ਪ੍ਰਸ਼ਾਸਨ ਨੇ "6 ਜੂਨ-ਅੰਮ੍ਰਿਤਸਰ ਬੰਦ" ਦੇ ਬੋਰਡ ਉਤਾਰੇ

ਪ੍ਰਸ਼ਾਸਨ ਨੇ

ਅੰਮ੍ਰਿਤਸਰ: ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ 'ਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਕੀਤੇ ਸਿੱਖ ਕਤਲੇਆਮ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਲ ਖ਼ਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੰਦੇ ਸ਼ਹਿਰ ਵਿੱਚ ਲਗਾਏ ਗਏ ਬੋਰਡ ਸ਼ਹਿਰ ਪ੍ਰਸ਼ਾਸਨ ਨੇ ਉਤਾਰ ਦਿੱਤੇ ਹਨ। 

ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਲ ਖ਼ਾਲਸਾ ਦੇ ਆਗੂ ਰਣਵੀਰ ਸਿੰਘ ਨੇ ਆਪਣੀ ਫੇਸਬੁੱਕ 'ਤੇ ਲਿਖਿਆ, "ਦਲ ਖਾਲਸਾ ਵੱਲੋਂ "6 ਜੂਨ ਅੰਮ੍ਰਿਤਸਰ ਬੰਦ" ਦੇ ਫਲੈਕਸ ਅੰਮ੍ਰਿਤਸਰ ਸ਼ਹਿਰ ਵਿੱਚ ਲਗਾਏ ਗਏ ਸਨ।ਅੱਜ ਸਵੇਰੇ ਕਾਰਪੋਰੇਸ਼ਨ ਵੱਲੋਂ ਬੋਰਡਾਂ ਨੂੰ ਉਤਾਰਿਆ ਗਿਆ ਪੁੱਛਣ ਉੱਤੇ ਜਵਾਬ ਦਿੱਤਾ ਗਿਆ ਕਿ ਡੀ.ਸੀ.ਦਾ ਹੁਕਮ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਹੀ ਸੜਕਾਂ ਉੱਪਰ ਅੱਧ ਨੰਗੀਆਂ ਤਸਵੀਰਾਂ ਵਾਲੀਆਂ ਮਸ਼ਹੂਰੀਆਂ ਵੀ ਲੱਗੀਆਂ ਹੋਈਆਂ ਹਨ ਪਰ ਉਹ ਪ੍ਰਸ਼ਾਸਨ ਨੂੰ ਤੰਗ ਕਿਉਂ ਨਹੀਂ ਕਰਦੀਆਂ?"

ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਵੱਲੋਂ ਹਰ ਸਾਲ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਹਰ ਸਾਲ ਪੂਰਾ ਅੰਮ੍ਰਿਤਸਰ ਸ਼ਹਿਰ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਪੂਰਨ ਤੌਰ 'ਤੇ ਬੰਦ ਰਹਿੰਦਾ ਹੈ। ਇਹ ਬੰਦ ਬਿਲਕੁੱਲ ਸ਼ਾਂਤਮਈ ਹੁੰਦਾ ਹੈ ਤੇ ਬੰਦ ਤੋਂ ਪਹਿਲਾਂ ਹਫਤਾ ਦਲ ਖ਼ਾਲਸਾ ਦੇ ਸਿੰਘ ਸ਼ਹਿਰ ਵਿੱਚ ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਨ।