ਲਾਜ਼ਮ ਹੈ ਅਤਿ ਦਾ ਅੰਤ ਹੋਣਾ

ਲਾਜ਼ਮ ਹੈ ਅਤਿ ਦਾ ਅੰਤ ਹੋਣਾ

ਸਿੱਖ ਆਗੂਆਂ ਦੇ ਸਿਰ ਜੋੜ ਬੈਠਣ ਦਾ ਵੇਲਾ

ਵਿਸ਼ੇਸ਼ ਸੰਪਾਦਕੀ : ਕਮਲ ਦੁਸਾਂਝ
ਅਤਿ ਚੁੱਕਣ ਵਾਲੇ ਦਾ ਅੰਤ ਹੁੰਦਾ ਹੀ ਹੈ। ਜਦੋਂ ਪਾਪਾਂ ਦਾ ਘੜਾ ਭਰ ਜਾਵੇ ਤਾਂ ਉਸ ਨੇ ਡੁੱਲ•ਣਾ ਹੀ ਹੁੰਦਾ ਹੈ। ਬਲਾਤਕਾਰੀ ਡੇਰੇਦਾਰ ਗੁਰਮੀਤ ਰਾਮ ਰਹੀਮ ਦੇ ਪਾਪਾਂ ਦਾ ਘੜਾ ਵੀ ਟੁੱਟ ਗਿਆ ਹੈ। ਉਹਦੇ ਕੁਕਰਮਾਂ ਦੀ ਸਜ਼ਾ ਉਸ ਮਿਲ ਗਈ ਹੈ। ਪਰ ਇਸ ਘੜੇ ਵਿਚ ਉਹਦੇ ਸਿਆਸੀ ਜੋਟੀਦਾਰਾਂ ਨੇ ਵੀ ਖੂਬ ਤਾਰੀਆਂ ਲਾਈਆਂ ਹਨ। ਅਦਾਲਤ, ਖ਼ਾਸ ਤੌਰ ‘ਤੇ ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੇ ਜੋ ਦਲੇਰੀ ਦਿਖਾਈ ਹੈ, ਉਥੇ ਭ੍ਰਿਸ਼ਟ ਸਿਆਸੀ ਤੰਤਰ ਦਾ ਬੇਸ਼ਰਮ ਚਿਹਰਾ ਹੋਰ ਵੀ ਭਿਆਨਕ ਰੂਪ ਨਾਲ ਸਾਹਮਣੇ ਆਇਆ ਹੈ। ਕੁਕਰਮੀਆਂ ਨੂੰ ਭਾਵੇਂ ਸਿਆਸੀ ਪੁਸ਼ਤ-ਪਨਾਹੀ ਕੋਈ ਨਵੀਂ ਗੱਲ ਨਹੀਂ ਪਰ ਜੇਕਰ ਅਦਾਲਤੀ ਨਿਆਂ ਪ੍ਰਣਾਲੀ ਹੀ ਇਸੇ ਤਰ•ਾਂ ਇਨਸਾਫ਼ ਕਰਦੀ ਹੁੰਦੀ ਤਾਂ ਅੱਜ 1984 ਦੇ ਕਤਲੇਆਮ, ਗੁਜਰਾਤ ਵਿਚਲੇ ਗੋਧਰਾ ਕਾਂਡ, ਮੁਜ਼ੱਫਰ ਨਗਰ ਦੰਗਿਆਂ ਦੇ ਮੁੱਖ ਦੋਸ਼ੀਆਂ ਨੂੰ ਕਦੋਂ ਦੀਆਂ ਸਜ਼ਾਵਾਂ ਮਿਲ ਗਈਆਂ ਹੁੰਦੀਆਂ। ਪਰ ਜੋ ਜ਼ੇਰਾ ਜੱਜ ਜਗਦੀਪ ਸਿੰਘ, ਸੀ.ਬੀ.ਆਈ. ਅਧਿਕਾਰੀਆਂ ਨੇ ਦਿਖਾਇਆ ਹੈ, ਉਸ ਨਾਲ ਆਮ ਲੋਕਾਂ ਨੂੰ ਨਿਆਂ ਪ੍ਰਣਾਲੀ ‘ਤੇ ਇਕ ਵਾਰ ਫੇਰ ਭਰੋਸਾ ਬਣਿਆ ਹੈ।
