ਬਾਦਲਕਿਆਂ ਦੀ  ਹਾਰ

ਬਾਦਲਕਿਆਂ ਦੀ  ਹਾਰ

ਸ਼੍ਰੋਮਣੀ  ਕਮੇਟੀ ਤੇ ਪੰਥਕ ਪਦਵੀਆਂ ਉੱਤੇ ਮਨਪਸੰਦ ਦੇ ਵਿਅਕਤੀ ਲਗਾਉਣਾ

ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਸੌ ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਬਾਰੇ ਸਵਾਲ ਖੜ੍ਹੇ ਕਰਨ ਵਾਲੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਆਪਣੇ ਚੋਣ ਇਤਿਹਾਸ ਦੀਆਂ ਸਭ ਤੋਂ ਘੱਟ, ਭਾਵ 15 ਸੀਟਾਂ ਤੱਕ ਸੀਮਤ ਹੋਣਾ ਪਿਆ ਸੀ। ਉਸ ਵਕਤ ਦਲੀਲ ਦਿੱਤੀ ਗਈ ਕਿ ਪਾਰਟੀ ਨੂੰ 25.3% ਵੋਟਾਂ ਮਿਲੀਆਂ ਹਨ ਜੋ ਆਪ  ਪਾਰਟੀ (23.9%) ਤੋਂ ਵੱਧ ਹਨ। ਮੌਜੂਦਾ ਚੋਣਾਂ ਦੌਰਾਨ ਪਾਰਟੀ ਦੇ ਸਿਰਫ਼ ਤਿੰਨ ਉਮੀਦਵਾਰ ਜਿੱਤੇ ਤੇ ਵੋਟ ਪ੍ਰਤੀਸ਼ਤ ਘਟ ਕੇ 18.38 ਤੱਕ ਸਿਮਟ ਗਈ। ਪਾਰਟੀ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੀਆਂ ਸੀਟਾਂ ਨਹੀਂ ਬਚਾ ਸਕੇ। ਇਹ ਸਥਾਪਿਤ ਸਿਆਸੀ ਧਿਰਾਂ, ਭਾਵ ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਪੰਜਾਬ ਦੇ ਲੋਕਾਂ ਅੰਦਰ ਪੈਦਾ ਹੋਈ ਨਾਰਾਜ਼ਗੀ ਦਾ ਪ੍ਰਤੱਖ ਪ੍ਰਮਾਣ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਬਹਿਬਲ ਗੋਲੀ ਕਾਂਡ,ਨਸ਼ਾ, ਰੇਤ-ਬਜਰੀ, ਕੇਬਲ ਅਤੇ ਵੱਖ ਵੱਖ ਤਰ੍ਹਾਂ ਦੇ ਹੋਰ ਮਾਫ਼ੀਆ ਦੇ ਮੁੱਦੇ ਅਤੇ ਸ਼੍ਰੋਮਣੀ  ਕਮੇਟੀ ਤੇ ਪੰਥਕ ਪਦਵੀਆਂ ਉੱਤੇ ਮਨਪਸੰਦ ਦੇ ਵਿਅਕਤੀ ਲਗਾਉਣਾ ਇਸ ਨਾਰਾਜ਼ਗੀ ਦਾ ਆਧਾਰ ਮੰਨੇ ਜਾ ਰਹੇ ਹਨ।

