ਆਪ' ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜੇਗੀ, ਕੀ ਇੰਡੀਆ ਗਠਜੋੜ ਦੀ ਹੋਂਦ ਅਜੇ ਬਾਕੀ ਹੈ?

ਆਪ' ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜੇਗੀ, ਕੀ ਇੰਡੀਆ ਗਠਜੋੜ ਦੀ ਹੋਂਦ ਅਜੇ ਬਾਕੀ ਹੈ?

ਕਾਂਗਰਸ ਆਪਣੇ ਹੀ ਕੀਤੇ ਸਰਵੇ ਵਿਚ ਹਾਰ ਰਹੀ ਏ!

*ਪਾਰਟੀ ਨੂੰ 543 ਸੀਟਾਂ ਵਿਚੋਂ ਸਿਰਫ਼ 100-110 ਸੀਟਾਂ 'ਤੇ ਹੀ ਜਿੱਤ ਮਿਲਣ ਦਾ ਅਨੁਮਾਨ

ਕੇਜਰੀਵਾਲ ਨੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇਕ ਸੀਟ 'ਤੇ ਚੋਣ ਲੜੇਗੀ। ਕੇਜਰੀਵਾਲ ਨੇ ਕਿਹਾ- "ਦੋ ਸਾਲ ਪਹਿਲਾਂ ਤੁਸੀਂ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਆਸ਼ੀਰਵਾਦ ਦਿੱਤਾ ਸੀ। ਤੁਸੀਂ ਸਾਨੂੰ 117 ਵਿੱਚੋਂ 92 ਸੀਟਾਂ ਦਿੱਤੀਆਂ ਸਨ ।ਤੁਸੀਂ ਪੰਜਾਬ ਵਿੱਚ ਇਤਿਹਾਸ ਰਚਿਆ ਸੀ। ਮੈਂ ਇੱਕ ਹੋਰ ਆਸ਼ੀਰਵਾਦ ਲੈਣ ਲਈ ਤੁਹਾਡੇ ਕੋਲ ਹੱਥ ਜੋੜ ਕੇ ਆਇਆ ਹਾਂ। ਲੋਕ ਸਭਾ ਚੋਣਾਂ ਹੋਣ ਨੂੰ ਦੋ ਮਹੀਨੇ ਬਾਕੀ ਹਨ।ਇੱਥੇ ਕੁੱਲ 14 ਸੀਟਾਂ ਹਨ- 13 ਪੰਜਾਬ ਤੋਂ ਅਤੇ ਇਕ ਚੰਡੀਗੜ੍ਹ ਤੋਂ।ਅਗਲੇ 10-15 ਦਿਨਾਂ ਵਿਚ 'ਆਪ' ਇਨ੍ਹਾਂ ਸਾਰੀਆਂ 14 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।

ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਪੰਜਾਬ ਦੇ ਖੰਨਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜੇਗੀ। ਮਾਨ ਨੇ ਹੁਣ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪਾਰਟੀ ਸੂਬੇ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ।

ਦੂਜੇ ਪਾਸੇ ਸੂਬੇ ਦੀ ਪਹਿਲੀ ਵਰਕਰਜ਼ ਕਨਵੈਨਸ਼ਨ ਵਿੱਚ ਪੁੱਜੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਪੂਰੇ 40 ਮਿੰਟ ਦੇ ਭਾਸ਼ਣ ਦੌਰਾਨ ਮੋਦੀ ਸਰਕਾਰ ’ਤੇ ਵਰ੍ਹਦੇ ਰਹੇ ਪਰ ਇਨ੍ਹਾਂ 40 ਮਿੰਟਾਂ ਦੌਰਾਨ ਉਨ੍ਹਾਂ ਇੱਕ ਸ਼ਬਦ ਵੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਨਹੀਂ ਬੋਲਿਆ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪ ਦੀ ਰੈਲੀ ਦੌਰਾਨ ਕਾਂਗਰਸ ਖ਼ਿਲਾਫ਼ ਚੁੱਪ ਹੀ ਰਹੇ ਸਨ। 

