ਆਲਮੀ ਸਿਆਸਤ ਦਾ ‘ਭੂਗੋਲ’

ਆਲਮੀ ਸਿਆਸਤ ਦਾ ‘ਭੂਗੋਲ’

ਮੋਦੀ ਦੁਆਲੇ ਵਜਦੇ ਢੋਲ-ਢਮੱਕੇ ਤੇ ਆਮ ਲੋਕਾਂ ਦੀ ਹੋਣੀ
ਨਰਿੰਦਰ ਮੋਦੀ ਭਾਰਤ ਦੇ ਸ਼ਾਇਦ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦਾ ਦੇਸ-ਵਿਦੇਸ਼ ਵਿੱਚ ਢੋਲ-ਢਮੱਕਿਆਂ ਨਾਲ ਜ਼ੋਰਦਾਰ ਸਵਾਗਤ ਹੁੰਦਾ ਹੈ। ਵੈਸੇ ਸੋਚਣ/ਵੇਖਣ ਵਾਲੀ ਗੱਲ ਇਹ ਵੀ ਕਿ ਇਹ ਢੋਲ-ਢਮੱਕੇ ਹਰ ਥਾਂ ਸੱਚਮੁੱਚ ਵਜਦੇ ਹਨ ਜਾਂ ਯੋਜਨਾ ਬÂਧ ਢੰਗ ਨਾਲ ਵਜਵਾਏ ਜਾਂਦੇ ਹਨ? ਮੱਥੇ ਤਿਲਕ ਤੇ ਗਲ ‘ਚ ਰਾਮ-ਨਾਮ ਦਾ ਸਾਫ਼ਾ ਪਾਉਣ ਵਾਲੇ ਮੋਦੀ ਜਦੋਂ ਸੂਟਡ-ਬੂਟਡ ਹੋ ਕੇ ਵਿਦੇਸ਼ੀ ਦੌਰਿਆਂ ‘ਤੇ ਨਿਕਲਦੇ ਹਨ ਤਾਂ ਭਾਰਤੀ ਮੀਡੀਆ ਉਨ੍ਹਾਂ ਦੇ ਸ਼ਾਨਦਾਰ ਸਵਾਗਤ ਦੇ ਕਸੀਦੇ ਘੜਦਾ ਨਹੀਂ ਥੱਕਦਾ। ਪ੍ਰਧਾਨ ਮੰਤਰੀ ਮੋਦੀ ਦੇ ਇਨ੍ਹਾਂ ਵਿਦੇਸ਼ੀ ਦੌਰਿਆਂ ਨਾਲ ਭਾਰਤੀ ਆਵਾਮ ਨੂੰ ਕੀ ਹਾਸਲ ਹੋਣ ਵਾਲਾ ਹੈ, ਇਹ ‘ਗਿਆਨ’ ਕੋਈ ਨਹੀਂ ਦਿੰਦਾ।
ਹਾਲ ਹੀ ਵਿਚ ਅਮਰੀਕਾ ਫੇਰੀ ਦੌਰਾਨ ਵੀ ਟਰੰਪ-ਮੋਦੀ ਦੀ ਦੋਸਤੀ ਦੇ ਗੁਣ ਗਾਏ। ਐਚ1ਬੀ (H1B) ਵਰਗਾ ਸਭ ਤੋਂ ਅਹਿਮ ਮੁੱਦਾ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ, ਜਿਸ ਨਾਲ ਉਥੇ ਰਹਿ ਰਹੇ ਆਮ ਭਾਰਤੀਆਂ ਦੀ ਜ਼ਿੰਦਗੀ ‘ਤੇ ਅਸਰ ਪੈਣ ਜਾ ਰਿਹਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਅਮਰੀਕਾ ਨੇ ਮੀਡੀਆ ਰਾਹੀਂ ਪਹਿਲਾਂ ਹੀ ਸੁਨੇਹਾ ਦੇ ਦਿੱਤਾ ਸੀ ਕਿ ਉਹ ਮੋਦੀ ਨਾਲ ਐਚ1ਬੀ ਵੀਜ਼ਾ ਦੀ ਚਰਚਾ ਨਹੀਂ ਕਰੇਗਾ। ਇਸ ਮੁਲਾਕਾਤ ਮਗਰੋਂ ਦੋਹਾਂ ਨੇਤਾਵਾਂ ਦਾ ਆਮ ਵਰਗਾ ਘਸੀਆ-ਪਿਟਿਆ ਬਿਆਨ ਆਉਂਦਾ ਹੈ ਕਿ ‘ਅਸੀਂ ਮਿਲ ਕੇ ਅਤਿਵਾਦ ਦਾ ਟਾਕਰਾ ਕਰਾਂਗੇ।’ ਮੀਡੀਆ ਖੂਬ ਤਾੜੀਆਂ ਵਜਾਉਂਦਾ ਹੈ। ਅਤਿਵਾਦ ਦੇ ਕਾਰਨ ਕੀ ਹਨ, ਕੌਣ ਪੈਦਾ ਕਰ ਰਿਹਾ ਹੈ, ਹੁਣ ਤਕ ਦੁਨੀਆ ਦੇ ਹਰ ਮੁਲਕ ਨਾਲ ਦਾਅਵਿਆਂ-ਵਾਅਦਿਆਂ ਦੇ ਬਾਵਜੂਦ ਇਹ ਖ਼ਤਮ ਕਿਉਂ ਨਹੀਂ ਹੋ ਰਿਹਾ, ਇਸ ਦਾ ਜਵਾਬ ਕਿਸੇ ਕੋਲ ਨਹੀਂ। ਖ਼ੈਰ, ਅਮਰੀਕੀ ਫੇਰੀ ਦੀ ਤਾਂ ਗੱਲ ਹੁਣ ਪੁਰਾਣੀ ਹੋ ਗਈ, ਇਜ਼ਰਾਈਲੀ ਦੌਰੇ ਦੀ ਗੱਲ ਕਰਦੇ ਹਾਂ। ਵੈਸੇ ਵੀ ਮੋਦੀ ਵਿਦੇਸ਼ੀ ਦੌਰਿਆਂ ‘ਤੇ ਏਨਾ ਰਹਿੰਦੇ ਹਨ ਕਿ ਦੋ ਦਿਨ ਬਾਅਦ ਹੀ ‘ਮੀਡੀਆ’ ਪਿਛਲੀ ਫੇਰੀ ਦੇ ਏਜੰਡਿਆਂ ਨੂੰ ਵਿਸਾਰ ਦਿੰਦਾ ਹੈ। ਇਨ੍ਹਾਂ ਦੌਰਿਆਂ, ਫ਼ੈਸਲਿਆਂ ‘ਚੋਂ ਕੁੱਲ ਦੁਨੀਆ ਦਾ ਆਮ ਬੰਦਾ ਗੈਰ ਹਾਜ਼ਰ ਹੈ।
ਮੋਦੀ ਦੀ ਇਜ਼ਰਾਈਲ ਯਾਤਰਾ ਵੀ ਕਈ ਪੱਖਾਂ ਤੋਂ ਇਤਿਹਾਸਕ ਮੰਨੀ/ਕਹੀ ਜਾ ਰਹੀ ਹੈ। 25 ਸਾਲ ਦੇ ਕੂਟਨੀਤਕ ਰਿਸ਼ਤਿਆਂ ਦੇ ਬਾਵਜੂਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਇਜ਼ਰਾਈਲੀ ਯਾਤਰਾ ਹੈ। ਇਸ ਤੋਂ ਪਹਿਲਾਂ ਆਰਥਿਕ, ਸਿਆਸੀ ਤੇ ਸਮਾਜਿਕ ਕਾਰਨਾਂ ਕਰਕੇ ਭਾਰਤ ਦਾ ਕੋਈ ਵੀ ਪ੍ਰਧਾਨ ਮੰਤਰੀ ਇਸ ਮੁਲਕ ਦਾ ਰੁਖ਼ ਕਰਨ ਦੀ ਹਿੰਮਤ ਨਹੀਂ ਕਰ ਸਕਿਆ।
ਇਨ੍ਹਾਂ ਵਿਚੋਂ ਸਭ ਤੋਂ ਅਹਿਮ ਕਾਰਨ ਇਜ਼ਰਾਈਲ ਦੇ ਅਰਬ ਮੁਲਕਾਂ ਨਾਲ ਸਬੰਧ ਚੰਗੇ ਨਹੀਂ ਅਤੇ ਭਾਰਤ ਦੀ ਇਨ੍ਹਾਂ ਮੁਲਕਾਂ ‘ਤੇ ਪੈਟਰੋਲੀਅਮ ਪਦਾਰਥਾਂ ਲਈ ਨਿਰਭਰਤਾ ਹੈ। ਇਸ ਤੋਂ ਇਲਾਵਾ ਭਾਰਤੀ ਨੇਤਾਵਾਂ ਵਿਚ ਇਜ਼ਰਾਈਲ ਦੇ ਨੇੜੇ ਜਾਣ ‘ਤੇ ਭਾਰਤ ਦੇ ਮੁਸਲਮਾਨਾਂ ਦੀ ਨਾਰਾਜ਼ਗੀ ਦਾ ਵੀ ਡਰ ਬਣਿਆ ਰਹਿੰਦਾ ਸੀ। ਇਸੇ ਲਈ ਜਦੋਂ ਵੀ ਕੋਈ ਭਾਰਤੀ ਆਗੂ ਇਜ਼ਰਾਈਲ ਦੌਰੇ ‘ਤੇ ਜਾਂਦਾ ਸੀ ਤਾਂ ਉਹ ਫਿਲਸਤੀਨ ਦੀ ਯਾਤਰਾ ‘ਤੇ ਵੀ ਜਾਂਦਾ ਸੀ ਤਾਂ ਜੋ ਇਜ਼ਰਾਈਲ ਤੇ ਫਿਲਸਤੀਨ ਨਾਲ ਆਪਣੇ ਸਬੰਧਾਂ ਵਿਚ ਸੰਤੁਲਨ ਬਣਾ ਕੇ ਰੱਖ ਸਕੇ। ਇਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ 2015 ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਦੋਂ ਇਜ਼ਰਾਈਲ ਯਾਤਰਾ ‘ਤੇ ਗਏ ਤਾਂ ਉਹ ਵੀ ਫਿਲਸਤੀਨ ਗਏ ਤੇ ਸੰਨ 2016 ਵਿਚ ਮੋਦੀ ਸਰਕਾਰ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਜ਼ਰਾਈਲ ਦੌਰੇ ਦੇ ਨਾਲ ਨਾਲ ਫਿਲਸਤੀਨ ਗਈ। ਉਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਦਾ ਏਨਾ ਵੱਡਾ ਸਵਾਗਤ ਨਹੀਂ ਕੀਤਾ। ਜਦੋਂ ਉਹ ਮੋਦੀ ਦਾ ਏਨਾ ਸ਼ਾਨਦਾਰ ਸਵਾਗਤ ਕਰਦੇ ਹਨ, ਉਨ੍ਹਾਂ ਨੂੰ ਹਿੰਦੀ ਵਿਚ ‘ਆਪ ਕਾ ਸਵਾਗਤ ਹੈ, ਮੇਰੇ ਦੋਸਤ’ ਆਖਦੇ ਹਨ ਤਾਂ ਕੀ ਇਹ ਦੋਹਾਂ ਨੇਤਾਵਾਂ ਵਿਚ ਪਹਿਲੋਂ ਹੀ ਫਿਲਸਤੀਨ ਨਾ ਜਾਣ ਦਾ ਕਰਾਰ ਹੋ ਚੁੱਕਾ ਸੀ?
ਤਮਾਮ ਖ਼ਦਸ਼ਿਆਂ ਤੇ ਤਰਕਾਂ ਨੂੰ ਦਰਕਿਨਾਰ ਕਰਕੇ ਮੋਦੀ ਦਾ ਪਹਿਲੀ ਵਾਰ ਇਜ਼ਰਾਈਲ ਜਾਣਾ ਤੇ ਇਸ ਦੌਰਾਨ ਫਿਲਸਤੀਨ ਨਾ ਜਾਣਾ, ਕੀ ਭਾਰਤ ਦੀ ਬਦਲੀ ਹੋਈ ਨੀਤੀ ਦਾ ਹਿੱਸਾ ਹੈ? ਭਾਰਤ ਨੇ ਇਜ਼ਰਾਈਲ ਨਾਲ ਆਪਣੇ ਸਬੰਧਾਂ ਪ੍ਰਤੀ ਚੌਕਸੀ ਵਰਤਦਿਆਂ ਹਮੇਸ਼ਾ ਫਿਲਸਤੀਨ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਕੀਤੀ ਹੈ। ਇਜ਼ਰਾਈਲ ਇਸ ਵਕਤ ਜਿੱਥੇ ਭਾਰਤ ਨਾਲ ਆਪਣੇ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਉਥੇ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ‘ਤੇ ਆਪਣੇ ਕਬਜ਼ੇ ਦੀ ਸਿਲਵਰ ਜੁਬਲੀ ਮਨਾ ਰਿਹਾ ਹੈ। ਉਂਜ ਮੋਦੀ ਨੇ ਇਜ਼ਰਾਈਲ ਨਾਲ ਆਪਣੀ ਦੋਸਤੀ ਦੇ ਸਬੂਤ ਪਿਛਲੇ ਵਰ੍ਹੇ ਉਦੋਂ ਹੀ ਦੇ ਦਿੱਤੇ ਸਨ ਜਦੋਂ ਸੰਯੁਕਤ ਰਾਸ਼ਟਰ ਵਿਚ ਗਾਜ਼ਾ ਪੱਟੀ ਨੂੰ ਲੈ ਕੇ ਇਜ਼ਾਰਈਲ ਉਪਰ ਯੁੱਧ ਅਪਰਾਧ ਨੂੰ ਲੈ ਕੇ ਲਿਆਂਦੇ ਗਏ ਪ੍ਰਸਤਾਵ ‘ਤੇ ਵੋਟ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਇਜ਼ਰਾਈਲ ਵਲੋਂ ਗਾਜ਼ਾ ਪੱਟੀ ‘ਤੇ ਕਬਜ਼ੇ ਦੌਰਾਨ ਮੁਸਲਿਮ ਭਾਈਚਾਰੇ ‘ਤੇ ਕੀਤੇ ਜਾ ਰਹੇ ਜ਼ੁਲਮਾਂ ‘ਤੇ ਮੋਹਰ ਲਾ ਕੇ ਮੋਦੀ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ।