ਪੰਥਕ ਸਿਆਸਤ ਵਿਚ ਆਪਣੇ ਪੈਰ ਜਮਾਉਣ ਤੋਂ ਪਹਿਲਾਂ ਕੁਰਬਾਨੀਆਂ ਦੇ ਇਤਿਹਾਸ ਵਾਲੀ ਇਹ ਪਾਰਟੀ  ਪਰਿਵਾਰਵਾਦ ਦੀ ਪਾਰਟੀ ਬਣ ਚੁਕੀ ਹੈ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵਿਧਾਨ ਸਭਾ ਦੀ 1998 ਦੀ ਆਦਮਪੁਰ ਜ਼ਿਮਨੀ ਚੋਣ ਵਿਚ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੀ ਹਾਰ ਸਮੇਂ ਪਾਰਟੀ ਵਿਚ ਤਾਕਤਾਂ ਦੇ ਕੇਂਦਰੀਕਰਨ ਉੱਤੇ ਉਂਗਲ ਧਰੀ ਸੀ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਅਲੱਗ ਅਲੱਗ ਵਿਅਕਤੀਆਂ ਕੋਲ ਹੋਣੇ ਚਾਹੀਦੇ ਹਨ, ਕਿਉਂਕਿ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਕਾਰਨ ਮੁੱਖ ਮੰਤਰੀ ਅਹੁਦੇ ਦੀਆਂ ਸੀਮਾਵਾਂ ਵਿਚ ਬੱਝਾ ਹੁੰਦਾ ਹੈ ਪਰ ਪਾਰਟੀ ਪ੍ਰਧਾਨ ਸਪੱਸ਼ਟ ਸਟੈਂਡ ਲੈ ਸਕਦਾ ਹੈ। ਇਸ ਨੂੰ ਬਗ਼ਾਵਤ ਸਮਝਦਿਆਂ ਟੌਹੜਾ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਦੇ ਹੱਥ ਵਿਚ ਆਉਣ ਨਾਲ ਸੀਨੀਅਰ ਆਗੂ ਘੁਟਣ ਮਹਿਸੂਸ ਕਰਦੇ ਆ ਰਹੇ ਹਨ। ਪਾਰਟੀ ਦੇ ਜਮਹੂਰੀ ਕਿਰਦਾਰ ਨੂੰ ਖ਼ੋਰਾ ਲੱਗਾ ਹੈ ਅਤੇ ਪਾਰਟੀ ਫੈਡਰਲਿਜ਼ਮ ਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ  ਵਿਚ ਵੀ ਵਿਰੋਧੀ ਭੂਮਿਕਾ ਨਿਭਾਉਂਦੀ ਰਹੀ ਹੈ। ਵੱਡਾ ਸਵਾਲ ਇਹ ਹੈ ਕਿ ਕੀ ਅਕਾਲੀ ਦਲ  ਦਾ ਪੁਨਰ ਜਨਮ ਹੋ ਸਕੇਗਾ।                                                       

   ਵਡੇ ਬਾਦਲ ਨੂੰ ਹਰਾਉਣ ਵਾਲੇ ਗੁਰਪ੍ਰੀਤ ਸਿੰਘ ਖੁੱਡੀਆ 

 

ਆਮ ਆਦਮੀ ਪਾਰਟੀ ਦੇ 59 ਸਾਲਾ ਗੁਰਮੀਤ ਸਿੰਘ ਖੁੱਡੀਆਂ ਨੇ ਉਹ ਕਰ ਦਿਖਾਇਆ ਜਿਸ ਦਾ ਸੁਪਨਾ ਵੀ ਕਿਸੇ ਨੇ ਨਹੀਂ ਦੇਖਿਆ ਸੀ। ਉਨ੍ਹਾਂ ਨੇ ਪੰਜਾਬ ਦੇ ਮਜ਼ਬੂਤ ਨੇਤਾ ਅਕਾਲੀ ਦਲ ਦੇ ਹਮਾਇਤੀ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਗੜ੍ਹ ਲੰਬੀ ਵਿਚ ਹਰਾਇਆ ਹੈ। ਗੁਰਮੀਤ ਸਾਬਕਾ ਸੰਸਦ ਮੈਂਬਰ ਸਵਰਗੀ ਜਗਦੇਵ ਸਿੰਘ ਖੁੱਡੀਆਂ ਦਾ ਪੁੱਤਰ ਹੈ। ਚੋਣਾਂ ਤੋਂ ਪਹਿਲਾਂ ਹੀ ਲੰਬੀ ਸੀਟ ਨੂੰ ਹਾਟ ਸਮਝਿਆ ਜਾ ਰਿਹਾ ਸੀ। ਇੱਥੋਂ 1997 ਤੋਂ 2017 ਤੱਕ ਲਗਾਤਾਰ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਅਕਾਲੀ ਦਲ ਦੇ ਪੁਰਾਣੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ।

