ਪਾਕਿ 'ਚ ਨਾਮਣਾ ਖੱਟਣ ਵਾਲੇ ਹਿੰਦੂਆਂ ਦੀ ਅਬਾਦੀ ਘਟੀ

ਪਾਕਿ 'ਚ ਨਾਮਣਾ ਖੱਟਣ ਵਾਲੇ ਹਿੰਦੂਆਂ ਦੀ ਅਬਾਦੀ ਘਟੀ

*ਸੰਨ 1947 ਵੇਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 15% ਸੀ ਜੋ ਹੁਣ 2% ਤੋਂ ਵੀ ਘੱਟ ਰਹਿ ਗਈ

-ਬਲਰਾਜ ਸਿੱਧੂ ਐੱਸਪੀ

-ਮੋਬਾਈਲ ਨੰ. : 95011-00062

ਸੰਨ 1947 ਵੇਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ 15% ਸੀ ਜੋ ਹੁਣ 2% ਤੋਂ ਵੀ ਘੱਟ ਰਹਿ ਗਈ ਹੈ। ਉੱਥੇ ਹਿੰਦੂਆਂ ਦੀ ਜ਼ਬਰੀ ਧਰਮ ਤਬਦੀਲੀ ਕਰਵਾਈ ਜਾਂਦੀ ਹੈ, ਹਿੰਦੂ ਮੁਟਿਆਰਾਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਵਿਆਹ ਕਰਵਾਏ ਜਾਂਦੇ ਹਨ।ਇਹੀ ਨਹੀਂ, ਹਿੰਦੂਆਂ 'ਤੇ ਇਸਲਾਮ ਧਰਮ ਦੀ ਨਿੰਦਾ ਆਦਿ ਦੇ ਝੂਠੇ ਮੁਕੱਦਮੇ ਦਰਜ ਕਰਨ ਸਮੇਤ ਅਨੇਕ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਹਨ। ਇਨ੍ਹਾਂ ਕਾਰਨਾਂ ਕਾਰਨ ਹੀ ਪਾਕਿਸਤਾਨ ਤੋਂ ਹਰ ਸਾਲ ਹਜ਼ਾਰਾਂ ਹਿੰਦੂ ਭਾਰਤ ਅਤੇ ਪੱਛਮੀ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਸੰਨ 1998 ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ 'ਚ ਹਿੰਦੂਆਂ ਦੀ ਗਿਣਤੀ 24 ਲੱਖ ਦੇ ਲਗਪਗ ਸੀ। ਇਹ ਤਾਂ ਸੀ ਸਿੱਕੇ ਦਾ ਇਕ ਪਹਿਲੂ।

ਨੋਬਲ ਸ਼ਾਂਤੀ ਪੁਰਸਕਾਰ ਤੇ ਖ਼ੁਰਾਕ ਸੁਰੱਖਿਆ

ਦੂਜਾ ਪਹਿਲੂ ਇਹ ਹੈ ਕਿ ਪਾਕਿਸਤਾਨ ਵਿਚ ਕਈ ਹਿੰਦੂਆਂ ਨੇ ਚੰਗਾ ਨਾਂ ਕਮਾਉਂਦੇ ਹੋਏ ਸਮਾਜ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਪੇਸ਼ ਹੈ ਪਾਕਿਸਤਾਨ ਉਨ੍ਹਾਂ ਹਿੰਦੂ ਸ਼ਖ਼ਸੀਅਤਾਂ ਦਾ ਵੇਰਵਾ ਜਿਨ੍ਹਾਂ ਨੇ ਚੰਗਾ ਨਾਮਣਾ ਖੱਟਿਆ ਹੈ।ਮਈ 2020 ਵਿਚ ਰਾਹੁਲ ਦੇਵ ਭੀਲ ਪਾਕਿਸਤਾਨੀ ਹਵਾਈ ਸੈਨਾ ਵਿਚ ਬਤੌਰ ਪਾਇਲਟ ਭਰਤੀ ਹੋਣ ਵਾਲਾ ਪਹਿਲਾ ਹਿੰਦੂ ਬਣ ਗਿਆ ਹੈ। ਸਿੰਧ ਦੇ ਜ਼ਿਲ੍ਹੇ ਥਰਪਾਰਕਰ ਦੇ ਭੰਗਾ ਪਿੰਡ ਦੇ ਰਹਿਣ ਵਾਲੇ ਰਾਹੁਲ ਦੇਵ ਦੇ ਪਿਤਾ ਦਾ ਨਾਮ ਸਵਰਗੀ ਤੇਜਮੱਲ ਭੀਲ ਹੈ ਅਤੇ ਉਹ ਇਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।ਇਸੇ ਤਰ੍ਹਾਂ ਰਾਣਾ ਚੰਦਰ ਸਿੰਘ ਪਾਕਿਸਤਾਨ ਦਾ ਪ੍ਰਸਿੱਧ ਸਿਆਸਤਦਾਨ ਅਤੇ ਸਿੰਧ ਸੂਬੇ ਦੀ ਰਿਆਸਤ ਉਮਰਕੋਟ ਦਾ 25ਵਾਂ ਜਾਗੀਰਦਾਰ ਸੀ। ਉਹ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਜ਼ੁਲਿਫਕਾਰ ਅਲੀ ਭੁੱਟੋ ਅਤੇ ਬੇਨਜ਼ੀਰ ਭੁੱਟੋ ਦੀ ਪੀਪਲਜ਼ ਪਾਰਟੀ ਵੱਲੋਂ 1977 ਤੋਂ 1999 ਤਕ ਲਗਾਤਾਰ 7 ਵਾਰ ਐੱਮਪੀ ਚੁਣਿਆ ਗਿਆ ਸੀ ਅਤੇ ਖੇਤੀਬਾੜੀ, ਮਾਲ ਮਹਿਕਮਾ, ਸਾਇੰਸ ਅਤੇ ਟੈਕਨੋਲੌਜੀ ਆਦਿ ਅਹਿਮ ਮਹਿਕਮਿਆਂ ਦਾ ਮੰਤਰੀ ਰਿਹਾ। ਇਕ ਅਗਸਤ 2009 ਨੂੰ 78 ਸਾਲ ਦੀ ਉਮਰ ਵਿਚ ਅਧਰੰਗ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਦਾ ਬੇਟਾ ਰਾਣਾ ਹਮੀਰ ਸਿੰਘ ਵੀ 1990 ਤੋਂ ਲਗਾਤਾਰ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਸਿੰਧ ਦਾ ਐੱਮਐੱਲਏ ਚੱਲਿਆ ਆ ਰਿਹਾ ਹੈ ਅਤੇ 1993 ਵਿਚ ਕੈਬਨਿਟ ਮੰਤਰੀ ਵੀ ਰਿਹਾ।ਰਾਣਾ ਭਗਵਾਨ ਦਾਸ ਦਾ ਪੂਰਾ ਨਾਮ ਰਾਣਾ ਬਾਹੂਬਲੀ ਭਗਵਾਨ ਦਾਸ ਹੈ ਅਤੇ ਉਸ ਦਾ ਜਨਮ 20 ਦਸੰਬਰ 1942 ਨੂੰ ਸਿੰਧ ਸੂਬੇ ਦੇ ਨਸੀਰਾਬਾਦ ਸ਼ਹਿਰ ਵਿਖੇ ਇਕ ਸਿੰਧੀ ਰਾਜਪੂਤ ਪਰਿਵਾਰ ਵਿਚ ਹੋਇਆ। ਉਸ ਨੇ ਲਾਅ ਦੀ ਪੜ੍ਹਾਈ ਕੀਤੀ ਹੋਈ ਸੀ ਜਿਸ ਕਾਰਨ 1967 ਵਿਚ ਉਹ ਮੈਜਿਸਟ੍ਰੇਟ ਚੁਣਿਆ ਗਿਆ। ਕੁਝ ਸਾਲਾਂ ਵਿਚ ਹੀ ਉਹ ਸੈਸ਼ਨ ਜੱਜ ਬਣ ਗਿਆ ਅਤੇ 1994 ਵਿਚ ਸਿੰਧ ਹਾਈ ਕੋਰਟ 'ਚ ਜੱਜ ਨਿਯੁਕਤ ਹੋ ਗਿਆ। ਸੰਨ 2000 ਵਿਚ ਉਹ ਸੁਪਰੀਮ ਕੋਰਟ ਦਾ ਜੱਜ ਬਣ ਗਿਆ। ਉਸ ਵੇਲੇ ਪਾਕਿਸਤਾਨ ਵਿਚ ਪਰਵੇਜ਼ ਮੁਸ਼ੱਰਫ ਦਾ ਰਾਜ ਸੀ।

