ਅਮਰਨਾਥ ਯਾਤਰਾ ਵਾਰਦਾਤ : ਕਸ਼ਮੀਰ ਦੀ ਅਰਥ-ਵਿਵਸਥਾ ‘ਤੇ ਦਹਿਸ਼ਤੀ ਹਮਲਾ

ਅਮਰਨਾਥ ਯਾਤਰਾ ਵਾਰਦਾਤ : ਕਸ਼ਮੀਰ ਦੀ ਅਰਥ-ਵਿਵਸਥਾ ‘ਤੇ ਦਹਿਸ਼ਤੀ ਹਮਲਾ

ਦਹਿਸ਼ਤਗਰਦੀ ਦਾ ਕੋਈ ਚਿਹਰਾ ਨਹੀਂ ਹੁੰਦਾ…ਤੇ ਨਾ ਹੀ ਇਸ ਦਾ ਕੋਈ ਦੀਨ-ਧਰਮ ਹੁੰਦਾ ਹੈ। ਸਿਆਸੀ ਮਖੌਟਿਆਂ ਪਿਛੇ ਲੁਕੇ ਇਹ ਉਹ ਚਿਹਰੇ ਹੁੰਦੇ ਹਨ ਜੋ ਆਪਣੀ ‘ਚੌਧਰ’ ਕਾਇਮ ਰੱਖਣ ਲਈ ਦੁਨੀਆ ਨੂੰ ਦਹਿਸ਼ਤਜ਼ਦਾ ਕਰੀ ਰੱਖਦੇ ਹਨ। ਸਿਆਸਤ ਤੇ ਦਹਿਸ਼ਤਗਰਦੀ ਦੀਆਂ ਤੰਦਾਂ ਆਪੋ-ਵਿਚੀਂ ਇਕ ਸੂਤਰ ਹੋ ਕੇ ਮਾਨਵੀ ਧਰਮ ਨੂੰ ਉਲਝਾਉਣ ਵਿਚ ਲੱਗੀਆਂ ਹੋਈਆਂ ਹਨ।
ਦਹਿਸ਼ਤਗਰਦੀ ਦਾ ਤਾਂਡਵ ਦੁਨੀਆ ਦੇ ਹਰ ਹਿੱਸੇ ਵਿਚ ਕਿਸੇ ਨਾ ਕਿਸੇ ਸਮੇਂ ਵਾਪਰ ਰਿਹਾ ਹੈ ਤੇ ਇਸ ਦਾ ਸ਼ਿਕਾਰ ਸਿਰਫ਼ ਤੇ ਸਿਰਫ਼ ਆਮ ਲੋਕ ਹੀ ਹੋ ਰਹੇ ਹਨ। ਆਪਣੇ ਆਪਣੇ ਮੁਲਕ ਦੀ ਅਗਵਾਈ ਕਰ ਰਹੇ ਮੁਖੀ ਅਰਬਾਂ ਰੁਪਏ ਖ਼ਰਚ ਕਰਕੇ ‘ਅਤਿਵਾਦ ਦੇ ਟਾਕਰੇ ਲਈ ਇਕਜੁਟਤਾ’ ਦਾ ਪਰੰਪਚ ਰਚ ਰਹੇ ਹਨ ਪਰ ਇਹ ਘਟਨਾਵਾਂ ਰੁਕਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ।
ਦਹਿਸ਼ਤਗਰਦੀ ਦਾ ਅਜਿਹਾ ਹੀ ਕਾਰਾ ਸੋਮਵਾਰ ਦੀ ਰਾਤ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਉਸ ਵੇਲੇ ਵਾਪਰਿਆ ਜਦੋਂ ਹਮਲੇ ਵਿਚ 7 ਅਮਰਨਾਥ ਯਾਤਰੀ ਮਾਰੇ ਗਏ। ਇਹ ਹਮਲਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ 2 ਅਗਸਤ 2002 ਵਿਚ ਪਹਿਲਗਾਮ ਦੇ ਬੇਸ ਕੈਂਪ ‘ਚ ਹਮਲੇ ਦੌਰਾਨ 32 ਲੋਕ ਮਾਰੇ ਗਏ ਸਨ। 