ਸ਼੍ਰੋਮਣੀ ਅਕਾਲੀ ਦਲ ਤੋਂ ਮਾਨ ਸਨਮਾਨ ਲੈਂਦੇ ਰਹਿਣ ਵਾਲੇ ਅਕਾਲੀ ਵਿਰੋਧੀਆਂ ਦੇ ਇਸ਼ਾਰੇ'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਣ : ਬੱਬਰ

ਸ਼੍ਰੋਮਣੀ ਅਕਾਲੀ ਦਲ ਤੋਂ ਮਾਨ ਸਨਮਾਨ ਲੈਂਦੇ ਰਹਿਣ ਵਾਲੇ ਅਕਾਲੀ ਵਿਰੋਧੀਆਂ ਦੇ ਇਸ਼ਾਰੇ'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਣ : ਬੱਬਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ ,17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸੁਖਵਿੰਦਰ ਸਿੰਘ ਬੱਬਰ ਨੇ ਅਜਿਹੇ ਸਾਬਕਾ ਅਕਾਲੀ ਆਗੂਆਂ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਨਸੀਹਤ ਦਿੱਤੀ ਹੈ, ਜੋ ਪਹਿਲਾਂ ਤਾਂ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ ਤੋਂ ਮਾਨ ਸਨਮਾਨ ਲੈਂਦੇ ਰਹੇ,ਪਰ ਹੁਣ ਵਿਰੋਧੀਆਂ ਦੇ ਇਸ਼ਾਰੇ'ਤੇ ਸਵਾਲ ਉਠਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਬੱਬਰ ਨੇ ਕਿਹਾ ਕਿ ਸਾਬਕਾ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੋ ਲੰਮਾ ਲਗਾਤਾਰ ਚੋਣਾਂ ਹਾਰਨ ਦੇ ਬਾਵਜੂਦ ਪਾਰਟੀ ਵਿਚ ਸਨਮਾਨ ਪ੍ਰਾਪਤ ਕਰਦੇ ਰਹੇ, ਇੱਥੋਂ ਤੱਕ ਕਿ ਪਾਰਟੀ ਦੇ ਅਸ਼ੀਰਵਾਦ ਸਦਕਾ ਹੀ ਇੱਕ ਵਾਰੀ ਦੇਸ਼ ਦੇ ਕੇਂਦਰੀ ਮੰਤਰੀ ਵੀ ਬਣੇ। ਪਰ ਹੁਣ ਵਿਰੋਧੀਆਂ ਦੇ ਇਸ਼ਾਰੇ'ਤੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰਨਾ ਨਾਲ ਰਲ ਕੇ ਸ਼ਹੀਦਾਂ ਦੀ ਜੱਥੇਬੰਦੀ ਸ਼ੋ੍ਰਮਣੀ ਅਕਾਲੀ ਦਲ ਬਾਰੇ ਭੰਡੀ ਪ੍ਰਚਾਰ ਕਰਨ'ਚ ਜੁਟੇ ਹੋਏ ਹਨ।

ਬੱਬਰ ਨੇ ਕਿਹਾ ਕਿ ਸ.ਢੀਂਡਸਾ ਨੂੰ ਜਨਤਕ ਤੌਰ'ਤੇ ਦੱਸਣਾ ਚਾਹੀਦਾ ਹੈ ਕਿ ਜਦੋਂ ਹਰ ਵਾਰੀ ਚੋਣਾਂ ਹਾਰਨ ਦੇ ਬਾਵਜੂਦ ਪਾਰਟੀ ਉਨ੍ਹਾਂ ਨੂੰ ਵੱਡੇ ਅਹੁਦਿਆਂ ਦੀ ਜ਼ਿੰਮੇਵਾਰੀ ਦੇ ਦਿੰਦੀ ਸੀ ਤਾਂ ਉਸ ਵੇਲੇ ਢੀਂਡਸਾ ਨੂੰ ਪਾਰਟੀ ਵਿਚ ਖਾਮੀਆਂ ਨਜ਼ਰ ਕਿਉਂ ਨਹੀਂ ਆਈਆਂ ।

ਬੱਬਰ ਨੇ ਕਿਹਾ ਕਿ ਇਸੇ ਤਰ੍ਹਾਂ ਹਰਮੀਤ ਸਿੰਘ ਕਾਲਕਾ ਜੋ ਕੁੱਝ ਸਮਾਂ ਪਹਿਲਾਂ ਤੱਕ ਆਪਣੀਆਂ ਜਨਤਕ ਤਕਰੀਰਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਅਹਿਸਾਨ ਕਬੂਲਦੇ ਹੁੰਦੇ ਸਨ,ਉਹ ਵੀ ਸਿਆਸੀ ਫਾਇਦੇ ਲਈ ਪਾਰਟੀ'ਤੇ ਉਂਗਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਕਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਪਾਰਟੀ ਨੇ ਹੀ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਦੀ ਪ੍ਰਧਾਨਗੀ, ਐਮਐਲਏ ਦੀ ਟਿਕਟ ਤੇ ਧਰਮ ਪਤਨੀ ਨੂੰ ਕੌਂਸਲਰ ਦੀ ਟਿਕਟ ਦੇ ਕੇ ਵਿਧਾਇਕ ਤੇ ਕੌਂਸਲਰ ਬਣਵਾਇਆ ਸੀ।

ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਪਾਰਟੀ ਦੇ ਅਹਿਸਾਨਾਂ ਨੂੰ ਭੁੱਲ ਕੇ ਪਾਰਟੀ ਦੀ ਪਿੱਠ'ਚ ਛੁਰਾ ਮਾਰ ਰਹੇ ਹਨ। ਬੱਬਰ ਨੇ ਕਿਹਾ ਕਿ ਇਹ ਲੋਕ ਆਪਣੇ ਨਿਜੀ ਸਿਆਸੀ ਫਾਇਦਿਆਂ ਵਾਸਤੇ ਸ਼ਹੀਦਾਂ ਦੀ ਜੱਥੇਬੰਦੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤੋਂ ਗੁਰੇਜ਼ ਨਹੀਂ ਕਰ ਰਹੇ ਪਰ ਇਨ੍ਹਾਂ ਸਾਰਿਆਂ ਦੇ ਮਨਸੂਬੇ ਬੁਰੀ ਤਰ੍ਹਾਂ ਫੇਲ ਹੋਣਗੇ।