ਤਾਲਿਬਾਨ ਸਰਕਾਰ ਨੇ ਸਾਹਿਬ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਦੇਸ਼ ਤੋਂ ਬਾਹਰ ਲਿਜਾਣ 'ਤੇ ਲਗਾਈ ਪਾਬੰਦੀ

ਤਾਲਿਬਾਨ ਸਰਕਾਰ ਨੇ ਸਾਹਿਬ ਸ੍ਰੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਦੇਸ਼ ਤੋਂ ਬਾਹਰ ਲਿਜਾਣ 'ਤੇ ਲਗਾਈ ਪਾਬੰਦੀ

ਸ਼ਨੀਵਾਰ ਨੂੰ 4 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਆਣੇ ਸਨ ਦਿੱਲੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 14 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਦੇਸ਼ ਤੋਂ ਬਾਹਰ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ।  ਇਸ ਬਾਰੇ ਜਾਣਕਾਰੀ ਦੇਂਦਿਆਂ ਪੁਨੀਤ ਸਿੰਘ ਚੰਡੋਕ ਨੇ ਦਸਿਆ ਕਿ 60 ਅਫਗਾਨ ਸਿੱਖਾਂ ਦਾ ਇੱਕ ਜਥਾ ਸ਼ਨੀਵਾਰ ਨੂੰ 4 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਸਮੇਤ ਦਿੱਲੀ ਪਹੁੰਚਣ ਵਾਲਾ ਸੀ ਪਰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਪ੍ਰੋਟੋਕੋਲ ਦਾ ਹਵਾਲਾ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਦੇਸ਼ ਤੋਂ ਬਾਹਰ ਨਹੀਂ ਲਿਜਾਣ ਦਿੱਤਾ।

ਉਨ੍ਹਾਂ ਕਿਹਾ ਕਿ ਅਫਗਾਨ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਨੇ ਪ੍ਰੋਟੋਕੋਲ ਵਿਭਾਗ ਨਾਲ ਸਬੰਧਤ ਹੋਣ ਕਰਕੇ ਇਸ 'ਤੇ ਇਤਰਾਜ਼ ਜਤਾਇਆ ਹੈ। ਇਹ ਮਾਮਲਾ ਸਬੰਧਤ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਿੱਖਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਫਗਾਨਿਸਤਾਨ ਤੋਂ ਹਿੰਦੁਸਤਾਨ ਉਦੋਂ ਤੱਕ ਨਹੀਂ ਲਿਜਾਇਆ ਜਾ ਸਕਦਾ ਜਦੋਂ ਤੱਕ ਇਸ ਨੂੰ ਮੰਤਰਾਲੇ ਤੋਂ ਰਾਹਦਾਰੀ ਅਤੇ ਸੂਚਨਾ ਮੰਤਰਾਲੇ ਤੋਂ ਅਧਿਕਾਰਤ ਪੁਸ਼ਟੀ ਪੱਤਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨਾਲ ਵੀ ਗੱਲ ਕੀਤੀ ਹੈ ਤੇ ਅਫਗਾਨਿਸਤਾਨ ਦੇ ਮੰਤਰਾਲੇ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ ।

ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਅਤੇ ਕਾਬੁਲ ਵਿੱਚ ਹਿੰਦੁਸਤਾਨੀ ਮਿਸ਼ਨ ਰਾਹੀਂ ਹਿੰਦੁਸਤਾਨ ਸਰਕਾਰ ਦੇ ਤੁਰੰਤ ਦਖਲ ਦੀ ਮੰਗ ਕੀਤੀ ਗਈ ਸੀ।  ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਹਿੰਦੁਸਤਾਨੀ ਅਧਿਕਾਰੀਆਂ ਨੇ ਵੀ ਇਹ ਮਾਮਲਾ ਆਪਣੇ ਹਮਰੁਤਬਾ ਕੋਲ ਉਠਾਇਆ ਹੈ।

ਦਿੱਲੀ ਦੇ ਵੱਖ ਵੱਖ ਸਿੱਖ ਆਗੂਆਂ ਨੇ ਵੀਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ।