ਇਯਾਲੀ ਤੋਂ ਬਾਅਦ ਹੁਣ ਸਾਬਕਾ ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਕਿਹਾ ਅਕਾਲੀ ਦਲ ਲੀਡਰਸ਼ਿਪ ਬਦਲੋ

ਇਯਾਲੀ ਤੋਂ ਬਾਅਦ ਹੁਣ ਸਾਬਕਾ ਸ਼ੋ੍ਮਣੀ ਕਮੇਟੀ ਪ੍ਰਧਾਨ ਨੇ ਕਿਹਾ ਅਕਾਲੀ ਦਲ ਲੀਡਰਸ਼ਿਪ ਬਦਲੋ

ਅੰਮ੍ਰਿਤਸਰ ਟਾਈਮਜ਼

ਜਲੰਧਰ : ਸ਼ੋ੍ਮਣੀ ਅਕਾਲੀ ਦਲ ਦੇ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਸਫ਼ਾਏ ਤੋਂ ਬਾਅਦ ਲਗਾਤਾਰ ਪਾਰਟੀ ਲੀਡਰਸ਼ਿਪ ਬਦਲਣ ਲਈ ਆਵਾਜ਼ਾਂ ਉੱਠ ਰਹੀਆਂ ਹਨ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੋਂ ਬਾਅਦ ਹੁਣ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਸਾਥੀਆਂ ਸਮੇਤ ਪਾਰਟੀ ਲੀਡਰਸ਼ਿਪ ਵਿਰੁੱਧ ਆਵਾਜ਼ ਬਲੁੰਦ ਕਰਦਿਆ ਮੰਗ ਕੀਤੀ ਕਿ ਪਾਰਟੀ ਪ੍ਰਧਾਨ ਵੱਲੋਂ ਬਣਾਈ ਝੂੰਦਾ ਕਮੇਟੀ ਦੀ ਰਿਪੋਰਟ ਜਨਤਕ ਤੌਰ 'ਤੇ ਨਸ਼ਰ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਝੂੰਦਾ ਕਮੇਟੀ 'ਚ ਕਰੀਬ 100 ਹਲਕਿਆਂ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਲੀਡਰਸ਼ਿਪ ਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪਰ ਮੌਜੂਦਾ ਸਮੇਂ ਪਾਰਟੀ ਵੱਡੇ ਸੰਕਟ 'ਚ ਹੈ ਅਤੇ ਆਪਣੀ ਧਰਾਤਲ ਤੋਂ ਟੁੱਟ ਚੁੱਕੀ ਹੈ। ਪਾਰਟੀ ਲੀਡਰਸ਼ਿਪ ਪੰਥਕ ਸਿਧਾਂਤਾਂ ਤੋਂ ਥਿੜ੍ਹਕੀ ਪਈ ਹੈ ਤੇ ਲੋਕ ਮੁੱਦੇ ਛੱਡ ਦਿੱਤੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਸ਼ੋ੍ਮਣੀ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੌਜੂਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਉਕਤ ਆਗੂਆਂ ਨੇ ਕਿਹਾ ਕਿ ਇਸ ਦਾ ਪ੍ਰਗਟਾਵਾ ਲੋਕਾਂ ਨੇ ਝੂੰਦਾ ਕਮੇਟੀ ਸਾਹਮਣੇ ਕਰ ਦਿੱਤਾ ਹੋਇਆ ਹੈ ਅਤੇ ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕਮੇਟੀ ਦੀ ਰਿਪੋਰਟ ਨਸ਼ਰ ਕੀਤੀ ਜਾਵੇ।

ਪੱਖੋਕੇ ਤੇ ਭਰੋਵਾਲ ਨੇ ਆਖਿਆ ਕਿ ਪੰਥਪ੍ਰਸਤ ਲੋਕ ਫ਼ਖ਼ਰ ਨਾਲ ਅਕਾਲੀ ਅਖਵਾਉਣ 'ਵਿਚ ਮਾਣ ਮਹਿਸੂਸ ਕਰਦੇ ਸਨ ਪਰ ਅੱਜ ਦੀ ਕਾਬਜ਼ ਲੀਡਰਸ਼ਿਪ ਦਾ ਸਿੱਖੀ ਸਿਧਾਂਤਾਂ ਤੋਂ ਪਾਸਾ ਵੱਟਣਾ, ਖ਼ੁਦਗਰਜ਼ੀਆਂ ਨੂੰ ਤਰਜੀਹ ਦੇਣਾ, ਕਮਾਈ ਦਾ ਸਾਧਨ ਬਣਾ ਲੈਣ ਤੇ ਚੰਦ ਬੰਦਿਆਂ ਦਾ ਏਕਾਧਿਕਾਰ ਬਣਾ ਕੇ ਪਾਰਟੀ ਵਰਕਰਾਂ ਤੇ ਹਮਾਇਤੀਆਂ ਦੀ ਆਵਾਜ਼ ਨਾ ਸੁਣਨ ਅਤੇ ਲੋਕ ਮੁੱਦਿਆਂ ਤੋਂ ਭਟਕ ਜਾਣ ਕਾਰਨ ਸ਼ੋ੍ਮਣੀ ਅਕਾਲੀ ਦਲ 'ਚ ਨਿਘਾਰ ਆ ਗਿਆ ਹੈ ਜਿਸ ਕਾਰਨ ਲੋਕਾਂ ਦਾ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ।