ਪੰਜ ਮੈਂਬਰੀ ਕਮੇਟੀ ਦਾ ਐਲਾਨ; 15 ਤਕ ਮੰਗਾਂ ਨਾ ਮੰਨੀਆਂ ਤਾਂ 20 ਨੂੰ ਘੇਰਾਂਗੇ ਅੰਮ੍ਰਿਤਸਰ ਜੇਲ੍ਹ

ਪੰਜ ਮੈਂਬਰੀ ਕਮੇਟੀ ਦਾ ਐਲਾਨ; 15 ਤਕ ਮੰਗਾਂ ਨਾ ਮੰਨੀਆਂ ਤਾਂ 20 ਨੂੰ ਘੇਰਾਂਗੇ ਅੰਮ੍ਰਿਤਸਰ ਜੇਲ੍ਹ

ਅੰਮ੍ਰਿਤਸਰ: 2015 ਸਰਬੱਤ ਖਾਲਸਾ ਦੇ ਪ੍ਰਬੰਧਕਾਂ  ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਦੁਹਰਾਇਆ ਹੈ ਕਿ ਜੇਕਰ ਕੈਪਟਨ ਸਰਕਾਰ ਨੇ 15 ਫਰਵਰੀ ਤੀਕ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੈਅ ਸ਼ੁਦਾ ਰਣਨੀਤੀ ਤਹਿਤ 20 ਫਰਵਰੀ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਜਾਵੇਗਾ।ਕਮੇਟੀ ਨੇ ਇਹ ਵੀ ਸਾਫ ਕੀਤਾ ਹੈ ਕਿ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਮੰਡ,ਜਥੇਦਾਰ ਦਾਦੂਵਾਲ ਤੇ ਜਥੇਦਾਰ ਅਜਨਾਲਾ ਸਰਬੱਤ ਖਾਲਸਾ ਨੂੰ ਹੀ ਜਵਾਬ ਦੇਹ ਹਨ।ਜੇਕਰ ਲੋੜ ਮਹਿਸੂਸ ਹੋਈ ਤਾਂ ਜਥੇਦਾਰ ਹਵਾਰਾ ਸਾਲ 2019 ਦੀ ਵੈਸਾਖੀ ਮੌਕੇ ਸਰਬੱਤ ਖਾਲਸਾ ਸੱਦ ਸਕਦੇ ਹਨ।

ਪੰਜ ਮੈਂਬਰੀ ਕਮੇਟੀ ਦੇ ਮੈਂਬਰਾਨ ਭਾਈ ਨਰੈਣ ਸਿੰਘ ਚੌੜਾ,ਮਾਸਟਰ ਸੰਤੋਖ ਸਿੰਘ ਲੁਧਿਆਣਾ,ਪ੍ਰੋ:ਬਲਜਿੰਦਰ ਸਿੰਘ ਨੇ ਭਾਈ ਬਲਦੇਵ ਸਿੰਘ ਸਿਰਸਾ,ਭਾਈ ਭੁਪਿੰਦਰ ਸਿੰਘ ਭਲਵਾਨ(ਜਰਮਨ),ਭਾਈ ਮਹਿੰਦਰ ਸਿੰਘ ਰੰਧਾਵਾ,ਨਿਹੰਗ ਸਿੰਘ ਜਥੇਦਾਰ ਨਰੈਣ ਸਿੰਘ ਆਦਿ ਦੀ ਮੌਜੁਦਗੀ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਬਰਗਾੜੀ ਇਨਸਾਫ ਮੋਰਚਾ ਦੇ ਪ੍ਰਬੰਧਕਾਂ ਵਲੋਂ ਇਸ ਮੋਰਚੇ ਨੂੰ ਅੱਧ ਵਿਚਾਲੇ ਸਮਾਪਤ ਕਰ ਦੇਣ ਨਾਲ ਸਿੱਖ ਕੌਮ ਅੰਦਰ ਨਿਰਾਸ਼ਾ ਛਾ ਗਈ ਸੀ ਜਿਸਨੂੰ ਮਹਿਸੂਸ ਕਰਦਿਆਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸਨੇ ਬਰਗਾੜੀ ਇਨਸਾਫ ਮੋਰਚੇ ਦੀ ਸਮਾਪਤੀ ਕਾਰਣ ਪੈਦਾ ਹੋਏ ਖਲਾਅ ਨੂੰ ਭਰਨ ਲਈ ਕੌਮੀ ਭਾਵਨਾਵਾਂ ਦੇ ਅਨੁਸਾਰ ਕੰਮ ਕਰਨਾ ਹੈ।ਉਨ੍ਹਾਂ ਕਿਹਾ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨਾ ਜਥੇਦਾਰ ਹਵਾਰਾ ਦਾ ਅਧਿਕਾਰ ਖੇਤਰ ਹੈ ।

