‘ਦ ਬਲੈਕ ਪ੍ਰਿੰਸ’ ਅਤੇ ਜਸਜੀਤ ਸਿੰਘ

‘ਦ ਬਲੈਕ ਪ੍ਰਿੰਸ’ ਅਤੇ ਜਸਜੀਤ ਸਿੰਘ

ਕਰਮਜੀਤ ਸਿੰਘ ਚੰਡੀਗੜ੍ਹ,
ਫ਼ੋਨ : 99150-91063
ਮਹਿਮਾਨ ਸੰਪਾਦਕੀ

ਜਸਜੀਤ ਦੇ ਮਨ-ਮੰਦਰ ਵਿਚ ਖ਼ਾਲਸਾ ਪੰਥ ਦੀਆਂ ਬੀਤ ਚੁੱਕੀਆਂ ਸੁਨਹਿਰੀ ਯਾਦਾਂ ਅਕਸਰ ਹੀ ਖੌਰੂ ਪਾਉਂਦੀਆਂ ਰਹਿੰਦੀਆਂ ਹਨ। ਨੋਬਲ ਇਨਾਮ ਜੇਤੂ ਵਿਲੀਅਮ ਫਾਕਨਰ ਦਾ ਇਹ ਕਥਨ ਰੱਬ ਵਰਗਾ ਪਿਆਰਾ ਹੈ ਕਿ ‘ਅਤੀਤ ਕਦੇ ਵੀ ਮਰਦਾ ਨਹੀਂ। ਇਹ ਸਾਡੇ ਅੰਦਰ ਕੁਕਨਸ ਪੰਛੀ ਦੀ ਰਾਖ ਵਾਂਗ ਮੁੜ ਮੁੜ ਜਨਮ ਲੈਂਦਾ ਰਹਿੰਦਾ ਹੈ, ਵਾਰ-ਵਾਰ ਆਪਣੀ ਸਿਰਜਣਾ ਕਰਦਾ ਹੈ। ਜਦੋਂ ਹਰਿੰਦਰ ਸਿੰਘ ਮਹਿਬੂਬ ਦਸਮੇਸ਼ ਪਿਤਾ ਨੂੰ ਆਵਾਜ਼ਾਂ ਮਰਦਾ ਹੈ, ‘ਤੂੰ ਬਹੁੜੀ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ’, ਤਾਂ ਕੌਣ ਹੈ ਜੋ ਕੌਮ ਦੀ ਲਹੂ ਭਿੱਜੀ ਤਕਦੀਰ ਉਤੇ ਹੰਝੂ ਨਹੀਂ ਕਰੇਗਾ। ਇਨ੍ਹਾਂ ਯਾਦਾਂ ਵਿਚੋਂ ਹੀ ਮਨੁੱਖੀ ਭੇਸ ਬਣਾ ਕੇ ਜਸਜੀਤ ਦੇ ਸਾਹਮਣੇ ਇਕ ਯਾਦ ਆਣ ਖਲੋਤੀ ਅਤੇ ਉਹ ਯਾਦ ਸੀ – ਮਹਾਰਾਜਾ ਦਲੀਪ ਸਿੰਘ ਯਾਨਿ ਖ਼ਾਲਸਾ ਰਾਜ ਦੀ ਆਖਰੀ ਯਾਦ, ਇਕ ਅਜਿਹੀ ਯਾਦ ਜੋ ਅੱਜ ਵੀ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀ ਹੈ, ਇਕ ਦਰਦ ਭਿਜੀ ਦਾਸਤਾਨ ਜੋ ਅਸੀਂ ਭੁੱਲ-ਭੁਲਾ ਚੁੱਕੇ ਹਾਂ ਅਤੇ ਜਾਂ ਕਦੇ ਬਜ਼ੁਰਗਾਂ ਵਲੋਂ ਧੁੰਦਲੀ ਜਹੀ ਸ਼ਕਲ ਵਿਚ ਸੁਣਦੇ ਆ ਰਹੇ ਸਾਂ।
