ਅਨੰਦ ਮੈਰਿਜ ਐਕਟ ਦੀ ਨਿਗੂਣੀ ਸੋਧ ਦਾ ਇਤਿਹਾਸਕ ਪੱਖ

ਅਨੰਦ ਮੈਰਿਜ ਐਕਟ ਦੀ ਨਿਗੂਣੀ ਸੋਧ ਦਾ ਇਤਿਹਾਸਕ ਪੱਖ

ਸਿੱਖੀ ਦੇ ਭੇਖ ਵਿਚ ਇਹ ਲਾਲਚੀ, ਚਾਪਲੂਸ, ਸੁਆਰਥੀ ਕੁਰਸੀਆਂ ਅਤੇ ਸੋਹਰਤ ਦੇ ਭੁੱਖੇ, ਜਮੀਰ ਵੇਚਨ ਵਾਲੇ ਹਮੇਸ਼ਾ ਰਹੇ

ਸਿੱਖ ਉਹ ਕੌਮ ਹੈ, ਜਿਸ ਨੂੰ ਇਤਿਹਾਸ ਵਿੱਚ ਕਦੇ ਵੀ ਜਿਸਮਾਨੀ ਤਾਕਤ ਨਾਲ ਨਹੀਂ ਜਿੱਤਿਆ ਜਾ ਸਕਿਆ।ਅੰਗਰੇਜਾਂ ਤੋਂ ਲੈ ਕੇ ਮੁਸਲਮਾਨ ਰਾਜਿਆਂ ਤੱਕ ਇਹ ਸਾਬਿਤ ਹੋ ਚੁੱਕਾ ਹੈ ਕ ਸਿੱਖਾਂ ਨੂੰ ਸਿੱਧੀ ਟੱਕਰ ਲੈ ਕੇ ਨਹੀਂ ਹਰਾਇਆ ਜਾ ਸਕਦਾ। ਪੁਰਾਣੀਆਂ ਉਦਾਹਰਣਾ ਛੱਡ ਕੇ ਅਸੀ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਇਸ ਸਬੰਧ ਵਿੱਚ ਵਾਚਿਆ ਜਾ ਸਕਦਾ ਹੈ।

ਪਰ ਦੂਜੇ ਪਾਸੇ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਸਿੱਖਾਂ ਨੂੰ ਮਾਰ ਪਈ ਹੈ, ਤਾਂ ਉਹ ਆਪਣਿਆ ਤੋਂ ਹੀ ਪਈ ਹੈ। ਆਪਣਿਆ, ਉਨ੍ਹਾਂ ਤੋਂ ਪਈ ਹੈ ਜੋ ਆਪਣੇ ਸੁਆਰਥੀ ਮਤਲਬ ਲਈ ਕੌਮ ਨਾਲ ਗਦਾਰੀ ਕਰਦੇ ਰਹੇ। ਸਿੱਖੀ ਦੇ ਭੇਖ ਵਿਚ ਇਹ ਲਾਲਚੀ, ਚਾਪਲੂਸ, ਸੁਆਰਥੀ ਕੁਰਸੀਆਂ ਅਤੇ ਸੋਹਰਤ ਦੇ ਭੁੱਖੇ, ਜਮੀਰ ਵੇਚਨ ਵਾਲੇ ਹਮੇਸਾਂ ਰਹੇ ਹਨ ਅਤੇ ਅਜੇ ਵੀ ਹਨ।ਸਿੱਖ ਕੌਮ ਨੂੰ ਖਤਰਾ ਕਿਸੇ ਦੁਸਮਣ ਤੋਂ ਨਹੀਂ, ਇਨ੍ਹਾਂ ਵਰਗੇ ਸੁਆਰਥੀਆਂ ਤੋਂ ਹੈ ਜਿਨਾਂ ਸਿੱਖ ਕੌਮ ਦੇ ਦੁਸ਼ਮਣਾ ਦੀ ਕਠਪੁਤਲੀ ਬਣ ਕੇ ਅਹੁਦੇ ਅਤੇ ਸਨਮਾਨ ਪ੍ਰਾਪਤ ਕੀਤੇ ਅਤੇ ਕਰ ਰਹੇ ਹਨ।ਅਸਲੀਅਤ ਇਹ ਹੈ ਕਿ ਸਿੱਖ ਕੌਮ ਦਾ ਦੁਸਮਣ ਉਹ ਕੱਟੜਵਾਦੀ ਸਮੂਹ ਹੈ, ਜੋ ਬਹੁਤ ਸ਼ਾਤਰ ਦਿਮਾਗ ਨਾਲ ਸਿੱਖੀ ਦਾ ਘਾਣ ਕਰਨਾ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਦਿੱਲੀ ਵਿੱਚ ਬੈਠੇ ਕੁਝ ਕੁ ਸਿੱਖੀ ਭੇਖ ਵਿੱਚ ਸਿੱਖ ਨੇਤਾਵਾਂ ਨੂੰ ਦਿਮਾਗੀ ਲੜਾਈ ਵਿਚ ਵਰਤਿਆ ਗਿਆ ਹੈ ਤੇ ਹੁਣ ਵੀ ਵਰਤੇ ਜਾ ਰਹੇ ਹਨ।

ਮੈਂ ਅਜੇਹੇ ਕੁਝ ਲੋਕਾਂ ਦੇ ਸਿੱਖ ਵਿਰੋਧੀ ਕਾਰਨਾਮਿਆਂ ਬਾਰੇ ਸਿੱਖ ਪੰਥ ਨੂੰ ਸਮੇਂ ਸਮੇਂ ਸੁਚੇਤ ਕਰਨ ਦਾ ਯਤਨ ਕਰਦਾ ਰਿਹਾ ਹਾਂ, ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਵੇ, ਅਨੰਦ ਮੈਰਿਜ ਐਕਟ,2009 ਵਿਚ ਕੀਤੀ 2012 ਦੀ ਨਿਗੂਣੀ ਜਿਹੀ ਸੋਧ ਹੋਵੇ, ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਜਾਂ ਫਿਰ ਕਿਸਾਨੀ ਅੰਦੋਲਨ ਹੋਵੇ। ਅਨੰਦ ਮੈਰਿਜ ਐਕਟ, 1909 ਵਿਚ ਕੀਤੀ ਨਿਗੂਣੀ ਜਿਹੀ ਸੋਧ ਦੇ ਅਸਲ ਸੱਚ ਨੂੰ ਛੁਪਾ ਕੇ ਹੁਣ ਤੱਕ ਸਿੱਖਾਂ ਦੇ ਅਖੌਤੀ ਹਿਤੈਸ਼ੀਆਂ ਵੱਲੋਂ ਗੁਮਰਾਹ ਕਰਨ ਦੇ ਬਹੁਤ ਉਪਰਾਲੇ ਕੀਤੇ ਗਏ ਅਤੇ ਹੁਣ ਵੀ ਹੋ ਰਹੇ ਹਨ। ਅੱਜ ਦੇ ਇਸ ਲੇਖ ਵਿੱਚ ਮੈਂ ਸਿਰਫ ਅਨੰਦ ਮੈਰਿਜ ਐਕਟ, 1909 ਵਿੱਚ ਹੋਈ 2012 ਵਿਚ ਸੋਧ  ਦੇ ਇਤਿਹਾਸ ਬਾਰੇ, ਜਿਸ ਬਾਰੇ ਪਿਛਲੇ ਢੇਡ ਦਹਾਕੇ ਤੋਂ ਸਿੱਖ ਪੰਥ ਨੂੰ ਗੁਮਰਾਹ ਕਰਨ ਵਿੱਚ ਕੁਝ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ, ਦਾ ਸੱਚ ਲਿਖ ਰਿਹਾਂ ਹਾਂ। ਅਸਲੀਅਤ ਇਹ ਹੈ ਕਿ 1909 ਵਿੱਚ ਪਾਸ ਹੋਏ ਅਨੰਦ ਮੈਰਿਜ ਐਕਟ ਨਾਲ ਜੋ ਸਿੱਖਾਂ ਦੀ ਸੁਤੰਤਰ ਪਹਿਚਾਣ ਬਣੀ ਸੀ, 2012 ਵਿਚ ਇਸ ਐਕਟ ਵਿੱਚ ਕੀਤੀ ਸੋਧ ਨਾਲ ਉਸ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਉਹ ਸਿੱਖ ਬੁਧੀਜੀਵੀ, ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਵੀ ਹੈ ਅਤੇ ਸਿੱਖੀ ਦਾ ਸੱਚੇ ਦਿਲੋਂ ਹੇਜ ਵੀ, ਜਿਵੇਂ ਕਿ ਸ. ਗੁਰਤੇਜ ਸਿੰਘ, ਸਾਬਕਾ ਆਈ.ਏ.ਐਸ. ਜਿਨ੍ਹਾਂ ਨੇ ਸਿੱਖੀ ਲਈ ਆਪਣੇ ਆਹੁਦੇ ਤੋਂ ਅਸਤੀਫਾ ਦਿੱਤਾ ਸੀ, ਸ. ਹਰਦੀਪ ਸਿੰਘ, ਮੈਂਬਰ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ, ਪ੍ਰੋ. ਜਗਮੋਹਨ ਸਿੰਘ, ਹਿਊਮਨਰਾਈਟਸ ਐਕਟੀਵਿਸਟ ਆਦਿ ਨੇ ਵੀ ਅਨੰਦ ਮੈਰਿਜ ਐਕਟ ਦੀ 2012 ਦੀ ਸੋਧ ਦਾ ਡਟ ਕੇ ਵਿਰੋਧ ਕੀਤਾ ਸੀ। ਅੱਜ ਦਾ ਇਹ ਲੇਖ ਲਿਖਣ ਲਈ ਮੈਂ ਇਸ ਕਰਕੇ ਮਜਬੂਰ ਹਾਂ ਕਿ ਜੇ ਇਸ ਅਸਲ ਸੱਚ ਤੋਂ ਪਾਸਾ ਪਰਤ ਕੇ ਖੁਦ ਨੂੰ ਸਿੱਖਾਂ ਤੇ ਸਿੱਖੀ ਦੇ ਹਿਤੈਸ਼ੀ ਵਜੋਂ ਪਾਰਲੀਮੈਂਟ ਤੱਕ ਹੂਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਅਖੌਤੀ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਸੱਚ ਬਣਾਉਣ ਵਿਚ ਸਫਲ ਹੋ ਗਏ ਤਾਂ ਅਸਲ  ਇਤਿਹਾਸ ਕਦੇ ਸਾਹਮਣੇ ਨਹੀਂ ਆ ਸਕੇਗਾ।