ਨੌਂ ਮਾਰਚ 2007 ਨੂੰ ਰਾਸ਼ਟਰਪਤੀ ਮੁਸ਼ੱਰਫ ਨੇ ਚੀਫ ਜਸਟਿਸ ਇਫਤਿਖਾਰ ਮੁਹੰਮਦ ਚੌਧਰੀ ਨੂੰ ਡਿਸਮਿਸ ਕਰ ਦਿੱਤਾ ਤਾਂ ਸੀਨੀਅਰ ਹੋਣ ਕਾਰਨ ਰਾਣਾ ਭਗਵਾਨ ਦਾਸ ਪਾਕਿਸਤਾਨ ਦਾ ਐਕਟਿੰਗ ਚੀਫ ਜਸਟਿਸ ਬਣ ਗਿਆ ਅਤੇ 20 ਜੁਲਾਈ 2007 ਤਕ ਇਸ ਪਦਵੀ 'ਤੇ ਰਿਹਾ। ਉਹ ਇਸ ਪਦਵੀ ਤਕ ਪਹੁੰਚਣ ਵਾਲਾ ਪਹਿਲਾ ਹਿੰਦੂ ਜੱਜ ਹੈ। ਦਸੰਬਰ 2007 'ਚ ਉਹ ਰਿਟਾਇਰ ਹੋ ਗਿਆ ਅਤੇ 23 ਫਰਵਰੀ 2015 ਨੂੰ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ।ਦਾਨਿਸ਼ ਪ੍ਰਭਸ਼ੰਕਰ ਕਨੇਰੀਆ ਉਰਫ ਦਾਨਿਸ਼ ਕਨੇਰੀਆ ਦਾ ਜਨਮ 16 ਦਸੰਬਰ 1980 ਨੂੰ ਕਰਾਚੀ ਦੇ ਇਕ ਮੱਧ ਵਰਗੀ ਗੁਜਰਾਤੀ ਪਰਿਵਾਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਮ ਪ੍ਰਭਸ਼ੰਕਰ ਭਾਈ ਲਾਲਜੀ ਭਾਈ ਕਨੇਰੀਆ ਅਤੇ ਮਾਤਾ ਦਾ ਨਾਂ ਬਬੀਤਾ ਬੇਨ ਹੈ।ਉਸ ਦੀ ਪੜ੍ਹਾਈ ਸੇਂਟ ਪੈਟਰਿਕ ਹਾਈ ਸਕੂਲ ਅਤੇ ਸਰਕਾਰੀ ਇਸਲਾਮੀਆ ਕਾਲਜ ਕਰਾਚੀ ਤੋਂ ਹੋਈ। ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕੀਨ ਕਨੇਰੀਆ 1998 ਤੋਂ ਫਸਟ ਕਲਾਸ ਕ੍ਰਿਕਟ ਖੇਡਣ ਲੱਗ ਪਿਆ ਸੀ ਅਤੇ ਜਲਦੀ ਹੀ ਆਲ ਰਾਊਂਡਰ ਖਿਡਾਰੀ ਵਜੋਂ ਸੰਨ 2000 ਵਿਚ ਪਾਕਿਸਤਾਨ ਦੀ ਕੌਮੀ ਟੀਮ ਲਈ ਚੁਣ ਲਿਆ ਗਿਆ।ਉਹ ਆਪਣੇ ਮਾਮੇ ਦੇ ਪੁੱਤਰ ਅਨਿਲ ਦਲਪਤ ਤੋਂ ਬਾਅਦ ਪਾਕਿਸਤਾਨੀ ਕੌਮੀ ਟੀਮ ਲਈ ਖੇਡਣ ਵਾਲਾ ਦੂਸਰਾ ਹਿੰਦੂ ਖਿਡਾਰੀ ਹੈ।ਦਲਪਤ ਨੇ ਵੀ ਕੁਝ ਮੈਚਾਂ ਵਿਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ। ਕਨੇਰੀਆ ਲਗਤਾਰ ਦਸ ਸਾਲ ਪਾਕਿਸਤਾਨ ਦੀ ਟੀਮ ਵੱਲੋਂ ਖੇਡਦਾ ਰਿਹਾ। ਉਸ ਦੀ ਗੁਗਲੀ ਬਹੁਤ ਘਾਤਕ ਸੀ ਅਤੇ ਉਹ ਵਸੀਮ ਅਕਰਮ, ਵੱਕਾਰ ਯੂਨਿਸ ਅਤੇ ਇਮਰਾਨ ਖ਼ਾਨ ਤੋਂ ਬਾਅਦ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਹੈ। ਪਾਕਿਸਤਾਨ ਤੋਂ ਇਲਾਵਾ ਉਹ ਇੰਗਲੈਂਡ ਦੇ ਐਸੇਕਸ ਕਾਊਂਟੀ ਕਲੱਬ ਵੱਲੋਂ ਵੀ ਖੇਡਦਾ ਰਿਹਾ ਹੈ ਪਰ 2010 ਵਿਚ ਉਸ 'ਤੇ ਮੈਚ ਫਿਕਸਿੰਗ ਦੇ ਇਲਜ਼ਾਮ ਲੱਗੇ ਅਤੇ ਉਸ 'ਤੇ ਜੀਵਨ ਭਰ ਲਈ ਖੇਡਣ 'ਤੇ ਪਾਬੰਦੀ ਲੱਗ ਗਈ।