ਆਪ ਦੇ ਆਗੂਆਂ ਦੇ ਵਿਚਾਰ ਦਸਦੇ ਹਨ ਕਿ 'ਆਪ' ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਗੱਲਬਾਤ ਕੋਈ ਅੱਗੇ ਨਹੀਂ ਵਧ ਸਕੀ । 

ਦੋਵੇਂ ਪਾਰਟੀਆਂ, ਪੰਜਾਬ ਅਤੇ ਦਿੱਲੀ ਵਿੱਚ ਰਵਾਇਤੀ ਤੌਰ 'ਤੇ ਵਿਰੋਧੀ ਹਨ, ਨੇ ਪਿਛਲੇ ਮਹੀਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਇਕੱਠੀ ਲੜੀ ਸੀ, ਜਿਸ ਤੋਂ ਸੰਕੇਤ ਮਿਲਦਾ ਸੀ ਕਿ ਉਹ ਲੋਕ ਸਭਾ ਚੋਣਾਂ ਤੱਕ ਗੱਠਜੋੜ ਨੂੰ ਵਧਾ ਸਕਦੇ ਹਨ। ਪਰ ਹੁਣ, ਇਹ ਸੰਕੇਤ ਮਿਲ ਰਿਹਾ ਹੈ ਕਿ ਪੰਜਾਬ ਵਿੱਚ ਚਾਰ-ਕੋਣੀ ਚੋਣ ਮੁਕਾਬਲੇ ਹੋ ਸਕਦੇ ਹਨ।

 ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਇੰਡੀਆ ਗਠਜੋੜ ਟੁੱਟ ਰਿਹਾ ਹੈ।ਇੰਡੀਆ ਗਠਜੋੜ ਦਾ ਕੋਈ ਮਿਸ਼ਨ, ਕੋਈ ਵਿਜ਼ਨ ਨਹੀਂ, ਸਭ ਦੀ ਦੌੜ ਕੁਰਸੀ ਤਕ ਹੈ । ਉਹ ਨਾਰੇਬਾਜੀ ਤਕ ਸੀਮਤ ਹਨ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਨਿਆਯਾ ਯਾਤਰਾ ਅਜੀਬ ਹੈ। ਇਹ 'ਅਲਵਿਦਾ ਯਾਤਰਾ' ਹੈ।ਲੋਕ ਸਭਾ ਚੋਣਾਂ ਵਿਚ ਇਹ ਭਾਜਪਾ ਅਗੇ ਟਿਕ ਨਹੀਂ ਸਕਣਗੇ।ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇਹ ਐਲਾਨ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਪਿਛਲੇ ਸਾਲ ਗਠਿਤ ਕੀਤੇ ਗਏ ਇੰਡੀਆ ਗੱਠਜੋੜ ਲਈ ਇੱਕ ਤਾਜ਼ਾ ਝਟਕਾ ਹੈ। ਮੱਲਿਕਾਰਜੁਨ ਖੜਗੇ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਨੇ ਹਾਲ ਹੀ ਵਿੱਚ ਆਪਣੇ ਦੋ ਮੁੱਖ ਖੇਤਰੀ ਪੱਧਰ ਦੇ ਸਾਥੀਆਂ ਨਿਤੀਸ਼ ਕੁਮਾਰ ਅਤੇ ਮਮਤਾ ਬੈਨਰਜੀ ਨੂੰ ਗੁਆ ਦਿੱਤਾ ਹੈ।