ਕਮੇਟੀ ਜਥੇਦਾਰ ਮੰਡ ਤੇ ਬਾਕੀ ਜਥੇਦਾਰਾਂ ਦੀ ਕਾਰਗੁਜਾਰੀ ਲਈ ਜਵਾਬਦੇਹ ਨਹੀ ਹੈ ਬਲਕਿ ਸੌਪੀ ਗਈ ਜਿੰਮੇਵਾਰੀ ਨੂੰ ਨਿਭਾਉਣ ਲਈ ਵਚਨਬੱਧ ਹੈ ।ਭਾਈ ਚੌੜਾ ਨੇ ਕਿਹਾ ਕਿ ਭਾਈ ਦਿਲਬਾਗ ਸਿੰਘ ਬਾਗਾ ਦੀ ਰਿਹਾਈ ਨੂੰ ਬਰਗਾੜੀ ਮੋਰਚੇ ਦੀ ਸਫਲਤਾ ਨਾਲ ਨਹੀ ਜੋੜਿਆ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਰਿਹਾਈ ਲਈ ਰਿੱਟ ਹਾਈਕੋਰਟ ਵਿੱਚ ਪਹਿਲਾਂ ਹੀ ਦਾਇਰ ਸੀ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਦੋ ਮੰਤਰੀਆਂ ਨੇ ਜੋ ਵਾਅਦੇ ਬਰਗਾੜੀ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ,ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੇ ਜਾਣ ਬਾਰੇ ਕੀਤੇ ਸਨ ਉਹ ਪੂਰੇ ਨਹੀ ਹੋਏ ।ਉਨ੍ਹਾਂ ਕਿਹਾ ਕਿ ਬਰਗਾੜੀ ਇਨਸਾਫ ਮੋਰਚੇ ਦੀ ਇਹ ਵੀ ਮੰਗ ਸੀ ਕਿ ਉਪਰੋਕਤ ਘਟਨਾਵਾਂ ਦੇ ਪ੍ਰਮੁਖ ਦੋਸ਼ੀ ਤੇ ਸਾਜਿਸ਼ਕਾਰ,ਜਿਨ੍ਹਾਂ ਵਿੱਚ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦੇਹਧਾਰੀ ਗੁਰੂ ਡੰਮ ਦਾ ਮੁਖੀ ਤੇ ਸੂਬੇ ਦਾ ਪੁਲਿਸ ਮੁਖੀ ਸੁਮੇਧ ਸੈਣੀ ਵੀ ਹੈ ਇਨ੍ਹਾਂ ਨੂੰ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕੀਤਾ ਜਾਏ।

ਪ੍ਰੋ:ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਪੰਜਾਬ ਸਰਕਾਰ ਪਾਸੋਂ ਇਹ ਵੀ ਮੰਗ ਦੁਹਰਾਉਂਦੀ ਹੈ ਕਿ ਸਾਕਾ ਨਕੋਦਰ ਦੀ ਅਸਲੀਅਤ ਬਾਰੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਇਸ ਸ਼ੈਸ਼ਨ ਵਿੱਚ ਜਨਤਕ ਕੀਤੀ ਜਾਏ।ਨਵਾਂ ਸ਼ਹਿਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਉਮਰ ਕੈਦ ਸੁਣਾਏ ਜਾਣ ਤੇ ਕਮੇਟੀ ਦੀ ਚਿੰਤਾ ਦਾ ਜਿਕਰ ਕਰਦਿਆਂ ਮਾਸਟਰ ਸੰਤੋਖ ਸਿੰਘ ਲੁਧਿਆਣਾ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨੇ ਦੁਨੀਆਂ ਸਾਹਮਣੇ ਸਪਸ਼ਟ ਕੀਤਾ ਹੈ ਕਿ ਸਿੱਖਾਂ ਲਈ ਵੱਖਰੇ ਕਾਨੂੰਨੀ ਮਾਪਦੰਡ ਵਰਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕਮੇਟੀ ਇਨ੍ਹਾਂ ਨੌਜਵਾਨਾਂ ਸਮੇਤ ਜੇਲ੍ਹਾਂ ਵਿੱਚ ਬੰਦ ਬਾਕੀ ਰਾਜਸੀ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਕਰੇਗੀ।ਆਗੂਆਂ ਨੇ ਦੁਹਰਾਇਆ ਕਿ ਜੇਕਰ ਪੰਜਾਬ ਸਰਕਾਰ ਨੇ 15 ਫਰਵਰੀ ਤੀਕ ਬਰਗਾੜੀ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ 20 ਫਰਵਰੀ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਬਾਹਰ ਰੋਸ ਪ੍ਰਦਰਸ਼ਨ ਤੇ ਧਰਨਾ ਦਿੱਤਾ ਜਾਵੇਗਾ।

ਇਸਦੇ ਨਾਲ ਹੀ ਬਰਗਾੜੀ ਇਨਸਾਫ ਮੋਰਚੇ ਦੇ ਅਗਲੇ ਪੈਂਤੜੈ ਦੀ ਆਰੰਭਤਾ ਹੋ ਜਾਵੇਗੀ।ਇਸ ਮੌਕੇ ਜਥਾ ਅਖੰਡ ਕੀਰਤਨੀ ਜਥਾ ਦੇ ਮਾਸਟਰ ਬਲਦੇਵ ਸਿੰਘ,ਅਕਾਲ ਖਾਲਸਾ ਦਲ ਦੇ ਸੁਰਿੰਦਰ ਸਿੰਘ ਤਾਲਿਬਪੁਰਾ,ਬਲਬੀਰ ਸਿੰਘ ਕਠਿਆਲੀ,ਜਥਾ ਹਿੰਮਤ ਏ ਖਾਲਸਾ ਦੇ ਭਾਈ ਪੰਜਾਬ ਸਿੰਘ,ਭਾਈ ਭੁਪਿੰਦਰ ਸਿੰਘ ,ਜਥਾ ਸਿਰਲੱਥ ਖਾਲਸਾ ਦੇ ਭਾਈ ਦਿਲਬਾਗ ਸਿੰਘ ,ਭਾਈ ਪਰਮਜੀਤ ਸਿੰਘ ਅਕਾਲੀ,ਭਾਈ ਮਨਦੀਪ ਸਿੰਘ,ਜਸਬੀਰ ਸਿੰਘ ਮੰਡਿਆਲਾ ਸਮੇਤ ਵੱਡੀ ਗਿਣਤੀ ਬਾਬਾ ਦੀਪ ਸਿੰਘ ਗਤਕਾ ਅਖਾੜਾ,ਸ਼ਹੀਦ ਭਾਈ ਫੌਜਾ ਸਿੰਘ ਗਤਕਾ ਅਖਾੜਾ,ਦਸ਼ਮੇਸ਼ ਬ੍ਰਿਗੇਡ ਅਤੇ ਇਨਸਾਫ ਸੰਘਰਸ਼ ਮਿਸ਼ਨ ਬਟਾਲਾ ਦੇ ਨੌਜੁਆਨ ਹਾਜਰ ਸਨ।