ਦੀਪਕ ਪਰਵਾਨੀ ਦਾ ਜਨਮ 1973 ਵਿਚ ਮੀਰਪੁਰ ਖਾਸ (ਸਿੰਧ) ਦੇ ਇਕ ਸਿੰਧੀ ਹਿੰਦੂ ਪਰਿਵਾਰ ਵਿਚ ਹੋਇਆ। ਉਹ ਪਾਕਿਸਤਾਨ ਦਾ ਪ੍ਰਸਿੱਧ ਮਾਡਲ ਅਤੇ ਫੈਸ਼ਨ ਡਿਜ਼ਾਈਨਰ ਹੈ। ਉਸ ਨੇ ਦੁਨੀਆ ਦਾ ਸਭ ਤੋਂ ਵੱਡਾ ਕੁੜਤਾ ਬਣਾਇਆ ਹੈ ਜੋ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਹੈ। ਕੁੜਤੇ ਦੀ ਲੰਬਾਈ 101 ਫੁੱਟ, ਚੌੜਾਈ 60 ਫੁੱਟ ਅਤੇ ਬਾਹਾਂ ਦੀ ਲੰਬਾਈ 57 ਫੁੱਟ ਹੈ ਅਤੇ ਇਸ ਦਾ ਭਾਰ 800 ਕਿੱਲੋ ਹੈ।ਦੀਪਕ ਪਰਵਾਨੀ ਦਾ ਚਚੇਰਾ ਭਰਾ ਨਵੀਨ ਪਰਵਾਨੀ ਪਾਕਿਸਤਾਨ ਦਾ ਅੰਤਰਰਾਸ਼ਟਰੀ ਸਨੂਕਰ ਪਲੇਅਰ ਹੈ ਅਤੇ ਪਾਕਿਸਤਾਨੀ ਟੀਮ ਦੀ 2006 'ਚ ਹੋਈਆਂ ਦੋਹਾ ਏਸ਼ੀਅਨ ਖੇਡਾਂ ਵਿਚ ਪ੍ਰਤੀਨਿਧਤਾ ਕਰ ਚੁੱਕਾ ਹੈ। ਉਹ ਜਾਰਡਨ ਵਿਚ 2006 'ਚ ਹੋਈ ਵਰਲਡ ਚੈਂਪੀਅਨਸ਼ਿਪ ਵਿਚ ਦੂਸਰੇ ਸਥਾਨ 'ਤੇ ਰਿਹਾ ਸੀ।ਰਮੇਸ਼ ਕੁਮਾਰ ਵੰਕਵਾਨੀ ਪੇਸ਼ੇ ਤੋਂ ਡਾਕਟਰ ਹੈ ਅਤੇ ਪਾਕਿਸਤਾਨੀ ਸਿਆਸਤ ਵਿਚ ਕਾਫ਼ੀ ਨਾਂ ਕਮਾ ਰਿਹਾ ਹੈ।ਉਹ ਮੁਸਲਿਮ ਲੀਗ ਪਾਰਟੀ ਵੱਲੋਂ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ 2002 ਵਿਚ ਐੱਮਐੱਲਏ ਅਤੇ 2014 ਵਿਚ ਨਵਾਜ਼ ਸ਼ਰੀਫ ਦੀ ਪਾਰਟੀ ਵੱਲੋਂ ਐੱਮਪੀ ਚੁਣਿਆ ਗਿਆ। ਸੰਨ 2018 ਦੀ ਚੋਣ ਵੇਲੇ ਉਹ ਇਮਰਾਨ ਖ਼ਾਨ ਦੀ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਫਿਰ ਐੱਮਪੀ ਚੁਣਿਆ ਗਿਆ। ਇਸ ਵੇਲੇ ਉਹ ਪਾਰਲੀਮੈਂਟ ਦੀ ਅੰਕੜਾ ਕਮੇਟੀ ਦਾ ਚੇਅਰਮੈਨ ਹੈ।ਮਹੇਸ਼ ਕੁਮਾਰ ਮਲਾਨੀ ਜਨਰਲ ਸੀਟ ਤੋਂ ਐੱਮਐੱਲਏ ਅਤੇ ਐੱਮਪੀ ਬਣਨ ਵਾਲਾ ਪਾਕਿਸਤਾਨ ਦਾ ਪਹਿਲਾ ਗ਼ੈਰ ਮੁਸਲਿਮ ਸਿਅਸਤਦਾਨ ਹੈ। ਉਸ ਦਾ ਜਨਮ 24 ਅਕਤੂਬਰ 1962 ਨੂੰ ਸਿੰਧ ਦੇ ਜ਼ਿਲ੍ਹਾ ਥਰਪਾਰਕਰ ਦੇ ਮਿੱਠੀ ਸ਼ਹਿਰ ਵਿਚ ਹੋਇਆ ਸੀ। ਸ਼ੁਰੂ ਤੋਂ ਹੀ ਉਹ ਬੇਨਜ਼ੀਰ ਭੁੱਟੋ ਦੀ ਪੀਪਲਜ਼ ਪਾਰਟੀ ਨਾਲ ਜੁੜਿਆ ਹੋਇਆ ਹੈ। ਸੰਨ 2008 ਵਿਚ ਉਹ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਸਿੰਧ ਅਸੈਂਬਲੀ ਲਈ ਐੱਮਐੱਲਏ ਚੁਣਿਆ ਗਿਆ।

