈਂਦੇ ਸ਼ਾਹਕੋਟ ਵਿਚ ਘੇਰਨਾ ਅਤੇ ਜਲੰਧਰ ਪੁਲਿਸ ਨੂੰ ਹਰਕਤ ਵਿਚ ਲਿਆਉਣਾ ਇਸੇ ਲੜੀ ਵਿਚ ਜੁੜਦੇ ਹਨ। ਭਾਜਪਾ ਵਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਣ ਲਈ ਸਿਖ ਉਮੀਦਵਾਰ ਦੀ ਚੋਣ ਵੀ ਇਹ ਸੋਚ ਕੇ ਕੀਤੀ ਗਈ ਹੈ ਕਿ ਜੇ ਉਹ ਥੋੜੀ ਜਿਹੀ ਸਿਖ ਵੋਟ ਵੀ ਆਪਣੇ ਹਕ ਵਿਚ ਭੁਗਤਾ ਗਿਆ, ਤਾਂ ਉਹ ਬਾਕੀ ਹਿੰਦੂ ਵੋਟਰਾਂ ਦੇ ਸਿਰ ਉਤੇ ਚੋਣ ਜਿਤ ਜਾਏਗਾ। ਕੁਝ ਲੋਕਾਂ ਦੀ ਪਹਿਲਾਂ ਇਹ ਸੋਚ ਬਣੀ ਸੀ ਕਿ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਲਈ ਸ਼ਾਇਦ ਭਾਜਪਾ ਅਖੀਰਲੇ ਮੌਕੇ ਆਪ ਦੇ ਉਮੀਦਵਾਰ ਨੂੰ ਵੋਟਾਂ ਪੁਆ ਦੇਵੇਗੀ ਪਰ ਭਾਜਪਾ ਅੰਦਰਲੇ ਸੂਤਰ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰੀ ਹਨ। ਉਹ ਬੜੇ ਜੋਰ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਉਹ ਹਰ ਹਾਲਤ ਵਿਚ ਜਲੰਧਰ ਲੋਕ ਸਭਾ ਦੀ ਚੋਣ ਜਿਤਣਗੇ। ਇਸ ਜਿਤ ਲਈ ਨਾ ਉਨ੍ਹਾਂ ਕੋਲ ਪੈਸੇ ਦੀ ਘਾਟ ਹੈ ਅਤੇ ਨਾ ਸਾਧਨਾਂ ਦੀ। ਪਰਵਾਸੀ ਮਜ਼ਦੂਰਾਂ ਦੀ ਖਰੀਦੋ ਫਰੋਖਤ ਦੇ ਦੋਸ਼ ਵਿਰੋਧੀ ਧਿਰਾਂ ਵਲੋਂ ਲਗਾਏ ਜਾ ਰਹੇ ਹਨ।ਸਿਆਸੀ ਮਾਹਿਰ ਆਖਦੇ ਹਨ ਕਿ ਇਹ ਚੋਣ ਬਹੁਤ ਮਹਿੰਗੀ ਹੋਵੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੀ ਜਿਤ ਦਾ ਮਤਲਬ 2024 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ਦੀ ਜਿਤ ਹੈ। 2024 ਦੀਆਂ ਲੋਕ ਸਭਾ ਚੋਣਾਂ ਲਈ ਇਕ-ਇਕ ਸੀਟ ਨੂੰ ਲੈ ਕੇ ਤਿਆਰੀ ਕਰ ਰਹੀ ਭਾਜਪਾ ਕੋਲੋ ਕਿਸੇ ਵੀ ਅਜਿਹੀ ਹਰਕਤ ਦੀ ਆਸ ਕੀਤੀ ਜਾ ਸਕਦੀ ਹੈ।
ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ਵੀ ਇਸੇ ਲੜੀ ਦੀ ਇਕ ਕੜੀ ਜਾਪਦੀ ਹੈ। ਪਰਿਵਾਰ ਬਾਰੇ ਕੁਝ ਕਹਿਣ ਤੋਂ ਬਚਦੇ ਹੋਏ, ਇਸ ਘਟਨਾ ਬਾਰੇ ਇਕ ਗੱਲ ਬੜੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਭਾਜਪਾ ਦੇ ਮੀਡੀਏ ਤੇ ਟਰੋਲ ਆਰਮੀ ਨੇ ਜਿਵੇਂ ਇਸ ਘਟਨਾ ਨੂੰ ਲੈ ਕੇ ਸਿਖ ਪੰਥ ਨੂੰ ਜਲੀਲ ਕੀਤਾ ਹੈ ਅਤੇ ਜਿਵੇਂ ਹਿੰਦੂ ਸਿਖ ਪਾੜਾ ਪਾਉਣ ਦਾ ਯਤਨ ਕੀਤਾ ਗਿਆ ਹੈ, ਉਹ ਇਸ ਬਾਰੇ ਕੋਈ ਸ਼ਕ ਨਹੀਂ ਰਹਿਣ ਦੇਂਦੇ ਕਿ ਉਹ ਪਹਿਲਾਂ ਤੋਂ ਹੀ ਇਸ ਘਟਨਾ ਦੇ ਵਾਪਰਨ ਦੀ ਇੰਤਜਾਰ ਕਰ ਰਹੇ ਸਨ।
ਕਮੇਟੀ ਵਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਜਿਵੇਂ ਇਸ ਪਰਿਵਾਰ ਨੂੰ ਸਤ-ਅੱਠ ਹੋਰ ਬੰਦਿਆਂ ਨੇ ਘੇਰਿਆ ਹੋਇਆ ਹੈ, ਉਹ ਇਸ ਸ਼ੱਕ ਦੀ ਪੁਸ਼ਟੀ ਕਰਦੇ ਹਨ। ਫਿਰ ਬਿਨਾਂ ਕਿਸੇ ਸ਼ਰਾਰਤੀ ਅਨਸਰ ਦੇ ਇਹੋ ਜਿਹੀ ਮਾਸੂਮ ਕੁੜੀ ਦਾ ਸਿਖ ਪੰਥ ਨੂੰ ਚਿੜਾਉਣ ਲਈ ਆਪਣੀ ਗੱਲ੍ਹ ਉਤੇ ਤਿਰੰਗਾ ਝੰਡਾ ਬਣਾਉਣ ਦਾ ਖਿਆਲ ਕਦੀ ਉਸਦੇ ਚਿਤ-ਚੇਤੇ ਵਿਚ ਵੀ ਨਹੀਂ ਆ ਸਕਦਾ।
ਗੁਰਬਚਨ ਸਿੰਘ
Comments (0)