20 ਜੁਲਾਈ 2001 ਵਿਚ ਅਮਰਨਾਥ ਗੁਫ਼ਾ ਦੇ ਰਸਤੇ ਦੀ ਸਭ ਤੋਂ ਉਚਾਈ ‘ਤੇ ਸਥਿਤ ਸ਼ੇਸ਼ਨਾਗ ‘ਤੇ ਹੋਏ ਹਮਲੇ ਦੌਰਾਨ 13 ਲੋਕ ਮਾਰੇ ਗਏ। ਇਸ ਤੋਂ ਬਾਅਦ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਵਧਾਏ ਜਾਣ ਦੇ ਬਾਵਜੂਦ 2002 ਵਿਚ ਦਹਿਸ਼ਤੀ ਹਮਲੇ ਵਿਚ 9 ਲੋਕ ਮਾਰੇ ਗਏ। ਇਸ ਵਾਰ ਸੁਰੱਖਿਆ ਵਿਚ ਤੈਨਾਤ ਜਵਾਨਾਂ ਦੀ ਸੰਖਿਆ ਪਹਿਲਾਂ ਨਾਲੋਂ ਦੁੱਗਣੀ ਸੀ। ਤਾਜ਼ਾ ਹਮਲੇ ਮਗਰੋਂ ਸੋਸ਼ਲ ਮੀਡੀਆ ‘ਤੇ ਵੀ ਇਸ ਨੂੰ ‘ਹਿੰਦੂਆਂ’ ‘ਤੇ ਹਮਲਾ ਕਰਾਰ ਦਿੰਦਿਆਂ ਕਸ਼ਮੀਰੀ ਲੋਕਾਂ ਖ਼ਿਲਾਫ਼ ਵੀ ਭੜਾਸ ਕੱਢੀ ਗਈ ਹੈ।
ਪਰ ਇਸ ਵੱਲ ਗੌਰ ਨਹੀਂ ਕੀਤਾ ਗਿਆ ਕਿ ਇਹ ਯਾਤਰਾ ਜੇਕਰ ਹਿੰਦੂਆਂ ਲਈ ਆਸਥਾ ਰੱਖਦੀ ਹੈ ਤਾਂ ਕਸ਼ਮੀਰੀ ਮੁਸਲਮਾਨਾਂ ਲਈ ਇਹ ਰੋਜ਼ੀ-ਰੋਟੀ ਦਾ ਸਵਾਲ ਹੈ। ਇਹ ਹਮਲਾ ਕਸ਼ਮੀਰ ਦੀ ਭਾਈਚਾਰਕ ਸਾਂਝ ਤੇ ਅਰਥ-ਵਿਵਸਥਾ ‘ਤੇ ਹੈ। ਹੋਟਲਾਂ, ਸਰਾਵਾਂ ਵਾਲਿਆਂ ਤੋਂ ਲੈ ਕੇ ਘੋੜਿਆਂ ਤੇ ਖੱਚਰ ਮਾਲਕਾਂ, ਦੁਕਾਨਦਾਰਾਂ ਲਈ ਇਹ ਯਾਤਰਾ ਸਾਲ ਭਰ ਵਿਚ ਕਮਾਈ ਕਰਨ ਦਾ ਵਧੀਆ ਜ਼ਰੀਆ ਹੈ। ਸਿਰਫ਼ ਇਹੀ ਨਹੀਂ, ਅਮਰਨਾਥ ਯਾਤਰਾ ਦੇ ਬਹਾਨੇ ਲੋਕ ਨਾਲ ਲਗਦੇ ਇਲਾਕਿਆਂ ਵਿਚ ਸੈਰ-ਸਪਾਟੇ ਲਈ ਵੀ ਜਾਂਦੇ ਹਨ ਤੇ ਉਥੋਂ ਦੀਆਂ ਮਸ਼ਹੂਰ ਪਸ਼ਮੀਨਾ ਸ਼ਾਲਾਂ ਤੇ ਸੁੱਕੇ ਮੇਵਿਆਂ ਦੀ ਖ਼ਰੀਦਦਾਰੀ ਵੀ ਕਰਦੇ ਹਨ। ਤੇ ਇਨ੍ਹਾਂ ਵਪਾਰਕ ਕੰਮਾਂ ਵਿਚ ਜੁਟੇ ਲੋਕ ਜ਼ਿਆਦਾਤਰ ਮੁਸਲਮਾਨ ਹੀ ਹਨ। ਸੋ, ਇਹ ਤਿਉਹਾਰ ਹਿੰਦੂਆਂ ਲਈ ਹੀ ਨਹੀਂ, ਮੁਸਲਮਾਨਾਂ ਲਈ ਵੀ ਅਹਿਮਤੀਅਤ ਰੱਖਦਾ ਹੈ। ਇਥੋਂ ਦੇ ਹਾਲਾਤ ਕਾਰਨ ਆਰਥਿਕ ਸਥਿਤੀ ਪਹਿਲਾਂ ਹੀ ਡਾਵਾਂ-ਡੋਲ ਹੈ, ਅਜਿਹੇ ਵਿਚ ਕਦੇ-ਕਦਾਈਂ ਮਿਲਣ ਵਾਲੇ ਰੁਜ਼ਗਾਰ ਦੇ ਅਜਿਹੇ ਮੌਕੇ, ਇਨ੍ਹਾਂ ਲੋਕਾਂ ਲਈ ਵਰਦਾਨ ਵਾਂਗ ਹਨ। ਜਿਵੇਂ ਕਿਸਾਨ ਨੂੰ ਆਪਣੀ ਫ਼ਸਲ ਤੋਂ ਉਮੀਦਾਂ ਹੁੰਦੀਆਂ ਹਨ, ਉਸੇ ਤਰ੍ਹਾਂ ਕਸ਼ਮੀਰੀਆਂ ਨੂੰ ਸਾਲ ਬਾਅਦ ਹੋਣ ਵਾਲੇ ਚੌਖੀ ਕਮਾਈ ਦੀ ਉਡੀਕ ਰਹਿੰਦੀ ਹੈ।
ਜੇਕਰ ਧਾਰਮਿਕ ਪੱਖ ਤੋਂ ਇਸ ਬਾਰੇ ਜਾਣਨਾ ਹੋਵੇ ਤਾਂ 14000 ਫੁੱਟ ਦੀ ਉਚਾਈ ‘ਤੇ ਵਸੀ ਇਸ ਗੁਫ਼ਾ ਦੀ ਖੋਜ ਮੁਸਲਮਾਨ ਚਰਵਾਹੇ ਬੂਟਾ ਮਲਿਕ ਨੇ 19ਵੀਂ ਸ਼ਤਾਬਦੀ ਵਿਚ ਕੀਤੀ ਸੀ। ਇਥੇ ਪੂਜਾ ਤਾਂ ਹਿੰਦੂ ਹੀ ਕਰਦੇ ਹਨ ਪਰ ਗੁਫ਼ਾ ਦੀ ਸੁਰੱਖਿਆ ਦਾ ਜ਼ਿੰਮਾ ਅੱਜ ਵੀ ਮਲਿਕ ਪਰਿਵਾਰ ਕੋਲ ਹੈ। ਇਸ ਲਈ ਇਹ ਹਮਲਾ ਹਿੰਦੂ ਭਾਈਚਾਰੇ ਖ਼ਿਲਾਫ਼ ਨਹੀਂ, ਬਲਕਿ ਸਾਂਝੇ ਸਭਿਆਚਾਰ ਅਤੇ ਅਰਥਵਿਵਸਥਾ ‘ਤੇ ਹੈ। ਇਥੇ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਜੰਮੂ-ਕਸ਼ਮੀਰ ਪੁਲੀਸ ਤੇ ਸੀ.ਆਰ.ਪੀ.ਐਫ. ਮੁਤਾਬਕ ਜਿਸ ਬੱਸ ‘ਤੇ ਹਮਲਾ ਕੀਤਾ ਗਿਆ, ਉਹ ਯਾਤਰਾ ‘ਤੇ ਜਾਣ ਵਾਲੇ ਜਥੇ ਦਾ ਹਿੱਸਾ ਨਹੀਂ ਸੀ ਤੇ ਯਾਤਰੀਆਂ ਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਨਾ ਹੀ ਇਹ ਬੱਸ ਅਮਰਨਾਥ ਸ਼ਰਾਈਨ ਬੋਰਡ ਨਾਲ ਰਜਿਸਟਰਡ ਸੀ ਤੇ ਨਾ ਹੀ ਇਸ ਦੇ ਯਾਤਰੀਆਂ ਵਲੋਂ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਸੀ।