…. ਅਤੇ ਫਿਰ ਇਕ ਸ਼ਗਨਾਂ ਭਰੀ ਸਵੇਰ ਨੂੰ ਇਹ ਭੁੱਲੀ-ਵਿਸਰੀ ਯਾਦ ‘ਦ ਬਲੈਕ ਪ੍ਰਿੰਸ’ ਫ਼ਿਲਮ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆਈ। ਫ਼ਿਲਮ ਬਣਾਉਣ ਦਾ ਵਿਚਾਰ ਤਾਂ ਵੱਡਾ ਸੀ, ਪਰ ਜਦੋਂ ਕਈ ਸਾਲ ਪਹਿਲਾਂ ਉਸ ਨੇ ਆਪਣੀ ਇਸ ਰੀਝ ਦਾ ਰਾਜ਼ ਖੋਲ੍ਹਿਆ ਤਾਂ ਮੈਨੂੰ ਲੱਗਿਆ, ਹਾਂ ‘ਦਿਲ ਕੋ ਬਹਿਲਾਨੇ ਕੇ ਲੀਏ,… ਯੇ ਖਿਆਲ ਅੱਛਾ ਹੈ।’ ਮੈਂ ਆਪਣੀ ਥਾਂ ‘ਤੇ ਠੀਕ ਸੀ, ਕਿਉਂਕਿ ਮੇਰੇ ਸਾਹਮਣੇ ਫ਼ਿਲਮ ਤਕਨੀਕ ਦੇ ਕਿੰਨੇ ਵੱਡੇ ਅਤੇ ਗੁੰਝਲਦਾਰ ਸੱਚ ਘੁੰਮ ਰਹੇ ਸਨ। ਇਹ ਸੂਚਨਾ ਮੇਰੇ ਲਈ ਸੁਭਾਵਕ ਹੀ ਸੀ ਕਿ ਕੀ ਖੇਡਾਂ ਵਾਲਾ ਇਹ ਜਸਜੀਤ ਇਹ ਜਾਣਦੈ ਪਈ ਮੂਵੀ ਕੈਮਰਾ ਕੀ ਹੁੰਦੈ? ਫ਼ਿਲਮ ਵਿਚ ਸਾਊਂਡ ਦਾ ਕੀ ਰੋਲ ਹੁੰਦੈ? ਸਕਰਿਪਟ ਕੌਣ ਤਿਆਰ ਕਰੇਗਾ? ਇਤਿਹਾਸ ਦੀਆਂ ਕਿਤਾਬਾਂ ਕੌਣ ਪੜ੍ਹੇਗਾ? ਸੰਗੀਤ ਕੌਣ ਤਿਆਰ ਕਰੇਗਾ? ਐਕਟਰ ਕਿਹੜੇ ਹੋਣਗੇ? ਐਡੀਟਿੰਗ ਕਲਾ ਕੀ ਹੁੰਦੀ ਹੈ? ਅਤੇ ਸਭ ਤੋਂ ਵੱਡੀ ਗੱਲ ਪੈਸਾ ਕਿਥੋਂ ਆਵੇਗਾ? ਫਰੀਮਾਂਟ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਕਰੋੜਾਂ ਡਾਲਰਾਂ ਦੇ ਸਾਧਨ ਕਿਥੋਂ ਜੁਟਾਏਗਾ?
ਪਰ ਹਾਲੀਵੁੱਡ ਦੇ ਕਿਸੇ ਫ਼ਿਲਮ ਡਾਇਰੈਕਟਰ ਦੀ ਹੁਣ ਮੈਨੂੰ ਇਹ ਗੱਲ ਯਾਦ ਆ ਰਹੀ ਹੈ ਕਿ ਫ਼ਿਲਮ ਬਣਾਉਣ ਲਈ ਬੰਦੇ ਕੋਲ ਦੋ ਬਰਕਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਕ ਤਾਂ ਉਸ ਦੇ ਅੰਦਰ ਸਿਰਜਣ ਕਲਾ ਦੀ ਸਿਖ਼ਰ ਦੁਪਹਿਰ ਹੋਵੇ ਅਤੇ ਦੂਜਾ ਉਸ ਦੇ ਧੁਰ ਅੰਦਰ ਮਰ-ਮਿਟਣ ਵਾਲਾ ਜਜ਼ਬਾ ਹੋਵੇ। ਬਿਨਾ ਸ਼ੱਕ ਜਸਜੀਤ ਸਿੰਘ ਕੋਲ ਇਨ੍ਹਾਂ ਦੋਵਾਂ ਚੀਜ਼ਾਂ ਦੀ ਸੌਗ਼ਾਤ ਸੀ। ਇਨ੍ਹਾਂ ਦੋਹਾਂ ਤੋਂ ਇਲਾਵਾ ਇਕ ਹੋਰ ਬਹੁਤ ਵੱਡੀ ਸੌਗ਼ਾਤ ਵੀ ਉਸ ਕੋਲ ਸੀ ਅਤੇ ਉਹ ਸੀ, ਵਿਚਾਰ ਜਾਂ ਆਇਡੀਆ। ਜਦੋਂ ਇਹ ਤਿੰਨੇ ਬਰਕਤਾਂ ਤੁਹਾਡੇ ਕੋਲ ਹੋਣ ਤਾਂ ਬਾਕੀ ਸਾਰੀਆਂ ਚੀਜ਼ਾਂ ਅਤੇ ਸਹੂਲਤਾਂ ਆਪਣੇ ਆਪ ਹੀ ਤੁਹਾਡੇ ਵੱਲ ਤੁਰੀਆਂ ਆਉਂਦੀਆਂ ਹਨ।
ਅਭਿਜੀਤ ਨਸਕਰ ਦੁਨੀਆਂ ਦੇ ਪ੍ਰਸਿੱਧ ਨਿਊਰੋਸੈਂਟਿਸਟਾਂ ਵਿਚੋਂ ਗਿਣਿਆ ਜਾਂਦਾ ਹੈ। ਫ਼ਿਲਮਾਂ ਬਾਰੇ ਉਸ ਦੀ ਇਕ ਗੱਲ ਕਦੇ ਨਹੀਂ ਭੁੱਲਦੀ ‘ਤੁਸੀਂ ਕੋਈ ਵੀ ਕਿਹੋ ਜਿਹੀ ਵੀ ਫ਼ਿਲਮ ਤਿਆਰ ਕਰੋ। ਲੋਕ ਭੁੱਲ ਜਾਣਗੇ। ਪਰ ਜੇ ਤੁਸੀਂ ਫ਼ਿਲਮ ਵਿਚ ਕੋਈ ਵੱਡਾ ਵਿਚਾਰ ਪੇਸ਼ ਕਰ ਜਾਂਦੇ ਹੋ ਤਾਂ ਦਰਸ਼ਕਾਂ ਦੀ ਚੇਤਨਾ ਵਿਚ ਉਹ ਵਿਚਾਰ ਅਭੁੱਲ ਯਾਦਗਾਰ ਬਣ ਜਾਏਗਾ।’ ਯਕੀਨਨ ਜਸਜੀਤ ਸਿੰਘ ਨੇ ਖ਼ਾਲਸਾ ਰਾਜ ਦਾ ਉਹ ਸੁਫ਼ਨਾ ਜਿਹੜਾ ਸਿੱਖ ਕੌਮ ਦੀ ਅਵਚੇਤਨਾ ਵਿਚ ਉਸਲਵੱਟੇ ਲੈ ਰਿਹਾ ਸੀ, ਉਸ ਨੂੰ ਜ਼ਮੀਨ ‘ਤੇ ਲੈ ਆਂਦਾ। ਇਹੋ ਉਸ ਦੀ ਸ਼ਾਨਾਮੱਤੀ ਪ੍ਰਾਪਤੀ ਹੈ। ਬਹੁਤ ਲੋਕ ਮਿਲ ਜਾਣਗੇ ਜੋ ਫ਼ਿਲਮ ਦੀ ਕਈ ਪੱਖਾਂ ਤੋਂ ਨੁਕਤਾਚੀਨੀ ਕਰਨਗੇ। ਅਤੇ ਕਰ ਵੀ ਰਹੇ ਹਨ। ਕਿਸੇ ਹੱਦ ਤੱਕ ਉਹ ਠੀਕ ਵੀ ਹੋ ਸਕਦੇ ਹਨ। ਪਰ ਸਿਆਣੇ ਕਹਿੰਦੇ ਹਨ ਕਿ ਵਿਚਾਰ ਤੀਰਾਂ ਵਰਗੇ ਹੁੰਦੇ ਹਨ, ਜਦੋਂ ਆਪਣੇ ਨਿਸ਼ਾਨੇ ‘ਤੇ ਵੱਜਦੇ ਹਨ ਤਾਂ ਡੂੰਘੇ ਜ਼ਖ਼ਮ ਕਰ ਜਾਂਦੇ ਹਨ। ਜਸਜੀਤ ਇਹ ਤੀਰ ਨਿਸ਼ਾਨੇ ‘ਤੇ ਚਲਾਉਣ ਵਿਚ ਸਫ਼ਲ ਹੋਇਆ। ਉਸ ਨੇ ਆਪਣੇ ਆਪ ਨੂੰ ਇਕੋ ਵਿਚਾਰ ਉੱਤੇ ਕੇਂਦਰਿਤ ਕੀਤਾ। ਆਸੇ-ਪਾਸੇ ਗਿਆ ਹੀ ਨਹੀਂ। ਫਰਾਂਸ ਦੇ ਇਕ ਫਿਲਾਸਫ਼ਰ ਅਲੇਨ ਦਾ ਕਹਿਣਾ ਹੈ ਕਿ ਜੇ ਤੁਹਾਡੇ ਅੰਦਰ ਇਕੋ ਹੀ ਕਿਸੇ ਵਿਚਾਰ ਨੇ ਆਪਣਾ ਪੱਕਾ ਘਰ ਬਣਾ ਲਿਆ ਹੈ ਤਾਂ ਉਸ ਵਿਚਾਰ ਤੋਂ ‘ਖ਼ਤਰਨਾਕ’ ਹੋਰ ਕੋਈ ਵਿਚਾਰ ਨਹੀਂ ਸਕਦਾ। ਕੀ ਇਹ ਸੱਚ ਨਹੀਂ, ਕਿ ਸਾਡੀ ਨੌਜਵਾਨ ਪੀੜ੍ਹੀ ਦੇ ਗੱਭਰੂਆਂ ਅਤੇ ਮੁਟਿਆਰਾਂ ਨੇ ਜਦੋਂ ਇਹ ਫ਼ਿਲਮ ਵੇਖੀ ਤਾਂ ਉਨ੍ਹਾਂ ਦੇ ਅੰਦਰ ਖੁੱਸੇ ਰਾਜ ਦਾ ਅਹਿਸਾਸ ਅਤੇ ਉਸ ਰਾਜ ਨੂੰ ਮੁੜ ਹਾਸਲ ਕਰਨ ਦਾ ਅਹਿਸਾਸ ਇਕੋ ਸਮੇਂ ‘ਤੇ ਆ ਗਿਆ।