 ਇੰਡੀਆ ਗੱਠਜੋੜ ਵਿਚ ਪਿਆ ਭੰਬਲਭੂਸਾ

 ਯਾਦ ਰਹੇ ਕਿ ਨਿਤੀਸ਼ ਕੁਮਾਰ ਨੇ ਆਪਣੇ ਸਹਿਯੋਗੀ ਰਾਸ਼ਟਰੀ ਜਨਤਾ ਦਲ ਨੂੰ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ ਅਤੇ ਕਿਹਾ ਕਿ ਕਾਂਗਰਸ ਇੰਡੀਆ ਗਠਜੋੜ ਦੀ ਅਗਵਾਈ ਹਥਿਆਉਣਾ ਚਾਹੁੰਦੀ ਹੈ।ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਸੀਟਾਂ ਦੀ ਵੰਡ ਦੀ ਗੱਲਬਾਤ ਵਿੱਚ ਦੇਰੀ ਕੀਤੀ ਅਤੇ ਇਸ ਲਈ ਉਨ੍ਹਾਂ ਦੇ ਕਾਂਗਰਸ ਦੇ ਸੀਟਾਂ ਦੀ ਵੰਡ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਜਿੱਥੇ ਰਾਹੁਲ ਗਾਂਧੀ ਅਜੇ ਵੀ ਮਮਤਾ ਬੈਨਰਜੀ ਨੂੰ ਇੰਡੀਆ ਗੱਠਜੋੜ ਦੇ ਸਹਿਯੋਗੀ ਮੰਨਦੇ ਹਨ, ਉੱਥੇ ਹੀ ਤ੍ਰਿਣਮੂਲ ਪਾਰਟੀ ਕਾਂਗਰਸ ਉਪਰ ਕਟਾਖਸ਼ ਕਰ ਰਹੀ ਹੈ।ਇਹ ਇੰਡੀਆ ਗੱਠਜੋੜ ਲਈ ਬਹੁਤ ਵਿਅੰਗਮਈ ਸਥਿਤੀ ਹੈ ਕਿ ਭਾਜਪਾ ਗੱਠਜੋੜ ਦਾ ਕਿਵੇਂ ਮੁਕਾਬਲਾ ਕਰੇਗੀ।ਭਾਜਪਾ ਦੇ ਅੰਦਰੂਨੀ ਹਲਕਿਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰਾਜਨੀਤੀ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ; ਉਹ ਜ਼ਾਹਿਰਾ ਤੌਰ ’ਤੇ ਹੁਣ ਤੱਕ ਸਭ ਤੋਂ ਵੱਧ 404 ਲੋਕ ਸਭਾ ਸੀਟਾਂ ਜਿੱਤਣ ਦਾ ਕਾਂਗਰਸ ਦਾ ਰਿਕਾਰਡ ਤੋੜਨਾ ਚਾਹੁੰਦੇ ਹਨ। ਕਾਂਗਰਸ ਨੇ 1984 ਦੀਆਂ ਆਮ ਚੋਣਾਂ ਵਿਚ ਲੋਕ ਸਭਾ ਦੀਆਂ 404 ਸੀਟਾਂ ਜਿੱਤੀਆਂ ਸਨ।

ਦੂਜੇ ਪਾਸੇ ਵਿਰੋਧੀ ਧਿਰ ਜਾਂ ਫਿਰ ‘ਇੰਡੀਆ’ ਗੱਠਜੋੜ ਦੀ ਛਤਰੀ ਹੇਠ ਇਕੱਠੇ ਹੋਈਆਂ ਪਾਰਟੀਆਂ ਦੇ ਆਗੂਆਂ ਦੇ ਆਪਸੀ ਮਤਭੇਦ ਜਨਤਕ ਤੌਰ ’ਤੇ ਸਾਹਮਣੇ ਆਉਣ ਲੱਗੇ, ਇਸ ਕਾਰਨ ਇਹ ਮੁੱਖ ਦਾਅਵੇਦਾਰ ਵਜੋਂ ਅਪ੍ਰਸੰਗਿਕ ਹੋ ਗਿਆ। ਇੰਡੀਆ’ ਦੇ ਚੇਅਰਪਰਸਨ ਵਜੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਔਖੀ ਘੜੀ ਵਿਚ ਗੱਠਜੋੜ ਦੇ ਭਾਈਵਾਲਾਂ ਤੱਕ ਪਹੁੰਚ ਕੀਤੀ ਹੈ। ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦੇ ਪੈਰੋਕਾਰ ਵਜੋਂ ਹੀ ਦੇਖਿਆ ਜਾਂਦਾ ਹੈ, ਉਹ ਇਸੇ ਗੱਲ ਲਈ ਸਾਲਸ ਬਣੇ ਹੋਏ ਹਨ ਕਿ ਕਾਂਗਰਸ ਵਿਰੋਧੀ ਧਿਰ ਨੂੰ ਕਿਵੇਂ ਆਕਾਰ ਦਿੰਦੀ ਹੈ, ਨਾਲ ਹੀ ਖੇਤਰੀ ਭਾਈਵਾਲਾਂ ਨਾਲ ਆਪਣੀਆਂ ਗਿਣਤੀਆਂ-ਮਿਣਤੀਆਂ ਕਿਵੇਂ ਬਿਠਾਉਂਦੀ ਹੈ।

ਆਪਣੇ ਕਰਵਾਏ ਸਰਵੇਖਣ ਵਿਚ ਹਾਰ ਰਹੀ ਕਾਂਗਰਸ

 ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਸਰਵੇਖਣਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਨ੍ਹਾਂ ਸਰਵੇਖਣਾਂ ਰਾਹੀਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ, ਤੇ ਕਿੰਨੀਆਂ 'ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਅਜਿਹਾ ਹੀ ਇਕ ਸਰਵੇ ਕਾਂਗਰਸ ਪਾਰਟੀ ਵੱਲੋਂ ਆਪਣੇ ਪੱਧਰ 'ਤੇ ਕਰਵਾਇਆ ਗਿਆ ਹੈ, ਜਿਸ ਵਿਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਸਰਵੇ ਮੁਤਾਬਕ ਪਾਰਟੀ ਨੂੰ ਦੇਸ਼ ਦੀਆਂ 543 ਸੀਟਾਂ ਵਿਚੋਂ ਸਿਰਫ਼ 100-110 ਸੀਟਾਂ 'ਤੇ ਹੀ ਜਿੱਤ ਮਿਲਣ ਦਾ ਅਨੁਮਾਨ ਹੈ। ਹਾਲਾਂਕਿ ਇਹ ਅੰਕੜਾ ਪਿਛਲੀਆਂ ਲੋਕ ਸਭਾ ਚੋਣਾਂ ਦੇ ਅੰਕੜੇ ਤੋਂ ਲਗਭਗ ਦੁੱਗਣਾ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ਼ 52 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਕਾਂਗਰਸ ਲਈ ਇਹ ਅੰਕੜੇ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਨਾਲੋਂ ਬਿਹਤਰ ਹੀ ਹਨ, ਕਿਉਂਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਸਿਰਫ਼ 52 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਇਸ ਵਾਰ ਇਹ ਅੰਕੜਾ 100 ਤੋਂ ਪਾਰ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ 'ਇੰਡੀਆ' ਅਲਾਇੰਸ ਦੀ ਸਭ ਤੋਂ ਵੱਡੀ ਪਾਰਟੀ ਹੈ। ਇਸ ਕਾਰਨ ਜੇਕਰ ਉਸ ਦਾ ਖ਼ੁਦ ਦੇ ਹੀ ਸਰਵੇ ਵਿਚ ਇਹ ਹਾਲ ਹੈ ਤਾਂ ਬਾਕੀ ਪਾਰਟੀਆਂ ਦਾ ਹਾਲ ਤਾਂ ਇਸ ਤੋਂ ਵੀ ਬੁਰਾ ਹੋ ਸਕਦਾ ਹੈ। ਇਸ ਸਰਵੇ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਦੇਸ਼ ਵਿਚ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣਨਾ ਲਗਭਗ ਤੈਅ ਹੈ। ਪਿਛਲੀ ਵਾਰ ਭਾਜਪਾ ਨੇ 303 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ, ਜਦਕਿ ਇਸ ਵਾਰ ਪਾਰਟੀ ਨੇ '400 ਤੋਂ ਪਾਰ' ਦਾ ਨਾਅਰਾ ਲਗਾਇਆ ਹੈ। 

ਇੰਡੀਆ' ਗਠਜੋੜ ਵਿਚ ਵੀ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਸਥਿਤੀ ਬਹੁਤੀ ਸਪੱਸ਼ਟ ਨਹੀਂ ਹੈ। ਪਾਰਟੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਆਪਸ ਵੀਚ ਭਿੜ ਰਹੀਆਂ ਹਨ, ਜਿਸ ਕਾਰਨ ਇੰਡੀਆ ਗਠਜੋੜ ਵਿਚ ਦਰਾਰ ਵੱਡੀ ਹੁੰਦੀ ਜਾ ਰਹੀ ਹੈ।