ਖੁੱਡੀਆਂ ਲੰਮੇ ਸਮੇਂ ਤੋਂ ਸਿਆਸਤ ਨਾਲ ਜੁਡ਼ੇ ਹੋਏ ਹਨ। ਪਹਿਲਾਂ ਅਕਾਲੀ ਦਲ (ਮਾਨ) ਨਾਲ ਸੀ ਤੇ ਫਿਰ ਕਾਂਗਰਸ ਨਾਲ ਜੁੜ ਗਏ। ਉਨ੍ਹਾਂ ਲੰਮਾ ਸਮਾਂ ਕਾਂਗਰਸ ਵਿਚ ਕੰਮ ਕੀਤਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਵੀ ਸਨ, ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੰਬਾ ਸਮਾਂ ਚੋਣ ਲੜੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਮੁੱਖ ਮੰਤਰੀ ਹੋਣ ਦੇ ਬਾਵਜੂਦ ਲੰਬੀ ਸੀਟ ਨੂੰ ਨਜ਼ਰਅੰਦਾਜ਼ ਕਰਨ ਕਾਰਨ ਉਹ ਕਾਂਗਰਸ ਛੱਡ ਕੇ ਬੀਤੀ ਜੁਲਾਈ ਵਿਚ 'ਆਪ' ਵਿਚ ਸ਼ਾਮਲ ਹੋ ਗਏ ਸਨ।

ਲੰਬੀ ਹਲਕੇ ਦੀ ਕਾਂਗਰਸ ਟੀਮ ਦੇ ਬਹੁਤੇ ਮੈਂਬਰ ਵੀ ਉਨ੍ਹਾਂ ਨਾਲ ਆਪਵਿਚ ਸ਼ਾਮਲ ਹੋ ਗਏ ਸਨ। ਆਪਵੱਲੋਂ ਐਲਾਨੀ ਗਈ ਚੋਣ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਉਨ੍ਹਾਂ ਨੂੰ ਲੰਬੀ ਤੋਂ ਉਮੀਦਵਾਰ ਐਲਾਨਿਆ ਗਿਆ। ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਗੁਰਮੀਤ ਖੁੱਡੀਆਂ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਸਕਣਗੇ। ਪਰ ਖੁੱਡੀਆਂ ਨੇ ਬਾਦਲ ਨੂੰ 11396 ਵੋਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ।ਇਲਾਕੇ ਦੇ ਲੋਕ ਵੀ ਬਾਦਲ ਦੀ ਹਾਰ ਤੋਂ ਹੈਰਾਨ ਹਨ। ਲੰਬੀ ਖੇਤਰ ਦੇ ਪਿੰਡ ਖੁੱਡੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਜ਼ਮੀਨੀ ਤੌਰ ਤੇ ਇਸ ਹਲਕੇ ਨਾਲ ਸਬੰਧਤ ਹੈ। ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਖੁੱਡੀਆਂ ਕਰੀਬ 15 ਏਕੜ ਜ਼ਮੀਨ ਦੇ ਮਾਲਕ ਹਨ। ਉਸ ਦਾ ਪਿਤਾ ਜਗਦੇਵ ਸਿੰਘ ਖੁੱਡੀਆਂ ਕੁਝ ਸਮਾਂ ਪਹਿਲਾਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ ਸੀ। ਉਸ ਦੀ ਲਾਸ਼ ਛੇ ਦਿਨਾਂ ਬਾਅਦ ਸਰਹਿੰਦ ਨਹਿਰ ਵਿੱਚੋਂ ਬਰਾਮਦ ਹੋਈ ਸੀ।