ਜਲੰਧਰ ਸ਼ਹਿਰ ਤੋਂ ਪ੍ਰਕਾਸਿ਼ਤ ਹੁੰਦੇ ਇੱਕ ਪੰਜਾਬੀ ਅਖਬਾਰ ਵਿਚ ਸ. ਤਰਲੋਚਨ ਸਿੰਘ, ਸਾਬਕਾ ਮੈਂਬਰ ਰਾਜ ਸਭਾ ਵੱਲੋਂ ‘ਅਨੰਦ ਮੈਰਿਜ ਐਕਟ ਦਾ ਇਤਿਹਾਸ’ ਸਿਰਲੇਖ ਤਹਿਤ ਮੇਰੇ ਬਾਰੇ ਅਤੇ ਸ. ਸੱਤਿਆਜੀਤ ਸਿੰਘ ਮਜੀਠੀਆ, ਪ੍ਰਧਾਨ, ਖ਼ਾਲਸਾ ਕਾਲਜ ਅੰਮ੍ਰਿਤਸਰ ਬਾਰੇ ਲਿਖਿਆ ਕਿ ਇਨ੍ਹਾਂ ਨੇ ਬਿੱਲ ਦਾ ਪੂਰਾ ਵਿਰੋਧ ਕੀਤਾ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ 2012 ਵਿੱਚ ਅਨੰਦ ਮੈਰਿਜ ਐਕਟ ਦੀ ਹੋਈ ਸੋਧ ਦਾ ਵਿਰੋਧ ਕਰਦਾ ਰਿਹਾ ਹਾਂ। ਅਸਲ ਵਿਚ ਮੈਂ ਅਨੰਦ ਮੈਰਿਜ ਐਕਟ ਦੀ ਇਸ ਨਿਗੁਣੀ ਜਿਹੀ ਸੋਧ ਦੀ ਬਜਾਇ ਸੰਪੂਰਨ ਸਿੱਖ ਮੈਰਿਜ ਐਕਟ` ਬਣਾਉਣ ਦਾ ਹਾਮੀ ਰਿਹਾ ਹਾਂ, ਜਿਸ ਨਾਲ ਸਿੱਖਾ ਨੂੰ ਹਿੰਦੂ ਮੈਰਿਜ ਐਕਟ, 1955 ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਭਾਰਤ ਵਿਚ ਆਪਣੀ ਵੱਖਰੀ ਪਹਿਚਾਣ ਵਾਲਾ ਸਿੱਖ ਵਿਆਹ ਐਕਟ` ਬਣਾਇਆ ਜਾਵੇ।

ਇਕ ਦਹਾਕੇ ਬਾਅਦ, ਇਹ ਜਾਣਦੇ ਹੋਏ ਵੀ ਕਿ 2012 ਵਿਚ ਅਨੰਦ ਮੈਰਿਜ ਐਕਟ, 1909 ਵਿੱਚ ਜੋ ਸੋਧ ਹੋਈ ਹੈੇ, ਉਸ ਨੇ ਸਿੱਖ ਕੌਮ ਦਾ ਕੋਈ ਫਾਇਦਾ ਨਹੀਂ ਕੀਤਾ, ਬਲਕਿ ਭਾਰੀ ਨੁਕਸਾਨ ਕੀਤਾ ਹੈ, ਫਿਰ ਵੀ ਸ. ਤਰਲੋਚਨ ਸਿੰਘ ਲੇਖ ਵਿੱਚ, ਆਪਣੇ ਆਪ ਨੂੰ ਸਿੱਖਾਂ ਦਾ ਇਕ ਸੂਝਵਾਨ ਲੀਡਰ ਸਾਬਿਤ ਕਰਨ ਲਈ ਇਤਿਹਾਸ ਦੇ ਘਟਨਾਕ੍ਰਮ ਨੂੰ ਸ਼ਬਦਾਂ ਦੇ ਹੇਰ ਫੇਰ ਦੀ ਵਰਤੋਂ ਕਰਦੇ ਹੋਏ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਲੇਖ ਵਿਚ ਦਾਅਵਾ ਕੀਤਾ ਹੈ ਕਿ 1947 ਵਿੱਚ ਅਜ਼ਾਦੀ ਮਿਲਣ ਬਾਅਦ 1909 ਵਾਲਾ ਐਕਟ ਲਾਗੂ ਰਹਿਣ ਬਾਰੇ ਸਿੱਖ ਲੀਡਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਅੱਗੇ ਲਿਖਿਆ ਹੈ ਕਿ “1955 ਵਿੱਚ ਹਿੰਦੂ ਮੈਰਿਜ ਐਕਟ ਪਾਸ ਹੋ ਗਿਆ, ਜਿਸ ਵਿੱਚ ਹਿੰਦੂ, ਸਿੱਖ, ਬੋਧੀ ਤੇ ਜੈਨੀ ਵੀ ਸ਼ਾਮਿਲ ਕਰ ਦਿੱਤੇ ਗਏ ਅਤੇ ਸਿੱਖਾਂ ਨੂੰ ਵਿਆਹ ਉਪਰੰਤ ਹਿੰਦੂ ਮੈਰਿਜ ਐਕਟ ਦਾ ਸ਼ਰਟੀਫਿਕੇਟ ਹੀ ਮਿਲਦਾ ਸੀ। ਜਿਸ ਦੀ ਵਿਰੋਧਤਾ ਨਾ ਪੰਜਾਬ ਸਰਕਾਰ ਵੱਲੋਂ ਤੇ ਨਾ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸੀੌ। ਪਰ ਕੀ ਸਰਦਾਰ ਸਾਹਿਬ ਨੇ ਖੁਦ ਭਾਰਤ ਦੇ ਰਾਸਟਰਪਤੀ ਦੇ ਪੈ੍ਰਸ ਸੈਕਟਰੀ (1983੍87), ਨੈਸ਼ਨਲ ਕਮਿਸ਼ਨ ਮਾਇਨੌਟੀ ਦੇ ਵਾਈਸ ਚੇਅਰਮੇਨ ਅਤੇ ਚੇਅਰਮੇਨ (2000੍2006) ਜਾਂ ਰਾਜ ਸਭਾ ਦੇ ਮੈਂਬਰ ਦੀ ਪਦਵੀ ਤੇ ਸਸੋਭਤ ਹੋਣ ਦੌਰਾਨ ਕਦੇ ਇਸ ਦੀ ਵਿਰੋਧਤਾ ਕੀਤੀ? ਕੀ ਕਦੇ ਭਾਰਤ ਵਿੱਚ ਬਾਕੀ ਧਰਮਾਂ ਦੇ ਮੈਰਿਜ ਐਕਟਾਂ ਵਾਂਗ ਸਿੱਖਾਂ ਲਈ ਵੱਖਰਾ ਸੁਤੰਤਰ ਸਿੱਖ ਮੈਰਿਜ ਐਕਟ ਜਾਂ ਸਿੱਖ ਪ੍ਰਸਨਲ ਲਾਅ ਦੀ ਮੰਗ ਕੀਤੀ? ਕੀ ਇਸ ਨੂੰ ਅਗਿਆਨਤਾ ਜਾਂ ਸੋਚੀ ਸਮਝੀ ਚੁੱਪ ਸਮਝਿਆ ਜਾਵੇ? ਭਾਰਤ ਦੀ ਲੋਕ ਸਭਾ ਵਿੱਚ ਸ. ਸਿਮਰਨਜੀਤ ਸਿੰਘ ਮਾਨ ਨੇ, ਜਦੋਂ ਉਹ ਲੋਕ ਸਭਾ ਦੇ ਮੈਂਬਰ ਸਨ, ਸਿੱਖ ਮੈਰਿਜ ਐਕਟ ਅਤੇ ਸਿੱਖ ਪ੍ਰਸਨਲ ਲਾਅ ਦੀ ਮੰਗ ਪੂਰੇ ਜ਼ੋਰ ਨਾਲ ਉਠਾਈ ਸੀ।

ਜਦੋਂ 2012 ਵਿੱਚ ਅਨੰਦ ਮੈਰਿਜ ਐਕਟ, 2009 ਵਿੱਚ ਸਿਰਫ ‘ਰਜਿਸਟ੍ਰੇਸ਼ਨ ਬਾਰੇ ਸੋਧ` ਦਾ ਪ੍ਰਸਤਾਵ ਆਇਆ ਤਾਂ ਉਸ ਵਕਤ ਦੀਆਂ ਅਖਬਾਰਾਂ ਵੇਖ ਲਈਏ ਤਾਂ ਇੰਨ੍ਹਾਂ ਨੇ ਵੀ ਇਹੋ ਕਿਹਾ ਸੀ ਕਿ ਅਨੰਦ ਮੈਰਿਜ ਐਕਟ ਲਾਗੂ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਜਦੋਂ ਮੇਰਾ ਇਕ ਲੇਖ ‘ਅਨੰਦ ਮੈਰਿਜ ਐਕਟ ਦਾ ਸੱਚ,’ 21 ਅਤੇ 23 ਅਪ੍ਰੈਲ, 2012 ਨੂੰ ਅਖਬਾਰਾਂ ਵਿੱਚ ਛਪਿਆ, ਜਿਸ ਵਿੱਚ ਮੈਂ ਸਾਫ ਕਰ ਦਿੱਤਾ ਸੀ ਕਿ 1947 ਵਿੱਚ ਅਜਾਦੀ ਮਿਲਣ ਤੋਂ ਬਾਅਦ ਵੀ ਅਨੰਦ ਮੈਰਿਜ ਐਕਟ, 1909 ਲਾਗੂ ਹੈ ਅਤੇ ਇਸ ਐਕਟ ਵਿਚ 1959 ਵਿਚ ਕੀਤੀ ਸੋਧ ਦੀ ਮਿਸਾਲ ਵੀ ਦਿੱਤੀ ਸੀ। ਹੁਣ ਆਪਣੇ ਲੇਖ ਵਿੱਚ  ਉਨ੍ਹਾਂ ਖੁਦ ਮੱਨਿਆ ਹੈ ਕਿ ਇਹ ਐਕਟ ਹਮੇਸ਼ਾਂ ਲਾਗੂ ਰਿਹਾ ਹੈ। ਦੇਰ ਆਏ ਦਰੁਸਤ ਆਏ।  ਪਰ ਆਪਣੇ ਲੇਖ ਵਿਚ ਉਨ੍ਹਾਂ ਨੇ ਸ਼ਬਦਾਂ ਦੇ ਹੇਰ ਫੇਰ ਨਾਲ ਫਿਰ ਕੌਮ ਨੂੰ ਗੁਮਰਾਹ ਕਰਨ ਦੀ ਕੋਝੀ ਕੋਸਿਸ਼ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ “ਮੈਂ ਕਈ ਸਿੱਖ ਵਕੀਲਾਂ ਤੇ ਕਾਨੂੰਨੀ ਮਹਿਕਮੇ ਦੇ ਅਫਸਰਾਂ ਨਾਲ ਸਲਾਹ ਕਰਕੇ ਇਕ ‘ਨਵਾਂ ਬਿੱਲ` ਤਿਆਰ ਕੀਤਾ, ਜਿਸ ਨਾਲ ਸਿੱਖਾਂ ਨੂੰ ਸਿੱਖ ਰੀਤੀ ਅਨੁਸਾਰ ਵਿਆਹ ਕਰਨ ਪਿੱਛੋਂ ‘ਸਿੱਧਾ ਸਿੱਖ ਅਨੰਦ ਕਾਰਜ ਸਰਟੀਫਿ਼ਕੇਟ` ਮਿਲ ਸਕੇ।” ਅਸਲ ਵਿਚ ਇੱਥੋਂ ਹੀ ਕਾਨੂੰਨ ਦੀ ਨਾ ਸਮਝੀ ਕਰਕੇ ਇਹ ਸਾਰਾ ਝਮੇਲਾ ਸੁਰੂ ਹੋਇਆ। ਝੂਠ ਦਾ ਮੁਢ ਇੱਥੋਂ ਸੁਰੂ ਹੋਇਆ ਅਤੇ ਸਿੱਖਾਂ ਨੂੰ ਰਜਕੇ ਗੁਮਰਾਹ ਕੀਤਾ ਗਿਆ। ਇਸ ਨੂੰ ‘ਨਵਾਂ ਬਿੱਲ`  ਕਹਿਣਾ ਸਰਾਸਰ ਗੁਮਰਾਹਕੁਨ ਹੈ। ਅਸਲੀਅਤ ਇਹ ਹੈ ਕਿ ਉਨ੍ਹਾਂ ਨੇ ਤਾਂ 2007 ਵਿੱਚ ਅਨੰਦ ਮੈਰਿਜ ਐਕਟ (ਸੋਧ) ਬਿੱਲ, 2007 ਦਾ ਪ੍ਰਾਈਵੇਟ ਮੈਂਬਰ ਬਿੱਲ ਵਜੋਂ ਜੋ ਖਰੜਾ ਦਿੱਤਾ ਸੀ, ਇਸ ਨੂੰ ‘ਨਵਾਂ ਬਿੱਲ’ ਕਹਿਣਾ, ਕਾਨੂੰਨੀ ਮਾਹਿਰ ਜਰੂਰ ਸਮਝ ਜਾਣਗੇ ਕਿ ਇਸ ਤਰੀਕੇ ਨਾਲ ਝੂਠੀ ਸ਼ੋਹਰਤ ਖਟਣ ਲਈ, ਸਬਦੀ ਹੇਰ ਫੇਰ ਕੀਤਾ ਗਿਆ।

ਇੱਥੇ ਦੋ ਹੋਰ ਗੱਲਾਂ ਬਹੁਤ ਮਹੱਤਵਪੂਰਨ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਜੋ ਸੋਧ ਬਿਲ ਦਾ ਖਰੜਾ ਦਿੱਤਾ ਸੀ ਉਸ ਵਿੱਚ ਕਿਤੇ ਵੀ ‘ਸਿੱਖ` ਸ਼ਬਦ ਨਹੀਂ ਵਰਤਿਆ ਗਿਆ। ‘ਸਿੱਖ ਮੈਰਿਜ ਰਜਿਸਟਰੇਸ਼ਨ’ ਦੀ ਥਾਂ, ‘ਅਨੰਦ ਮੈਰਿਜ ਰਜਿਸਟਰੇਸ਼ਨ`, ‘ਸਿੱਖ ਮੈਰਿਜ ਰਜਿਸਟਰ` ਦੀ ਥਾਂ ‘ਅਨੰਦ ਮੈਰਿਜ ਰਜਿਸਟਰ` ਸ਼ਬਦ ਵਰਤੇ ਗਏ ਸਨ। ਜੋ ਹੁਣ ਉਹ ਆਪਣੇ ਲੇਖ ਵਿਚ ਹਿੰਦੂ ਮੈਰਿਜ ਸਰਟੀਫਿਕੇਟ ਤੇ ਇਤਰਾਜ ਕਰਦੇ ਹਨ ਤਾਂ ਉਨ੍ਹਾਂ ‘ਸਿੱਖ’ ਸ਼ਬਦ ਜਾਂ ‘ਸਿੱਖ ਮੈਰਿਜ ਰਜਿਸਟਰ’ ਕਿਉਂ ਨਹੀਂ ਲਿਖਿਆ ਸੀ? ਦੂਜੀ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਲੇਖ ਵਿਚ ਸ. ਦਿਲਮੇਗ ਸਿੰਘ, ਸਕੱਤਰ, ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਬਾਰੇ ਜਿਕਰ ਕੀਤਾ ਹੈ ਕਿ ਉਨ੍ਹਾਂ ਨੇ ਇਸ ਬਿੱਲ ਦੇ ਖਰੜੇ ਦੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ 21 ਨਵੰਬਰ 2007 ਨੂੰ ਲੈ ਕੇ ਇੰਨ੍ਹਾਂ ਨੂੰ ਭੇਜ ਦਿੱਤੀ। ਲੇਖ ਵਿਚ ਤਾਂ ਲਿਖਿਆ ਹੈ ਕਿ ੳਨ੍ਹਾਂ ਨੇ ਇਹ ਬਿੱਲ 2006 ਵਿਚ ਰਾਜ ਸਭਾ ਵਿਚ ਪੇਸ਼ ਕੀਤਾ ਜਦਕਿ ਪ੍ਰਵਾਨਗੀ ਬਾਅਦ ਵਿਚ ਨਵੰਬਰ 2007 ਨੂੰ ਮਿਲੀ।

ਜਿਸ ‘ਨਵੇਂ ਬਿੱਲ` ਦਾ ਦਾਅਵਾ ਕੀਤਾ ਗਿਆ ਹੈ, ਦਰਅਸਲ ਉਹ ਤਾਂ ਸਿਰਫ ਇਕ ‘ਸੋਧ ਬਿਲ` ਦਾ ਪ੍ਰਸਤਾਵ ਸੀ, ਜਿਸ ਵਿਚ ਅਨੰਦ ਕਾਰਜ ਰੀਤੀ ਦੁਆਰਾ ਕੀਤੇ ਵਿਆਹ ਦੀ ਰਜਿਸਟਰੇਸ਼ਨ ਦੀ ਧਾਰਾ ਪੁਰਾਣੇ ਅਨੰਦ ਮੈਰਿਜ ਐਕਟ, 1909 ਵਿਚ ਜੋੜਨਾ ਸੀ। ਕਾਨੂੰਨੀ ਮਾਹਿਰ ਇਸ ਨੂੰ ਭਲੀ ਭਾਂਤ ਜਾਣਦੇ ਹਨ ਕਿ ‘ਨਵੇਂ ਬਿਲ` ਅਤੇ ‘ਸੋਧ ਬਿਲ` ਵਿਚ ਕਿਨ੍ਹਾਂ ਵੱਡਾ ਫਰਕ ਹੁੰਦਾ ਹੈ। ਇੱਥੇ ਮੈਂ ਇਕ ਮਹੱਤਵਪੂਰਨ ਤੱਥ ਜਰੂਰ ਉਜਾਗਰ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਵੱਲੋਂ ਦਿੱਤੇ ਨਵੇਂ ਬਿੱਲ ਦਾ ਪ੍ਰਸਤਾਵ ਕਦੇ ਵੀ ਲੋਕ ਸਭਾ ਜਾਂ ਰਾਜ ਸਭਾ ਵਿਚ ਪਾਸ ਨਹੀਂ ਹੋਇਆ। ਉਨ੍ਹਾਂ ਵੱਲੋਂ ਸ਼ਬਦੀ ਜਾਲ ਬੁਣ ਕੇ ਲੇਖ ਲਿਖਣਾ ਕਿ ਜਿਵੇਂ ਉਨ੍ਹਾਂ ਵੱਲੋਂ ਪੇਸ਼ ਕੀਤਾ ‘ਨਵਾਂ ਬਿਲ’ ਪਾਸ ਹੋਇਆ ਹੈ, ਬਿਲਕੁਲ ਝੂਠ ਅਤੇ ਬੇਬੁਨਿਆਦ ਹੈ। 2012 ਵਿਚ ਜੋ ਅਨੰਦ ਮੈਰਿਜ (ਸੋਧ) ਬਿਲ, 2012, ਭਾਰਤੀ ਪਾਰਲੀਮੈਂਟ ਵੱਲੋਂ ਪਾਸ ਕੀਤਾ ਗਿਆ, ਉਸ ਦੇ ਪ੍ਰਵਧਾਨਾ ਦਾ ਸਰੂਪ ਅਤੇ ਸਬਦਾਵਲੀ 2007 ਵਾਲੇ ਬਿਲ ਤੋਂ ਬਿਲਕੁਲ ਵੱਖਰੀ ਹੈ। ਇੱਕ ਹੋਰ ਤੱਥ ਵੀ ਬੜਾ ਰੋਚਕ ਹੈ ਕਿ 2012 ਵਿਚ ਤਾਂ ਉਹ ਰਾਜ ਸਭਾ ਦੇ ਮੈਂਬਰ ਵੀ ਨਹੀਂ ਰਹੇ ਸਨ। ਸਚਾਈ ਇਹ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ 2006 ਵਿਚ ਸੀਮਾ ਬਨਾਮ ਅਸ਼ਵਨੀ ਕੇਸ ਵਿਚ ਭਾਰਤ ਸਰਕਾਰ ਨੂੰ ਭਾਰਤ ਵਿੱਚ ਹੁੰਦੇ ਸਾਰੇ ਵਿਆਹਾਂ ਦੀ ਲਾਜਮੀ ਰਜਿਸਟਰੇਸ਼ਨ ਕਰਵਾਉਣ ਦੀ ਹਦਾਇਤ ਕੀਤੀ ਸੀ ਜਿਸ ਕਰਕੇ ਭਾਰਤ ਵਿੱਚ ਵੱਖਰੇ ਵੱਖਰੇ ਕਾਨੂੰਨ ਪਾਸ ਕਰਕੇ ਲਾਜਮੀ ਵਿਆਹ ਜਿਸਟਰਡ ਕਰਾਉਣ ਦਾ ਪ੍ਰਵਧਾਨ ਕੀਤਾ ਗਿਆ।

ਸ. ਤਰਲੋਚਨ ਸਿੰਘ ਵੱਲੋਂ ਆਪਣੇ ਲੇਖ ਵਿਚ ‘ਇਕ ਹੋਰ ਘਟਨਾ’ ਬਾਰੇ ਦਸਦੇ ਹੋਏ ਲਿਖਿਆ ਹੈ ਕਿ “ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅਤੇ ਸ. ਸੱਤਿਆਜੀਤ ਸਿੰਘ ਮਜੀਠਾ (ਮਜੀਠੀਆ?) ਵਲੋਂ ਇਸ ਬਿੱਲ ਦਾ ਪੂਰਾ ਵਿਰੋਧ ਕੀਤਾ ਗਿਆ ਸੀ ਅਤੇ ਇਸ ਨੂੰ ਰੋਕਣ ਲਈ ਸ. ਪ੍ਰਕਾਸ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਨੂੰ ਮਨਾਉਣ ਦੀ ਕੋਸਿਸ ਕੀਤੀ। ਬਾਦਲ ਸਾਹਿਬ ਨੇ ਕਪੂਰਥਲਾ ਹਾਊਸ, ਦਿੱਲੀ ਵਿੱਚ ਇਕ ਮੀਟਿੰਗ ਰਖ ਲਈ ਸੀ। ਉਥੇ ਪ੍ਰਿੰਸੀਪਲ ਨੇ ਇਕ ਵੀਡੀਓ ਬਣਾ ਕੇ ਬਿੱਲ ਦੇ ਵਿਰੁੱਧ ਕਿਹਾ ਕਿ ਇਸ ਵਿੱਚ ਕਈ ਤਬਦੀਲੀਆਂ ਕੀਤੀਆਂ ਜਾਣ। ਮੀਟਿੰਗ ਵਿੱਚ ਸ.ਅਵਤਾਰ ਸਿੰਘ ਮੱਕੜ ਨੇ ਮੇਰੇ ਬਿੱਲ` ਦੀ ਹਮਾਇਤ ਕੀਤੀ। ਸ.ਐਚ.ਐਸ. ਫੂਲਕਾ ਐਡਵੋਕੇਟ ਨੇ ਬਿੱਲ ਨੂੰ ਸਿੱਖਾਂ ਲਈ ਵੱਡੀ ਪ੍ਰਾਪਤੀ ਦੱਸਿਆ। ਬਾਦਲ ਸਾਹਿਬ ਨੇ ਫੈਸਲਾ ਲਿਆ ਕਿ ਜਿਵੇਂ ਵੀ ਬਿਲ ਪਾਰਲੀਮੈਂਟ ਵਿਚ ਪੇਸ ਹੋਵੇ ਉਸ ਵਿਚ ਤਬਦੀਲੀ ਨਾ ਕੀਤੀ ਜਾਵੇ ਅਤੇ ਪਾਸ ਕਰਵਾ ਲਿਆ ਜਾਵੇ। ਅਗਲੇ ਦਿਨ ਹੀ ਰਾਜ ਸਭਾ ਵਿਚ ਜਨਾਬ ਖੁਰਸੀਦ ਆਲਮ ਨੇ ਇਸ ਨੂੰ ਪਾਸ ਕਰਵਾ ਦਿੱਤਾ।” ਬਹੁਤ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਉਮਰ ਦੇ ਇਸ ਪੜਾ ਵਿੱਚ ਉਹ ਇਨ੍ਹਾਂ ਕੋਝਾ ਝੂਠ ਬੋਲਣਗੇ, ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪਾਠਕਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਵੱਲੋਂ ਲਿਖੇ ਉਪਰੋਕਤ ਹਰ ਸ਼ਬਦ ਨੂੰ ਧਿਆਨ ਨਾਲ ਪੜਣ ਤੇ ਵਾਚਨ। ਮੱਕੜ ਸਾਹਿਬ ਨੇ ‘ਮੇਰੇ ਬਿੱਲ` ਦੀ ਹਮਾਇਤ ਕੀਤੀ। ਤੁਹਾਡਾ ਕਿਹੜਾ ‘ਨਵਾਂ ਬਿੱਲ’? ਤੁਸੀ ਉਸ ਵਕਤ ਨਾ ਰਾਜ ਸਭਾ ਦੇ ਮੈਂਬਰ, ਨਾ ਤੁਹਾਡਾ ਪ੍ਰਸਤਾਵਤ ਖਰੜਾ, ਫਿਰ ‘ਮੇਰਾ ਬਿੱਲ` ਕਿਵੇ ਹੋ ਗਿਆ? ਝੂਠ ਬੋਲ ਕੇ ਗੁਮਰਾਹ ਕਰਨ ਦੀ ਅਜੇਹੀ ਚਾਲ ਬੇਮਿਸਾਲ ਹੈ।

ਮੈਂ ਇਸ ਲੇਖ ਵਿਚ ਇਸ ਘਟਨਾ ਦਾ ਸੱਚ ਲਿਖ ਕੇ ਇਤਿਹਾਸ ਦੇ ਪੰਨਿਆਂ ਵਿੱਚ ਸਚਾਈ ਦਰਜ ਕਰ ਰਿਹਾ ਹਾਂ। 12 ਅਪ੍ਰੈਲ, 2012 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀ ਅਗਵਾਈ ਸਿੰਘ ਭਾਰਤੀ ਕੈਬੀਨਟ ਨੇ ਫੈਸਲਾ ਕੀਤਾ ਕਿ ਹਰ ਧਰਮ ਦੇ ਲੋਕਾਂ ਨੂੰ ਵਿਆਹ ਦੀ ਰਜਿਸਟਰੇਸ਼ਨ ਕਰਾਉਣੀ ਲਾਜਮੀ ਹੋਵੇਗੀ। ਇਸੇ ਅਧੀਨ ਸਿੱਖਾਂ ਦੇ ਵਿਆਹ ਦੀ ਰਜਿਸਟਰੇਸ਼ਨ ਅਨੰਦ ਮੈਰਿਜ ਐਕਟ, 1909 ਦੇ ਤਹਿਤ ਕੀਤੀ ਜਾਵੇਗੀ।13 ਅਪ੍ਰੈਲ 2012 ਨੂੰ ਵਿਸਾਖੀ ਵਾਲੇ ਦਿਨ ਤੋਂ ਅਨੰਦ ਮੈਰਿਜ ਐਕਟ ਅਖਬਾਰਾਂ ਦੀਆਂ ਸੁਰਖੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ। ਉਸੇ ਦਿਨ ਤੋਂ ਕੁਝ ਅਖੌਤੀ ਸਿੱਖ ਸੁਆਰਥੀ ਨੇਤਾਵਾਂ ਵੱਲੋਂ ਜਾਣ ਬੁਝ ਕੇ ਇਹ ਸਿਆਸੀ ਰੰਗਤ ਭਰਪੂਰ ਬਿਆਨਬਾਜੀ ਕੀਤੀ ਗਈ ਕਿ ਅਸੀਂ ਅਨੰਦ ਮੈਰਿਜ ਐਕਟ ਲਾਗੂ ਕਰਵਾ ਦਿੱਤਾ ਹੈ। ਹੁਣ ਅਨੰਦ ਕਾਰਜ ਦੀ ਮਰਿਆਦਾ ਰਾਹੀ ਹੋਣ ਵਾਲੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਮਿਲੇਗੀ ਜਾਂ ਸਿੱਖਾਂ ਦੀ ਨਵੀਂ ਪਹਿਚਾਣ ਬਣੇਗੀ ਅਤੇ ਖ਼ਾਲਸਾ ਪੰਥ ਦੀ ਅਹਿਮ ਪ੍ਰਾਪਤੀ ਹੋਈ ਹੈ। ਜਦਕਿ ਸਚਾਈ ਇਸ ਤੋਂ ਕੋਹਾਂ ਦੂਰ ਸੀ। ਸਚਾਈ ਤਾਂ ਇਹ ਸੀ ਕਿ ਕੈਬਿਨਟ ਦੇ ਫੈਸਲੇ ਮੁਤਾਬਿਕ ਪਹਿਲਾਂ ਤੋਂ ਹੀ ਲਾਗੂ ‘ਅਨੰਦ ਮੈਰਿਜ ਐਕਟ`, 1909 ਵਿਚ ਸੋਧ ਜਾਂ ਤਰਮੀਮ ਕਰਕੇ ਵਿਆਹ ਰਜਿਸਟਰੇਸ਼ਨ ਦੀ ਧਾਰਾ ਜੋੜਨਾ ਸੀ। ਵਿਆਹ ਦੀ ਰਜਿਸਟਰੇਸ਼ਨ ਬਾਕੀ ਧਰਮਾਂ ਦੇ ਵਿਆਹਾਂ ਵਾਂਗ ਲਾਜ਼ਮੀ ਬਣਾਉਣਾ ਸੀ। ਮੈਂ ਅਖਬਾਰਾਂ ਵਿਚ 21 ਅਤੇ 23 ਅਪ੍ਰੈਲ 2012 ਨੂੰ ਆਪਣੇ ਲੇਖ, ਅਨੰਦ ਮੈਰਿਜ ਐਕਟ ਦਾ ਸੱਚ’ ਵਿੱਚ ਸਿੱਖ ਜਗਤ ਨੂੰ ਸੁਚੇਤ ਕੀਤਾ ਸੀ ਕਿ ਇਹ ਫੈਸਲਾ ਕਾਨੂੰਨੀ ਪੱਖ ਤੋਂ ਬਹੁਤ ਹੀ ਨਿਗੂਣਾ ਜਿਹਾ ਕਦਮ ਹੈ, ਜਿਸ ਬਾਰੇ ਸਿੱਖ ਜਗਤ ਨੂੰ ਬਹੁਤਾ ਖੁਸ ਹੋਣ ਦੀ ਲੋੜ ਨਹੀਂ ਹੈ।

ਚੀਫ ਖ਼ਾਲਸਾ ਦਿਵਾਨ, ਅੰਮਿਤਸਰ ਵੱਲੋਂ ਸਤੰਬਰ 2011 ਵਿੱਚ ਮੈਨੂੰ ‘ਸਿੱਖ ਮੈਰਿਜ ਐਕਟ` ਦਾ ਖਰੜਾ ਤਿਆਰ ਕਰਨ ਦੀ ਸੇਵਾ ਸੋਂਪੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਆਹ ਅਤੇ ਤਲਾਕ ਸਬੰਧਤ ਹਿੰਦੂ, ਮੁਸਲਿਮ, ਪਾਰਸੀ, ਈਸਾਈ, ਯਹੂਦੀਆਂ ਸਮੇਤ ਸਪੈਸਲ ਵਿਆਹ ਦੇ ਕਾਨੂੰਨ ਪੜਾਉਣ ਦੇ ਤਜਰਬੇ ਦੇ ਅਧਾਰ ਤੇ ਮਿਤੀ 15 ਮਈ, 2012 ਨੂੰ ਚੀਫ ਖ਼ਾਲਸਾ ਦਿਵਾਨ ਦੇ ਹਾਲ ਵਿਚ ਸੈਂਕੜੇ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾ, ਜਿਸ ਵਿੱਚ ਉਸ ਵਕਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਚੀਫ ਖ਼ਾਲਸਾ ਦਿਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ, ਆਨਰੇਰੀ ਸਕੱਤਰ ਸ. ਸੰਤੋਖ ਸਿੰਘ ਸੇਠੀ, ਖਾਲਸਾ ਕਾਲਜ ਗਵਰਨਿੰਗ ਕੋਂਸਲ ਦੇ ਪ੍ਰਧਾਨ ਸ. ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਸ. ਰਜਿੰਦਰਮੋਹਨ ਸਿੰਘ ਛੀਨਾ ਅਦਿ ਸ਼ਾਮਲ ਸਨ, ਮੈਂ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ (ਸ਼ਰਮਕਗ ਸ਼ਰਜਅਵ ਸ਼ਗਕਤਕਅਵ਼ਵਜਰਅ) ਦਿੱਤੀ। ਮੈਂ ਇਹ ਪੁਰਜੋਰ ਅਪੀਲ ਕੀਤੀ ਕਿ ਅਨੰਦ ਮੈਰਿਜ ਐਕਟ ਵਿਚ ਕੀਤੀ ਜਾ ਰਹੀ ਰਜਿਸਟਰੇਸ਼ਨ ਦੀ ਤਰਮੀਮ ਦੀ ਥਾਂ ਸਾਨੂੰ ਸਿੱਖਾਂ ਦੇ ਆਪਣੇ ਵੱਖਰੇ ਸੰਪੂਰਨ ‘ਸਿੱਖ ਮੈਰਿਜ ਐਕਟ` ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਵਿਚ ਬਾਕੀ ਧਰਮਾ ਦੇ ਵਿਆਹ ਐਕਟ ਜਿਵੇਂ ਹਿੰਦੂ ਮੈਰਿਜ ਐਕਟ,1955, ਪਾਰਸੀ ਮੈਰਿਜ ਐਂਡ ਡੀਵੋਸ ਐਕਟ,1936, ਇੰਡਿਅਨ ਕ੍ਰਿਸਚੀਅਨ ਮੈਰਿਜ ਐਕਟ,1872, ਡਿਸਲੂਸ਼ਨ ਆਫ ਮੁਸਲਿਮ ਮੈਰਿਜ ਐਕਟ,1939 ਦੀ ਤਰਜ ਤੇ ਸਾਡਾ ਸਿੱਖਾਂ ਦਾ ਆਪਣਾ ਸੁਤੰਤਰ ‘ਸਿੱਖ ਮੈਰਿਜ ਐਕਟ’ ਹੋਵੇ। ਅਸੀ ਹਿੰਦੂ ਵਿਆਹ ਐਕਟ,1955 ਤੋਂ ਬਾਹਰ ਆ ਸਕੀਏ।

ਮੈਂ ਖਰੜਾ ਪੇਸ਼ ਕਰਨ ਸਮੇਂ ਸਭ ਨੂੰ ਬੇਨਤੀ ਕੀਤੀ ਕਿ ਮੇਰੇ ਵੱਲੋਂ ਤਿਆਰ ਕੀਤਾ ਗਿਆ ਖਰੜਾ ਫਾਈਨਲ ਨਾ ਸਮਝਿਆ ਜਾਵੇ ਬਲਕਿ ਸਿੱਖ ਵਿਦਵਾਨਾ ਵੱਲੋਂ ਨੁਕਤਾ ਬਰ ਨੁਕਤਾ ਵਿਚਾਰਿਆ ਜਾਵੇ ਅਤੇ ਜੋ ਅੰਤਿਮ ਸਹਿਮਤੀ ਬਣੇ ਉਸ ਤੇ ਅਧਾਰਿਤ ਸੰਪੂਰਨ ਸਿੱਖ ਮੈਰਿਜ ਐਕਟ`, ਜਿਸ ਵਿਚ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ,1955 ਤੋਂ ਬਾਹਰ ਕੱਢਦੇ ਹੋਏ, ਖਰੜਾ ਤਿਆਰ ਕਰਕੇ ਉਸ ਨੂੰ ਪਾਸ ਕਰਵਾਉਣ ਦੀ ਕੋਸਿਸ਼ ਕੀਤੀ ਜਾਵੇ।ਸਿੱਖ ਪੰਥ ਦੀਆਂ ਸਖਸੀਅਤਾਂ ਨੇ ਆਪਣੇ ਆਪਣੇ ਸ਼ਬਦਾਂ ਵਿਚ ਇਸ ਨਾਲ ਸਹਿਮਤੀ ਪ੍ਰਗਟਾਈ। ਮੈਂ ਆਪਣੇ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੇਸ ਕੀਤੀ ਅਤੇ ਉਨ੍ਹਾਂ ਨੇ ਆਪਣੇ ਭਾਸਣ ਵਿਚ ਕਿਹਾ ਕੀ ਸਾਨੂੰ ਸਿੱਖ ਪੰਥ ਨੂੰ ਅਜੇਹੇ ਕਾਨੂੰਨ ਦੀ ਲੋੜ ਹੈ ਅਤੇ ਅਸੀ ਕਮੇਟੀ ਬਣਾਕੇ ਇਸ ਉੱਤੇ ਸਾਰਿਆਂ ਦੇ ਵਿਚਾਰ ਲਵਾਂਗੇ। ਉਨ੍ਹਾਂ ਨੇ ਖਾਸ ਤੌਰ ਤੇ ਇਹ ਵੀ ਕਿਹਾ ਕਿ ਅਸੀ ਇਸ ਨੂੰ ਇੰਟਰਨੈੱਟ ਤੇ ਪਾਵਾਂਗੇ, ਤਾਂ ਕਿ ਸਾਰੇ ਆਪਣੇ ਆਪਣੇ ਸੁਝਾਅ ਦੇ ਸਕਣ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ। 16 ਮਈ, 2012 ਨੂੰ ਇਹ ਖਬਰ ਲਗਭਗ ਸਾਰੇ ਅਖਬਾਰਾਂ ਦੀ ਸੁਰਖੀ ਬਣੀ।

ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਵੱਲੋਂ ਇਸ ਵਿਸ਼ੇ ਤੇ ਜਾਣਕਾਰੀ ਲੈਣ ਲਈ ਇੱਛਾ ਪ੍ਰਗਟ ਕੀਤੀ ਗਈ। ਕਪੂਰਥਲਾ ਹਾਊਸ, ਦਿੱਲੀ ਵਿਚ ਸ਼ਾਮ 5 ਵਜੇ ਕਰੀਬ ਇਹ ਮੀਟਿੰਗ ਅਯੋਜਨ ਕੀਤੀ ਗਈ ਅਤੇ ਮੈਨੂੰ ਇਸ ਮੀਟਿੰਗ ਵਿਚ ਸਿੱਖ ਮੈਰਿਜ ਐਕਟ ਦੇ ਖਰੜੇ ਤੇ ਪਾਵਰ ਪੁਆਇੰਟ ਪੇਸ਼ਕਾਰੀ ਦੇਣ ਲਈ ਕਿਹਾ ਗਿਆ। ਇਸ ਮੀਟਿੰਗ ਵਿਚ ਉਸ ਵਕਤ ਦੇ ਅਕਾਲੀ ਦਲ ਗਠਜੋੜ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ, ਪ੍ਰਧਾਨ ਸ੍ਰੋਮਣੀ ਗੁਰਦੁਆਰਾ ਕਮੇਟੀ ਸ. ਅਵਤਾਰ ਸਿੰਘ ਮੱਕੜ, ਸ.ਸਤਿਆਜੀਤ ਸਿੰਘ ਮਜੀਠੀਆ, ਸ. ਤਰਲੋਚਨ ਸਿੰਘ, ਸ. ਐਚ.ਐਸ.ਫੂਲਕਾ ਆਦਿ ਸ਼ਾਮਿਲ ਸਨ।ਇਸ ਮੀਟਿੰਗ ਵਿਚ ਮੈਂ ‘ਸਿੱਖ ਮੈਰਿਜ ਐਕਟ, 2012’ ਦੇ ਖਰੜੇ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ (ਜਿਸ ਨੂੰ ਅਗਿਆਨਤਾ ਕਰਕੇ ਸ. ਤਰਲੋਚਨ ਸਿੰਘ ਨੇ ਵੀਡੀਓ ਬਣਾ ਕੇ ਬਿਲ ਦਾ ਵਿਰੋਧ ਕੀਤਾ ਦੱਸਿਆ ਹੈ) ਦਿੱਤੀ। ਸਿੱਖ ਮੈਰਿਜ ਐਕਟ ਦੇ ਖਰੜੇ ਵਿਚ ਮੈਂ ਜਿਥੇ ਸਾਰੀਆਂ ਮੱਦਾ ਤੇ ਚਰਚਾ ਕੀਤੀ, ਉਥੇ ‘ਸਿੱਖ ਮੈਰਿਜ ਐਕਟ` ਅਤੇ ‘ਅਨੰਦ ਮੈਰਿਜ (ਸੋਧ) ਐਕਟ 2012 ਦੇ ਫਰਕ ਬਾਰੇ ਵੀ ਦੱਸਿਆ।

ਇਸ ਦੇ ਨਾਲ ਮੈਂ ਇਹ ਸ਼ਪੱਸ਼ਟ ਕੀਤਾ ਕਿ ਜੋ ਹੁਣ ਅਨੰਦ ਮੈਰਿਜ ਐਕਟ, 1909 ਵਿਚ ਸੋਧ ਹੋਣ ਜਾ ਰਹੀ ਹੈ, ਉਸ ਨਾਲ ਤਾਂ ਸਿਰਫ ਇਕ ਧਾਰਾ 6 ਜੋੜੀ ਜਾ ਰਹੀ ਹੈ, ਜਿਸ ਵਿਚ ਅਨੰਦ ਕਾਰਜ ਦੁਆਰਾ ਕੀਤੇ ਵਿਆਹਾਂ ਦੇ ਰਜਿਸਟਰੇਸ਼ਨ ਕਰਨ ਦਾ ਪ੍ਰਵਧਾਨ ਹੈ। ਇਸ ਐਕਟ ਦੀ ਸੋਧ ਵਿੱਚ ਕਿਤੇ ਵੀ ਬਾਕੀ ਧਰਮਾਂ ਦੇ ਵਿਆਹ ਐਕਟਾ ਵਿਚ ਮੌਜੂਦ ਪ੍ਰਵਧਾਨ, ਜਿਵੇਂ ਵਿਆਹ ਦੀਆਂ ਸ਼ਰਤਾਂ, ਵਿਆਹ ਦਾ ਮੁੜ ਸਥਾਪਣ, ਨਿਆਇਕ ਅਲਹਿਦਗੀ, ਸੁੰਨ ਅਤੇ ਸੁੰਨਕਰਨਯੋਗ ਵਿਆਹ, ਤਲਾਕ, ਨਿਜਾਇਜ਼ ਬੱਚਿਆਂ ਦੀ ਸਿੱਖਿਆ ਸੰਭਾਲ, ਵਿਆਹੁਤਾ ਧਿਰਾ ਦੀ ਸੰਪਤੀ ਆਦਿ ਦੀ ਕੋਈ ਵਿਵਸਥਾ ਨਹੀਂ ਕੀਤੀ ਜਾ ਰਹੀ। ਇਸ ਕਰਕੇ ਇਹ ਸੋਧ ਹੋ ਜਾਣ ਤੋ ਬਾਅਦ ਵੀ ਸਿੱਖਾਂ ਨੂੰ ਉਪਰੋਕਤ ਮਾਮਲਿਆਂ ਬਾਰੇ ਹਿੰਦੂ ਮੈਰਿਜ਼ ਐਕਟ,1955 ਅਧੀਨ ਹੀ ਰੱਖਿਆ ਜਾਵੇਗਾ। ਮੈਂ ਆਪਣੀ ਪਾਵਰ ਪੁਆਇੰਟ ਪੇਸ਼ਕਾਰੀ ਵਿੱਚ ਪਾਕਿਸਤਾਨ ਵਿਚ ਬਣੇ ‘ਸਿੱਖ ਵਿਆਹ ਆਰਡੀਨੈਂਸ, 2008’ ਦਾ ਵੀ ਵੇਰਵਾ ਦਿੱਤਾ ਕਿ ਇਸ ਕਾਨੂੰਨ ਵਿਚ ਸਿੱਖਾਂ ਲਈ ਉਪਰੋਕਤ ਸਾਰੀਆਂ ਮਦਾ ਸਾਮਿਲ ਹਨ। ਇਸ ਕਰਕੇ ਸਾਨੂੰ ਅਨੰਦ ਮੈਰਿਜ ਐਕਟ ਵਿਚ ਵਿਆਹ ਦੀ ਰਜਿਸਟਰੇਸ਼ਨ ਦੀ ਇਸ ਨਗੂਣੀ ਜਿਹੀ ਸੋਧ ਦੀ ਬਜਾਇ ਸੰਪੂਰਣ ‘ਸਿੱਖ ਮੈਰਿਜ ਐਕਟ’ ਦੀ ਮੰਗ ਕਰਨੀ ਚਾਹੀਦੀ ਹ,ੈ ਜਿਸ ਦਾ ਖਰੜਾ ਮੈਂ ਪੇਸ਼ ਕੀਤਾ ਹੈ।