ਮੈਂ ‘ਦ ਬਲੈਕ ਪ੍ਰਿੰਸ’ ਫ਼ਿਲਮ ਉਤੇ ਪਹਿਲਾਂ ਹੀ ਦੋ-ਤਿੰਨ ਆਰਟੀਕਲ ਲਿਖ ਚੁੱਕਾ ਹਾਂ। ਮੈਂ ਇਹ ਵੀ ਲਿਖ ਚੁੱਕਾ ਹਾਂ ਕਿ ‘ਦ ਬਲੈਕ ਪ੍ਰਿੰਸ’ ਫ਼ਿਲਮ ਸਾਨੂੰ ਇਤਿਹਾਸ ਦੀਆਂ ਹੱਦਾਂ ਤੋਂ ਵੀ ਪਾਰ ਲੈ ਗਈ ਹੈ। ਹੁਣ ਜਦੋਂ ਕਿ ਇਹ ਫ਼ਿਲਮ ਡਿਜ਼ੀਟਲ ਰੂਪ ਵਿਚ ਸਾਡੇ ਸਾਹਮਣੇ ਆਉਣ ਵਾਲੀ ਹੈ ਤਾਂ ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ ਕਿ ਇਸ ਫ਼ਿਲਮ ਦੇ ਅਸਲ ਰੂਹੇ-ਰਵ੍ਹਾਂ ਨੇ ਆਪਣੇ ਚਾਰੇ ਪਾਸੇ ਖਿਲ੍ਹਰੇ ਕੰਡਿਆਂ ਵਿਚੋਂ ਆਪਣੇ ਰਾਹ ਕਿਵੇਂ ਬਣਾਏ? ਸ਼ਬਾਨਾ ਆਜ਼ਮੀ ਵਰਗੀ ਮਹਾਨ ਕਲਾਕਾਰ ਦਾ ਦਿਲ ਕਿਵੇਂ ਜਿੱਤਿਆ? ਮਹਾਰਾਜਾ ਦਲੀਪ ਸਿੰਘ ਵਰਗਾ ਨਾਇਕ ਚੁਣਨ ਲਈ ਸਰਤਾਜ ਵਰਗੇ ਕਲਾਕਾਰ ਨਾਲ ਕਿਵੇਂ ਸਾਂਝ ਪਈ? ਮੈਂ ਹਾਲੀਵੁੱਡ ਦੇ ਉੱਘੇ ਡਾਇਰੈਕਟਰ ਕੁਇੰਟਨ ਤਰਨਤਿਨੋ ਦੀ ਇਸ ਟਿੱਪਣੀ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ ਕਿ ‘ਜੇ ਮੇਰੀ ਫ਼ਿਲਮ ਨੂੰ 10 ਲੱਖ ਲੋਕ ਵੇਖਦੇ ਹਨ ਤਾਂ ਸਮਝੋ ਉਨ੍ਹਾਂ ਨੇ ਮੇਰੀ ਇਕ ਫ਼ਿਲਮ ਰਾਹੀਂ ਹੀ 10 ਲੱਖ ਫ਼ਿਲਮਾਂ ਦੇਖ ਲਈਆਂ ਹਨ’। ‘ਦ ਬਲੈਕ ਪ੍ਰਿੰਸ’ ਨੂੰ ਵੇਖ ਕੇ ਜੇ ਤੁਹਾਡੇ ਅੰਦਰ ਖ਼ਾਲਸਾ ਰਾਜ ਦੇ ਹਜ਼ਾਰਾਂ ਪਹਿਲੂ ਰੌਸ਼ਨ ਹੋ ਜਾਂਦੇ ਹਨ ਤਾਂ ਸਮਝੋ ਅੱਗੇ ਜਾ ਕੇ ਹਜ਼ਾਰਾਂ ਫ਼ਿਲਮਾਂ ਦੇ ਰੂਪ ਵਿਚ ਪ੍ਰਗਟ ਹੋਣਗੇ। ਜਸਜੀਤ ਸਿੰਘ ਦੀ ਇਹ ਫ਼ਿਲਮ ਆਉਣ ਵਾਲੀਆਂ ਹਜ਼ਾਰਾਂ ਫ਼ਿਲਮਾਂ ਲਈ ਰਾਹ ਪੱਧਰਾ ਕਰੇਗੀ।