‘ਬਲਾਤਕਾਰੀ ਬਾਬੇ’ ਰਾਮ ਰਹੀਮ ਨੂੰ ਬੇਸ਼ੱਕ ਦੋ ਵੱਖ ਵੱਖ ਮਾਮਲਿਆਂ ਵਿਚ 20 ਸਾਲ ਦੀ ਕੈਦ ਹੋਈ ਹੈ ਤੇ ਹੱਤਿਆ ਵਰਗੇ ਹੋਰਨਾਂ ਮਾਮਲਿਆਂ ਵਿਚ ਸਜ਼ਾ ਹੋਣੀ ਬਾਕੀ ਹੈ, ਪਰ ਨਾਲੋ-ਨਾਲ ਸਤਲੋਕ ਆਸ਼ਰਮ ਬਰਵਾਲਾ (ਹਰਿਆਣਾ) ਦੇ ਸੰਚਾਲਕ ਰਾਮਪਾਲ ਨੂੰ ਦੋ ਮਾਮਲਿਆਂ ‘ਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਮਾਮਲੇ ਨੇ ਨਿਰਾਸ਼ ਵੀ ਕੀਤਾ ਹੈ। ਲੋਕਾਂ ਦੀ ਆਰਥਿਕ ਲੁੱਟ ਕਰਨ, ਉਨ੍ਹਾਂ ਦੇ ਭਰੋਸੇ, ਭਾਵਨਾਵਾਂ ਦਾ ਕਤਲ ਕਰਨ ਵਾਲਿਆਂ ਦੀਆਂ ਸਜ਼ਾਵਾਂ ਵੀ ਸਖ਼ਤ ਹੋਣੀਆਂ ਚਾਹੀਦੀਆਂ ਹਨ। ਰਾਮ ਰਹੀਮ ਦੇ ਮਾਮਲੇ ਵਿਚ ਅਦਾਲਤ ਨੇ ਜਿਸ ਤਰ•ਾਂ ਹੁੜਦੰਗਬਾਜ਼ਾਂ, ਰਾਮ ਰਹੀਮ ਦੀ ਚਾਕਰ ਕਰਨ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤੀ ਦਿਖਾਈ ਹੈ, ਉਥੇ ਸਭ ਤੋਂ ਵੱਡੀ ਸਜ਼ਾ ਸਿਆਸਤਦਾਨਾਂ ਦੀ ਵੀ ਬਣਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਜੋ ਰਾਮ ਰਹੀਮ ਦੇ ਡੇਰੇ ‘ਤੇ ਸਿਰ ਨਿਵਾਉਂਦੇ ਰਹੇ ਹਨ, ਅਦਾਲਤੀ ਹੁਕਮਾਂ ਨੂੰ ਟਿੱਚ ਜਾਣਦਿਆਂ ਹੁੱਲੜਬਾਜ਼ਾਂ ਨੂੰ ਬੇਖ਼ੌਫ਼ ਖੁੱਲ•ਾ ਛੱਡਣ ਦੀ ਚੁੱਪ-ਚਪੀਤੇ ਹਾਮੀ ਭਰੀ, ਉਨ•ਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਲੋੜ ਹੈ। ਵੈਸੇ, ਇਹ ਪਹਿਲੀ ਵਾਰ ਨਹੀਂ ਜਦੋਂ ਖੱਟਰ ਨੇ ਅਜਿਹੇ ਹਾਲਾਤ ਸੂਬੇ ਵਿਚ ਪੈਦਾ ਹੋਣ ਦਿੱਤੇ। ਜਾਟ ਅੰਦੋਲਨ ਦੌਰਾਨ ਵੀ ਲੁੱਟ-ਖੋਹ ਦੇ ਨਾਲ ਨਾਲ ਰਾਹਗੀਰ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰਨ ਮਗਰੋਂ ਵੀ ਖੱਟਰ ਤੋਂ ਅਸਤੀਫ਼ਾ ਨਹੀਂ ਲਿਆ ਗਿਆ। ਇਸੇ ਤਰ•ਾਂ ਭਾਜਪਾ ਦੇ ਹੀ ਇਕ ਹੋਰ ਮੰਤਰੀ ਰਾਮ ਵਿਲਾਸ ਦਾ ਡੇਰਾ ਪ੍ਰੇਮੀਆਂ ਦੀ ਆਮਦ ਨੂੰ ਰੋਕਣ ਦੀ ਥਾਂ ਉਨ੍ਹਾਂਲਈ ਲੰਗਰ ਲਾਉਣਾ ਤੇ ਕਹਿਣਾ ਕਿ ਉਹ ਡੇਰਾ ਪ੍ਰੇਮੀਆਂ ਦੀ ਆਸਥਾ ‘ਤੇ ਰੋਕ ਨਹੀਂ ਲਾ ਸਕਦੇ ਤੇ ਫੇਰ ਵਿਗੜੇ ਹਾਲਾਤ ਲਈ ਉਨ੍ਹਾਂ ਦੀ ਅਹੁਦੇ ਤੋਂ ਛਾਂਟੀ ਕਿਉਂ ਨਹੀਂ ਹੋਣੀ ਚਾਹੀਦੀ? ਮੰਤਰੀ ਇਹ ਭੁੱਲ ਗਏ ਹਰਿਆਣਾ ਦੇ ਜਿਹੜੇ ਵੋਟਰਾਂ ਨੇ ਆਪਣੀ ਆਰਥਿਕ, ਸਮਾਜਿਕ ਸੁਰੱਖਿਆ ਲਈ ਉਨ੍ਹਾਂ ਨੂੰ ਭਰੋਸੇ ਤਹਿਤ ਵੋਟ ਦਿੱਤੀ ਹੈ, ਉਨ੍ਹਾਂ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਕਿੱਥੇ ਗਈ? ਹਾਈ ਕੋਰਟ ਦਾ ਕੇਂਦਰ ਦੇ ਸਰਕਾਰੀ ਵਕੀਲ ਨੂੰ ਇਥੋਂ ਤਕ ਕਹਿਣਾ ਕਿ ਮੋਦੀ ਭਾਜਪਾ ਦੇ ਨਹੀਂ, ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਹਨ, ਮੁਲਕ ਦੀ ਗਰਕ ਚੁੱਕੀ ਸਿਆਸਤ ਵੱਲ ਇਸ਼ਾਰਾ ਕਰਦਾ ਹੈ।
ਪਰ ਸਾਰੀ ਜ਼ਿੰਮੇਵਾਰੀ ਸਿਆਸੀ ਤੰਤਰ ‘ਤੇ ਸੁੱਟ ਕੇ ਵੀ ਬਾਕੀ ਧਿਰਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਜੇਕਰ ਇਹ ਮਸਲਾ ਆਸਥਾ ਦਾ ਹੈ ਤਾਂ ਇਨ•ਾਂ ਸਥਿਤੀਆਂ ਨੂੰ ਪੈਦਾ ਕਰਨ ਲਈ ਧਾਰਮਿਕ ‘ਠੇਕੇਦਾਰ’ ਵੀ ਬਰਾਬਰ ਦੇ ਦੋਸ਼ੀ ਹਨ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਉਭਰ ਕੇ ਆਉਂਦਾ ਹੈ ਕਿ ਆਖ਼ਰ ਲੋਕ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਡੇਰਿਆਂ ਦੇ ਮਗਰ ਕਿਉਂ ਲਗਦੇ ਹਨ? ਭਾਵੇਂ ਇਸ ਮਸਲੇ ‘ਤੇ ਤਾਜ਼ਾ ਸਥਿਤੀਆਂ ਮਗਰੋਂ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ ਪਰ ਜ਼ਿੰਮੇਵਾਰ ਧਿਰਾਂ ਨੇ ਸਿਰ ਜੋੜ ਕੇ ਬੈਠਣ ਵਿਚ ਜ਼ਰਾ ਦੇਰੀ ਕਰ ਦਿੱਤੀ। ਪਰ, ਏਨੀ ਦੇਰੀ ਵੀ ਨਹੀਂ ਕਿ ਭੁੱਲ ਸੁਧਾਰੀ ਨਾ ਜਾ ਸਕੇ, ਬਸ਼ਰਤੇ ਧਰਮ ਵਿਚੋਂ ਸਿਆਸਤ ਨੂੰ ਪੂਰੀ ਤਰ•ਾਂ ਮਨਫ਼ੀ ਕਰਨਾ ਪਏਗਾ। ਡੇਰਿਆਂ ਨਾਲ ਜੁੜਨ ਵਾਲੇ ਦਲਿਤ ਜਾਂ ਆਰਥਿਕ ਪੱਖੋਂ ਕਮਜ਼ੋਰ ਲੋਕ ਹਨ, ਜਿਨ੍ਹਾਂ ਨੂੰ ਗੁਰੂਆਂ ਦੇ ਉਪਦੇਸ਼ਾਂ ਦੇ ਉਲਟ ਗੁਰੂਘਰਾਂ ਵਿਚ ਵੜਨ ਨਹੀਂ ਦਿੱਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿਚ ਅਟੱਲ ਵਿਸ਼ਵਾਸ ਰੱਖਣ ਵਾਲਿਆਂ ਨੇ ਜਾਂ ਤਾਂ ਆਪਣੇ ਗੁਰਦੁਆਰੇ ਵੱਖਰੇ ਬਣਾ ਲਏ ਜਾਂ ਫੇਰ ਉਹ ਡੇਰਿਆਂ ਦੇ ਮਗਰ ਲੱਗ ਗਏ।
ਤਾਜ਼ਾ ਸਥਿਤੀਆਂ ਵਿਚ ਜਦੋਂ ਹੁਣ ਚਰਚਾ ਤੁਰੀ ਹੈ ਤਾਂ ਇਸ ਘਟਨਾ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ 4 ਦਿਨ ਪਹਿਲਾਂ ਪੰਚਕੂਲਾ ਹਿੰਸਾ ਵਿਚ ਅੰਮ੍ਰਿਤਧਾਰੀ ਪਰਿਵਾਰ ਦੇ ਮਾਰੇ ਗਏ ਬੱਚੇ ਦੀ ਅੰਤਿਮ ਅਰਦਾਸ ਲਈ ਉਸ ਦੇ ਬਾਪ ਨੂੰ ਗੁਰੂਘਰ ਜਾ ਕੇ ਪਾਵਨ ਸਰੂਪ ਲਈ ਹਾੜੇ ਕੱਢਣੇ ਪਏ। ਬਲਾਤਕਾਰੀ ਡੇਰੇਦਾਰ ਨੂੰ ਤਾਂ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣ ਦੀਆਂ ਗੋਂਦਾਂ ਗੁੰਦੀਆਂ ਜਾਂਦੀਆਂ ਹਨ ਪਰ ਸਾਧਾਰਨ ਪਰਿਵਾਰ ਨੂੰ ਗੁਰ ਮਰਿਆਦਾ ਰਾਹੀਂ ਅੰਤਿਮ ਅਰਦਾਸ ਕਰਨ ਦੀ ਵੀ ਆਗਿਆ ਤੱਕ ਨਾ ਦੇਣਾ, ਕਿਥੋਂ ਦਾ ਧਰਮ ਹੈ? ਇਹੀ ਨਹੀਂ, ਕੁਝ ਦਿਨ ਪਹਿਲਾਂ ਮੁਹਾਲੀ ਵਿਚ ਧਰਨਾ ਲਾਈ ਬੈਠੇ ਅਧਿਆਪਕਾਂ ਨਾਲ ਪ੍ਰਸ਼ਾਸਨ ਨੇ ਤਾਂ ਰਾਸ਼ਣ-ਪਾਣੀ ਪੁੱਜਦਾ ਨਾ ਕਰਕੇ ਬੇਰਹਿਮੀ ਦਿਖਾਈ ਹੀ ਪਰ ਨਾਲ ਲਗਦੇ ਗੁਰੂਘਰ ਦੇ ਪ੍ਰਬੰਧਕਾਂ ਨੇ ਸਿਆਸੀ ਦਬਾਅ ਹੇਠ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਭੁੱਖੇ-ਪਿਆਸੇ ਪ੍ਰਦਰਸ਼ਨਕਾਰੀਆਂ ਦੀ ਹਾਲਤ ਦੇਖ ਕੇ ਇਕ ਅੰਮ੍ਰਿਤਧਾਰੀ ਸਿੱਖ ਨੇ ਗੁਰੂਘਰ ਜਾ ਕੇ ਲੰਗਰ ਚੁੱਕਿਆ ਤਾਂ ਪ੍ਰਬੰਧਕਾਂ ਨੇ ਉਹਦੇ ਹੱਥੋਂ ਫੜ ਕੇ ਰੱਖ ਦਿੱਤਾ। ਉਸ ਗੁਰ ਸਿੱਖ ਤੇ ਭੁੱਖੇ-ਪਿਆਸੇ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੀ ਗੁਰੂਘਰ ਵਿਚ ਆਸਥਾ ਟੁੱਟਣ ਦਾ ਜਵਾਬਦੇਹ ਕੌਣ ਹੋਵੇਗਾ?
ਜ਼ਾਹਰ ਹੈ ਇਨ੍ਹਾਂ ਸਵਾਲਾਂ ਦੇ ਜਵਾਬ ਧਾਰਮਿਕ ਆਗੂਆਂ ਕੋਲ ਹੀ ਹਨ ਤੇ ਉਹ ਇਨ•ਾਂ ਦਾ ਜਵਾਬ ਉਦੋਂ ਤੱਕ ਨਹੀਂ ਦੇਣਗੇ, ਜਦੋਂ ਉਨ੍ਹਾਂ ‘ਤੇ ਸਿਆਸੀ ਦਬਾਅ ਹੋਵੇਗਾ। ਧਾਰਮਿਕ ਚੋਗਾ ਪਾਉਣ ਨਾਲ ਹੀ ਕੋਈ ਧਰਮੀ ਨਹੀਂ ਬਣ ਸਕਦਾ, ਇਹਦੇ ਲਈ ਗੁਰੂਆਂ ਦੇ ਦਰਸਾਏ ਮਾਰਗ ‘ਤੇ ਚੱਲਣਾ ਪੈਂਦਾ ਹੈ। ‘ਧਾਰਮਿਕ ਠੇਕੇਦਾਰ’ ਜਦੋਂ ਭਾਈ ਲਾਲੋਆਂ ਤੇ ਮਾਈ ਭਾਗੋਆਂ ਵਿਚਲਾ ਫ਼ਾਸਲਾ ਖ਼ਤਮ ਨਹੀਂ ਕਰਨਗੇ, ਉਨੀ ਦੇਰ ਨਿਤ ਨਵੇਂ ਢੌਂਗੀ ਬਾਬੇ ਪੈਦਾ ਹੁੰਦੇ ਹੀ ਰਹਿਣਗੇ। ਗੁਰੂਆਂ ਨੇ ਗੁਰੂਘਰਾਂ ਦੀ ਸਥਾਪਨਾ ਕਰਕੇ ਗੈਰਬਰਾਬਰੀ, ਜ਼ਾਤ-ਪਾਤ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਸੀ। ਸੋ, ਅੱਜ ਲੋੜ ਭਾਈ ਲਾਲੋਆਂ ਨੂੰ ਗਲ ਲਾਉਣ ਦੀ ਹੈ। ਊਚ-ਨੀਚ ਦਾ ਭੇਦ ਖ਼ਤਮ ਕਰਿਆਂ ਹੀ ਰਾਮ ਰਹੀਮ ਵਰਗੇ ਬਲਾਤਕਾਰੀਆਂ, ਲੁਟੇਰਿਆਂ ਨੂੰ ਫ਼ਨ ਚੁੱਕਣੋ ਰੋਕਿਆ ਜਾ ਸਕਦਾ ਹੈ।