ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਲਈ ਸਾਲਾਂਬੱਧੀ ਕਰਨਾ ਪੈਂਦੈ ਇੰਤਜ਼ਾਰ
*ਦੁੱਖ ਭੰਜਨੀ ਬੇਰ ਸਾਹਿਬ ਵਿਖੇ 2028 ਤੇ ਹਰਿ ਕੀ ਪਉੜੀ ਤੇ ਗੁੰਬਦ ਸਾਹਿਬ ਵਿਖੇ 2027 ਤੱਕ ਬੁਕਿੰਗ ਫੁੱਲ
ਅੰਮ੍ਰਿਤਸਰ ਟਾਈਮਜ਼
ਅੰਮਿ੍ਤਸਰ-ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਲਈ ਅਕਸਰ ਲੰਬਾ ਸਮਾਂ ਕਤਾਰਾਂ ਵਿਚ ਖੜੇ ਹੋ ਕੇ ਇੰਤਜ਼ਾਰ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਸਿੱਖ ਜਗਤ ਦੇ ਇਸ ਕੇਂਦਰੀ ਧਾਰਮਿਕ ਅਸਥਾਨ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਦੇ ਚਾਹਵਾਨ ਦੇਸ਼ ਵਿਦੇਸ਼ ਸ਼ਰਧਾਲੂਆਂ ਨੂੰ ਵੀ ਕਈ-ਕਈ ਸਾਲ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ । ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਕਰੀਬ 60 ਥਾਵਾਂ 'ਤੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਪ੍ਰਵਾਹ ਹਰ ਸਮੇਂ ਚੱਲਦੇ ਹਨ ਪਰ ਕੁਝ ਅਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਲਈ ਦੇਸ਼ -ਵਿਦੇਸ਼ ਦੇ ਸ਼ਰਧਾਲੂਆਂ ਨੂੰ 6-6 ਸਾਲ ਤੱਕ ਵੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ । ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ: ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਦੁੱਖ ਭੰਜਨੀ ਬੇਰ ਸਾਹਿਬ ਵਾਲੇ ਅਸਥਾਨ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਸਾਲ 2028 ਤੱਕ ਦੀ ਬੁਕਿੰਗ ਹੋ ਚੁੱਕੀ ਹੈ ਤੇ ਅੱਗੇ ਫ਼ਿਲਹਾਲ ਬੁਕਿੰਗ ਬੰਦ ਹੈ । ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਭਵਨ ਅੰਦਰ ਹਰਿ ਕੀ ਪਉੜੀ ਅਤੇ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਸਥਿਤ ਗੁੰਬਦ ਸਾਹਿਬ ਵਿਖੇ 2027 ਤੱਕ ਸ੍ਰੀ ਅਖੰਡ ਪਾਠਾਂ ਦੀ ਬੁਕਿੰਗ ਹੋ ਚੁੱਕੀ ਹੈ ਤੇ ਅੱਗੇ ਬੁਕਿੰਗ ਇਥੇ ਵੀ ਬੰਦ ਹੈ । ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਬਣੇ ਸ੍ਰੀ ਅਖੰਡ ਪਾਠਾਂ ਵਾਲੇ ਕਮਰਿਆਂ ਤੋਂ ਇਲਾਵਾ ਪਰਿਕਰਮਾ ਵਿਚ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਝੰਡੇ ਬੁੰਗੇ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਜੀ ਤੇ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਵਾਲੇ ਵਰਾਂਡਿਆਂ ਤੋਂ ਇਲਾਵਾ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਆਦਿ ਸਮੇਤ 60 ਥਾਵਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਹਰ ਸਮੇਂ ਚੱਲਦੇ ਹਨ ਤੇ ਜਿਨ੍ਹਾਂ ਲਈ ਕਰੀਬ ਤਿੰਨ ਸਾਲ ਬਾਅਦ ਵਾਰੀ ਮਿਲ ਜਾਂਦੀ ਹੈ ।ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਕਮੇਟੀ ਦੇ ਫ਼ੈਸਲੇ ਅਨੁਸਾਰ ਚਾਰ ਸਾਲ ਤੋਂ ਬਾਅਦ ਦੀ ਪਾਠਾਂ ਦੀ ਬੁਕਿੰਗ ਨਹੀਂ ਕੀਤੀ ਜਾਂਦੀ ।ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਵੀ ਕਰੀਬ 20 ਥਾਵਾਂ 'ਤੇ ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਹਨ ਤੇ ਇਥੇ ਵੀ ਸ਼ਰਧਾਲੂਆਂ ਨੂੰ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ । ਮੈਨੇਜਰ ਭੰਗਾਲੀ ਨੇ ਦੱਸਿਆ ਕਿ ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ 9500 ਰੁਪਏ ਹੈ ।ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਵਨ ਅੰਦਰ ਰੋਜ਼ਾਨਾ ਚੰਦੋਆ ਤੇ ਰੁਮਾਲਾ ਸਾਹਿਬ ਬਦਲੇ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਚੰਦੋਆ ਸਾਹਿਬ ਤੇ ਰੁਮਾਲਾ ਭੇਟ ਕਰਨ ਲਈ ਵੀ ਸ਼ਰਧਾਲੂਆਂ ਨੂੰ ਸਤੰਬਰ 2023 ਤੱਕ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ । ਇਥੇ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 1.50 ਲੱਖ ਤੋਂ ਉੱਪਰ ਦੀ ਕੀਮਤ ਵਾਲਾ ਚੰਦੋਆ ਸਾਹਿਬ ਸੈਟ ਨਾ ਹੋਵੇ ।ਉਂਝ ਸ਼ਰਧਾਲੂ ਕਰੀਬ 50 ਹਜ਼ਾਰ ਤੋਂ ਲੈ ਕੇ 1.50 ਲੱਖ ਤੱਕ ਦਾ ਚੰਦੋਆ ਤੇ ਰੁਮਾਲਾ ਸਾਹਿਬ ਦਾ ਸੈੱਟ ਸ਼ਰਧਾ ਸਹਿਤ ਭੇਟ ਕਰਦੇ ਹਨ ।
Comments (0)