ਇਸ ਮੀਟਿੰਗ ਵਿਚ ਮੇਰੇ ਤੋਂ ਬਿਨ੍ਹਾਂ ਸਿਰਫ ਤਿੰਨ ਸਖਸ਼ੀਅਤਾਂ ਨੇ ਹੀ ਆਪਣੇ ਆਪਣੇ ਵਿਚਾਰ ਰੱਖੇ। ਜਿਨ੍ਹਾਂ ਵਿਚੋਂ ਸ. ਬਲਵਿੰਦਰ ਸਿੰਘ ਭੂੰਦੜ, ਜਿਨ੍ਹਾਂ ਨੇ ਮੈਨੂੰ ਸੰਵਿਧਾਨ ਦੇ ਆਰਟੀਕਲ 25 ਬਾਰੇ ਪੁੱਛਿਆ ਅਤੇ ਮੈਂ ਜਸਟਿਸ ਵੈਕਟਾਚਲੀਆ ਕਮਿਸ਼ਨ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਹੁਣ ਇਸ ਧਾਰਾ ਦੀ ਸੋਧ ਕਰਨ ਲਈ ਮੰਗ ਕਰਨਾ ਕਾਨੂੰਨੀ ਜਾਇਜ਼ ਹੈ। ਦੂਸਰਾ, ਜਦੋਂ ਮੈਂ ਮੀਟਿੰਗ ਵਿੱਚ ਇਹ ਗੱਲ ਦੱਸੀ ਕਿ ਸ. ਪ੍ਰਤਾਪ ਸਿੰਘ ਬਾਜਵਾ ਐਮ.ਪੀ. ਦੀ ਮੌਜੂਦਗੀ ਵਿਚ ਮੇਰੀ ਭਾਰਤੀ ਕਾਨੂੰਨ ਮੰਤਰੀ ਖਰਸੀਦ ਜੀ ਨਾਲ ਫੋਨ ਤੇ ਗੱਲ ਹੋਈ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਅਨੰਦ ਮੈਰਿਜ ਐਕਟ ਵਿਚ ਨਗੂਣੀ ਜਿਹੀ ਸੋਧ ਦੀ ਥਾਂ ਸਿੱਖ ਮੈਰਿਜ ਐਕਟ ਪਾਸ ਕਰਨ ਬਾਰੇ ਬੇਨਤੀ ਕੀਤੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਹਾਡੇ ਨੇਤਾ ਤਾਂ ਸਿਰਫ ਰਜਿਸਟਰੇਸ਼ਨ ਦੀ ਹੀ ਮੰਗ ਕਰ ਰਹੇ ਹਨ। ਜਦੋਂ ਉਹ ਸੰਪੂਰਨ ਸਿੱਖ ਮੈਰਿਜ਼ ਐਕਟ ਦੀ ਮੰਗ ਕਰ ਹੀ ਨਹੀਂ ਰਹੇ ਤਾਂ ਅਸੀ ਆਪ ਕਿਵੇਂ ਦੇ ਦਈਏ। ਇੱਥੇ ਇਹ ਵਰਨਣਯੋਗ ਹੈ ਕਿ ਸ. ਤਰਲੋਚਨ ਸਿੰਘ ਨੇ ਆਪਣੇ ਇਸ ਲੇਖ ਦੇ ਅੰਤ ਵਿਚ ਭਾਰਤੀ ਕਾਨੂੰਨ ਮੰਤਰੀ ਖੁਰਸੀਦ ਵੱਲੋਂ ਲਿਖੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਕਿਤਾਬ ਵਿੱਚ ਲਿਖ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਕਈ ਮੈਂਬਰ ਪਾਰਲੀਮੈਂਟ ਵਿਚ ਇਸ ਬਿਲ ਨੂੰ ਰੁਕਵਾਉਣਾ ਚਾਹੁੰਦੇ ਸਨ। ਪਰ ਇਹ ਤੱਥ ਬੜੀ ਖੁਬੀ ਨਾਲ ਲਕੋ ਗਏ ਕਿ ਉਹ ਮੈਂਬਰ ਅਸਲ ਵਿਚ ਇਸ ਨਗੂਣੀ ਸੋਧ ਦੀ ਬਜਾਇ ਸੰਪੂਰਣ ‘ਸਿੱਖ ਮੈਰਿਜ ਐਕਟ’ ਦੀ ਜੋਰਦਾਰ ਮੰਗ ਕਰ ਰਹੇ ਸਨ। ਪਾਰਲੀਮੈਂਟ ਦਾ ਰਿਕਾਰਡ ਇਸ ਗੱਲ ਦਾ ਸਬੂਤ ਹੈ। ਸੋ ਜਦੋਂ ਮੈਂ ਖੁਰਸੀਦ ਜੀ ਨਾਲ ਗੱਲ ਦਾ ਜਿਕਰ ਕਰ ਰਿਹਾ ਸੀ, ਉਸ ਵਕਤ ਮੀਟਿੰਗ ਵਿੱਚ ਮੌਜੂਦ ਸ੍ਰੀ ਨਰੇਸ਼ ਗੁਜਰਾਲ,ਐਮ. ਪੀ. ਨੇ ਪ੍ਰੋੜਤਾ ਕੀਤੀ ਕਿ ਖੁਰਸ਼ੀਦ ਜੀ ਨੇ ਇਹ ਗੱਲ ਉਨ੍ਹਾਂ ਨੂੰ ਵੀ ਕਹੀ ਹੈ ਕਿ ਸਿੱਖ ਨੇਤਾ ਤਾਂ ਸੰਪੂਰਣ ਸਿੱਖ ਮੈਰਿਜ ਐਕਟ ਦੀ ਮੰਗ ਹੀ ਨਹੀਂ ਕਰ ਰਹੇ। ਉਨ੍ਹਾਂ ਨੇ ਇਹ ਗੱਲ ਬਾਦਲ ਸਾਹਿਬ ਨੂੰ ਸੰਬੋਧਿਤ ਹੁੰਦੇ ਕਹੀ ਸੀ।

