ਅਕਾਲੀ ਦਲ ਅੰਮ੍ਰਿਤਸਰ ਨੇ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ਕੌਮੀ ਪੱਧਰੀ ਸਮਾਗਮ ਕਰਵਾਇਆ

ਅਕਾਲੀ ਦਲ ਅੰਮ੍ਰਿਤਸਰ ਨੇ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ਕੌਮੀ ਪੱਧਰੀ ਸਮਾਗਮ ਕਰਵਾਇਆ

 ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਮਹਾਰਾਸ਼ਟਰ ਸਰਕਾਰ ਦੀ ਦਖਲਅੰਦਾਜ਼ੀ ਕਰਨ ਦੀ ਨਿਖੇਧੀ

ਜਥੇਦਾਰ ਕਾਉਂਕੇ ਦੀ ਪਤਨੀ ਨੂੰ ਅਕਾਲੀ ਫੂਲਾ ਸਿੰਘ ਦੇ ਐਵਾਰਡ ਨਾਲ ਕੀਤਾ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫ਼ਤਹਿਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ 20ਵੀਂ ਸਦੀ ਦੇ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 77ਵੇਂ ਜਨਮ ਦਿਹਾੜੇ ਮੌਕੇ ਕੌਮੀ ਪੱਧਰੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 77ਵੇਂ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਵਲੋਂ ਹੁਕਮਰਾਨਾਂ ਨਾਲ ਲੜਦੇ ਹੋਏ ਐਲਾਨ ਕੀਤਾ ਗਿਆ ਸੀ ਕਿ ਜਿਸ ਦਿਨ ਹਕੂਮਤੀ ਫ਼ੌਜਾਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨਗੀਆਂ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ।ਮਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਮਹਾਰਾਸ਼ਟਰ ਸਰਕਾਰ ਵਲੋਂ ਬਣਾਇਆ ਨਵਾਂ ਕਾਨੂੰਨ ਗੁਰੂ ਘਰਾਂ ਦੇ ਪ੍ਰਬੰਧਾਂ ਵਿਚ ਗੈਰ ਵਿਧਾਨਿਕ ਤੇ ਗੈਰ ਸਮਾਜਿਕ ਢੰਗ ਰਾਹੀਂ ਜਬਰੀ ਦਖ਼ਲ ਦੇਣ ਦੇ ਅਮਲ ਹਨ, ਇਸੇ ਤਰ੍ਹਾਂ ਹਲਦਵਾਨੀ ਵਿਚ ਮਸਜਿਦਾਂ ਤੇ ਮਦਰੱਸਿਆਂ ਨੂੰ ਜਬਰੀ ਢਾਹ ਕੇ ਉੱਥੇ ਸਰਕਾਰੀ ਕਬਜ਼ੇ ਕਰਨ ਦੇ ਅਮਲ ਦਰਸਾਉਂਦੇ ਹਨ ਕਿ ਇਹ ਫ਼ਿਰਕੂ ਸੋਚ ਵਾਲੇ ਲੋਕ ਸੋਚੀ ਸਮਝੀ ਸਾਜ਼ਿਸ਼ ਅਧੀਨ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਗ਼ੁਲਾਮ ਬਣਾਉਣ ਦੀਆਂ ਕਾਰਵਾਈਆਂ ਕਰ ਰਹੇ ਹਨ, ਜਿਨ੍ਹਾਂ ਨੂੰ ਸਿੱਖ ਕੌਮ ਕਤਈ ਸਹਿਣ ਨਹੀਂ ਕਰੇਗੀ । ਇਕੱਠ ਵਿਚ 13 ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ।

ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਏ ਗੁਰਪ੍ਰੀਤ ਸਿੰਘ ਲਖਮੀਰਵਾਲਾ ਵਿਧਾਇਕ, ਮਹਿੰਦਰ ਸਿੰਘ ਆੜ੍ਹਤੀਆ ਦਾ ਮਾਨ ਨੇ ਨਿੱਘਾ ਸਵਾਗਤ ਕੀਤਾ, ਜਦੋਂਕਿ ਸਮਾਗਮ ਦੌਰਾਨ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਪਤਨੀ ਬੀਬੀ ਗੁਰਮੇਲ ਕੌਰ ਨੂੰ ਅਕਾਲੀ ਫੂਲਾ ਸਿੰਘ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਸਮਾਗਮ ਵਿਚ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰ ਕੇ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਪਰਮਿੰਦਰ ਸਿੰਘ ਝੋਟਾ, ਗੁਰਚਰਨ ਸਿੰਘ ਪਿਤਾ ਜਥੇਦਾਰ ਜਗਤਾਰ ਸਿੰਘ ਹਵਾਰਾ, ਇਮਾਨ ਸਿੰਘ ਖਾਰਾ, ਸਤਨਾਮ ਸਿੰਘ ਪਾਉਂਟਾ ਸਾਹਿਬ, ਪਰਮਜੀਤ ਸਿੰਘ ਮੰਡ, ਕਮਲਜੀਤ ਕੌਰ ਪਤਨੀ ਭਾਈ ਦਿਆ ਸਿੰਘ ਲਾਹੌਰੀਆ ਆਦਿ ਹਾਜ਼ਰ ਸਨ ।