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਬੱਸ ਪੁਲੀਸ ਪਾਰਟੀ ਅਤੇ ਅਤਿਵਾਦੀਆਂ ਵਿਚਾਲੇ ਚੱਲ ਰਹੀ ਮੁੱਠਭੇੜ ਵਿਚਾਲੇ ਆ ਗਈ। ਇਸ ਤੋਂ ਇਲਾਵਾ ਕਸ਼ਮੀਰ ਵਿਚ 15 ਸਾਲ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਉਹ ਅਮਰਨਾਥ ਯਾਤਰੀਆਂ ‘ਤੇ ਹਮਲਾ ਨਹੀਂ ਕਰਨਗੇ। ਪਿਛਲੇ ਸਾਲ ਮੁਕਾਬਲੇ ਵਿਚ ਮਾਰੇ ਗਏ ਹਿਜਬੁਲ ਬੁਰਹਾਨ ਵਾਨੀ ਦਾ ਵੀ ਇਕ ਵੀਡੀਓ ਜਾਰੀ ਹੋਇਆ ਸੀ, ਜਿਸ ਵਿਚ ਉਹ ਅਮਰਨਾਥ ਯਾਤਰੀਆਂ ਨੂੰ ਵਿਸ਼ਵਾਸ ਦੇ ਰਿਹਾ ਸੀ ਕਿ ਉਨ੍ਹਾਂ ਨੂੰ ਅਤਿਵਾਦੀਆਂ ਵਲੋਂ ਨੁਸਕਾਨ ਨਹੀਂ ਪਹੁੰਚਾਇਆ ਜਾਵੇਗਾ।
ਉਧਰ ਸਿਆਸੀ ਧਿਰਾਂ ਕਸ਼ਮੀਰੀ ਦੀ ਸਥਿਤੀ ਨੂੰ ਸੁਲਝਾਉਣ ਦੀ ਬਜਾਏ ਅੱਗ ਵਿਚ ਘਿਓ ਪਾਉਣ ਦਾ ਕੰਮ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਅਮਰਨਾਥ ਯਾਤਰੀਆਂ ‘ਤੇ ਹੋਇਆ ਅਤਿਵਾਦੀ ਹਮਲਾ ਸਾਰੇ ਮੁਸਲਮਾਨਾਂ ਤੇ ਕਸ਼ਮੀਰੀਆਂ ‘ਤੇ ਧੱਬਾ ਹੈ। ਭਾਜਪਾ ਨਾਲ ਭਾਈਵਾਲੀ ਕਰਕੇ ਸੱਤਾ ਵਿਚ ਆਈ ਮਹਿਬੂਬਾ ਮੁਫ਼ਤੀ ਕਸ਼ਮੀਰ ਦੇ ਮੌਜੂਦਾ ਹਾਲਾਤ ‘ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਪਰੋਂ ਅਜਿਹੇ ਨਾਜ਼ੁਕ ਸਮੇਂ ‘ਤੇ ਉਨ੍ਹਾਂ ਦਾ ਬਿਆਨ ਕਸ਼ਮੀਰੀਆਂ ਤੇ ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਦੇ ਨਾਲ ਨਾਲ, ਹਾਲਾਤ ਨੂੰ ਹੋਰ ਬਦਤਰ ਕਰਨ ਵਾਲਾ ਹੈ। ਉਨ੍ਹਾਂ ਦਾ ਇਹ ਗੈਰ-ਜ਼ਿੰਮੇਵਾਰਾਨਾ ਬਿਆਨ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਸ਼ਮੀਰੀ ਤੇ ਮੁਸਲਮਾਨ ਹੀ ਇਸ ਹਮਲੇ ਲਈ ਜ਼ਿੰਮੇਵਾਰ ਹਨ। ਅਜਿਹੇ ਹਾਲਾਤ ਲਈ ਸਿਆਸੀ ਧਿਰਾਂ ਦੀ ਜ਼ਿੰਮਵਾਰੀ ਕੌਣ ਤੈਅ ਕਰੇਗਾ?