ਸੰਨ 2013 ਵਿਚ ਉਹ ਮਿੱਠੀ ਜਨਰਲ ਹਲਕੇ ਤੋਂ ਦੁਬਾਰਾ ਐੱਮਐੱਲਏ ਚੁਣਿਆ ਗਿਆ। ਸੰਨ 2018 'ਚ ਹੋਈਆਂ ਚੋਣਾਂ ਵੇਲੇ ਉਸ ਨੇ ਥਰਪਾਰਕਰ ਜਨਰਲ ਹਲਕੇ ਤੋਂ ਐੱਮਪੀ ਦੀ ਸੀਟ ਜਿੱਤ ਕੇ ਇਤਿਹਾਸ ਰਚ ਦਿੱਤਾ। ਅਜਿਹਾ ਕਰਨ ਵਾਲਾ ਉਹ ਪਾਕਿਸਤਾਨ ਦਾ ਪਹਿਲਾ ਹਿੰਦੂ ਹੈ। ਉਸ ਤੋਂ ਪਹਿਲੇ ਸਾਰੇ ਹਿੰਦੂ ਸਿਆਸਤਦਾਨ ਘੱਟ ਗਿਣਤੀਆਂ ਲਈ ਰਿਜ਼ਰਵ ਸੀਟਾਂ 'ਤੇ ਹੀ ਜਿੱਤਦੇ ਰਹੇ ਹਨ।