ਬੰਗਾਲ, ਮਹਾਰਾਸ਼ਟਰ ਵਿੱਚ ਟੱਕਰ; ਤਾਮਿਲਨਾਡੂ, ਕੇਰਲ ਵਿੱਚ ਵਿਰੋਧੀ ਧਿਰ ਦੀ ਕਲੀਨ ਸਵੀਪ: ਓਪੀਨੀਅਨ ਪੋਲ 

ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਗੋਆ ਵਿੱਚ ਵਿਰੋਧੀ ਪਾਰਟੀਆਂ ਨਾਲ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਰੋਧੀ ਪਾਰਟੀਆਂ ਕੇਰਲ ਅਤੇ ਤਾਮਿਲਨਾਡੂ ਵਿੱਚ ਕਲੀਨ ਸਵੀਪ ਕਰ ਸਕਦੀਆਂ ਹਨ, ਭਾਵ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ ਇਨ੍ਹਾਂ ਰਾਜਾਂ ਵਿੱਚ ਕੋਈ ਵੀ ਸੀਟ ਮਿਲਣ ਦੀ ਸੰਭਾਵਨਾ ਨਹੀਂ ਹੈ। ਮਹਾਰਾਸ਼ਟਰ ਵਿੱਚ ਟੀਐਮਸੀ ਅਤੇ ਬੀਜੇਪੀ ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ। ਇੰਡੀਆ ਟੂਡੇ ਸੀ-ਵੋਟਰ ਦੇ ਮੂਡ ਆਫ ਦ ਨੇਸ਼ਨ ਸਰਵੇ ਮੁਤਾਬਕ ਇਸ ਵਾਰ ਟੀਐਮਸੀ ਨੂੰ 22 ਸੀਟਾਂ ਮਿਲ ਸਕਦੀਆਂ ਹਨ। ਭਾਜਪਾ 19 ਸੀਟਾਂ ਜਿੱਤ ਕੇ ਆਪਣਾ ਪ੍ਰਦਰਸ਼ਨ ਸੁਧਾਰ ਸਕਦੀ ਹੈ। ਕਾਂਗਰਸ ਨੂੰ ਇੱਕ ਸੀਟ ਮਿਲ ਸਕਦੀ ਹੈ ਅਤੇ ਖੱਬੀਆਂ ਪਾਰਟੀਆਂ ਨੂੰ ਦੁਬਾਰਾ ਕੋਈ ਸੀਟ ਮਿਲਣ ਦੀ ਸੰਭਾਵਨਾ ਨਹੀਂ ਹੈ।

ਪੱਛਮੀ ਬੰਗਾਲ ਵਿੱਚ ਲੋਕ ਸਭਾ ਦੀਆਂ 42 ਸੀਟਾਂ ਹਨ। ਭਾਜਪਾ ਨੂੰ 2019 ਵਾਂਗ 40 ਫੀਸਦੀ ਵੋਟ ਸ਼ੇਅਰ ਮਿਲਣ ਦਾ ਅਨੁਮਾਨ ਹੈ। ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ 53 ਫੀਸਦੀ ਵੋਟ ਸ਼ੇਅਰ ਮਿਲਣ ਦੀ ਸੰਭਾਵਨਾ ਹੈ, ਜੋ ਕਿ 2019 ਦੇ ਮੁਕਾਬਲੇ ਚਾਰ ਫੀਸਦੀ ਘੱਟ ਹੈ। ਬਾਕੀਆਂ ਨੂੰ 7 ਫੀਸਦੀ ਵੋਟਾਂ ਮਿਲ ਸਕਦੀਆਂ ਹਨ।

 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਤ੍ਰਿਣਮੂਲ ਕਾਂਗਰਸ ਅਤੇ ਬੀਜੇਪੀ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਉਦੋਂ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ, ਜਦਕਿ ਤ੍ਰਿਣਮੂਲ 22 ਸੀਟਾਂ ਨਾਲ ਸੱਤਾ ਵਿਚ ਰਹੀ ਸੀ। ਕਾਂਗਰਸ ਨੂੰ 2 ਸੀਟਾਂ ਮਿਲੀਆਂ ਸਨ।