ਆਪਣੇ ਹਿੰਦੂਤਵ ਏਜੰਡੇ ਨੂੰ ਕਾਇਮ ਰੱਖਦਿਆਂ ਮੋਦੀ ਨੇ ਮੁਸਲਿਮ ਵਿਰੋਧੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਜ਼ਰਾਈਲ ਨਾਲ ਟਰੰਪ ਦੀ ਕਿਉਂਕਿ ਖ਼ਾਸ ਨੇੜਤਾ ਹੈ, ਤਾਂ ਇਸ ਬਹਾਨੇ ਮੋਦੀ ਨੇ ਫਿਲਸਤੀਨ ਨਾਲੋਂ ਇਜ਼ਰਾਈਲ ਦੇ ਨੇੜੇ ਲਗਣਾ ਬਿਹਤਰ ਸਮਝਿਆ। ਐਚ1ਬੀ ਵੀਜ਼ਾ ਦਾ ਤੋੜ ਲੱਭਣ ਲਈ ਵੀ ਇਜ਼ਰਾਈਲ ਦੇ ਨੇੜੇ ਜਾਣ ਨੂੰ ਤਰਜੀਹ ਦਿੱਤੀ ਗਈ ਕਿਉਂਕਿ ਜੇਕਰ ਭਾਰਤ ਤੇ ਇਜ਼ਰਾਈਲ ਦੇ ਸਬੰਧ ਹੋਰ ਚੰਗੇ ਹੁੰਦੇ ਹਨ ਤਾਂ ਅਮਰੀਕਾ ਵਿਚ ਕਾਮਿਆਂ ਨੂੰ ਲੈ ਕੇ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਦੀ ਸੂਰਤ ਵਿਚ ਭਾਰਤੀ ਇੰਜਨੀਅਰਾਂ ਲਈ ਇਜ਼ਰਾਈਲ ਦੀ ਸਟਾਰਟਅਪ ਕੰਪਨੀਆਂ ਚੰਗਾ ਬਦਲ ਬਣ ਸਕਦੀਆਂ ਹਨ। ਇਸੇ ਤਰ੍ਹਾਂ ਜਿਵੇਂ ਚੀਨ ਤੇ ਪਾਕਿਸਤਾਨ ਦੀ ਜੁਗਲਬੰਦੀ ਵਧਦੀ ਜਾ ਰਹੀ ਹੈ, ਭਾਰਤ ਨੂੰ ਇਜ਼ਰਾਈਲ ਤੇ ਅਮਰੀਕਾ ਦੀ ਦੋਸਤੀ ਦੀ ਜ਼ਰੂਰਤ ਹੈ।
ਕੁੱਲ ਮਿਲਾ ਕੇ ਪੂਰੀ ਦੁਨੀਆ ਦੇ ਨੇਤਾ ਆਪਣੇ ਆਪਣੇ ਸਿਆਸੀ ਭੂਗੋਲ ਰਾਹੀਂ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਿਚ ਜੁਟੇ ਹੋਏ ਹਨ। ਇਕਜੁਟਤਾ ਦਾ ਦਿਖਾਵਾ ਕਰਕੇ ਅਤਿਵਾਦ ਖ਼ਿਲਾਫ਼ ਡਟਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਜਦਕਿ ਹਥਿਆਰਾਂ ਦੀ ਵੱਡੀ ਮੰਡੀ ਮੁਤਾਬਕ ਚਲਦਿਆਂ ਆਮ ਬੰਦੇ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਮੋਦੀ ਦੀ ਇਜ਼ਰਾਈਲ ਫੇਰੀ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ, ਇਹ ਜਵਾਬ ਸ਼ਾਇਦ ਨਾ ਸਰਕਾਰ ਕੋਲ ਹੈ ਤੇ ਨਾ ਹੀ ‘ਗੋਦੀ ‘ਚ ਬਹਿ ਕੇ ਮੋਦੀ ਦਾ ਢੰਡੋਰਾ ਪਿਟਦੇ ਮੀਡੀਆ’ ਕੋਲ।