ਭਾਰਤ ਦੇ ਨਵੇਂ ਗ੍ਰਹਿ ਮੰਤਰੀ ਹੋ ਸਕਦੇ ਹਨ ਅਮਿਤ ਸ਼ਾਹ

ਭਾਰਤ ਦੇ ਨਵੇਂ ਗ੍ਰਹਿ ਮੰਤਰੀ ਹੋ ਸਕਦੇ ਹਨ ਅਮਿਤ ਸ਼ਾਹ
ਨਰਿੰਦਰ ਮੋਦੀ ਅਤੇ ਅਮਿਤ ਸ਼ਾਹ

ਨਵੀਂ ਦਿੱਲੀ (ਏਟੀ ਨਿਊਜ਼): ਮੋਦੀ ਦੀ ਨਵੀਂ ਕੈਬਨਿਟ ਵਿਚ ਅਮਿਤ ਸ਼ਾਹ ਗ੍ਰਹਿ ਮੰਤਰੀ ਬਣਾਏ ਜਾ ਸਕਦੇ ਹਨ। ਭਾਰਤੀ ਮੰਤਰੀ ਮੰਡਲ ਵਿੱਚ ਉਨ੍ਹਾਂ ਦੀ ਹੈਸੀਅਤ ਨੰਬਰ ਦੋ ਦੀ ਹੋਵੇਗੀ। ਮੌਜੂਦਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸਿਹਤ ਠੀਕ ਨਾ ਰਹਿਣ ਕਾਰਨ ਵਿੱਤ ਮੰਤਰੀ ਅਰੁਣ ਜੇਤਲੀ ਕੈਬਨਿਟ ਤੋਂ ਦੂਰ ਰਹਿ ਸਕਦੇ ਹਨ। ਇਲਾਜ ਲਈ ਅਮਰੀਕਾ ਗਏ ਹੋਣ ਕਰਕੇ ਉਨ੍ਹਾਂ ਦੀ ਥਾਂ ਬਜਟ ਰੇਲ ਮੰਤਰੀ ਪੀਯੂਸ਼ ਗੋਇਲ ਨੇ ਪੇਸ਼ ਕੀਤਾ ਸੀ। ਉਮੀਦ ਹੈ ਕਿ ਗੋਇਲ ਹੀ ਅਗਲੇ ਵਿੱਤ ਮੰਤਰੀ ਹੋਣਗੇ। ਸਿਹਤ ਦੇ ਆਧਾਰ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਵੀ ਮੰਤਰੀ ਬਣਨ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਐਤਕੀਂ ਚੋਣ ਵੀ ਨਹੀਂ ਲੜੀ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਤੇ ਉਮਾ ਭਾਰਤੀ ਵੀ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ। ਰਾਮ ਵਿਲਾਸ ਪਾਸਵਾਨ ਵੀ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਬੇਟੇ ਚਿਰਾਗ ਪਾਸਵਾਨ ਨੂੰ ਮੰਤਰੀ ਬਣਾਉਣ ਦੀ ਗੱਲ ਕਹਿ ਚੁੱਕੇ ਹਨ। 

ਚੋਣ ਹਾਰਨ ਕਾਰਨ ਹਰਦੀਪ ਸਿੰਘ ਪੁਰੀ, ਰੇਲ ਰਾਜ ਮੰਤਰੀ ਮਨੋਜ ਸਿਨਹਾ, ਸੈਰ-ਸਪਾਟਾ ਮੰਤਰੀ ਅਲਫੋਂਸ ਤੇ ਵਿੱਤ ਰਾਜ ਮੰਤਰੀ ਪੀ ਰਾਧਾਕ੍ਰਿਸ਼ਨਨ ਦਾ ਪੱਤਾ ਕੱਟਿਆ ਜਾ ਸਕਦਾ ਹੈ। ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਕੋਈ ਹੋਰ ਵਿਭਾਗ ਮਿਲ ਸਕਦਾ ਹੈ। ਉਹ ਵਣਜ ਮੰਤਰੀ ਵੀ ਰਹਿ ਚੁੱਕੇ ਹਨ। ਪਹਿਲੀ ਵਾਰ ਲੋਕ ਸਭਾ ਚੋਣ ਜਿੱਤਣ ਵਾਲੇ ਕਾਨੂੰਨ ਮੰਤਰੀ ਰਵੀਸ਼ੰਕਰ ਨੂੰ ਕੋਈ ਹੋਰ ਅਹਿਮ ਮੰਤਰਾਲਾ ਮਿਲ ਸਕਦਾ ਹੈ। 

ਅਮੇਠੀ ਵਿਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਕੱਪੜਾ ਮੰਤਰੀ ਸਿਮਰਤੀ ਈਰਾਨੀ ਤੇ ਘੱਟ ਗਿਣਤੀ ਭਲਾਈ ਮੰਤਰੀ ਦਾ ਕੱਦ ਵੀ ਵਧ ਸਕਦਾ ਹੈ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਪ੍ਰਕਾਸ਼ ਜਾਵਡੇਕਰ ਦਾ ਮਹਿਕਮਾ ਬਦਲ ਸਕਦਾ ਹੈ। ਜੇ ਪੀ ਨੱਢਾ, ਧਰਮਿੰਦਰ ਪ੍ਰਧਾਨ ਤੇ ਗਿਰੀਰਾਜ ਸਿੰਘ ਨੂੰ ਵੀ ਅਹਿਮ ਮਹਿਕਮੇ ਮਿਲ ਸਕਦੇ ਹਨ। ਰਾਜੀਵ ਪ੍ਰਤਾਪ ਰੂੜੀ ਫਿਰ ਮੰਤਰੀ ਬਣ ਸਕਦੇ ਹਨ। 

ਨਿਤਿਸ਼ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਦੇ ਆਰ ਸੀ ਪੀ ਸਿੰਘ, ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਬੇਟੇ ਰਾਮਨਾਥ ਸਿੰਘ ਤੇ ਮਧੇਪੁਰਾ ਵਿਚ ਸ਼ਰਦ ਯਾਦਵ ਨੂੰ ਹਰਾਉਣ ਵਾਲੇ ਦਿਨੇਸ਼ ਚੰਦਰ ਯਾਦਵ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਸੇ ਸਾਲ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ ਤੋਂ ਨਵੇਂ ਮੰਤਰੀ ਲਏ ਜਾ ਸਕਦੇ ਹਨ। ਝਾਰਖੰਡ ਤੋਂ ਨਿਸ਼ੀਕਾਂਤ ਦੂਬੇ ਤੇ ਅਰਜੁਨ ਮੁੰਡਾ ਦੀ ਚਰਚਾ ਹੈ। ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੀ ਨੁਮਾਇੰਦਗੀ ਵਧਾਈ ਜਾ ਸਕਦੀ ਹੈ। ਪੱਛਮੀ ਬੰਗਾਲ ਵਿਚ ਉਮਦਾ ਪ੍ਰਦਰਸ਼ਨ ਲਈ ਮੁਕੁਲ ਰਾਏ ਨੂੰ ਇਨਾਮ ਮਿਲ ਸਕਦਾ ਹੈ। ਪੱਛਮੀ ਬੰਗਾਲ ਵਿਚ ਦੋ ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