ਇੰਡੀਆ ਟੂਡੇਜ਼ ਮੂਡ ਆਫ਼ ਦ ਨੇਸ਼ਨ ਸਰਵੇਖਣ ਦਾ ਫਰਵਰੀ 2024 ਐਡੀਸ਼ਨ ਸਾਰੀਆਂ ਲੋਕ ਸਭਾ ਸੀਟਾਂ 'ਤੇ 35,801 ਲੋਕਾਂ ਦੇ ਸਰਵੇਖਣ 'ਤੇ ਅਧਾਰਿਤ ਹੈ। ਇਹ ਸਰਵੇਖਣ 15 ਦਸੰਬਰ, 2023 ਅਤੇ 28 ਜਨਵਰੀ, 2024 ਦਰਮਿਆਨ ਕੀਤਾ ਗਿਆ ਸੀ। 

ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਦਾ ਪਲੜਾ ਭਾਰੀ

ਸਰਵੇਖਣ ਮੁਤਾਬਕ ਜੇਕਰ ਅੱਜ ਮਹਾਰਾਸ਼ਟਰ ਵਿਚ ਚੋਣਾਂ ਹੁੰਦੀਆਂ ਹਨ ਤਾਂ ਮਹਾਵਿਕਾਸ ਅਗਾੜੀ ਦਾ ਪਲੜਾ ਭਾਰੀ ਹੋ ਸਕਦਾ ਹੈ। ਵਿਰੋਧੀ ਗਠਜੋੜ 48 ਵਿੱਚੋਂ 26 ਸੀਟਾਂ ਜਿੱਤ ਸਕਦਾ ਹੈ। ਇਨ੍ਹਾਂ ਵਿੱਚੋਂ ਕਾਂਗਰਸ ਨੂੰ 12 ਅਤੇ ਸ਼ਿਵ ਸੈਨਾ (ਊਧਵ)-ਐਨਸੀਪੀ (ਸ਼ਰਦ ਪਵਾਰ) ਨੂੰ 14 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਗਠਜੋੜ ਨੂੰ 22 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਗਠਜੋੜ ਨੂੰ 40.5 ਫੀਸਦੀ ਵੋਟ ਸ਼ੇਅਰ ਮਿਲ ਸਕਦੇ ਹਨ, ਜਦਕਿ ਕਾਂਗਰਸ ਗਠਜੋੜ ਨੂੰ 44.5 ਫੀਸਦੀ ਵੋਟ ਸ਼ੇਅਰ ਮਿਲਦੇ ਨਜ਼ਰ ਆ ਰਹੇ ਹਨ।

2019 ਦੀਆਂ ਚੋਣਾਂ ਵਿੱਚ ਐਨਡੀਏ ਨੇ 41 ਸੀਟਾਂ ਜਿੱਤੀਆਂ ਸਨ, ਜਿਨ੍ਹਾਂ ਵਿੱਚੋਂ 22 ਸੀਟਾਂ ਭਾਜਪਾ ਨੇ ਜਿੱਤੀਆਂ ਸਨ, ਜਦਕਿ 19 ਸੀਟਾਂ ਸ਼ਿਵ ਸੈਨਾ ਨੇ ਜਿੱਤੀਆਂ ਸਨ। ਕਾਂਗਰਸ ਅਤੇ ਐਨਸੀਪੀ ਨੇ ਛੇ ਸੀਟਾਂ ਜਿੱਤੀਆਂ ਸਨ। ਓਵੈਸੀ ਦੀ ਪਾਰਟੀ ਨੂੰ ਵੀ ਇੱਕ ਸੀਟ ਮਿਲੀ ਸੀ।

