ਪਾਕਿ ਰਾਜਦੂਤ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਤੇ ਦਿੱਲੀ ਦੇ ਅਕਾਲੀ ਆਗੂਆਂ ਦਾ ਸਾਂਝਾ ਵਫ਼ਦ

ਪਾਕਿ ਰਾਜਦੂਤ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਤੇ ਦਿੱਲੀ ਦੇ ਅਕਾਲੀ ਆਗੂਆਂ ਦਾ ਸਾਂਝਾ ਵਫ਼ਦ

ਪਾਕਿਸਤਾਨ ’ਵਿਚ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਪੂਰੀ ਖੁੱਲ੍ਹ ਦੇਣ ਦੀ ਕੀਤੀ ਮੰਗ

ਅੰਮ੍ਰਿਤਸਰ ਟਾਈਮਜ਼

ਫ਼ਤਹਿਗਡ਼੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਦੇ ਅਕਾਲੀ ਨੇਤਾਵਾਂ ਦਾ ਇਕ ਸਾਂਝਾ ਵਫ਼ਦ ਬੀਤੇ ਦਿਨੀਂ ਪਾਕਿਸਤਾਨੀ ਰਾਜਦੂਤ ਆਫ਼ਤਾਬ ਹਸਨ ਖ਼ਾਨ ਨੂੰ ਮਿਲਿਆ ਤੇ ਮੰਗ ਕੀਤੀ ਕਿ ਭਾਰਤ ਅਤੇ ਪਾਕਿ ਦੋਵੇਂ ਸਰਕਾਰਾਂ ਪਾਕਿਸਤਾਨ ’ਵਿਚ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਪੂਰੀ ਤਰ੍ਹਾਂ ਖੁੱਲ੍ਹ ਦੇਣ ਦਾ ਪ੍ਰਬੰਧ ਕਰਨ।

ਪਾਕਿਸਤਾਨ ਦੇ ਰਾਜਦੂਤ ਨੂੰ ਮਿਲਣ ਵਾਲੇ ਵਫ਼ਦ ’ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਪ੍ਰਸਤ ਹਰਵਿੰਦਰ ਸਿੰਘ ਸਰਨਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਅਜਾਇਬ ਸਿੰਘ ਅਭਿਆਸੀ, ਅੰਤ੍ਰਿੰਗ ਮੈਂਬਰ ਗੁਰਮੀਤ ਸਿੰਘ ਬੂਹ, ਸਕੱਤਰ ਪਰਮਜੀਤ ਸਿੰਘ ਸਰੋਆ, ਰਜਿੰਦਰ ਸਿੰਘ ਰੂਬੀ ਇੰਚਾਰਜ ਯਾਤਰਾ, ਪ੍ਰਭਜੀਤ ਸਿੰਘ ਸ਼ਾਮਲ ਸਨ।

ਵਫ਼ਦ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ  ਦੱਸਿਆ ਕਿ ਵਫ਼ਦ ਵੱਲੋਂ ਪਾਕਿਸਤਾਨ ’ਚ ਆਏ ਹਡ਼੍ਹਾਂ ਕਾਰਨ ਹੋਈ ਤਬਾਹੀ ’ਤੇ ਅਫ਼ਸੋਸ ਪ੍ਰਗਟ ਕੀਤਾ। ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਰਾਜਦੂਤ ਆਫ਼ਤਾਬ ਹਸਨ ਖ਼ਾਨ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਹਡ਼੍ਹਾਂ ਕਾਰਨ ਹੋਈ ਤਬਾਹੀ ’ਵਿਚ ਲੋਕਾਂ ਦੀ ਮਦਦ ਕਰਨ ਦਾ ਆਪਣੇ ਵਸੀਲਿਆਂ ਅਨੁਸਾਰ ਪੂਰਾ ਯਤਨ ਕਰੇਗੀ।

ਵਫ਼ਦ ਦੇ ਵਿਸ਼ੇਸ਼ ਮਕਸਦ ਨੂੰ ਦੱਸਦਿਆਂ ਪੰਜੋਲੀ ਨੇ ਦੱਸਿਆ ਕਿ 30 ਅਕਤੂਬਰ 2022 ਨੂੰ ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਪਾਕਿ ਸਰਕਾਰ ਤੋਂ ਦਿੱਲੀ ਦੇ ਸਿੱਖ ਅਤੇ ਸ਼੍ਰੋਮਣੀ  ਕਮੇਟੀ ਦੇ ਜਥੇ ਵਿਚ ਜਾਣ ਵਾਲੇ ਸ਼ਰਧਾਲੂਆਂ ਲਈ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਕੀਤੀ ਹੈ। ਵਫ਼ਦ ਨੇ ਪਾਕਿਸਤਾਨ ਦੇ ਰਾਜਦੂਤ ਨੂੰ ਇਹ ਵੀ ਕਿਹਾ ਕਿ ਇਸ ਸਬੰਧੀ ਇਕ ਐਡਵਾਂਸ ਪਾਰਟੀ ਪ੍ਰਬੰਧ ਕਰਨ ਲਈ ਜਾਵੇਗੀ, ਉਨ੍ਹਾਂ ਲਈ ਐਡਵਾਂਸ ਵੀਜ਼ੇ ਜਾਰੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁਲਾਕਾਤ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ ਹੈ, ਰਾਜਦੂਤ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਜਲਦੀ ਹੀ ਆਪਣੀ ਸਰਕਾਰ ਨਾਲ ਗੱਲਬਾਤ ਕਰ ਕੇ ਵੀਜ਼ੇ ਦੇਣ ਦਾ ਪ੍ਰਬੰਧ ਕਰਨਗੇ।

ਵਫ਼ਦ ਵੱਲੋ ਰਾਜਦੂਤ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।