ਸ. ਅਵਤਾਰ ਸਿੰਘ ਮੱਕੜ ਜੀ ਵਾਰੇ ਜੋ ਜਿਕਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਡਟ ਕੇ ‘ਮੇਰੇ ਬਿਲ` ਦੀ ਹਮਾਇਤ ਕੀਤੀ, ਬਿਲਕੁਲ ਬੇਬੁਨਿਆਦ ਤੇ ਝੂਠ ਹੈ। ਹੋਇਆ ਇਹ ਸੀ ਜਦੋਂ ਸ. ਤਰਲੋਚਨ ਸਿੰਘ ਨੇ ਮੇਰੀ ਪਾਵਰ ਪੁਆਇੰਟ ਪੇਸ਼ਕਾਰੀ ਤੋਂ ਬਾਅਦ ਬੋਲਦੇ ਹੋਏ ਦੱਸਿਆ ਕਿ ਮੈਂ ਸ੍ਰੋਮਣੀ ਗੁਰਦੁਆਰਾ ਕਮੇਟੀ ਤੋਂ ਮਨਜੂਰੀ ਦੀ ਚਿੱਠੀ ਲਿੱਤੀ ਸੀ, ਜੋ ਦਿਲਮੇਗ ਨੇ ਭੇਜੀ ਸੀ, ਤਾਂ ਸ. ਮੱਕੜ ਜੀ ਨੇ ਇਸ ਦੀ ਜਾਣਕਾਰੀ ਤੋਂ ਇਨਕਾਰ ਕੀਤਾ।ਬਾਦਲ ਸਾਹਿਬ ਨੇ ਮੱਕੜ ਸਾਹਿਬ ਨੂੰ ਜੋ ਕਿਹਾ ਮੈਂ ਇਥੇ ਲਿੱਖਣਾ ਠੀਕ ਨਹੀਂ ਸਮਝਦਾ। ਸਿਰਫ ਇੰਨੀ ਗੱਲ ਹੋਈ ਸੀ ਨਾ ਕਿ ਡਟ ਕੇ ਹਿਮਾਇਤ ਦੀ। ਤੀਸਰਾ ਜਿਕਰ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਐਮ.ਪੀ. ਦਾ ਕਰਨਾ ਚਾਹਾਂਗਾ, ਜਿਨ੍ਹਾਂ ਨੇ ਬੋੜੇ ਜੋਰ ਨਾਲ ਇਹ ਕਿਹਾ ਸੀ ਕਿ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਸੁਝਾਅ ਮੰਨਣਾ ਚਾਹੀਦਾ ਹੈ ਅਤੇ ਸਿੱਖ ਮੈਰਿਜ ਐਕਟ, ਜਿਸ ਦਾ ਖਰੜਾ ਅੱਜ ਪੇਸ਼ ਕੀਤਾ ਹੈ, ਉਸ ਅਧਾਰਤ ਮੰਗ ਕਰਨੀ ਚਾਹੀਦੀ ਹੈ। ਸ. ਸਤਿਆਜੀਤ ਸਿੰਘ ਮਜੀਠਾ (ਮਜੀਠੀਆ?) ਬਾਰੇ ਜੋ ਲੇਖ ਵਿੱਚ ਲਿੱਖਿਆ ਗਿਆ ਹੈ, ਉਹ ਸਰਾਸਰ ਝੂਠ ਹੈ ਕਿਉਂਕਿ ਬਾਕੀ ਮੈਂਬਰਾਂ ਵਾਂਗ ਉਨ੍ਹਾਂ ਨੇ ਵੀ ਕੋਈ ਗੱਲ ਨਹੀਂ ਕਹੀ। ਹਾਂ, ਇਕ ਹੋਰ ਮਹੱਤਵਪੂਰਨ ਗੱਲ ਸਾਂਝੀ ਕਰਨੀ ਚਾਹਾਂਗਾ। ਸ. ਤਰਲੋਚਨ ਸਿੰਘ ਨੇ ਇਸ ਮੀਟਿੰਗ ਵਿਚ ਬੋਲਦੇ ਹੋਏ ਕਿਹਾ ਕਿ ‘ਸਿੱਖ ਮੈਰਿਜ ਐਕਟ’ ਸਿਰਲੇਖ ਠੀਕ ਨਹੀਂ ਹੈ ਕਿਉਂਕਿ ਸਿੱਖਾਂ ਵਿੱਚ ਤਾਂ ਵਿਆਹ ਹੁੰਦਾ ਹੀ ਨਹੀਂ, ਅਨੰਦ ਕਾਰਜ ਹੁੰਦਾ ਹੈ। ਜਦੋਂ ਮੈਂ ਜਵਾਬ ਵਿਚ ਕਿਹਾ ਕਿ ਅਨੰਦ ਕਾਰਜ ਤਾਂ ਰੀਤੀ ਜਾਂ ਵਿਧਾਂਤ ਹੈ ਜਿਸ ਰਾਹੀ ਸਿੱਖ ਵਿਆਹ ਸੰਪੂਰਨ ਹੰਦਾ ਹੈ ਅਤੇ ਲਾਵਾਂ ਤੋਂ ਬਾਅਦ ਆਮ ਸ਼ਬਦ ਪੜਿਆ ਜਾਂਦਾ ਹੈ ਕਿ ‘ਵੀਆਹੁ ਹੋਆ ਮੇਰੇ ਬਾਬੁਲਾ’ ਤਾਂ ਉਨ੍ਹਾਂ ਨੇ ਆਪਣੀ ਸਪੀਚ ਦਾ ਰੁੱਖ ਹੀ ਬਦਲ ਲਿਆ ਅਤੇ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਹੋਣ ਦੀ ਰਟ ਲਾ ਦਿੱਤੀ। ਬਾਕੀ ਇਸ ਮੀਟਿੰਗ ਦਾ ਪੂਰਾ ਵਿਵਰਣ ਮੈਂ ਆਪਣੀ ਕਿਸੇ ਹੋਰ ਲੇਖਣੀ ਵਿੱਚ ਕਰਾਂਗਾ।

ਅਖੀਰ ਵਿੱਚ ਜਿੱਥੇ ਮੈਂ ਇਤਿਹਾਸ ਦੇ ਪੰਨਿਆਂ ਵਿੱਚ ਅਨੰਦ ਮੈਰਿਜ ਐਕਟ,1909 ਵਿੱਚ ਨਗੂਣੀ ਸੋਧ ਬਾਰੇ, ਸੱਚੇ ਤੱਥ ਦਰਜ ਕਰ ਰਿਹਾਂ ਹਾਂ, ਉੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਭਾਵੇਂ ਅਨੰਦ ਮੈਰਿਜ ਐਕਟ,1909 ਵਿੱਚ 2012 ਦੀ ਸੋਧ ਨਾਲ ਜੋ ਝੂਠੀ ਸੋਹਰਤ ਖੱਟਣ ਲਈ ਬਿਆਨਬਾਜੀ ਕੀਤੀ ਗਈ ਅਤੇ ਕਿਹਾ ਗਿਆ ਸੀ ਕਿ ਇਸ ਨਵੇਂ ਬਿੱਲ ਜਾਂ ਸੋਧ ਨਾਲ ਸਿੱਖਾਂ ਨੂੰ ਸਿੱਖ ਰੀਤੀ ਅਨੁਸਾਰ ਵਿਆਹ ਕਰਨ ਪਿੱਛੋਂ ਸਿੱਧਾ ‘ਸਿੱਖ ਮੈਰਿਜ ਸਰਟੀਫਿਕੇਟ’ ਮਿਲ ਸਕੇਗਾ ਜਾਂ ਸਿੱਖਾਂ ਦੀ ਵੱਖਰੀ ਪਹਿਚਾਣ ਬਣੇਗੀ, ਕੋਰਾ ਝੂਠ ਨਿਕਲਿਆ। ਭਾਰਤ ਦੇ ਕਿਸੇ ਵੀ ਰਾਜ ਭਾਵੇਂ ਉਹ ਪੰਜਾਬ ਹੋਏ, ਦਿੱਲੀ ਜਾਂ ਹਰਿਆਣਾ, ਸਿੱਖਾਂ ਦੇ ਵਿਆਹ ਰਜਿਸ਼ਟੇਰੇਸ਼ਨ ਸਰਟੀਫਿਕੇਟ ਤੇ ਕਿਤੇ ਵੀ ‘ਸਿੱਖ’ ਜਾਂ ‘ਸਿੱਖ ਮੈਰਿਜ’ ਨਹੀਂ ਲਿਖਿਆ ਜਾਂਦਾ। ਸੱਭ ਤੋਂ ਵੱਡੀ ਗਲ ਕਿ ਸਿੱਖਾਂ ਨੂੰ ਅੱਜ ਵੀ ਵਿਆਹ, ਤਲਾਕ ਆਦਿ ਸਬੰਧਤ ਮਾਮਲਿਆਂ ਲਈ ਹਿੰਦੂ ਮੈਰਿਜ ਐਕਟ, 1955 ਅਧੀਨ ਹੀ ਕੇਸ ਕਰਨਾ ਪੈਂਦਾ ਹੈ। ਬਾਕੀ ਹੋਰ ਕਾਨੂੰਨੀ ਮੱਦਾਂ ਬਾਰੇ, ਜਿਨ੍ਹਾਂ ਨੇ ਸਿੱਖੀ ਦੀ ਵਲੱਖਣ ਪਹਿਚਾਣ ਨੂੰ ਨਗੂਣੀ ਸੋਧ ਨਾਲ ਢਾਹ ਲਾਈ ਹੈ, ਕਦੇ ਫਿਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਸਾਨੂੰ ਅੱਜ ਜਰੂਰਤ ਹੈ, ੳਨ੍ਹਾਂ ਸਿੱਖ ਨੇਤਾਵਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸੱਚ ਦੇ ਮਾਰਗ ਤੇ ਚੱਲਣ ਅਤੇ ਸਿੱਖਾਂ ਦੀ ਅਗਵਾਈ ਕਰਨ ਨਾਂ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣਕੇ, ਸਿੱਖੀ ਦਾ ਘਾਣ ਕਰਨ। ਵਾਹਿਗੁਰੂ ਜੀਓ ਆਪ ਅੰਗ ਸੰਗ ਸਹਾਈ ਹੋ ਕੇ, ਸਿੱਖੀ ਦੀ ਚੜਦੀ ਕਲਾ ਦੀ ਬਖਸਿਸ਼ ਕਰਨ, ਇਹੋ ਅਰਦਾਸ ਹੈ ਜੀ।

ਡਾ. ਦਲਜੀਤ ਸਿੰਘ

ਸਾਬਕਾ: ਪ੍ਰੋਫੈਸਰ ਆਫ ਲਾਅ ਤੇ

ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