ਗੋਆ ਵਿੱਚ ਦੋ ਲੋਕ ਸਭਾ ਸੀਟਾਂ ਹਨ, ਜਿੱਥੇ ਇੱਕ ਸੀਟ ਭਾਜਪਾ ਅਤੇ ਇੱਕ ਸੀਟ ਕਾਂਗਰਸ ਜਿੱਤ ਸਕਦੀ ਹੈ। ਪਿਛਲੀਆਂ ਚੋਣਾਂ ਵਿੱਚ ਵੀ ਅਜਿਹਾ ਹੀ ਨਤੀਜਾ ਰਿਹਾ ਸੀ। ਸਰਵੇਖਣ ਮੁਤਾਬਕ ਭਾਜਪਾ ਨੂੰ 37.1 ਫੀਸਦੀ, ਕਾਂਗਰਸ ਨੂੰ 47 ਫੀਸਦੀ ਅਤੇ ਆਮ ਆਦਮੀ ਪਾਰਟੀ ਨੂੰ ਅੱਠ ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।

ਕੇਰਲ, ਤਾਮਿਲਨਾਡੂ ਦਾ ਸਰਵੇਖਣ

ਕੇਰਲ 'ਚ ਕਾਂਗਰਸ ਗਠਜੋੜ ਨੂੰ 18 ਸੀਟਾਂ ਮਿਲ ਸਕਦੀਆਂ ਹਨ, ਜਦਕਿ ਖੱਬੇ ਪੱਖੀ ਗਠਜੋੜ ਨੂੰ ਦੋ ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 16.5 ਫੀਸਦੀ, ਕਾਂਗਰਸ ਗਠਜੋੜ ਨੂੰ 45.7 ਫੀਸਦੀ, ਖੱਬੇ ਗਠਜੋੜ ਨੂੰ 32.3 ਫੀਸਦੀ ਅਤੇ ਹੋਰਨਾਂ ਨੂੰ 5.5 ਫੀਸਦੀ ਵੋਟਾਂ ਮਿਲ ਸਕਦੀਆਂ ਹਨ।

ਤਾਮਿਲਨਾਡੂ ਵਿੱਚ ਡੀਐਮਕੇ ਨੂੰ 31 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ ਅੱਠ ਸੀਟਾਂ ਮਿਲਣ ਜਾ ਰਹੀਆਂ ਹਨ। ਤਾਮਿਲਨਾਡੂ ਵਿੱਚ ਲੋਕ ਸਭਾ ਦੀਆਂ 39 ਸੀਟਾਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੀਐਮ ਸਟਾਲਿਨ ਦੀ ਪਾਰਟੀ ਡੀਐਮਕੇ ਨੂੰ 24, ਕਾਂਗਰਸ ਨੂੰ ਅੱਠ, ਏਆਈਏਡੀਐਮਕੇ ਨੂੰ ਇੱਕ, ਖੱਬੇ ਪੱਖੀ ਨੂੰ ਚਾਰ ਅਤੇ ਹੋਰਨਾਂ ਨੂੰ ਦੋ ਸੀਟਾਂ ਮਿਲੀਆਂ ਸਨ।

ਬਿਹਾਰ 'ਚ ਐਨਡੀਏ ਦਾ ਦਬਦਬਾ ਬਣਿਆ ਰਹਿ ਸਕਦਾ ਹੈ

ਬਿਹਾਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੂੰ 40 ਵਿੱਚੋਂ 32 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇੰਡੀਆ ਗਠਜੋੜ ਨੂੰ 8 ਸੀਟਾਂ ਮਿਲ ਸਕਦੀਆਂ ਹਨ। ਜਦੋਂ ਕਿ 2019 ਵਿੱਚ ਐਨਡੀਏ ਦਾ ਵੋਟ ਸ਼ੇਅਰ 53 ਪ੍ਰਤੀਸ਼ਤ ਸੀ, 2024 ਵਿੱਚ ਵੋਟ ਸ਼ੇਅਰ ਘਟ ਕੇ 52 ਪ੍ਰਤੀਸ਼ਤ ਰਹਿ ਸਕਦਾ ਹੈ। ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਸੱਤ ਫੀਸਦੀ ਤੱਕ ਵਧਦੀ ਨਜ਼ਰ ਆ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਤੀਸ਼ ਕੁਮਾਰ ਇੱਕ ਵਾਰ ਫਿਰ ਮਹਾਂ ਗਠਜੋੜ ਤੋਂ ਵੱਖ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

 

ਬਘੇਲ ਸਿੰਘ ਧਾਲੀਵਾਲ