ਕਸ਼ਮੀਰੀ ਲੋਕ ਵੀ ਸ਼ਾਂਤੀ ਚਾਹੁੰਦੇ ਹਨ, ਰੁਜ਼ਗਾਰ ਤੇ ਦੋ ਵਕਤ ਦੀ ਰੋਟੀ ਚਾਹੁੰਦੇ ਹਨ। ਪਰ ਸਿਆਸੀ ਚਾਲਾਂ ਨੇ ਕਸ਼ਮੀਰੀਆਂ ਨੂੰ ਭਾਰਤ ਅੰਦਰ ਹੀ ਖ਼ੌਫ਼ਨਾਕ ਬਣਾ ਧਰਿਆ ਹੈ। ਮੁਲਕ ਦੇ ਬਾਕੀ ਹਿੱਸੇ ਵਿਚ ਤਾਂ ਉਨ੍ਹਾਂ ਨੂੰ ‘ਸ਼ੱਕੀ’ ਵਜੋਂ ਦੇਖਿਆ ਜਾਂਦਾ ਹੀ ਹੈ, ਆਪਣੀ ਧਰਤੀ ‘ਤੇ ਵੀ ਉਨ੍ਹਾਂ ਪ੍ਰਤੀ ਬੇਗ਼ਾਨਗੀ ਤੇ ਬੇਯਕੀਨੀ ਹੈ। ਕਰੀਬ ਇਕ ਸਾਲ ਤੋਂ ਕਸ਼ਮੀਰ ਦੇ ਬੱਚਿਆਂ ਤਕ ਦੇ ਹੱਥਾਂ ਵਿਚ ਪੱਥਰ ਹਨ। ਆਪਣੇ ਖ਼ਿਲਾਫ਼ ਹੋ ਰਹੇ ਜ਼ੁਲਮਾਂ ਦੀ ਕਿਤੇ ਕੋਈ ਸੁਣਵਾਈ ਨਾ ਹੋਣ ਕਾਰਨ ਕੁੜੀਆਂ ਤੱਕ ਪੱਥਰਬਾਜ਼ੀ ਵਿਚ ਸ਼ਾਮਲ ਹੋ ਗਈਆਂ ਹਨ। ਕਸ਼ਮੀਰ ਵਿਚ ਸਰਕਾਰ ਭਾਵੇਂ ਲੋਕਾਂ ਵਲੋਂ ਚੁਣੀ ਗਈ ਹੈ ਪਰ ਇਹ ਲੋਕਾਂ ਦੀ ਨੁਮਾਇੰਦਗੀ ਕਦਾਚਿਤ ਨਹੀਂ ਕਰ ਰਹੀ।
ਦਹਿਸ਼ਤੀ ਹਮਲਾ ਕਿਤੇ ਵੀ ਹੋਵੇ, ਉਸ ਦੀ ਪੂਰਜ਼ੋਰ ਨਿੰਦਾ ਕਰਨੀ ਬਣਦੀ ਹੈ ਪਰ ਇਸ ਨੂੰ ਧਰਮ ਤੋਂ ਉਪਰ ਉਠ ਕੇ ਇਸ ਦੇ ਸਿਆਸੀ ਕਾਰਨ ਤੇ ਹੱਲ ਤਲਾਸ਼ਣੇ ਹੀ ਪੈਣਗੇ। ਭਾਜਪਾ-ਪੀਡੀਪੀ ਸਰਕਾਰ ਨੇ ਜੋ ਭਰੋਸਾ ਵੋਟਾਂ ਵੇਲੇ ਕਸ਼ਮੀਰੀਆਂ ਨੂੰ ਦਿੱਤਾ ਸੀ, ਉਸ ਉੱਤੇ ਪੂਰਾ ਉਤਰਨ ਲਈ ਮਹਿਜ਼ ਸ਼ਬਦੀ ਗੱਲਾਂ ਹੀ ਨਹੀਂ ਕਸ਼ਮੀਰ ਮਸਲੇ ਦੇ ਹੱਕ ਲਈ ਸੌੜੇ ਰਾਜਸੀ ਹਿੱਤਾਂ ਤੋਂ ਉੱਪਰ ਉਠ ਕੇ ਅਮਲੀ ਤੌਰ ਉੱਤੇ ਕੁਝ  ਕਰਨਾ ਹੀ ਪਏਗਾ।